Ancient History of Punjab

Names of Panjab in history

ਪੰਜਾਬ ਦੇ ਪੁਰਾਤਨ ਇਤਿਹਾਸ ਵਿੱਚ ਆਏ ਨਾਂ

ਪੰਜਾਬ ਦੇ ਇਤਿਹਾਸ ਵਿੱਚ ਆਏ ਨਾਂਵਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ

  1. ਰਾਜਸੀ ਅਤੇ ਵਪਾਰਕ ਨਾਂ
  2. ਧਾਰਮਿਕ ਗ੍ਰੰਥਾਂ ਵਿੱਚ ਮਿਲਦੇ ਨਾਂ
  3. ਯਾਤਰੀਆ ਤੋਂ ਮਿਲਦੇ ਨਾਂ

ਪੰਜਾਬ ਅੱਜ ਦੱਖਣ ਏਸ਼ੀਆ ਦੇ ਉਤਰ-ਪੱਛਮ ਵਿਚਲੇ ਪੰਜ ਦਰਿਆਵਾਂ ਦੇ ਖ਼ਿੱਤੇ ਦਾ ਨਾਂ ਹੈ। ਇਤਿਹਾਸ ਧਰਤੀ ਨਾਲ ਜੁੜਿਆ ਹੁੰਦਾ ਹੈ। ਰਾਜੇ ਬਦਲ ਜਾਂਦੇ ਨੇ, ਕਬੀਲੇ ਵਿਕਾਸ ਕਰਦੇ ਰਹਿੰਦੇ ਨੇ, ਧਰਮ ਵੀ ਬਦਲ ਜਾਂਦੇ ਨੇ। ਪਰ ਧਰਤੀ, ਦਰਿਆ, ਪਹਾੜ ਉੱਥੇ ਹੀ ਰਹਿੰਦੇ ਹਨ। ਪੰਜ ਦਰਿਆਵਾਂ ਦੀ ਧਰਤੀ, ਧਰਤੀ ਦੇ ਬਾਸ਼ਿੰਦਿਆਂ ਦੀ ਬੋਲੀ ਅਤੇ ਇਤਿਹਾਸ ਵਿੱਚ ਪੰਜਾਬ ਨਾਂ ਇੱਕ ਪੜਾਅ ਹੈ। ਨਾਂ ਪਹਿਲਾਂ ਵੀ ਬਦਲੇ ਹਨ, ਹੋ ਸਕਦਾ ਅੱਗੇ ਫੇਰ ਵੀ ਬਦਲ ਜਾਣ। ਪਰ ਦਰਿਆ ਵਹਿੰਦੇ ਰਹਿਣਗੇ ਅਤੇ ਧਰਤੀ ਦਾ ਇਤਿਹਾਸ ਆਪਣੇ ਵਰਕੇ ਪਲਟਦਾ ਰਹੇਗਾ। ਇਤਿਹਾਸ ਦਰਿਆਵਾਂ ਨਾਲ ਹੀ ਜੁੜੀਆਂ ਰਹੇਗਾ। ਪ੍ਰਵਾਸ ਕਰ ਗਏ ਲੋਕਾਂ ਨਾਲ ਨਵੀਂ ਧਰਤੀ ਉਤੇ ਨਹੀਂ ਜਾਏਗਾ, ਨਾ ਹੀ ਨਕਸ਼ੇ ਉਤੇ ਨਵੀਆਂ ਲਾਈਨਾਂ ਖਿੱਚਣ ਨਾਲ ਖਤਮ ਹੋਵੇਗਾ।

ਜ਼ਰੂਰੀ ਸੁਨੇਹਾ: ਨਾਂਵਾਂ ਦੀ ਇਹ ਲਿਸਟ ਸੰਪੂਰਨ ਨਹੀਂ ਹੈ, ਨਾ ਹੀ ਆਖਰੀ ਹੈ। 7000 ਸਾਲ ਦੇ ਇਤਿਹਾਸ ਪੰਜਾਬ ਵਾਸਤੇ ਹੋਰ ਵੀ ਬਹੁਤ ਨਾਂ ਵਰਤੇ ਗਏ ਹੋਣਗੇ, ਹੇਠਲੇ ਨਾਂਵਾਂ ਵਿੱਚ ਵੀ ਗਲਤੀਆਂ ਹੋ ਸਕਦੀਆਂ ਨੇ। ਪੰਜਾਬੀਆਂ ਨੂੰ ਖੋਜ ਜਾਰੀ ਰੱਖਣੀ ਚਾਹੀਦੀ ਹੈ। ਪੰਜਾਬ ਨੂੰ ਪੰਜਾਬੀ ਸੱਭਿਅਤਾ ਅਤੇ ਪੰਜਾਬੀ ਲੋਕਾਈ ਦੇ ਹਿਸਾਬ ਨਾਲ ਪਰਖਣ ਦਾ ਆਹਰ ਹੋਰ ਪ੍ਰਚੰਡ ਕਰਨਾ ਚਾਹੀਦਾ ਤਾਂ ਕਿ ਗੈਰਪੰਜਾਬੀ ਸਾਨੂੰ ਪ੍ਰਭਾਸ਼ਤ ਨਾ ਕਰ ਸਕਣ।

ਨਾਂ ਦੀ ਲੋੜ ਕਿਉਂ ਪੈਂਦੀ ਹੈ?

ਪੰਜਾਬ ਦੇ ਨਾਂਵਾਂ ਦੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਵਿਚਾਰਨਾ ਜ਼ਰੂਰੀ ਹੈ ਕਿ ਕਿਸੇ ਖਿੱਤੇ ਦੇ ਨਾਂ ਦੀ ਲੋੜ ਕਿਉਂ ਪੈਂਦੀ ਹੈ। ਹੜੱਪਾ ਸੱਭਿਅਤਾ ਵੇਲੇ ਉੱਤਰੀ ਪੰਜਾਬ ਦੀਆਂ ਪਹਾੜੀਆਂ ਤੋਂ ਲੈ ਕੇ ਸਿੰਧ ਦੇ ਸਮੁੰਦਰ ਤੱਕ ਦੁਨੀਆਂ ਦੀ 10% ਆਬਾਦੀ ਵੱਸਦੀ ਸੀ। 5000 ਸਾਲ ਪਹਿਲਾਂ ਮੌਜੂਦਾ ਪੰਜਾਬ ਅਤੇ ਸਿੰਧ ਦੁਨੀਆਂ ਦਾ ਸੱਭ ਤੋਂ ਸੰਘਣੀ ਆਬਾਦੀ ਵਾਲਾ ਖਿੱਤਾ ਸੀ। ਪਰ ਹੜੱਪਾ ਸੱਭਿਅਤਾ ਦੇ ਸ਼ੁਰੂਆਤ ਤੋਂ ਲੈਕੇ ਖ਼ਤਮ ਹੋਣ ਤੱਕ ਦੇ 1000 ਸਾਲ ਵਿੱਚ ਸਿਰਫ 7-8 ਸ਼ਹਿਰ ਹੀ ਲੱਭੇ ਹਨ। ਹੜੱਪਾ ਦੇ ਸੱਭ ਤੋਂ ਨੇੜਲਾ ਸ਼ਹਿਰ ਗੰਨਵੇਰੀਵਾਲ ਵੀ 280 Km ਦੀ ਵਿੱਧ ਤੇ ਸੀ। ਮਤਲਬ ਕਿ ਹੜੱਪਾ ਸੱਭਿਅਤਾ ਵੇਲੇ ਬਹੁਤੀ ਆਬਾਦੀ ਪਿੰਡਾਂ ਵਿੱਚ ਹੀ ਰਹਿੰਦੀ ਸੀ। ਅੱਜ 5000 ਸਾਲ ਬਾਅਦ ਵੀ ਸਿੰਧ ਅਤੇ ਪੰਜਾਬ ਦੀ ਬਹੁਤੀ ਵਸੋਂ ਇਸੇ ਤਰਾਂ ਪੇਂਡੂ ਹੀ ਹੈ।

ਮੌਜੂਦਾ ਸਮੇਂ ਨਾਲ ਤੁਲਣਾ ਕਰਕੇ ਦੇਖੀਏ ਤਾਂ ਪਤਾ ਲੱਗਦਾ ਕਿ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਵੱਡੇ ਖ਼ਿੱਤੇ ਪੰਜਾਬ ਦੇ ਨਾਂ ਦੀ ਰੋਜ਼ਾਨਾ ਜੀਵਨ ਵਿਹਾਰ ਵਿੱਚ ਬਿਲਕੁਲ ਲੋੜ ਨਹੀਂ ਪੈਂਦੀ। ਨਾਂ ਦੀ ਲੋੜ ਉਦੋਂ ਪੈਂਦੀ ਹੈ, ਜਦੋਂ ਬਾਹਰਲੇ ਇਲਾਕੇ ਦੇ ਲੋਕਾਂ ਨਾਲ ਵਾਹ-ਵਾਸਤਾ ਪੈਂਦਾ। ਪੰਜਾਬੀ ਜਦੋਂ ਦੂਜੇ ਪੰਜਾਬੀ ਨਾਲ ਗੱਲਬਾਤ ਕਰਦੇ ਨੇ ਤਾਂ ਮਾਲਵਾ, ਮਾਝਾ, ਪੋਠੋਹਾਰ, ਹਿੰਦਕੋ ਜਾਂ ਪੁਆਧੀ ਵਰਤਦੇ ਹਨ। ਇੱਕ ਪੰਜਾਬੀ ਦਾ ਦੂਜੇ ਪੰਜਾਬੀ ਨੂੰ ਪੰਜਾਬ ਵਿੱਚ ਖੜ ਕੇ ਦੱਸਣਾ ਕਿ ਉਹ ਪੰਜਾਬ ਤੋਂ ਹੈ ਬਹੁਤ ਹਾਸੋਹੀਣਾ ਲੱਗੇਗਾ। ਦੂਜੇ ਪਾਸੇ ਚੀਨੀ, ਜਪਾਨੀ, ਅਮਰੀਕੀ ਨੂੰ ਮਾਲਵੇ, ਪੁਆਧੀ ਜਾਂ ਪੋਠੋਹਾਰ ਵੀ ਨਹੀਂ ਦੱਸਿਆ ਜਾਂਦਾ, ਉਦੋਂ ਪੰਜਾਬ ਨਾਂ ਵਰਤਿਆ ਜਾਂਦਾ। ਸਮਝਣ ਵਾਲੀ ਗੱਲ ਹੈ ਕਿ ਨਾਂ ਵਰਤਣ ਦਾ ਕਾਰਨ ਹੁੰਦਾ ਹੈ, ਜਿਸ ਵਿੱਚ ਨਾਂ ਤੋਂ ਵੱਧ ਜਾਣਕਾਰੀ (information) ਲੁਕੀ ਹੁੰਦੀ ਹੈ। ਜੇ ਕਨੇਡਾ ਨਾਂ ਵਰਤਿਆ ਜਾਂਦਾ ਹੈ ਤਾਂ ਬਿਨਾਂ ਬੋਲਿਆ ਪਤਾ ਲੱਗ ਜਾਂਦਾ ਹੈ ਕਿ ਯੂਰਪੀਆਂ ਦੇ ਪ੍ਰਭਾਵ ਵੇਲੇ ਦੀ ਜਾਣਕਾਰੀ ਹੈ, ਪਰ ਕਨੇਡਾ ਦੇ ਮੂਲ ਸ਼ਬਦ ਕਨਾਟਾ ਵਰਤਣ ਨਾਲ ਜਾਣਕਾਰੀ ਵਿੱਚ ਮੂਲਨਿਵਾਸੀ ਬਿਨਾ ਬੋਲਿਆਂ ਸ਼ਾਮਲ ਹੋ ਜਾਂਦੇ ਹਨ।

Map of bronzer age Harappa civilization published by Mark Kenoyer

ਪਿੰਡਾਂ ਵਾਲੇ ਇੱਕ ਦੂਜੇ ਨੂੰ ਨਹੀਂ ਦੱਸਦੇ ਕਿ ਉਹ ਪੰਜਾਬੀ ਹਨ। ਆਲੇ-ਦੁਆਲੇ ਦੇ ਪਿੰਡਾਂ ਸ਼ਹਿਰਾਂ ਦੀ ਆਪਸੀ ਗੱਲਬਾਤ ਵਿੱਚ ਵੀ ਵੱਡੀ ਇਲਾਕਾਈ ਪਹਿਚਾਣ ਦੀ ਲੋੜ ਨਹੀਂ ਹੁੰਦੀ। ਪਰ ਵਪਾਰਕ, ਧਾਰਮਿਕ ਅਤੇ ਵਿੱਦਿਅਕ ਖੇਤਰ ਦੇ ਲੋਕਾਂ ਅਤੇ ਬਾਹਰੋਂ ਆਏ ਯਾਤਰੀ ਨਾਲ ਵਾਹ-ਵਾਸਤੇ ਵੇਲੇ ਵੱਡੇ ਖਿੱਤੇ ਦੇ ਸੰਯੁਕਤ ਨਾਂ ਵਰਤਣ ਨਾਲ ਜਾਣਕਾਰੀ ਦੀ ਸਪੱਸ਼ਟਾ ਵੱਧ ਜਾਂਦੀ ਹੈ। ਵੱਡੇ ਖਿੱਤੇ ਦੀ ਬੋਲੀ, ਸੱਭਿਆਚਾਰ, ਖੁਰਾਕ, ਰਹੁ-ਰੀਤਾਂ ਅਤੇ ਪਹਿਰਾਵਾ ਇੱਕੋ ਜਿਹਾ ਹੋਣ ਕਾਰਨ, ਬਿਨਾਂ ਡੂੰਘੀ ਵਿਚਾਰ ਦੇ ਲੋਕ ਆਪ ਹੀ ਸਾਂਝੀ ਪਹਿਚਾਣ ਨੂੰ ਹਾਮੀ ਭਰ ਦਿੰਦੇ ਨੇ। ਇਸ ਤੋਂ ਸਮਝ ਸਕਦੇ ਹਾਂ ਕਿ ਵੱਡੇ ਸੰਯੁਕਤ ਖ਼ਿੱਤੇ ਦੇ ਨਾਂ ਦੀ ਲੋੜ ਕੁੱਝ ਖਾਸ ਕਾਰਨਾਂ ਕਰਕੇ ਹੁੰਦੀ ਹੈ। ਜੇ ਕਾਰਨ ਪਰਖੇ ਜਾ ਸਕਦੇ ਹਨ ਤਾਂ ਅੰਦਾਜ਼ਾ ਲਾਉਣਾ ਸੌਖਾ ਹੋ ਜਾਂਦਾ ਹੈ ਉਹ ਨਾਂ ਆਮ ਵਰਤੋਂ ਵਿੱਚ ਰਿਹਾ ਹੋਵੇਗਾ। 

ਅੱਜ ਮਨੁੱਖਤਾ ਇੱਕ ਦੂਜੇ ਨੂੰ ਇਹ ਨਹੀਂ ਦੱਸਦੀ ਕਿ ਉਹ ਧਰਤੀ ਗ੍ਰਿਹ ਤੋਂ ਹਨ। ਪਰ ਜੇ ਭਵਿੱਖ ਵਿੱਚ ਕੋਈ ਹੋਰ ਧਰਤੀ ਲੱਭ ਗਈ ਤਾਂ ਦੂਜੀ ਧਰਤੀ ਦੇ ਬਾਸ਼ਿੰਦਿਆਂ ਮੂਹਰੇ ਇਹ ਨਾਂ ਵੀ ਵਰਤੋਂ ਵਿੱਚ ਆ ਜਾਵੇਗਾ। ਪੰਜਾਬ ਵਿੱਚ ਬਹੁਤ ਯਾਤਰੀ, ਹਮਲਾਵਰ, ਖੋਜੀ, ਜਗਿਆਸੂ ਆਏ, ਜਿਨਾਂ ਤੋਂ ਕਈ ਨਾਂ ਪਤਾ ਲੱਗਦੇ ਹਨ। ਕੁੱਝ ਨਾਂ ਪੰਜਾਬ ਦੇ ਸੰਯੁਕਤ ਨਾਂ ਹੋ ਸਕਦੇ ਹਨ, ਅਤੇ ਕਈ ਖੇਤਰੀ ਨਾਂ ਹਨ। ਇੰਨਾਂ ਨਾਵਾਂ ਵਾਰੇ ਲੇਖ ਵਿੱਚ ਅੱਗੇ ਵਿਸਥਾਰ ਨਾਲ ਗੱਲ ਕਰਾਂਗੇ ਅਤੇ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਨਾਂ ਪਚੱਲਤ ਵੀ ਰਿਹਾ ਹੋਵੇਗਾ ਕਿ ਨਹੀਂ।  ਨਾਂ ਵਰਤਣ ਦੀ ਲੋੜ ਸਮਝਣ ਨਾਲ, ਵੱਖ-ਵੱਖ ਨਾਂਵਾਂ ਦੇ ਵਿਸ਼ਲੇਸ਼ਣ ਵਿੱਚ ਸੌਖ ਹੋ ਜਾਵੇਗੀ। ਇਹ ਵੀ ਪੁਸ਼ਟੀ ਹੋ ਜਾਵੇਗੀ ਕਿ ਜਗਿਆਸੂ ਨੂੰ ਸਿਰਫ਼ ਨਾਂ  ਹੀ ਨਹੀਂ, ਨਾਂ ਕਿੱਥੇ, ਕਿਓ, ਕਿਸਨੇ ਅਤੇ ਕਿਸ ਮਕਸਦ ਲਈ ਵਰਤਿਆ ਗਿਆ ਜਾਨਣਾ ਕਿਉਂ ਮਹੱਤਵਪੂਰਨ ਹੈ। ਪੁਰਾਤਨ ਪੰਜਾਬ ਦੇ ਨਾਂਵਾਂ ਦੇ ਵੀ ਇਲਾਕੇ ਅੱਜ ਦੇ ਨਕਸ਼ਿਆਂ ਵਾਂਗ ਇੱਕ ਸਾਰ ਨਹੀਂ ਹਨ। ਕਈਆਂ ਵਿੱਚ ਅੱਜ ਦੇ ਪੰਜਾਬ ਤੋਂ ਬਾਹਰੀ ਇਲਾਕੇ ਵੀ ਹਨ ਅਤੇ ਕਈ ਪੰਜਾਬ ਵਿੱਚਲੇ ਛੋਟੇ ਖਿੱਤੇ ਲਈ ਵੀ ਹਨ। 

ਪੰਜਾਬ ਅਤੇ ਪੰਜਾਬ ਨਾਂ ਵਾਰੇ ਕੁੱਝ ਵਿਚਾਰ

ਪੰਜਾਬ ਅੱਜ ਦੱਖਣ ਏਸ਼ੀਆ ਦੇ ਪੰਜ ਦਰਿਆਵਾਂ ਦੇ ਖ਼ਿੱਤੇ ਦਾ ਨਾਂ ਹੈ। ਇਤਿਹਾਸ ਧਰਤੀ ਨਾਲ ਜੁੜਿਆ ਹੁੰਦਾ ਹੈ। ਰਾਜੇ ਬਦਲ ਜਾਂਦੇ ਨੇ, ਕਬੀਲੇ ਵਿਕਾਸ ਕਰਦੇ ਰਹਿੰਦੇ ਨੇ, ਧਰਮ ਵੀ ਬਦਲ ਜਾਂਦੇ ਨੇ। ਪਰ ਧਰਤੀ, ਦਰਿਆ, ਪਹਾੜ ਉੱਥੇ ਹੀ ਰਹਿੰਦੇ ਹਨ। ਪੰਜ ਦਰਿਆਵਾਂ ਦੀ ਧਰਤੀ, ਧਰਤੀ ਦੇ ਬਾਸ਼ਿੰਦਿਆਂ ਦੀ ਬੋਲੀ ਅਤੇ ਇਤਿਹਾਸ ਵਿੱਚ ਪੰਜਾਬ ਨਾਂ ਇੱਕ ਪੜਾਅ ਹੈ। ਨਾਂ ਪਹਿਲਾਂ ਵੀ ਬਦਲੇ ਹਨ, ਹੋ ਸਕਦਾ ਅੱਗੇ ਫੇਰ ਵੀ ਬਦਲ ਜਾਣ। ਪਰ ਦਰਿਆ ਵਹਿੰਦੇ ਰਹਿਣਗੇ ਅਤੇ ਧਰਤੀ ਦਾ ਇਤਿਹਾਸ ਆਪਣੇ ਵਰਕੇ ਪਲਟਾ ਰਹੇਗਾ। 

ਪੰਜਾਬ ਨਾਂ ਮੋਰਾਕੋ ਦੇ ਅਰਬੀ ਘੁੰਮਤਰੀ (traveller) ਇਬਨ ਬਤੂਤਾ (Ibn Battuta) ਨੇ 1333 ਈਸਵੀ ਨੇੜੇਤੇੜੇ ਆਪਣੇ ਸਫ਼ਰਨਾਮੇ ਵਿੱਚ ਪਹਿਲੀ ਵਾਰ ਲਿਖਿਆ ਦੱਸਦੇ ਨੇ। 200 ਸਾਲ ਬਾਅਦ ਆਈਨੇ-ਅਕਬਰੀ ਵਿੱਚ ਪੰਜਾਬ ਦਾ ਨਾਂ ਪੰਜਨਾਦ ਲਿਖਿਆ ਮਿਲਦਾ ਹੈ। ਅਕਬਰ ਦੇ ਪੁੱਤ ਜਹਾਂਗੀਰ (1569–1627) ਦੀ ਜੀਵਨੀ ਤੁਰਕੇ-ਜਹਾਂਗੀਰੀ ਵਿੱਚ ਫੇਰ ਪੰਜਾਬ ਆਉਂਦਾ ਹੈ। ਵਿਸਥਾਰ ਪੜ੍ਹਨ ਤੋਂ ਬਾਅਦ ਇਹ ਪਤਾ ਨਹੀਂ ਲੱਗਦਾ ਕਿ ਬਤੂਤਾ ਨੇ ਪੰਜਾਬ ਨਾਂ ਆਪਣੇ ਕੋਲੋ ਨਵਾਂ ਘੜਿਆ ਸੀ ਜਾਂ ਉਸ ਨੇ ਇਹ ਪੰਜਾਬ ਵਿੱਚ ਹੀ ਸੁਣਿਆ ਸੀ। ਬਤੂਤਾ ਦਾ ਪੰਜਾਬ ਵਿੱਚ ਸਫ਼ਰ ਮੁਲਤਾਨ ਵੱਲੋਂ ਸ਼ੁਰੂ ਹੋਇਆ ਸੀ। ਮੁਲਤਾਨ ਫਾਰਸੀ ਬੋਲਣ ਵਾਲੇ ਈਰਾਨੀ ਸੂਬੇ ਸੀਸਤਾਨ ਅਤੇ ਖੁਰਾਸਾਨ ਦੇ ਨਾਲ ਲੱਗਦਾ ਹੈ। ਪੱਛਮੀ ਪੰਜਾਬ ਫਾਰਸੀ ਭਾਸ਼ਾ ਨਾਲ ਇਸਲਾਮ ਤੋਂ ਪਹਿਲਾਂ, ਪਾਰਸੀ ਲੋਕਾਂ ਵੇਲੇ ਤੋਂ ਹਜਾਰਾਂ ਸਾਲ ਖਹਿੰਦਾ ਰਿਹਾ ਹੈ। 

ਪੰਜਾਬੀ ਵਿੱਚ ਕਹੌਤ ਹੈ ਕਿ ਹਰ ਦਸ ਕੋਹ ਤੇ ਬੋਲੀ ਬਦਲਦੀ ਹੈ। ਮੱਧ-ਫਾਰਸੀ ਬੋਲੀ ਪਹਿਲਵੀ (Pahlavi) ਵਿੱਚ ਅੰਕ 5 ਦਾ ਉਚਾਰਣ ਪੰਜਾਬੀ ਵਾਂਗ ਪੰਜ਼ ਹੀ ਹੈ। ਪਰ ਫ਼ਾਰਸੀ ਵਿੱਚ ਪੰਜ ਦਾ ਰਵਾਂ ਹੋਇਆ ਉਚਾਰਣ ਪਾਂਜ਼ ਹੈ। ਜੇ ਪੰਜਾਬ ਸ਼ਬਦ ਇਬਨ ਬਤੂਤਾ ਵੇਲੇ ਦੀ ਫ਼ਾਰਸੀ ਦਾ ਹੀ ਹੈ ਤਾਂ ਪਾਂਜ਼ਆਬ ਹੋਣਾ ਚਾਹੀਦਾ ਸੀ, ਜੋ ਹੈ ਨਹੀਂ। ਫ਼ਾਰਸੀ ਦਾ ਪਾਂਜ਼, ਹਿੰਦੀ ਦੇ ਪਾਂਚ ਨਾਲ ਪੰਜਾਬੀ ਦੇ ਪੰਜ ਨਾਲੋਂ ਕਿਤੇ ਵੱਧ ਰਲਦਾ। 

ਪੰਜਾਬੀ ਵਿੱਚ ਪੰਜ ਦਾ ਉਚਾਰਣ ਪੁਰਾਤਨ ਹੈ। ਪੰਜਾਬ ਨਾਂ ਫ਼ਾਰਸੀ ਵਿੱਚੋਂ ਆਉਣ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਪਰ ਪੰਜ ਦੀ ਮੱਧਫਾਰਸੀ ਬੋਲੀ ਪਹਿਲਵੀ (also known as Parthian) ਨਾਲ ਤੁਲਣਾ ਵਾਰੇ ਮਾਹਿਰ ਚੁੱਪ ਨੇ। ਪਹਿਲਵੀ ਦੇ ਦੋ ਹਜ਼ਾਰ ਸਾਲ ਪੁਰਾਣੇ ਲੱਭੇ ਖਰੜਿਆਂ ਵਿੱਚ ਪੰਜਾਬੀ ਸ਼ਬਦ ਅੱਖ ਅਤੇ ਇੱਟ ਹੂਬਹੂ ਉਵੇਂ ਹੀ ਮਿਲਦੇ ਨੇ। ਅੱਧਕ ਵਾਲੇ ਦੂਹਰੇ ਧੁੰਨ (double tonal) ਦੇ ਸ਼ਬਦ ਪੰਜਾਬੀ ਬੋਲੀ ਦੀ ਵਿਸ਼ੇਸ਼ਤਾ ਹਨ। ਇਹ ਪੰਜਾਬੀ ਬੋਲੀ ਤੋਂ ਬਾਹਰ ਨਹੀਂ ਮਿਲਦੇ। ਪਹਿਲਵੀ ਭਾਸ਼ਾ ਉੱਤੇ ਪੰਜਾਬੀ ਦਾ ਪ੍ਰਭਾਵ ਦੇਖਿਆ ਤੇ ਮਿਣਿਆ ਜਾ ਸਕਦਾ। ਇੱਟ, ਅੱਖ ਹਿੰਦੀ-ਊੜਦੂ ਵਿੱਚ ਪੱਧਰੇ ਅਤੇ ਰਵਾਂ ਹੋਕੇ  ਈਂਟ, ਆਂਖ ਬਣ ਜਾਂਦੇ ਹਨ। ਇਸੇ ਤਰਾਂ ਪੰਜ ਤੋਂ ਪਾਂਚ, ਪਾਂਜ਼ ਰਵਾਂ (smooth) ਹੋਏ ਸ਼ਬਦ ਹਨ ਅਤੇ ਪੰਜ ਪੰਜਾਬੀ ਬੋਲੀ ਦਾ ਹੀ ਉਚਾਰਣ ਹੈ।

ਪੰਜ ਦੇ ਫ਼ਾਰਸੀ ਹੋਣ ਦਾ ਦਾਅਵਾ ਵਿਵਾਦਮਈ ਹੈ, ਪ੍ਰਮਾਣਿਤ ਨਹੀਂ। ਇਬਨ ਬਤੂਤਾ ਨੇ ਪੰਜਾਬ ਸ਼ਬਦ ਨਵਾਂ ਘੜਨ ਦੀ ਥਾਂ ਸਥਾਨਕ ਲੋਕਾਂ ਤੋਂ ਹੀ ਸੁੱਣ ਕੇ ਵਰਤਿਆ ਹੋਵੇਗਾ। ਦੱਸ ਕੋਹ ਤੇ ਬੋਲੀ ਬਦਲਦੀ ਹੈ। ਪੂਰਬੀ ਪੰਜਾਬ ਦੀ ਬੋਲੀ ਖੜੀਬੋਲੀ ਨਾਲ ਰਲਦੀ ਹੈ। ਮੁਲਤਾਨੀ ਅਤੇ ਪੱਛਮੀ ਪੰਜਾਬੀ ਲਹਿਜਿਆਂ ਦੇ ਪਖਤੂਨੀ, ਖੁਰਾਸਾਨੀ, ਸੀਸਤਾਨੀ ਨਾਲ ਮੇਲ ਖਾਣਾਂ ਵੀ ਕੁਦਰਤੀ ਹੈ।  ਜਿਵੇਂ ਪੁਆਧੀ ਦੀ ਖੜੀਬੋਲੀ ਨਾਲ ਨੇੜਤਾ ਕਰਕੇ ਉਸ ਦੇ ਸੰਯੁਕਤ ਸ਼ਬਦ ਖੜੀਬੋਲੀ ਦੇ ਨਹੀਂ ਬਣਦੇ। ਇਕੱਲਾ ਆਬ ਵਰਤ ਲੈਣ ਕਰਕੇ ਪੂਰਾ ਨਾਂ ਫ਼ਾਰਸੀ ਦੇ ਖਾਤੇ ਪਾਕੇ ਹੱਥ ਨਹੀਂ ਝਾੜ ਲੈਣੇ ਚਾਹੀਦੇ।

ਪੰਜਾਬ ਕਰਾਂ ਕੀ ਸਿਫ਼ਤ ਤੇਰੀ

 

ਪੰਜਾਬ, ਪੰਜਾਬ ਦੀ ਪੁਰਾਤਨ ਸੱਭਿਅਤਾ 

ਦੁਨੀਆਂ ਦੀਆਂ ਪੰਜ ਸੱਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿੱਚੋਂ ਇੱਕ ਸੱਭਿਅਤਾ ਦਾ ਜਨਮ ਪੰਜਾਬ ਦੀ ਧਰਤੀ ਉੱਤੇ ਹੋਇਆ। (Harappa First Bronze Age city) ਇਤਿਹਾਸ ਵਿੱਚ ਪੰਜਾਬ ਦੇ ਨਾਂ ਬਦਲਦੇ ਰਹੇ ਹਨ। ਪੰਜਾਬੀ ਸੱਭਿਆਚਾਰ ਦੇ ਪ੍ਰਭਾਵ ਵਾਲਾ ਇਲਾਕਾ ਵੀ ਬਦਲਦਾ ਰਿਹਾ। ਪੰਜਾਬ ਦੇ ਦਰਿਆਵਾਂ ਦੇ ਵਹਾਅ ਵੀ ਬਦਲਦੇ ਰਹੇ ਹਨ। ਬਦਲਾਅ ਅਟੱਲ ਸੱਚਾਈ ਹੈ। ਜਿਵੇਂ ਪੰਜਾਬ ਦੇ ਦਰਿਆਵਾਂ ਦੇ ਵਹਾਣ ਬਦਲਣ ਤੋਂ ਬਾਅਦ ਦਰਿਆਵਾਂ ਨੇ ਧਰਤੀ ਨਹੀਂ ਬਦਲੀ, ਉਸੇ ਤਰਾਂ ਪੰਜਾਬ ਦੇ ਨਾਂ ਬਦਲਣ ਨਾਲ ਪੰਜਾਬੀ ਸੱਭਿਅਤਾ ਨਹੀਂ ਬਦਲੀ। ਹਜਾਰਾਂ ਸਾਲ ਤੋਂ ਸਾਡੇ ਦਰਿਆ ਲਗਾਤਾਰ ਵਹਿ ਰਹੇ ਹਨ ਅਤੇ ਪੰਜਾਬੀ ਸੱਭਿਅਤਾ ਵੀ ਲਗਾਤਾਰ ਵਿਕਾਸ (evolution) ਕਰ ਰਹੀ ਹੈ। ਵਿਕਾਸ ਪੁਰਾਣੀ ਅਤੇ ਨਵੀਂ ਵਿੱਚ ਗੂੰਦ ਹੁੰਦਾ, ਵਿਕਸਿਤ (evolved) ਸੱਭਿਆਚਾਰ ਦੀ ਰੋਸ਼ਨੀ ਵਿੱਚ ਪੁਰਾਣਾ ਬੇਗਾਨਾ ਨਹੀਂ ਹੁੰਦਾ। 




Part 1

Names from trades and political materials

Meluhha

ਪੁਰਾਤਨ ਥੇਹ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਸੱਭ ਤੋਂ ਪੁਰਾਣਾ ਨਾਂ ਮਲੂਹਾ ਹੈ। ਸਾਨੂੰ ਇਹ ਨਾਂ ਮੈਸੋਪਟਾਮੀਆ ਦੀਆਂ ਅਸੀਰੀਆ, ਸੁਮੇਰ ਅਤੇ ਆਕਾਡ ਸੱਭਿਅਤਾਵਾਂ ਵਿੱਚੋਂ ਪਤਾ ਲੱਗਦਾ ਹੈ। ਅੱਜ ਦੇ ਇਰਾਕ, ਓਮਾਨ ਅਤੇ ਸੀਰੀਆ ਵਿੱਚ 18 ਥਾਂ ਪੰਜਾਬ ਲਈ ਮਲੂਹਾ ਨਾਂ ਲਿਖਿਆ ਮਿਲਿਆ ਹੈ। ਇਹ ਨਾਂ ਸਾਰੇ ਸਿੰਧ ਦਰਿਆਈ ਖਿੱਤੇ (ਪੰਜਾਬ, ਸਿੰਧ, ਅਤੇ ਨੇੜਲੇ ਬਲੋਚਿਸਤਾਨ, ਗੁਜਰਾਤ ਅਤੇ ਰਾਜਸਥਾਨ) ਦੇ ਇਲਾਕਿਆਂ ਲਈ ਵਰਤਿਆ ਗਿਆ ਜਾਪਦਾ ਹੈ। ਪੰਜਾਬ ਸਮੇਤ ਸਿੰਧ ਦੇ ਦਰਿਆਈ ਖ਼ਿੱਤੇ ਲਈ ਮਲੂਹਾ ਨਾਂ ਲਗਾਤਾਰ 2000 ਸਾਲ ਵਰਤਿਆ ਜਾਣ ਦੇ ਸਬੂਤ ਮਿਲਦੇ ਹਨ। 

Meluhha KI on The rollout of Shu-ilishu’s cylinder seal. Courtesy of the Département des Antiquités Orientales, Musée du tions, Louvre, Paris.

ਮਲੂਹਾ ਵਾਰੇ ਵਿਸਥਾਰ ਵਿੱਚ ਅਗਲੇ ਲਿੰਕ ਉੱਤੇ ਪੜਿਆ ਜਾ ਸਕਦਾ ਹੈ ਮਲੂਹਾ

ਮਲੂਹਾ ਨਾਂ ਮਲਾਹ (ਬੇੜੀ ਚਲਾਉਣ ਵਾਲਾ) ਸ਼ਬਦ ਤੋਂ ਬਣਿਆ ਸੀ। ਮਲੂਹਾ ਦੇ ਸਬੂਤ 4400 ਸਾਲ ਪਹਿਲਾਂ (2400 BCE) ਤੋਂ ਲੈਕੇ 2600 ਸਾਲ ਪਹਿਲਾਂ (600 BCE) ਤੱਕ ਮਿਲਦੇ ਹਨ। ਆਖ਼ਰੀ ਵਾਰ, 2600 ਸਾਲ ਪਹਿਲਾਂ ਮਲੂਹਾ ਨਾਂ ਅਸੁਰ ਬੇਨੀਪਾਲ ਨਾਂ ਦੇ ਰਾਜੇ ਦੀ ਲਿਖਤ ਵਿੱਚ ਮਿਲਦਾ ਹੈ। ਇਸ ਤੋਂ ਬਾਅਦ ਮੈਸੋਪਟਾਮੀਆ ਵਿੱਚ ਆਰੀਆਈ ਲੋਕਾਂ ਅਤੇ ਆਰੀਆਈ ਭਾਸ਼ਾ ਦੇ ਜੋਰ ਫੜਨ ਬਾਅਦ ਮਲੂਹਾ ਨਾਂ ਅਲੋਪ ਹੋ ਜਾਂਦਾ ਹੈ ਅਤੇ ਹਿੰਦ ਸ਼ੁਰੂ ਹੋ ਜਾਂਦਾ ਹੈ। 

(ਅਸੁਰਬੇਨੀਪਾਲ ਦੇ ਸੌ ਸਾਲ ਬਾਅਦ ਪਹਿਲੀ ਵਾਰ ਸ਼ਹਿਨਸ਼ਾਹ ਦਾਰੀਅਸ (ਦਾਰਾ ਮਹਾਨ) ਪੰਜਾਬ ਦਾ ਹਿੰਦ ਲਿਖਦਾ ਹੈ, ਮਲੂਹਾ ਨਹੀਂ। ਇਸ ਵਾਰੇ ਵਿਸਥਾਰ ਵਿੱਚ ਅੱਗੇ ਗੱਲ ਕੀਤੀ ਜਾਵੇਗੀ )

500 BCE ਤੋਂ ਬਾਅਦ ਮਲੂਹਾ ਇੱਕ ਦੇਸ ਦੇ ਨਾਂ ਵਜੋਂ ਤਾਂ ਖਤਮ ਹੋ ਗਿਆ, ਪਰ ਸਥਾਨਕ ਭਾਸ਼ਾ ਵਿੱਚ ਸ਼ਬਦੀ ਵਿਕਾਸ ਕਰਦਾ ਰਹਿੰਦਾ ਹੈ। ਪੰਜਾਬ ਵਿੱਚ ਵੱਸਣ ਵਾਲੇ ਲੋਕਾਂ ਦੇ ਨਾਂ ਵਜੋਂ ਚੱਲਦਾ ਰਿਹਾ। ਮਲੇਸ਼, ਮਲੀ, ਮਲੱਖ, ਮੱਲ, ਮੱਲ਼ ਆਦਿ ਸ਼ਬਦ ਮਲੂਹ ਦਾ ਹੀ ਵਿਕਸਿਤ ਰੂਪ ਹੈ। ਸੰਸਕ੍ਰਿਤ ਅਤੇ ਪਾਲੀ ਦੇ ਗ੍ਰੰਥਾਂ ਵਿੱਚ ਮਲੇਸ਼ ਦੇ ਇਲਾਕਾਈ ਪਹਿਚਾਣ ਤੋਂ ਨਿੰਦਕ ਮਤਲਬ ਤੱਕ ਦੇ ਵਿਕਾਸ ਦੀ ਕਹਾਣੀ ਦਰਜ ਹੈ। 

Reference: A study of attitudes towards mlecchas and other outsiders in Northern India (c. A.D. 600  Aloka Parasher 1978

ਮਲੂਹਾ ਕੀ

ਦਿਲਚਸਪ ਤੱਥ ਹੈ ਕਿ ਮੈਸੋਪਟਾਮੀਆਂ ਵਿੱਚ ਮਲੂਹਾ ਇਕੱਲਾ ਨਹੀਂ ਪੂਰਾ ਨਾਂ ਮਲੂਹਾ-ਕੀ ਲਿਖਿਆ ਮਿਲਦਾ ਹੈ। ਸੰਸਕ੍ਰਿਤ ਤੇ ਪਾਲੀ ਵਿੱਚ ਮਲੇਸ਼ ਦੇ ਬਦਲਦੇ ਅਰਥ ਤਾਂ ਮਾਪੇ ਜਾ ਸਕਦੇ ਹਨ, ਪਰ ਮਲੂਹਾ-ਕੀ ਵਾਰੇ ਕੇਵਲ ਪੰਜਾਬੀ ਲੋਕਧਾਰਾ ਵਿੱਚੋਂ ਪਤਾ ਲੱਗਦਾ। ਜਿੱਥੇ ਪੰਜਾਬ ਵਿੱਚ ਅੱਜ ਤੱਕ ਬੇੜੀ ਚਲਾਉਣ ਵਾਲੇ ਨੂੰ 3000 ਸਾਲ ਪਹਿਲਾਂ ਵਾਂਗ ਮਲਾਹ ਹੀ ਕਿਹਾ ਜਾਂਦਾ ਹੈ, ਉਥੇ ਹਾਲੇ ਵੀ ਬਹੁਤ ਸਾਰੇ ਪਿੰਡਾਂ ਦੇ ਨਾਂ ਵੀ ‘ਕੀ’ ਨਾਲ ਖਤਮ ਹੁੰਦੇ ਮਿਲ ਜਾਂਦੇ ਹਨ। ਜਿਵੇਂ ਡਰੌਲੀ ਭਾਈ ਕੀ, ਪੱਤੋ ਕੀ, ਮਾੜੀ ਕੰਬੋਕੀ, ਨਾਨੋਕੀ, ਭਾਈ ਕੀ ਆਦਿ। ਮਲੂਹਾ ਅਤੇ ਕੀ ਸ਼ਬਦ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀ 5000 ਪੁਰਾਣੀ ਜੜ੍ਹ ਦੇ ਗਵਾਹ ਹਨ। ਇਹ ਗਵਾਹ ਪੰਜਾਬ ਦੇ ਵਾਰਸਾਂ ਨੂੰ ਅਰਬਾਂ ਦੇ ਟਿੱਬਿਆਂ ਵਿੱਚ ਹਜ਼ਾਰਾਂ ਸਾਲ ਤੋਂ ਉਡੀਕ ਰਹੇ ਸਨ। 

2300 ਸਾਲ ਪਹਿਲਾਂ, ਸਿਕੰਦਰ ਵੇਲੇ ਦੱਖਣੀ ਪੰਜਾਬ (ਝੰਗ, ਮੁਲਤਾਨ) ਵਿੱਚ ਵਸਣ ਵਾਲੇ ਤਾਕਤਵਰ ਮਲ਼ੀ ਲੋਕਾਂ ਵਾਰੇ ਪਤਾ ਲੱਗਦਾ ਹੈ। ਇਹ ਵੀ ਪਤਾ ਲੱਗਦਾ ਕਿ ਮਲ਼ੀ ਲੋਕਾਂ ਦੇ ਇਲਾਕੇ ਦਾ ਨਾਂ ਮਾਲਬ ਸੀ। ਅੱਜ ਦਾ ਪੰਜਾਬੀ ਮਾਲਵਾ ਅਤੇ ਮੱਧ ਪ੍ਰਦੇਸ਼ ਦਾ ਮਾਲਵਾ ਪੁਰਾਤਨ ਮਲ਼ੀਆਂ ਨੇ ਹੀ ਜਿਹਲਮ ਵੱਲੋਂ ਆ ਕੇ ਆਪਣੇ ਪੁਰਾਣੇ ਦੇਸ਼ ਦੇ ਨਾਂ ਉਥੇ ਵਸਾਏ ਸਨ। ਮਲੂਹਾ ਦੇ ਰਹਿਣ ਵਾਲੇ ਮੱਲ਼ ਲੋਕਾਂ ਦਾ ਮਾਲਵਾ ਅਤੇ ਮਲ਼ੀ ਲੋਕਾਂ ਦਾ ਮੁਲਤਾਨ ਸ਼ਹਿਰ ਸੀ। ਭਲਵਾਨ ਅਤੇ ਤਾਕਤਵਰ ਨੂੰ ਅੱਜ ਵੀ ਮੱਲ਼ ਸੱਦਿਆ ਜਾਂਦਾ ਹੈ। ਜੜ੍ਹਾਂ ਨੂੰ ਮੂਲ ਕਿਹਾ ਜਾਂਦਾ ਹੈ। ਮਾਲਵੇ ਦੇ ਮਲ਼ੀ ਮੂਲਨਿਵਾਸੀ ਸ਼ਬਦ ਦਾ ਵੀ ਮੂਲ ਬਣਦੇ ਹਨ। ਧੀ-ਪੁੱਤ ਨੂੰ ਵੀ ਲਾਡ ਨਾਲ ਮੱਲ਼ ਕਿਹਾ ਜਾਂਦਾ ਹੈ। ਮੱਲ਼ ਸ਼ਬਦ ਦਾ ਮੂਲ ਤਾਂਬਾ ਯੁੱਗ ਦੇ ਮਲੂਹਾ ਤੱਕ ਜਾਂਦਾ ਹੈ। ਮੱਲ਼ ਸ਼ਬਦ ਦਾ ਇੰਡੋ-ਆਰੀਆਈ ਭਾਸ਼ਾ ਵਿੱਚ ਮੂਲ ਨਹੀਂ ਲੱਭਦਾ। ਇਹੋ ਜਿਹੇ ਠੇਠ ਪੰਜਾਬੀ ਸ਼ਬਦ ਆਰੀਆਈ ਭਾਸ਼ਾ (ਸੰਸਕ੍ਰਿਤ, ਪਾਲੀ) ਹੀ ਮੂਲ ਭਾਸ਼ਾ ਹੋਣ ਦੇ ਦਾਅਵੇ ਨੂੰ ਠਿੱਠ ਕਰਦੇ ਹਨ।  ਮਹਾਂਭਾਰਤ ਵਿੱਚ ਪੰਜਾਬ ਦਾ ਮੱਲ਼ (ਭਲਵਾਨ) ਮਲ(ਮੂਤਰ) ਤੱਕ ਬਣਾ ਦਿੱਤਾ ਗਿਆ ਹੈ। 

ਮਲੂਹਾ ਨਾਂ ਦੇ ਸਾਨੂੰ ਲਿਖਤੀ ਸਬੂਤ ਮਿਲਦੇ ਹਨ, ਮਲੂਹਾ ਨਾਲ ਜੁੜੇ ਵਪਾਰ, ਰਾਜੇ ਅਤੇ ਬਾਸ਼ਿੰਦਿਆਂ ਦਾ ਪਤਾ ਲੱਗਦਾ ਹੈ। ਜਿਸ ਤੋਂ ਇਸ ਨਾਂ ਦੀ ਵਰਤੋਂ ਦੇ ਕਾਰਨਾਂ ਦਾ ਵੀ ਯਕੀਨ ਹੋ ਜਾਂਦਾ ਹੈ ਕਿ ਜਦੋਂ ਪੰਜਾਬ ਵੱਲੋਂ ਕੋਈ ਮੈਸੋਪਟਾਮੀਆ ਜਾਂਦਾ ਹੋਊ ਤਾਂ ਆਪਣੇ ਆਪ ਨੂੰ ਮਲੂਹਾ ਦਾ ਵਾਸੀ ਮਲ਼ੀ ਜਾਂ ਮਲੂਹ ਦੱਸਦਾ ਹੋਊ। 

ਮਲੂਹਾ ਦਾ ਪੂਰਾ ਵਿਸਥਾਰ ਇਥੇ ਕਲਿੱਕ ਕਰਕੇ ਪੜ੍ਹੋ

ਮਾਲਵਾ ਦਾ ਇਤਿਹਾਸ 

ਹੜੱਪਾ ਵੇਲੇ ਦੇ ਮਲਾਹਾਂ ਦੀਆਂ ਬੇੜੀਆਂ



Hindush, Hind, Hindustan 

ਹਿੰਦ, ਹਿੰਦੂ ਅਤੇ ਇੰਡੀਆ ਸ਼ੁਰੂਆਤੀ ਇਤਿਹਾਸ ਵਿੱਚ ਕੇਵਲ ਪੰਜਾਬ ਦੇ ਹੀ ਪੁਰਾਣੇ ਨਾਂ ਹਨ। 2500 ਸਾਲ ਪਹਿਲਾਂ ਅੱਜ ਵਾਂਗ ਵਿੱਚ ਇਹ ਸਾਰੇ ਉਪਮਹਾਂਦੀਪ ਲਈ ਨਹੀਂ ਵਰਤੇ ਗਏ ਸਨ। ਪੁਰਾਤਨ ਗਰੀਕ, ਪਾਰਸੀ (Persian) ਇਤਿਹਾਸ ਵਿੱਚ ਜਿੱਥੇ ਵੀ ਹਿੰਦੂਸ, ਹਿੰਦ ਜਾਂ Indos ਸ਼ਬਦ ਆਉਂਦੇ ਹਨ ਓਹ ਅੱਜ ਦੇ ਭਾਰਤ ਜਾਂ ਇੰਡੀਆ ਨਹੀਂ, ਕੇਵਲ ਪੰਜਾਬ ਹਨ। ਹਿੰਦ ਪਰਸ਼ੀਅਨ ਸਾਮਰਾਜ ਦੇ ਸੂਬੇ ਦਾ ਨਾਂ ਵੀ ਸੀ। ਪੁਰਾਣੇ ਇਤਿਹਾਸ ਵਿੱਚ ਹਿੰਦ, ਹਿੰਦੂ ਅਤੇ ਇੰਡੀਆ ਲਿਖਣ ਵਾਲੇ ਸਿਰਫ਼ ਪੁਰਾਣੇ ਪੰਜਾਬ ਦੀ ਗੱਲ ਕਰ ਰਹੇ ਹੁੰਦੇ ਹਨ, ਨਾ ਕਿ ਅਜੋਕੇ ਨਕਸ਼ੇ ਵਾਲੇ ਭਾਰਤ ਦੀ। ਸਮੇਂ ਦੇ ਵਹਾਅ ਨਾਲ ਹਿੰਦ ਨਾਂ ਸਾਰੇ ਖਿੱਤੇ ਲਈ ਵੀ ਵਰਤਿਆ ਗਿਆ। ਕਿਉਕਿ, ਸ਼ਾਇਦ, ਉਪਮਹਾਂਦੀਪ ਦੇ ਬਾਕੀ ਇਲਾਕੇ ਆਪਣਾ ਸੁਤੰਤਰ ਨਾਂ ਹਿੰਦ ਦੇ ਬਰਾਬਰ ਸਥਾਪਤ ਨਾ ਕਰ ਸਕੇ ਅਤੇ ਵੱਡਾ ਇਲਾਕਾ ਪੰਜਾਬੀ ਨਾਂ ਦੀ ਬੁੱਕਲ ਵਿੱਚ ਹੀ ਜਾਣਿਆ ਜਾਣ ਲੱਗਾ।

ਪੁਰਾਣੇ ਈਰਾਨੀਆਂ (ਪਾਰਸੀਆਂ) ਦੇ ਸਿੰਧ ਦਰਿਆ ਦੁਆਲੇ ਤਿੰਨ ਸੂਬੇ (ਕਸ਼ੱਥਰਾ) ਪੈਂਦੇ ਸਨ। ਕਾਬਲ ਵਾਦੀ ਤੋਂ ਲੈ ਕੇ ਥੱਲੇ ਪਛੌਰ ਤੱਕ ਦਾ ਇਲਾਕਾ ਗੰਧਾਰ ਸੀ। ਉਸ ਤੋਂ ਥੱਲੇ ਮੌਜੂਦਾ ਪੰਜਾਬ ਵਾਲੇ ਇਲਾਕੇ ਦਾ ਨਾਂ ਹਿੰਦੂਸ ਸੀ। ਹੇਠਾਂ ਸਮੁੰਦਰ ਤੱਕ, ਅੱਜ ਦੇ ਸਿੰਧ ਸੂਬੇ ਵਾਲੇ ਇਲਾਕੇ ਦਾ ਨਾਂ ਸਤਾਗਊਆ ਸੀ। ਪ੍ਰਚੱਲਤ ਧਾਰਨਾਂ ਕਿ ਸਿੰਧ ਦਰਿਆ ਦੇ ਪੂਰਬ ਵਾਲਾ ਸਾਰਾ ਇਲਾਕਾ ਹੀ ਹਿੰਦ ਸੀ, ਮੂਲ਼ੋ ਹੀ ਗਲਤ ਹੈ। ਈਰਾਨ ਦੀ ਪੁਰਾਤਨ ਰਾਜਧਾਨੀ Persepolis ਜਾਂ ਪਾਰਸਾ ਦੇ ਖੰਡਰਾਂ ਵਿੱਚੋਂ ਪਾਰਸੀ ਰਿਕਾਰਡ ਦੀਆਂ 30,000 ਫੱਟੀਆਂ ਲੱਭੀਆਂ ਹਨ। ਇੰਨਾਂ ਵਿੱਚ 2500 ਸਾਲ ਪੁਰਾਣੇ ਟੈਕਸ ਦਸਤਾਵੇਜ਼, ਯਾਤਰੀਆਂ ਦੇ ਵੇਰਵੇ ਆਦਿ ਹਨ। ਇਹ ਹੱਥ ਲਿਖਤਾਂ ਪੁਰਾਣੇ ਸਮੇਂ ਦੀਆਂ ਗਵਾਹ ਹਨ। ਪੰਜਾਬ ਦਾ ਪ੍ਰਬੰਧ ਕਰਨ ਵਾਲਿਆਂ ਦੇ ਦਸਤਾਵੇਜ ਮੂੰਹ ਜ਼ਬਾਨੀ ਯਾਦ ਰੱਖਣ ਵਾਲਿਆਂ ਦੇ ਦਾਅਵਿਆਂ ਨਾਲੋਂ ਕਿਤੇ ਵੱਧ ਭਰੋਸੇਯੋਗ ਨੇ। ਉਹ ਜਿਵੇਂ ਲਿਖ ਕੇ ਗਏ ਸਨ ਉਹ ਅੱਜ ਉਵੇਂ ਹੀ ਪੜਿਆ ਜਾ ਸਕਦਾ ਹੈ। ਸਿੰਧ ਦਰਿਆ ਤੋਂ ਪੂਰਬ ਵੱਲ ਦਾ ਸਾਰਾ ਇਲਾਕਾ ਹਿੰਦ ਨਹੀਂ ਸੀ। ਪਾਰਸਾ ਵਿੱਚੋਂ ਮਿਲਿਆਂ ਤਖ਼ਤੀਆਂ ਵਿੱਚ ਹਿੰਦੋਸ਼ ਦਾ ਸਤਾਗਊਆ ਅਤੇ ਗੰਧਾਰ ਨਾਲੋਂ ਕਿਤੇ ਵੱਧ ਜਿਕਰ ਮਿਲਦਾ ਹੈ। (see Persepolis Fortification tablets) ਮਤਲਬ ਕਿ ਅੱਜ ਦੇ ਪੱਛਮੀ ਪੰਜਾਬ ਵਾਲਾ ਇਲਾਕਾ ਸਿੰਧ ਦਰਿਆ ਉੱਤੇ ਵਸੇ ਦੂਜੇ ਦੋਹਾਂ ਸੂਬਿਆਂ ਨਾਲੋਂ ਵੱਧ ਪ੍ਰਭਾਵਸ਼ਾਲੀ ਸੀ। 

3 provinces HINDUS, THATAGUS and GANDÂRA on east of river Indus

ਸਪਤਸਿੰਧੂ ਨਹੀਂ ਕੇਵਲ ਹਿੰਦ ਦੇ ਸਬੂਤ ਮਿਲਦੇ ਹਨ

ਸਿੰਧ ਦਰਿਆ ਦੇ ਵਿਚਕਾਰਲੇ ਸਮਤਲ (ਪੰਜਾਬੀ) ਇਲਾਕੇ ਨੂੰ ਹੀ ਗਰੀਕ/ਯੂਨਾਨੀ ਲੋਕਾਂ ਨੇ ਇੰਡੋਸ ਲਿਖਿਆ ਜੋ ਕਿ ਪਰਸ਼ੀਅਨਾਂ ਦੇ ਹਿੰਦੂਸ ਦਾ ਹੀ ਉਲਥਾ ਸੀ। ਇਤਿਹਾਸ ਵਿੱਚ ਇਥੋਂ ਹਿੰਦ ਅਤੇ ਇੰਡੀਆ ਸ਼ਬਦਾਂ ਦੀ ਸ਼ੁਰੂਆਤ ਹੁੰਦੀ ਹੈ। ਤਰੀਕਾਂ ਅਤੇ ਸਮਾਂ ਕਾਲ ਨਾਲ ਇਤਿਹਾਸ ਲਿਖਣ ਦੀ ਪਿਰਤ ਪਾਉਣ ਵਾਲੇ ਇਤਿਹਾਸਕਾਰੀ ਦੇ ਪਹਿਲੇ ਲਿਖਾਰੀ ਹੈਰੋਡੋਟਸ Herodotus ਨੇ ਪਾਰਸੀ ਰਾਜ ਦੇ ਟੈਕਸ ਇਕੱਤਰ ਕਰਨ ਵਾਰੇ ਵਿਸਥਾਰ ਨਾਲ ਲਿਖਿਆ ਹੈ। ਉਸ ਤੋਂ ਹਿੰਦੂਸ (ਹਿੰਦ) ਦੇ ਇਲਾਕੇ ਵਾਰੇ ਪਤਾ ਲੱਗਦਾ ਹੈ। Herodotus ਸ਼ਹਿਨਸ਼ਾਹ ਯਰਕਸੀਜ (ਕਸ਼ਰਸ਼ਾ, Xerxes the Great) ਦੇ ਰਾਜ ਵਿੱਚ ਟੈਕਸ ਇਕੱਠਾ ਕਰਨ ਦੇ ਵਿਸਥਾਰ ਵਿੱਚ ਸਿੰਧ ਦਰਿਆ ਉਤੇ ਤਿੰਨ ਸੂਬੇ ਹੋਣ ਦੀ ਗੱਲ ਕਰਦਾ ਹੈ। ਟੈਕਸ ਲੈਣ ਵਾਲਿਆਂ ਦੀ ਜਾਣਕਾਰੀ ਤੋਂ ਬਾਕੀਆਂ ਨਾਲੋਂ ਵੱਧ ਭਰੋਸੇਯੋਗ ਹੁੰਦੀ ਹੈ। ਹੈਰੋਡੋਟਸ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਸਿੰਧ ਦਰਿਆ ਦੇ ਪੂਰਬ ਵੱਲ ਦੇ ਸਾਰੇ ਇਲਾਕੇ ਨੂੰ ਹਿੰਦ ਨਹੀਂ ਕਹਿੰਦੇ ਸਨ।

643 BCE ਵਿੱਚ ਆਖਰੀ ਵਾਰ ਅਸੁਰ ਬੈਨੀਪਾਲ ਦੀ ਲਿਖਤ ਵਿੱਚ ਮਲੂਹਾ ਨਾਂ ਆਉਂਦਾ ਹੈ। ਇਸ ਤੋਂ ਬਾਅਦ ਵੱਡੀ ਰਾਜਨੀਤਿਕ ਤਬਦੀਲੀ ਆਉਦੀਂ ਹੈ। ਈਰਾਕ-ਈਰਾਨ ਵੱਲ ਮੱਧ ਏਸ਼ੀਆ ਤੋਂ ਆਏ ਆਰੀਆ ਕਬੀਲੇ ਹਾਕਾਮਨੀਸ਼ (Achaemenian) ਦਾ ਰਾਜ ਹੋ ਜਾਂਦਾ ਹੈ। ਈਸਾ ਤੋਂ 500 ਸਾਲ ਪਹਿਲਾਂ ਪਾਰਸੀ ਰਾਜੇ ਦਾਰੀਅਸ (ਦਾਰਾਇਵਹੂਸ) ਦੇ ਭਾਗਾਸਤਾਨ (Bahishtun) ਸ਼ਿਲਾਲੇਖ ਵਿੱਚ ਪਹਿਲੀ ਵਾਰ ‘ਹਿੰਦੂਸ’ (𐏃𐎡𐎯𐎢𐏁, H-i-du-u-š) ਨਾਂ ਲਿਖਿਆ ਮਿਲਦਾ ਹੈ। ਦਿਲਚਸਪ ਤੱਥ ਹੈ ਕਿ ਉਸ ਨੇ ਆਰੀਆਵਾਂ ਦੀ ਲਿੱਪੀ ਵਿੱਚ ਸਿੰਧ ਦਰਿਆ ਦੇ ਉਤਰੀ ਖਿੱਤੇ ਦਾ ਨਾਂ ਗੰਧਾਰ ਲਿਖਵਾਇਆ ਹੈ। ਪਰ ਮੈਸੋਪਟਾਮੀਆ ਦੀ ਪੁਰਾਣੀ ਆਕਾਡ ਲਿੱਪੀ ਵਿੱਚ Para-uparisaina ਲਿਖਵਾਇਆ। ਜਿਸ ਦਾ ਸ਼ਬਦੀ ਅਰਥ ਹੈ  ਕਿ (ਹਿੰਦੂਕੁਸ਼ ਦੇ) ਪਾਰਲਾ ਇਲਾਕਾ। ਭਾਗਾਸਤਾਨ (Bahishtun) ਸ਼ਿਲਾਲੇਖ ਤੋਂ ਪਤਾ ਲੱਗਦਾ ਕਿ ਆਰੀਆਵਾ ਦੇ ਜੋਰ ਫੜਨ ਨਾਲ ਕੇਵਲ ਪੰਜਾਬ ਦਾ ਨਾਂ ਹੀ ਮਲੂਹਾ ਤੋਂ ਹਿੰਦ ਨਹੀਂ ਹੋਇਆ ਪਰਾਉਪਰੀਸੈਨਾ ਦਾ ਨਾਂ ਵੀ ਬਦਲ ਕੇ ਗੰਧਾਰ ਜਾਣਿਆ ਜਾਣ ਲੱਗਾ।

ਜਾਣਕਾਰੀ ਹਿੱਤ: ਇਸਲਾਮ ਤੋਂ ਪਹਿਲਾਂ ਵਾਲੇ ਪਰਸ਼ੀਅਨ (ਉਜਬੇਕਿਸਤਾਨ ਤੋਂ ਲੈਕੇ ਈਰਾਕ ਤੱਕ) ਅੱਗ, ਪਾਣੀ, ਹਵਾ ਨੂੰ ਪਵਿੱਤਰ ਮੰਨਣ ਵਾਲੇ ਅਤੇ ਇੰਦਰ, ਵਰੁਨ, ਮਿੱਤਰਾ ਵਰਗੇ ਦੇਵਤਿਆਂ ਦੇ ਪੁਜਾਰੀ ਸਨ। ਇੰਨਾਂ ਦੇਵਤਿਆਂ ਤੋਂ ਉੱਪਰ ਅਹੂਰਾ ਮਾਜਦਾ (ਅਸੁਰ ਮਹਾਨ) ਨੂੰ ਰੱਬ ਮੰਨਦੇ ਸਨ। ਪੱਛਮ ਵੱਲ ਦੇ ਪਾਰਸੀ ਆਪਣੇ ਆਪ ਨੂੰ ਅਸੁਰ ਵੀ ਅਖਵਾਉਂਦੇ ਸਨ। ਅਸੁਰ ਅਤੇ ਦੇਵ ਨੂੰ ਅੱਜ ਦੇ ਸਮੇਂ ਵਿੱਚ ਆਰੀਆਵਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਾਂਗ ਵੀ ਦੇਖਿਆ ਜਾ ਸਕਦਾ ਹੈ। ਬੇਦਾਂ ਵਾਲੇ ਦੇਵ ਸਨ, ਪਰ ਬੇਦਿਕ ਦੇਵਤਿਆਂ ਦੇ ਉਪਰ ਦੀ ਸਰਬਵਿਆਪੀ ਰੱਬ ਅਹੂਰਾ ਮਾਜਦਾ (ਅਸੁਰ ਮਹਾਨ) ਨੂੰ ਮੰਨਣ ਵਾਲੇ ਅਸੁਰ ਅਖਵਾਏ।

ਇਥੇ ਇਹ ਚਰਚਾ ਕਰਨੀ ਵੀ ਜਰੂਰੀ ਹੈ ਕਿ ਈਰਾਨੀ (ਆਰੀਆਈ) ਲੋਕਾਂ ਨੂੰ ਸੱਸਾ ਬੋਲਣ ਵਿੱਚ ਕੋਈ ਤਖਲੀਫ ਨਹੀਂ ਸੀ। ਉਨਾਂ ਦੀ ਰਾਜਧਾਨੀ ਦਾ ਨਾਂ ਸੂਸਾ ਸੀ, ਜਿਸ ਵਿੱਚ ਦੋ ਸੱਸੇ ਆਉਦੇਂ ਸਨ। ਇਸ ਵਿਸ਼ੇ ਦਾ ਵਿਸਥਾਰ ਇਸ ਲਿੰਕ ਉਤੇ ਪੜਿਆ ਜਾ ਸਕਦਾ ਹੈ। ਹਾਹਾ ਅਤੇ ਸੱਸਾ ਦਾ ਅਦਲਾਬਦਲੀ ਅਤੇ ਪੰਜਾਬੀ ਪੜੋ

ਸ਼ਹਿਨਸ਼ਾਹ ਦਾਰਾ ਤੋਂ ਬਾਅਦ ਯਰਕਸੀਜ (ਕਸ਼ਰਸ਼ਾ) ਦੇ ਮਕਬਰੇ ਉਤੇ ਵੀ ਸਿੰਧ ਦਰਿਆ ਦੇ ਤਿੰਨਾਂ ਸੂਬਿਆਂ ਦੇ ਫੌਜੀ ਦੇਖੇ ਜਾ ਸਕਦੇ ਹਨ। ਹਾਕਾਮਨੀਸ਼ ਸਾਮਰਾਜ ਤੋਂ 700-800 ਸਾਲ ਬਾਅਦ ਸਾਸਾਨੀ ਸਾਮਰਾਜ ਦੇ ਈਰਾਨੀ ਰਾਜੇ ਸ਼ਾਪੁਰ ਨੇ ਆਪਣੇ ਕਾਬਾ-ਏ-ਯਰਧੂਸ਼ਟ (Ka’ba-ye Zartosht) ਸ਼ਿਲਾਲੇਖ ਵਿੱਚ ਪੰਜਾਬ ਦਾ ਨਾਂ ਹਿੰਦੀਸਤਾਨ (hndstn) ਦਰਜ ਕੀਤਾ ਹੈ। ਸ਼ਾਪੁਰ ਪਹਿਲੇ ਦੇ ਸਮੇਂ ਪੰਜਾਬ ਨੂੰ ਪੂਰਾ ਹਿੰਦੋਸਤਾਨ ਲਿਖਿਆ ਮਿਲਦਾ ਹੈ। ਇਥੇ ਸਾਰੇ ਸਮਤਲ ਇਲਾਕੇ ਦਾ ਨਾਂ ਹਿੰਦੀਸਤਾਨ ਹੈ। ਸ਼ਾਪੁਰ ਦੇ ਪੰਜਾਬ ਉਤੇ ਰਾਜ ਦਾ ਜਿਕਰ ਰੋਮਨ ਦਸਤਾਵੇਜ ਵੀ ਕਰਦਾ ਹਨ। ਸ਼ਾਪੁਰ ਨੇ ਬਾਕੀ ਭਾਰਤ ਉਤੇ ਕਦੇ ਰਾਜ ਨਹੀਂ ਰਿਹਾ। ਸ਼ਾਪੁਰ ਪੰਜਾਬ ਦੇ ਸਾਰੇ ਪਹਾੜੀ ਇਲਾਕੇ ਦਾ ਨਾਂ ਕੁਸ਼ਾਨਸ਼ਾਹ ਲਿਖਿਆ ਹੈ। ਲੱਗਦਾ ਹੈ ਇਥੋਂ ਟੈਕਸ ਇਕੱਤਰ ਕਰਨ ਵਾਲੇ ਕੁਸ਼ਾਨ ਹੋਣਗੇ ਤਾਂ ਉਸ ਨੇ ਰਾਜ ਦਾ ਨਾਂ ਹੀ ਕੁਸ਼ਾਣਸ਼ਾਹ ਲਿਖ ਦਿੱਤਾ।

Xerxes I tomb, Hindush soldier circa 480 BCE
Fig 1 Ancient Panjabi person at Darius 1st tomb, Hindush inscribed in Egyptian script

ਧਿਆਨਯੋਗ ਗੱਲ ਹੈ ਕਿ ਈਰਾਨ ਵਿੱਚ ਸਤਾਨ (ਹਿੰਦੀਸਤਾਨ) ਮਿਲਦਾ ਹੈ। ਪਰ ਰਾਜਸਥਾਨ ਵਿੱਚ ਸਥਾਨ ਹੈ। ਪਰ ਦੇਵ ਗ੍ਰੰਥ ਬੇਦਾਂ ਵਿੱਚ ਸਤਾਨ ਵਰਤਿਆ ਗਿਆ ਅਤੇ ਅਸੁਰ ਗ੍ਰੰਥ ਜੇਂਦ ਅਵੇਸਤਾ ਵਿੱਚ ਤੱਤੇ ਦੀ ਥਾਂ ਥੱਥਾ ਹੈ ਅਤੇ ਸਥਾਨ ਵਰਤਿਆ ਗਿਆ ਹੈ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਕਿ ਬੋਲੀ ਦੇ ਤੌਰ ਤੇ ਅਸੁਰ ਅਤੇ ਦੇਵ ਬਹੁਤੇ ਵੱਖਰੇ ਨਹੀਂ ਸਨ। ਰਾਜਸਥਾਨ ਦਾ ਨਾਂ ਅਸੁਰ ਜੇਂਦ ਅਵੇਸਤਾ ਦੇ ਸਥਾਨ ਤੋਂ ਹੈ, ਪਰ ਸ਼ਾਪੁਰ ਦਾ ਹਿੰਦਸਤਾਨ ਬੇਦਾਂ ਦੇ ਸੰਤਾਨ ਤੋਂ ਹੈ। 

ਤੱਤਾ ਅਤੇ ਥੱਥਾ (ਬੇਦਕ ਤੇ ਈਰਾਨੀ) ਫਰਕ ਇੱਥੇ ਹੀ ਖ਼ਤਮ ਨਹੀਂ ਹੁੰਦਾ। ਬੇਦਾਂ ਵਿੱਚ ਮਿਤਰਾ ਦੇਵਤਾ ਹੈ, ਮੱਥਰਾ ਸ਼ਹਿਰ ਵਿੱਚ ਥੱਥਾ (ਈਰਾਨ) ਹੈ ਪਰ ਉਥੇ ਰਾਜ ਕਰਨ ਵਾਲਾ ਮਿੱਤਰਾ ਸਾਮਰਾਜ (ਬੇਦਕ) ਹੈ। ਜਦੋਂ ਕਿ ਅਸੁਰਾ ਦੇ ਗ੍ਰੰਥ ਜੇਂਦ ਅਵੇਸਤਾ ਵਿੱਚ ਮਿੱਤਰਾ ਨੂੰ ਮਿਥਰਾ ਲਿਖਿਆ ਗਿਆ ਹੈ। ਕੋਈ ਮਾਹਰ ਕਾਰਨ ਨਹੀਂ ਦੱਸਦਾ ਕਿ ਗ੍ਰੰਥਾ ਦੇ ਹਿਸਾਬ ਨਾਲ ਮਥਰਾ ਦਾ ਨਾਂ ਮਿਤਰਾ ਕਿਉ ਨਹੀਂ ਹੈ। ‘ਹ’ ਹਾਹਾ ਅਤੇ ‘ਸ’ ਸੱਸਾ ਦਾ ਫ਼ਰਕ ਵੀ (ਤੱਤਾ ਅਤੇ ਥੱਥਾ ਵਾਂਗ) ਕਿਸੇ ਈਰਾਨੀ ਲੋਕਾਂ ਵੱਲੋਂ ਨਾ ਬੋਲ ਸਕਣ ਕਰਕੇ ਨਹੀਂ ਸੀ। ਹ ਤੇ ਸ ਵਾਰ ਵਿਸਥਾਰ ਇਸ ਲਿੰਕ ਉੱਤੇ ਪੜੋ 

 

ਪੰਜਾਬ ਲਈ ਵਰਤੇ ਗਏ ਹਿੰਦੋਸ, ਹਿੰਦ, ਹਿਦਸਤਾਨ ਨਾਂ ਸਾਨੂੰ ਅਸੁਰ ਆਰੀਆਵਾਂ ਦੇ 800 ਸਾਲ ਦੇ ਵਕਫ਼ੇ ਵਿੱਚ ਮਿਲਦੇ ਹਨ। ਇਸ ਵਿੱਚ ਯੁੱਧਾਂ, ਵਪਾਰ ਅਤੇ ਟੈਕਸ ਆਦਿ ਦਾ ਵੀ ਜ਼ਿਕਰ ਮਿਲਦਾ ਹੈ। ਇੰਨਾਂ ਕਾਰਨਾਂ ਕਰਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਲਈ ਹਿੰਦ ਨਾਂ ਰਾਜਨੀਤਕ, ਵਾਪਰਕ ਲੋਕਾਂ ਵੱਲੋਂ ਵਰਤਿਆ ਜਾਂਦਾ ਰਿਹਾ ਹੋਵੇਗਾ। 

 

 

 

https://parthiansources.com/texts/skz/skz-3/

https://en.wikipedia.org/wiki/Hindush#cite_note-9 

https://www.iranicaonline.org/articles/achaemenid-satrapies

https://panjabhistory.com/hind-sindh/ 

 

Malwa ਮਾਲਵਾ

ਪੰਜਾਬ ਅੰਦਰ ਮਾਲਵਾ ਇੱਕੋ ਇੱਕ ਨਾਂ ਹੈ ਜਿਸ ਦੀ 2300 ਸਾਲ ਤੋਂ ਲਗਾਤਾਰ ਵਰਤੋਂ ਦੇ ਦਾ ਜ਼ਿਕਰ ਮਿਲਦਾ ਹੈ, ਹੋ ਸਕਦਾ ਹੈ ਕਿ ਇਸ ਤੋਂ ਵੀ ਪੁਰਾਣਾ ਹੋਵੇ। ਮਾਲਵਾ ਦੇ ਸਿੱਕੇ ਮਿਲਦੇ ਹਨ, ਇਤਿਹਾਸ ਹੈ। ਜਿਸ ਦੇ ਰਾਜਿਆਂ, ਲੋਕਾਂ ਅਤੇ ਸ਼ਹਿਰਾਂ ਵਾਰੇ ਪਤਾ ਲੱਗਦਾ। ਮਾਲਵੇ ਦੇ ਸਿੱਕੇ, ਪੱਥਰੀਲੇਖ ਅੱਜ ਵੀ ਦੇਖੇ, ਛੂਹੇ ਤੇ ਪਰਖੇ ਜਾ ਸਕਦੇ ਹਨ। ਭਾਰਤ ਵਿੱਚ ਪੁਰਾਤਨ ਗਣ ਸੰਘਾਂ ਦਾ ਜਿਕਰ ਮਿਲਦਾ ਹੈ। ਇਕੋ ਇਕ ਮਾਲਵ ਗਣ ਹੈ, ਜਿਸ ਦੇ ਸਿੱਕਿਆਂ ਉਤੇ ਮਾਲਵ ਗਣ ਲਿਖਿਆ ਮਿਲਦਾ ਹੈ।

ਮਾਲਵੇ ਦਾ ਇਤਿਹਾਸ ਲਿੰਕ

ਥੇਹਖੋਜੀ ਮਾਹਰਾਂ ਨੇ ਪੰਜਾਬ ਦਾ ਪਹਿਲਾ ਨਾਂ ਮਲੂਹਾ ਲਿਖਿਆ ਲੱਭਿਆ ਹੈ। ਮਲੂਹੇ ਤੋਂ ਮਾਲਵੇ ਤੱਕ ਦਾ ਸ਼ਬਦੀ ਸਫਰ ਸਮਝਿਆ ਜਾ ਸਕਦਾ ਹੈ। ਮਲੂਹਾ ਤੇ ਮਾਲਵਾ ਦਾ ਇਤਿਹਾਸ ਦਸਤਾਵੇਜ਼ ਹੈ ਅਤੇ ਲਗਾਤਾਰਤਾ ਵੀ ਸਿੱਧ ਹੁੰਦੀ ਹੈ। ਇਹ ਕੋਈ ਮੂੰਹ-ਜਬਾਨੀ ਯਾਦ ਰੱਖਿਆ ਗੱਲਾਂ ਨਹੀਂ ਸਗੋਂ ਥੇਹਗਿਆਨ (archaeology) ਦੇ ਸਬੂਤਾਂ ਤੇ ਅਧਾਰਤ ਤੱਥ ਹਨ। ਮਲਵੀਆਂ ਦੇ ਇਤਿਹਾਸ ਤੋਂ ਪੁਰਾਣੇ ਪੰਜਾਬੀਆਂ ਵਲੋਂ ਭਾਰਤ ਦੇ ਕਈ ਹਿੱਸਿਆਂ ਵਿੱਚ ਸੱਭਿਅਤਾ ਫੈਲਾਉਣ ਦਾ ਵੀ ਪਤਾ ਲੱਗਦਾ। 

ਮਾਲਵਾ ਇੱਕ ਇਤਿਹਾਸਕ ਨਾਂ ਹੈ। ਇਸ ਉੱਤੇ ਬਹੁ ਪੱਖੀ ਖੋਜ ਹੋ ਚੁੱਕੀ ਹੈ ਅਤੇ ਬਹੁਤ ਕੁੱਝ ਲਿਖਿਆ ਗਿਆ ਹੈ। ਇਸ ਲੇਖ ਵਿੱਚ DC Sircar ਅਤੇ AC Banerji ਵੱਲੋਂ ਲਿਖੇ ਨੂੰ ਆਧਾਰ ਬਣਾਵਾਂਗੇ। ਹੋਰ ਵਿਸਥਾਰ ਲਈ ਉਨਾਂ ਦੀਆਂ ਲਿਖਤਾਂ ਤੁਸੀਂ ਆਪ ਵੀ ਪੜ੍ਹ ਸਕਦੇ ਹੋ। ਮਾਲਬ ਦੇ ਮਲੀ ਜਾਂ ਮੱਲ ਮਲੂਹਾ ਦੇ ਵਾਰਸ ਵੀ ਸਨ। ਜਦੋਂ ਇਹ ਪੰਜਾਬ ਵਿਚੋਂ ਬਾਕੀ ਭਾਰਤ ਵਿੱਚ ਫੈਲੇ ਤਾਂ ਆਪਣੇ ਨਾਲ ਪੰਜਾਬ ਦਾ ਕਲੰਡਰ ਵੀ ਲੈ ਗਏ। ਜਿਸ ਨੂੰ ਪੰਜਾਬ ਵਿੱਚ Azes ਕਲੰਡਰ ਕਿਹਾ ਗਿਆ, ਪਰ ਅੱਜ ਬਿਕਰਮੀ ਕਲੰਡਰ ਕਹਾਉਦਾਂ। ਮਾਲਵਾ ਨੇ ਉਸ ਨੂੰ ਕੱਤਾ ਕਿਹਾ, ਕਈਆਂ ਨੇ ਉਸ ਨੂੰ ਮਾਲਵ ਕਲੰਡਰ ਵੀ ਕਿਹਾ। 

ਮਾਲਵ ਦੇਸ਼ ਦਾ ਪਹਿਲਾ ਇਤਿਹਾਸਕ ਜ਼ਿਕਰ ਸਿਕੰਦਰ ਨਾਲ ਲਿਖਾਰੀਆਂ ਨੇ 2351 ਸਾਲ ਪਹਿਲਾਂ 326 BCE ਵਿੱਚ ਕੀਤਾ। ਚੰਗਾ ਕਿਹਾ ਜਾਵੇ ਜਾਂ ਮਾੜਾ ਪਰ ਸਿਕੰਦਰ ਦੇ ਹਮਲੇ ਕਾਰਨ ਅੱਜ ਸਾਨੂੰ 2300 ਸਾਲ ਪੁਰਾਣੇ ਪੰਜਾਬ ਦੇ ਇਤਿਹਾਸ ਵਾਰੇ ਬਾਕੀ ਸਾਰੇ ਦੌਰਾਂ ਨਾਲੋਂ ਵੱਧ ਪਤਾ ਲੱਗਦਾ ਹੈ। ਗਰੀਕ ਕਾਲ ਦੇ 300-400 ਸਾਲ ਦਾ ਪ੍ਰਾਪਤ ਇਤਿਹਾਸ ਅਗਲੇ ਹਜ਼ਾਰ ਸਾਲ ਨਾਲੋਂ ਵੀ ਵੱਧ ਹੈ। ਗਰੀਕਾਂ ਨੇ ਪੰਜਾਬ ਦੇ ਕਬੀਲਿਆਂ, ਉਨਾਂ ਦੇ ਰਹਿਣ ਸਹਿਣ, ਰਾਜ-ਪ੍ਰਬੰਧ, ਦਿੱਖ ਆਦਿ ਬਾਰੇ ਕਾਫੀ ਵਿਸਥਾਰ ਦਿੱਤਾ ਹੈ। 

ਉਹ ਲਿਖਦੇ ਨੇ ਕਿ ਝਨਾਂ ਤੇ ਰਾਵੀ ਦੇ ਰਲੇਵੇਂ ਤੋਂ ਉੱਤਰ ਵਾਲੇ ਪਾਸੇ ਮਲੋਈ ਲੋਕ ਰਹਿੰਦੇ ਨੇ। ਗਰੀਕਾਂ ਨੇ ਇਸ ਕਬੀਲੇ ਦੇ ਮਲੋਈ, ਮਲੀ, ਮਾਲਵ (Malloi) ਨਾਂ ਵੀ ਵਰਤੇ ਹਨ। 2300 ਸਾਲ ਪਹਿਲਾਂ ਅੱਜ ਦਾ ਝੰਗ ਅਤੇ ਸਾਹੀਵਾਲ ਇਲਾਕਾ ਇੰਨਾਂ ਦਾ ਗੜ੍ਹ ਸੀ। ਇੰਨਾਂ ਦੀ ਰਾਜਧਾਨੀ ਜਾਂ ਮੁੱਖ ਸ਼ਹਿਰ ਮੁਲਤਾਨ ਜਾਂ ਉਸ ਨੇੜੇ ਸੀ, ਅਤੇ ਰਾਵੀ ਦੇ ਕੰਢਿਆ ਉੱਤੇ ਵੀ ਕਈ ਵੱਡੇ ਵਸੇਬ ਸਨ। ਮਾਲਵ ਲੋਕਾਂ ਦੇ ਨਾਲ ਹੀ ਬਹੁਤੇ ਥਾਂ ਕਸ਼ੂਦਕ ਕਬੀਲੇ (Ksudraka) ਦਾ ਵੀ ਜ਼ਿਕਰ ਆਉਂਦਾ। ਰੋਮਨ ਲਿਖਾਰੀ Curtius ਤੇ Diodorus ਨੇ ਕਸ਼ੂਦਕ ਦੀ ਥਾਂ ਸ਼ੂਦਰ ਨਾਲ ਮਿਲਦੇ ਜੁੜਦੇ ਸ਼ਬਦ Sudracae ਤੇ Syrakusoi ਵਰਤੇ ਹਨ। ਹਾਰਵਰਡ ਯੂਨੀਵਰਸਿਟੀ ਦਾ ਪ੍ਰਸਿੱਧ ਇਤਿਹਾਸਕਾਰ ਮਾਈਕਲ ਵਿਟਜਲ ਕਹਿੰਦਾ ਹੈ ਕਿ ਇਨਾਂ ਕਸ਼ੂਦਕਾਂ ਤੋਂ ਹੀ ਬਾਅਦ ਵਿੱਚ ਸ਼ੂਦਰ ਨਾਂ ਬਣਿਆ। ਪੰਜਾਬ ਵਿੱਚ ਸ਼ੂਦਰ ਇੱਕ ਕਬੀਲਾ ਸੀ, ਜੋ ਬਾਅਦ ਵਿੱਚ ਇੱਕ ਵੱਡੇ ਵਰਗ ਲਈ ਵਰਤਿਆ ਜਾਣ ਲੱਗਾ। ਕਸ਼ੂਦਕ ਕਬੀਲੇ ਦਾ ਇਲਾਕਾ ਮਾਲਬਾਂ ਦੇ (ਮੁਲਤਾਨ) ਦੱਖਣ ਤੋਂ ਲੈ ਕੇ ਅੱਜ ਦੇ ਸਿੰਧ ਸੂਬੇ ਦੇ ਉੱਤਰ ਤੱਕ ਸੀ। ਮਾਲਬਾ ਦੇ ਪੱਛਮ ਵਿੱਚ ਜਿਹਲਮ ਦੇ ਪੱਛਮੀ ਕੰਢੇ ਤੇ ਸਿਬੀਆ (Siboi) ਕਬੀਲਾ ਵਸਦਾ ਸੀ। 

ਸਿਕੰਦਰ ਦਾ ਮਾਲਬਾਂ ਅਤੇ ਸ਼ੂਦਕਾਂ ਨੇ ਡੱਟ ਕੇ ਮੁਕਾਬਲਾ ਕੀਤਾ। ਜਦੋਂ ਕਿ ਸਿਬਿਆਂ ਨੇ ਆਪਣੇ ਤੌਰ ਤੇ ਇਕੱਲੇ ਜਿੰਨਾ ਹੋ ਸਕਿਆ ਉਨਾਂ ਰਾਹ ਡੱਕਿਆ। ਗਰੀਕਾਂ ਨੇ ਪੋਰਸ ਨੂੰ ਆਪਣੇ ਪ੍ਰੋਪੇਗੰਡੇ ਲਈ ਬਹੁਤ ਵਰਤਿਆ। ਰੋਮਨ ਇਤਿਹਾਸਕਾਰ ਜਸਟਿਨ ਲਿਖਦਾ ਹੈ ਕਿ ਇਤਿਹਾਸ ਪੜ੍ਹਨ ਤੇ ਇਵੇਂ ਲੱਗਦਾ ਕਿ ਸਿਕੰਦਰ ਭਗਤੀ ਹੋ ਰਹੀ ਹੈ ਇਤਿਹਾਸ ਨਹੀਂ ਲਿਖਿਆ ਗਿਆ। ਪੋਰਸ ਨੇ ਕੇਵਲ ਸਿਕੰਦਰ ਦੀ ਅਧੀਨਗੀ ਹੀ ਨਹੀਂ ਮੰਨੀ ਸਗੋਂ ਸਿਕੰਦਰ ਨਾਲ ਰਲ੍ਹ ਕੇ ਬਿਆਸ ਤੱਕ ਦਾ ਇਲਾਕਾ ਵੀ ਫ਼ਤਿਹ ਕਰਵਾਇਆ। ਦੂਜੇ ਪਾਸੇ ਮਲੀਆਂ (ਮਾਲਬਾਂ) ਤੇ ਕਸ਼ੂਦਕਾਂ ਨੇ ਮੁਲਤਾਨ ਵਿੱਚ ਸਿਕੰਦਰ ਦੀ ਐਨੀ ਬੁਰੀ ਹਾਲਤ ਕੀਤੀ ਕਿ ਉਸ ਦੀ ਫ਼ੌਜ ਨੂੰ ਕਈ ਦਿਨ ਯਕੀਨ ਨਹੀਂ ਆਇਆ ਕਿ ਸਿਕੰਦਰ ਬਚ ਗਿਆ ਹੈ ਮਰਿਆ ਨਹੀਂ। ਸਿਕੰਦਰ ਦੇ ਜਰਨੈਲਾਂ ਨੇ ਉਸ ਨੂੰ ਬੇੜੀ ਵਿੱਚ ਪਾ ਕੇ ਜਿਹਲਮ ਦਰਿਆ ਵਿੱਚ ਫੌਜ ਮੂਹਰੇ ਘੁਮਾਇਆ ਤਾਂ ਕਿ ਫ਼ੌਜ ਦਾ ਚਿੱਤ ਟਿਕ ਸਕੇ ਕਿ ਉਹ ਹਾਲੇ ਜਿਉਂਦਾ। ਸਿਕੰਦਰ ਤੋਂ ਲੜਾਈ ਹਾਰਨ ਤੋਂ ਬਾਅਦ ਵੀ ਮਾਲਬ ਤੇ ਕਸ਼ੂਦਕਾਂ ਨੇ ਗੁਰੀਲਾ ਜੰਗ ਜਾਰੀ ਰੱਖੀ ਅਤੇ ਸਿਕੰਦਰ ਦੀ ਅਧੀਨਗੀ ਨਹੀਂ ਮੰਨੀ। 

ਸੰਸਕ੍ਰਿਤ ਦੇ ਲਿਖਾਰੀ ਪਾਨਣੀ ਨੇ ਪੰਜਾਬ ਦੇ ਕਿਸੇ ਕਬੀਲੇ ਦੇ ਨਾਂ ਦਾ ਤਾਂ ਜ਼ਿਕਰ ਨਹੀਂ ਕੀਤਾ ਪਰ ਸਲੋਕ V. 3. 114 ਵਿੱਚ ਦੱਸਿਆ ਕਿ ਪੰਜਾਬ (ਬਹੀਕ ਦੇਸ) ਵਿੱਚ ਤਲਵਾਰ ਦੀ ਧਾਰ ਤੇ ਜਿਊਣ ਵਾਲੇ ਖਾੜਕੂ ‘ਅਯੁਧਜੀਵੀ‘ ਕਬੀਲੇ ਵੱਸਦੇ ਨੇ। (tribes living by the profession of arms, âyudhajïvî samgha). ਪਤੰਜਲੀ (Patañjali IV. 1. 68) ਵੀ ਪੰਜਾਬ ਦੇ ਅਣਖੀ ਯੋਧੇ ਲੋਕਾਂ ਵਾਰੇ ਨਾਂ ਲਿਖੇ ਬਿਨਾਂ ਗੱਲ ਕਰਦਾ ਹੈ। 

ਇਤਿਹਾਸਕਾਰ DC Sircar ਅਤੇ A.C. Banerji ਦੋਵੇਂ ਅਯੁਧਜੀਵੀ ਨੂੰ ਝਨਾਂ, ਜੇਹਲਮ ਤੇ ਰਾਵੀ ਇਲਾਕੇ ਵਿੱਚ ਵੱਸਣ ਵਾਲੇ ਮਾਲਬ ਤੇ ਸ਼ੂਦਕ ਮੰਨਦੇ ਨੇ। ਇਹ ਕਬੀਲੇ ਪੁਰਾਤਨ ਮਾਲਵੇ ਦੇ ਬਾਸ਼ਿੰਦੇ ਸਨ। A.C. Banerji ਲਿਖਦਾ ਕਿ ਮੁਲਤਾਨ ਹਾਰਨ ਤੋਂ ਬਾਅਦ 50,000 ਮਾਲਬ ਰਾਵੀ ਦੇ ਕੰਢਿਆਂ ਤੇ ਉੱਤਰ ਵੱਲ ਆ ਗਏ। ਸਿਕੰਦਰ ਵੇਲੇ ਜੇ ਕੋਈ ਮਾਲਵੇ ਦੀ ਗੱਲ ਕਰਦਾ ਹੋਊ ਤਾਂ ਉਹ ਮਾਲਵਾ ਅੱਜ ਦੇ ਮੁਲਤਾਨ ਤੇ ਸਾਹੀਵਾਲ ਵਿਚਾਲੇ ਵੱਸਦਾ ਸੀ। ਇਤਿਹਾਸ ਵਿੱਚਲੇ ਵੇਰਵਿਆਂ ਤੋਂ ਪੁਰਾਤਨ ਮਲਵਈਆਂ ਦੀ ਸਿਫਤ ਕਰੇ ਬਿਨਾਂ ਨਹੀਂ ਰਿਹਾ ਜਾ ਸਕਦਾ। ਇੰਨਾਂ ਨੇ ਪੋਰਸ ਵਾਂਗ ਨਾ ਤਾਂ ਸਿਕੰਦਰ ਦੀ ਈਨ ਮੰਨੀ, ਨਾ ਹੀ ਉਸ ਤੋਂ ਰਾਜ ਦੀ ਝਾਖ ਰੱਖੀ। ਉਹ ਲੋਕ ਅਣਖ ਲਈ ਲੜਦੇ ਰਹੇ। ਸ਼ਾਇਦ ਇਸੇ ਕਰਕੇ ਗਰੀਕਾਂ ਨੇ ਪੋਰਸ ਨੂੰ ਆਪਣੇ ਪ੍ਰੋਪੇਗੰਡੇ ਲਈ ਪੂਰਾ ਵਰਤਿਆ ਪਰ ਇੰਨਾਂ ਲੋਕਾਂ ਵਾਰੇ ਪੋਰਸ ਮੁਕਾਬਲੇ ਬਹੁਤ ਘੱਟ ਲਿਖਿਆ। ਜਨਰਲ ਕਨਿੰਗਹੈਮ ਅਨੁਸਾਰ ਮੁਲਤਾਨ, ਕੋਟ ਕਮਾਲੀਆ ਤੇ ਤਲੂੰਮਬਾ ਪੁਰਾਤਨ ਮਲਵਈਆਂ ਦੇ ਵੱਡੇ ਕੇਂਦਰ ਸਨ। ਮਲਵਈਆਂ ਦੀ ਵੱਡੀ ਆਬਾਦੀ ਝਨਾਂ ਦੇ ਕੰਢਿਆਂ ਤੇ ਵੱਸਦੀ ਸੀ ਅਤੇ ਰਵੀ ਦੁਆਲੇ ਵੀ ਬਹੁਤ ਪਿੰਡ ਸ਼ਹਿਰ ਸਨ। 

ਮੌਰੀਆ ਕਾਲ ਵੇਲੇ ਵੀ ਦੱਸਦੇ ਹਨ ਕਿ ਪੰਜਾਬ ਵਿੱਚ ਬਗਾਵਤਾਂ ਹੁੰਦੀਆਂ ਰਹਿੰਦੀਆਂ ਸਨ। ਪਾਲੀ ਦੇ ਗ੍ਰੰਥ ਅਸ਼ੋਕਾਵਾਧਾਨ ਵਿੱਚ ਲਿਖਿਆ ਹੈ ਕਿ ਬਿਰਹੱਦਰ ਨੇ ਆਪਣੇ ਪੁੱਤ ਅਸ਼ੋਕ ਨੂੰ ਬਗਾਵਤ ਕਾਬੂ ਕਰਨ ਲਈ ਪੰਜਾਬ ਵਿੱਚ ਤਖਸਿਲਾ ਦਾ ਗਵਰਨਰ ਬਣਾ ਕੇ ਭੇਜਿਆ ਸੀ। ਉਹ ਬਗਾਵਤੀ ਵੀ ਪੰਜਾਬ ਦੇ ਲੱਜਪਾਲ ਪੁੱਤ ਮਾਲਬ ਤੇ ਕਸ਼ੂਦਕ ਲੋਕ ਹੀ ਹੋਣਗੇ। 

ਈਸਾ ਬਾਅਦ ਪਹਿਲੀ ਸਦੀ ਵਿੱਚ ਪੱਛਮੀ ਪੰਜਾਬ ਦੇ ਲੋਕ ਸਤਲੁੱਜ ਦੇ ਪੂਰਬ ਵਿੱਚ ਵਸਣ ਦਾ ਅੰਦਾਜ਼ਾ ਲਾਇਆ ਜਾਂਦਾ ਹੈ। ਲੁਦੇਹਾਣੇ ਦੇ ਸਨੇਤ, ਖੋਕਰਾਕੋਟ ਰੋਹਤਕ, ਜੀਂਦ ਤੇ ਥਾਨੇਸਰ ਨੇੜਿਓਂ ਥੇਹਾਂ ਵਿੱਚੋ ਤੋਂ ਯੋਧਿਆ ਗਣ ਦੇ ਸਿੱਕੇ ਮਿਲੇ ਹਨ। ਯੋਧੇਗਣ ਦੇ ਥੇਹਾਂ ਵਿੱਚੋਂ ਬਹੁਤ ਸਬੂਤ ਮਿਲਦੇ ਹਨ। ਬ੍ਰਿਟਿਸ਼ ਮਿਉਜੀਅਮ ਦੀ ਵੈਬਸਾਇਟ ਦੱਸਦੀ ਹੈ ਕਿ ਬਹਾਵਲਪੁਰ ਤੋਂ ਕਾਂਗੜਾ, ਸਹਾਰਨਪੁਰ, ਸਿਰਸਾ, ਭਰਤਪੁਰ ਤੱਕ ਯੋਧੇਗਣ ਦਾ ਵਿਸ਼ਾਲ ਖੇਤਰ ਸੀ। ਪਾਨਣੀ ਸਲੋਕ IV.2.75 ਵਿੱਚ ਸੁਨੇਤ (ਲੁਦੇਹਾਣਾ) ਦਾ ਸੁਨੇਤਰਾ ਨਾਂ ਨਾਲ ਪ੍ਰਮੁੱਖ ਰਾਜਸੀ ਤਾਕਤ ਵਾਲੇ ਕੇਂਦਰ ਵਜੋਂ ਜ਼ਿਕਰ ਕਰਦਾ ਹੈ। ਇੰਨੇ ਵੱਡੇ ਖੇਤਰ ਤੇ ਕਾਬਜ਼ ਹੋਣ ਤੋਂ ਬਾਅਦ ਵੀ ਵੀ ਯੋਧੇਗਣ ਦੀ ਗਿਣਤੀ ਮਹਾਜਨਪਦ ਵਿੱਚ ਨਹੀਂ ਹੈ।

ਯੋਧੇ ਲੋਕਾਂ ਦੇ ਸਿਕਿਆਂ ਉਤੇ ਮਾਲਵ ਨਹੀਂ ਲਿਖਿਆ ਮਿਲਦਾ। ਪਰ B. Sahni ਅਤੇ R. Burn ਆਪਣੇ ਖੋਜ ਪੱਤਰਾਂ ਵਿੱਚ ਦੱਸਦੇ ਹਨ ਕਿ ਪਹਿਲੀ-ਦੂਜੀ ਸਦੀ ਦੇ ਸਤਲੁਜ ਦੇ ਪੂਰਬ ਵੱਲੋਂ ਲੱਭੇ ਯੋਧੇ ਲੋਕਾਂ ਦੇ ਸਿੱਕਿਆਂ ਅਤੇ ਬਾਅਦ ਵਿੱਚ ਮਾਲਬ ਗਣ ਦੇ ਸਿਕਿਆਂ ਵਿੱਚ ਫਰਕ ਨਹੀਂ ਹੈ। B. Sahni ਲਿਖਦਾ ਕਿ ਸਨੇਤ ਤੋਂ ਲੱਭੇ ਸਿਕਿਆਂ ਅਤੇ ਟਕਸਾਲ ਵਿਚ ਸਿਕੇ ਢਾਲਣ ਲਈ ਵਰਤੇ ਜਾਣ ਵਾਲੇ ਫਰਮੇ (coin moulds) ਉਤੇ ‘ਯੋਧਿਆਗਣਾ ਜੈ’ (Yaudheya-gana-sya-jaya) ਜੈਪੁਰ ਰਾਜ ਦੇ ਨਾਗਰਚਲ ਤੋਂ ਮਿਲੇ ‘ਮਾਲਬ ਗਣ ਜੈ’ ਇਕੋ ਤਰਜ ਦੇ ਹਨ। ਦੋਵਾਂ ਉਤੇ ਇਕੋ ਤਰਾਂ ਦੀ ਬ੍ਰਾਹਮੀ ਲਿਪੀ ਹੈ। ਥੇਹ ਸਬੂਤਾਂ (archeological evidence) ਤੋਂ ਕਹਿ ਸਕਦੇ ਹਾਂ ਕਿ ਹੜੱਪਾ ਵੇਲੇ ਤੋਂ ਪੱਛਮੀ ਪੰਜਾਬ (ਜੇਹਲਮ-ਝਨਾਂ-ਰਾਵੀ) ਵਿੱਚ ਵਸਦੇ ਮਲ਼ੀ, ਮਾਲਬ ਜਾਂ ਮਲਵਈਆਂ ਵਿੱਚੋਂ ਕਈ ਈਸਾ ਬਾਅਦ ਪਹਿਲੀ ਵਿੱਚ ਸਤਲੁਜ ਪਾਰ ਜਮਨਾ ਤੱਕ ਵਸ ਚੁੱਕੇ ਸਨ।

1860-70 ਨੇੜੇ ਅੰਗਰੇਜ਼ ਅਫਸਰ Carllyl ਨੇ ਰਾਜਪੂਤਾਨਾ ਦੇ ਨਾਗਰ ਵਿੱਚੋਂ ਮਾਲਵਾਂ ਦੇ 600 ਸਿੱਕੇ ਲੱਭੇ ਅਤੇ ਉਨਾਂ ਤੋਂ 40 ਮਾਲਵ ਰਾਜਿਆਂ ਦੇ ਨਾਂ ਵੀ ਪੜ੍ਹੇ। 1923 ਵਿੱਚ R. O. Douglas ਨੇ ਇਨਾਂ ਸਿੱਕਿਆਂ ਵਿੱਚੋਂ ਬਹੁਤ ਦਿਲਚਸਪ ਤੱਥ ਲੱਭਿਆ। ਜਿਵੇਂ ਅੱਜ as soon as possible ਨੂੰ ASAP ਲਿੱਖ ਦਿੰਦੇ ਨੇ, ਉਸੇ ਤਰਜ ਉਤੇ ਮਲਵੀਆਂ ਨੇ ਸਤਲੁਜ ਤੋਂ ਪਰੇ ਜਾ ਕੇ ਸਿਕਿਆਂ ਤੇ Magaja, Magojaya, Majupa, Mayojapa, Mapaya ਲਿਖਿਆ। ਇਹ Malwa Ganasya Jayah ਨੂੰ ਛੋਟੇ ਕਰਕੇ Ma Ga Ja ਬਣਾ ਦਿਤਾ। ਵਧੇਰੇ ਜਾਣਕਾਰੀ ਲਈ A.C. Banerji ਦੇ ਲੇਖ ਦਾ 224 ਪੰਨਾ ਪੜ੍ਹੀਆ ਜਾ ਸਕਦਾ ਹੈ। ਇਹ ਅੰਗਰੇਜ਼ੀ ਵਿੱਚ ਵਰਤੇ ਜਾਣ ਵਾਲੇ acronym ਵਿਧੀ ਦੀ ਦੁਨੀਆਂ ਵਿੱਚ ਪਹਿਲੀ ਉਦਾਹਰਣ ਹੈ। 

ਜੇਹਲਮ-ਝਨਾਂ ਤੋਂ ਤੁਰ ਕੇ ਸਤਲੁਜ-ਜਮਨਾ ਦੁਆਬ ਤੋਂ ਬਾਅਦ ਪੁਰਾਤਨ ਪੰਜਾਬੀਆਂ ਨੇ ਮੱਧ ਪ੍ਰਦੇਸ ਵਾਲਾ ਮਾਲਵਾ ਵਸਾਇਆ। D.C. Sircar ਲਿਖਦਾ ਕਿ ਸਿਕੰਦਰ ਦੇ ਹਮਲੇ ਨੇ ਪੰਜਾਬ ਦਾ ਹੜੱਪਾ ਵੇਲੇ ਦਾ ਸਦੀਆਂ ਤੋਂ ਚੱਲਿਆ ਆ ਰਿਹਾ ਪਬੰਧ ਹਿਲਾ ਕੇ ਰੱਖ ਦਿਤਾ। ਇਸੇ ਹਿੱਲ-ਚੁੱਲ ਵਿੱਚੋਂ ਪੁਰਾਤਨ ਪੰਜਾਬੀ ਪੂਰਬ ਵੱਲ ਨਿਕਲੇ ਅਤੇ ਭਾਰਤੀ ਉਪਮਹਾਂਦੀਪ ਦਾ ਇਤਿਹਾਸਕ ਦੌਰ ਸ਼ੁਰੂ ਕੀਤਾ। ਜੋ ਸਹੀ ਵੀ ਹੈ, ਭਾਰਤ ਦਾ ਸਾਰਾ ਥੇਹ-ਵਿਗਿਆਨ (Archaeological evidence) ਸਿਕੰਦਰ ਆਉਣ ਤੋਂ ਬਾਅਦ ਵਾਲੇ ਸਮੇਂ ਦਾ ਹੈ। 

Reference: IRANIANS & Greeks in ANCIENT PUNJAB ਸਫਾ 38 

ਸਿਕੰਦਰ ਦੇ ਆਉਣ ਤੋਂ ਲੈ ਕੇ ਮੱਧ ਪ੍ਰਦੇਸ ਦੇ ਆਉਲੀਕਾਰ ਹਕੂਮਤ ਤੱਕ ਪੰਜਾਬ ਦੇ ਮਲਵਈਆਂ ਦਾ 800-900 ਸਾਲ ਦਾ ਇਤਿਹਾਸ ਹੈ। ਜਿਸ ਵਾਰੇ ਪੰਜਾਬੀ ਬਿਲਕੁਲ ਨਾਵਾਕਫ ਹਨ। ਸਿਰਫ ਇਨਾਂ ਹੀ ਨਹੀਂ ਕਿ ਮਲਵਈ ਸਨ, ਸਗੋਂ ਉਨਾਂ ਦੇ ਅਨੇਕਾਂ ਬਹਾਦਰੀ ਦੇ ਕਿੱਸੇ ਹਨ, ਉਨਾਂ ਤੋਂ ਪੰਜਾਬੀਆ ਦੇ ਪੂਰਬ ਵੱਲ ਸੱਭਿਅਤਾ ਫੈਲਾਉਣ ਦੇ ਸਬੂਤ ਵੀ ਮਿਲਦੇ ਹਨ। 

ਭਾਰਤ ਵਿੱਚ ਚੱਲਦਾ ਬਿਕਰਮੀ ਕਲੰਡਰ ਪੁਰਾਤਨ ਪੰਜਾਬੀ ਮਲਵਈ ਹੀ ਪੰਜਾਬ ਤੋਂ ਲੈ ਕੇ ਗਏ ਸਨ। ਇਸ ਵਾਰੇ ਖੋਜ ਉੱਤੇ D. C. Sircar ਨੇ ਪੂਰੀ ਕਿਤਾਬ Ancient Malwa and Vikramaditya tradition ਲਿਖੀ ਹੈ। ਗੱਲ ਇਉਂ ਹੈ ਕਿ ਈਸਾ ਤੋਂ ਪਹਿਲੀਆਂ ਦੋ ਸਦੀਆਂ ਵਿੱਚ ਉੱਤਰੀ ਪੰਜਾਬ, ਤਖਸਿਲਾ, ਦੇ ਸਾਕਾ ਰਾਜਿਆਂ ਨੇ ਬੈਬੇਲੋਨ ਅਤੇ ਗਰੀਕ ਕਲੰਡਰ ਤੋਂ ਇੱਕ ਸਥਾਨਕ ਪੰਜਾਬੀ ਕਲੰਡਰ ਬਣਾਇਆ। ਜਿਸ ਦੇ ਸਬੂਤ ਇੱਕ ਅਸਥੀਆਂ ਵਾਲੇ ਕਲਸ਼ ਉੱਤੇ ਲਿਖੇ ਲੱਭੇ ਹਨ। ਮਾਹਿਰਾਂ ਨੇ ਇਸ ਕਲੰਡਰ ਦਾ ਨਾਂ Azes ਕਲੰਡਰ ਰੱਖਿਆ। ਪੰਜਾਬ ਦੇ ਪੁਰਾਤਨ ਮਲਵਈ ਇਹ ਕਲੰਡਰ ਆਪਣੇ ਨਾਲ ਪੂਰਬ ਵੱਲ ਵੀ ਲੈ ਗਏ। ਪੂਰਬੀ ਇਲਾਕਿਆਂ ਵਿੱਚ ਇਸ ਕਲੰਡਰ ਦਾ ਨਾਂ ਕ੍ਰੀਤਾ ਕਲੰਡਰ, ਮਾਲਵੀ ਕਲੰਡਰ ਆਦਿ ਮਸ਼ਹੂਰ ਹੋਇਆ। ਫੇਰ ਇਸੇ ਕਲੰਡਰ ਨੂੰ ਹੀ ਬਿਕਰਮੀ ਕਲੰਡਰ ਕਿਹਾ ਗਿਆ। ਮਾਲਵੀ ਜਾਂ ਬਿਕਰਮੀ ਕਲੰਡਰ ਅਤੇ Azes ਕਲੰਡਰ ਵਿੱਚ ਕੱਤੇ ਦੇ ਮਹੀਨੇ ਦਾ ਫਰਕ ਹੈ। ਕੱਤੇ ਨੂੰ ਬ੍ਰਾਹਮੀ ਲਿਪੀ ਤੇ ਪ੍ਰਕ੍ਰਿਤ ਭਾਸ਼ਾ ਵਿੱਚ ਕਰੀਤਾ ਲਿਖਿਆ ਗਿਆ ਹੈ। ਜੇ ਧੰਮ ਤੇ ਕੰਮ ਸ਼ਬਦਾਂ ਤੋਂ ਧਰਮ ਤੇ ਕਰਮ ਬਣਨ ਵਾਲਾ ਭਾਸ਼ਾਈ ਫਾਰਮੂਲਾ ਕਰੀਤਾ ਸ਼ਬਦ ਉੱਤੇ ਵਰਤਿਆ ਜਾਵੇ ਤਾਂ ਕਰੀਤਾ ਪੰਜਾਬੀ ਦਾ ਕੱਤਾ ਸ਼ਬਦ ਬਣਦਾ ਹੈ। ਪੰਜਾਬ ਵਿੱਚ ਇਸ ਨਵੇਂ ਵਿਕਸਤ ਕੀਤੇ ਮਹੀਨੇ ਦਾ ਨਾ ਅੱਜ ਵੀ ਕੱਤਾ ਹੈ ਅਤੇ ਬਿਕਰਮੀ ਕਲੰਡਰ ਦਾ ਸਫ਼ਰ ਪੰਜਾਬ ਦੇ Azes ਕਲੰਡਰ ਤੋਂ ਸ਼ੁਰੂ ਹੋ ਕੇ ਮਾਲਵਈਆਂ ਦੇ ਕੱਤੇ ਵਿਚਦੀ ਹੁੰਦਾ ਬਿਕਰਮੀ ਤੱਕ ਪਹੁੰਚਦਾ ਹੈ।

ਪੰਜਾਬ ਤੋਂ ਫੈਲੇ ਮਲਵਈਆਂ ਦੇ ਵਸਾਏ ਕਈ ਮਾਲਵਿਆਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਇੱਕ ਮਾਲਵਾ ਸਤਲੁੱਜ ਦੇ ਪੂਰਬ ਵਿੱਚ ਸੀ, ਜਿਸ ਵਿੱਚ ਰਾਜਪੂਤਾਨੇ ਦਾ ਵੱਡਾ ਖੇਤਰ ਆਉਂਦਾ ਸੀ। ਵਦੀਸ਼ਾ, ਉਜੈਨ (ਅਵੰਤੀ) ਅਜੌਕੇ ਗਵਾਲੀਅਰ, ਭੋਪਾਲ, ਇੰਦੋਰ ਆਦਿ ਇਤਿਹਾਸ ਵਿੱਚ ਮਾਲਵਾ ਦੇ ਮਸ਼ਹੂਰ ਇਲਾਕੇ ਰਹੇ ਹਨ। ਘੱਟ ਮਸ਼ਹੂਰ ਇਲਾਕਿਆਂ ਵਿੱਚ ਯੂਪੀ ਦਾ ਰਤਨਾਗਿਰੀ ਇਲਾਕੇ ਦਾ ਮਾਲਵਾ ਹੈ। ਚੀਨੀ ਯਾਤਰੀ ਹਿਊਂਸਾਂਗ ਮਾਹੀ ਦਰਿਆ ਤੋਂ ਲੈ ਕੇ ਗੁਜਰਾਤ ਦੇ ਖੈਰਾ, ਵਾਦਨਗਰ ਤੱਕ ਦੇ ਇਲਾਕੇ ਦਾ ਨਾਂ ਮਾਲਵਾ ਹੀ ਦੱਸਦਾ ਹੈ। ਤਿੱਬਤੀ ਭਿੱਖੂ ਤਾਰਾਨਾਥ ਪ੍ਰਿਆਗਰਾਜ (ਇਲਾਹਾਬਾਦ) ਨੂੰ ਮਾਲਵਾ ਇਲਾਕਾ ਦੱਸਦਾ ਹੈ। D C Sircar ਲਿਖਦਾ ਕਿ ਚਾਲੂਕਿਆ ਰਾਜਿਆਂ ਵੇਲੇ (1076-1127) ਮੱਧਭਾਰਤ ਤੋਂ ਹਿਮਾਲਿਆ ਤੱਕ ਸੱਤ ਮਾਲਵਿਆਂ ਦਾ ਜ਼ਿਕਰ ਹੁੰਦਾ ਹੈ। ਉਹ ਸੱਤ ਮਾਲਵੇ ਪੰਜਾਬ, ਰਾਜਸਥਾਨ, ਗੁਜਰਾਤ, ਫ਼ਤਿਹਪੁਰ, ਰਤਨਾਗਿਰੀ ਅਤੇ ਤਾਮਲਨਾਡੂ ਵਿੱਚ ਹੋਣ ਦਾ ਅੰਦਾਜ਼ਾ ਲਾਉਂਦਾ ਹੈ। ਵਿਸਥਾਰ ਲਈ: Ancient Malwa and Vikramaditya traditions ਕਿਤਾਬ ਪੜ੍ਹੀ ਜਾ ਸਕਦੀ ਹੈ। 

REFERENCES:

ਮਾਲਵੇ ਦਾ ਇਤਿਹਾਸ : https://panjabhistory.com/2416-2/

Yaudheya coins found along and east of Satluj river, From Kangra to Saharanpur

https://www.britishmuseum.org/collection/term/x114979

ਸਿੰਧ-ਹਿੰਦ ਦੇ ਉਚਾਰਨ ਦੀ ਭਿੰਨਤਾ ਵਿੱਚੋ ਲੱਭਦੇ ਪੁਰਾਤਨ ਪੰਜਾਬ ਅਤੇ ਪੰਜਾਬੀ ਦੇ ਰੌਚਕ ਤੱਥ

D C Sircar : Ancient Malwa And The Vikramaditya Tradition

https://ia902909.us.archive.org/25/items/in.ernet.dli.2015.119455/2015.119455.Ancient-Malwa-And-The-Vikramaditya-Tradition.pdf 

Macedonian Intercalary Months and the Era of Azes

https://www.academia.edu/3561715/Macedonian_Intercalary_Months_and_the_Era_of_Azes?source=swp_share

Mo-la-p’o Author(s): R. Burn

https://www.jstor.org/stable/25210196  

YAUDHEYA COIN MOULDS FROM SUNET, NEAR LUDHIANA IN THE SUTLEJ VALLEY

Author(s): B. SAHNI https://www.jstor.org/stable/24208677 

 

 

Part 2

Names from Religious literature

 

 

ਹੋਡੂ  הֹדּוּ 

ਪੰਜਾਬ ਲਈ ਹੋਡੂ  הֹדּוּ ਨਾਂ ਹੀਬਰੂ ਬਾਈਬਲ ਦੇ Istar ਭਾਗ 1:1, 8:9  ਵਿੱਚ ਆਇਆ ਹੈ। ਲਿਖਿਆ ਗਿਆ ਹੈ ਕਿ ਪਰਸ਼ੀਅਨ (ਈਰਾਨੀ) ਰਾਜੇ ਖਸ਼ਾਯਾਰਸ਼ਾ Khshayarsha (خشایارشا) (ਗਰੀਕ ਵਿੱਚ Ahasuerus) ਦਾ ਰਾਜ ਹੋਡੂ  (ਪੰਜਾਬ) ਤੋਂ ਲੈਕੇ ਕੁਸ਼ (ਇਥੋਪੀਆ) ਤੱਕ 127 ਸੂਬਿਆਂ ਵਿੱਚ ਫੈਲਿਆ ਹੋਇਆ ਹੈ।  

 

ਦੇ ਰਾਜ ਦਾ ਪੱਛਮ ਵਿੱਚ ਕੁਸ਼ (ਅਫਰੀਕਾ) ਆਖ਼ਰੀ ਸੂਬਾ ਸੀ। ਕੁੱਝ ਵਿਦਵਾਨ ਸ਼ੱਕ ਕਰਦੇ ਹਨ ਕਿ ਹਿੰਦੂ-ਕੁਸ਼ ਪਹਾੜੀ ਲੜੀ ਦਾ ਨਾਂ ਪਾਰਸੀ (ਈਰਾਨੀ) ਆਰੀਆਵਾਂ ਨੇ ਆਪਣੇ ਰਾਜ ਦੀ ਮਹਾਨਤਾ ਦੱਸਣ ਲਈ ਵੀ ਰੱਖਿਆ ਹੋ ਸਕਦਾ ਹੈ, ਕਿ ਹੋਡੂ (ਹਿੰਦ) ਤੋਂ ਕੁਸ਼ ਤੱਕ ਸਾਡਾ ਰਾਜ ਹੈ। ਇਸ ਦਾਅਵੇ ਦੇ ਕੋਈ ਪੁਖਤਾ ਵੇਰਵਾ ਨਹੀਂ ਹਨ। ਹੋਰ ਵੇਰਵਿਆਂ ਦੀ ਘਾਟ ਕਾਰਨ ਇਸ ਕਿਆਸ ਨੂੰ ਬਹੁਤੀ ਮਾਨਤਾ ਨਹੀਂ ਹੈ। ਆਰੀਆਵਾਂ ਦਾ ਹਿੰਦੂਕੁਸ਼ ਪਹਾੜਾਂ ਅਤੇ ਅੰਮੂ, ਹੈਲਮੰਡ ਅਤੇ ਸਿੰਧ ਦਰਿਆਵਾਂ ਨਾਲ ਸ਼ੁਰੂ ਤੋਂ ਬਹੁਤ ਭਾਵਨਾਤਮਕ  ਰਿਸ਼ਤਾ ਰਿਹਾ ਹੈ। ਅੱਜਕੱਲ ਭਾਰਤੀ ਲੋਕ ਪੁਰਾਤਨ ਨਾਂ ਜਿਵੇਂ ਹੋਡੂ, ਹਿੰਦ ਨੂੰ ਮੌਜੂਦਾ ਭਾਰਤ ਨਾਲ ਜੋੜ ਰਹੇ ਹਨ। ਜੋ ਸਹੀ ਨਹੀਂ, ਇਹ ਨਾਂ ਈਰਾਨੀ ਰਾਜ ਦੇ ਸੂਬੇ ਪੰਜਾਬ ਲਈ ਸੀ, ਮੌਜੂਦਾ ਭਾਰਤ ਦਾ ਕੋਈ ਇਲਾਕਾ ਈਰਾਨ ਦਾ ਸੂਬਾ ਨਹੀਂ ਰਿਹਾ ਹੈ। ਪੰਜਾਬ ਅਸੁਰ ਆਰੀਆਵਾਂ ਦੇ ਧਾਰਮਿਕ ਗ੍ਰੰਥ ਜੇਂਦ ਅਵੇਸਤਾ ਵਿੱਚ ਉੱਨਾਂ ਦੇ ਰੱਬ ਅਹੂਰਾ ਮਾਜਦਾ ਵੱਲੋਂ ਆਰੀਆਵਾਂ ਨੂੰ ਬਖਸ਼ੇ 16 ਦੇਸ਼ਾਂ ਵਿੱਚੋਂ ਇੱਕ ਹੈ। ਜਿਸ ਦਾ ਜ਼ਿਕਰ ਹੀਬਰੂ ਬਾਈਬਲ ਵਿੱਚ ਹੋਡੂ ਨਾਂ ਨਾਲ ਹੋਇਆ ਹੈ। ਇਸ ਕਰਕੇ ਇਹ ਕਹਿਣਾ ਗਲਤ ਹੈ ਕਿ ਹੀਬਰੂ ਬਾਈਬਲ ਵਿੱਚ ਅੱਜ ਦੇ ਇੰਡੀਆ ਦਾ ਜ਼ਿਕਰ ਹੈ।

 

ਸਪਤਸਿੰਧੂ , ‎ਹਪਤਹਿੰਦੂ (هَپته هِندو) (𐬵𐬀𐬞𐬙𐬀 𐬵𐬌𐬧𐬛 )

ਸਪਤਸਿੰਧੂ ਅਤੇ ਹਪਤਹਿੰਦੂ ਨਾਂ ਇਕੋ ਬੋਲੀ ਦੇ ਦੋ ਲਹਿਜਿਆਂ ਵਿੱਚ, ਇੱਕੋ ਭਾਵ ਵਿੱਚ ਵਰਤੇ ਗਏ ਹਨ। ਇਸ ਕਰਕੇ ਇੰਨਾਂ ਦਾ ਵਿਸਥਾਰ ਵੀ ਇੱਕੋ ਥਾਂ ਕਰਨਾ ਬਣਦਾ ਹੈ। ਮੈਸੋਪਟਾਮੀਆਂ ਦੀਆਂ ਥੇਹ ਲੱਭਤਾਂ ਵਿੱਚੋਂ ਸਿੱਧ ਹੋ ਜਾਂਦਾ ਹੈ ਕਿ ਈਸਾ ਤੋਂ ਪਹਿਲਾਂ ਛੇਵੀਂ ਸਦੀ ਵਿੱਚ ਆਰੀਆਵਾਂ ਦੇ ਰਾਜਸੀ ਤਾਕਤ ਉੱਤੇ ਕਾਬਜ਼ ਹੋਣ ਤੋਂ ਬਾਅਦ ਮਲੂਹਾ ਨਾਂ ਦੀ ਥਾਂ ਹਿੰਦ ਦੀ ਵਰਤੋਂ ਸ਼ੁਰੂ ਹੁੰਦੀ ਹੈ। 

ਸਪਤਸਿੰਧੂ ਅਤੇ ਹਪਤਹਿੰਦੂ ਨਾਂ ਧਾਰਮਕ ਗ੍ਰੰਥਾਂ ਵਿੱਚ ਲਿਖੇ ਮਿਲਦੇ ਹਨ, ਗੱਲ ਇੱਥੇ ਵੀ ਖ਼ਤਮ ਹੋ ਕੀਤੀ ਜਾ ਸਕਦੀ ਹੈ। ਪਰ ਇੰਨਾਂ ਨਾਂਵਾਂ ਵਿੱਚ ਵਿਚਾਰਨ ਲਈ ਤਿੰਨ ਹੋਰ ਮੁੱਖ ਪੱਖ ਵੀ ਉੱਭਰਦੇ ਹਨ।

  • ‘ਹ’ ਹਾਹਾ ਤੇ ‘ਸ’ ਸੱਸਾਂ ਦਾ ਫਰਕ ਕੀ ਅਤੇ ਕਿਉਂ ਹੈ? 
  • ਸੱਤ ਦਰਿਆਵਾਂ ਦੀ ਗੱਲ ਹੈ ਤਾਂ ਸੱਤ ਦਰਿਆ ਕਿਹੜੇ ਹਨ? 
  • ਇਹ ਦੋਵੇਂ ਨਾਂ ਕਿੱਥੇ ਵਰਤੇ ਜਾ ਸਕਦੇ ਸਨ ਅਤੇ ਕੀ ਇੰਨਾਂ ਦੀ ਅਮਲੀ ਤੌਰ ਤੇ ਵਰਤੋਂ ਹੋਈ ਹੋ ਸਕਦੀ ਹੈ?

ਆਰੀਆ ਕੌਣ ਸਨ? ਲਿੰਕ ਉੱਤੇ ਪੜ੍ਹੋ

ਸ਼ੁਰੂਆਤੀ ਆਰੀਆ ਬੋਲੀ ਦੇ ਇੱਕ ਲਹਿਜੇ ਵਿੱਚ ਹਿੰਦ ਕਿਹਾ ਗਿਆ ਅਤੇ ਦੂਜੇ ਵਿੱਚ ਸਿੰਧ। ਜਿਵੇਂ ਪੰਜਾਬੀ ਵਿੱਚ ours ਲਈ ਸਾਡਾ ਅਤੇ ਹਾਡਾ ਦੋਵੇਂ ਵਰਤੇ ਜਾਂਦੇ ਹਨ। ਪੰਜਾਬੀ ਵਿੱਚ ਸ ਤੇ ਹ ਅੱਜ ਵੀ ਬਦਲਿਆ ਜਾ ਰਿਹਾ, ਪਰ ਫ਼ਾਰਸੀ ਅਤੇ ਹਿੰਦੀ ਵਿੱਚ ਅਜਿਹਾ ਨਹੀਂ ਹੈ। ( ਵਿਸਥਾਰ‘ਸ’ ਤੇ ‘ਹ’ ਦੀ ਅਦਲਾਬਦਲੀ ਇਸ ਲਿੰਕ ਉੱਤੇ ਪੜ੍ਹੋ )

ਇਹ ਨਾਂ ਆਰੀਆਵਾਂ ਦੇ ਦੋਵੇਂ ਪੁਰਾਣੇ ਗ੍ਰੰਥ ਰਿੱਗਬੇਦ ਅਤੇ ਜੇਂਦ-ਅਵੇਸਤਾ ਵਿੱਚ ਮਿਲਦੇ ਹਨ। ਰਿੱਗਬੇਦ ਅਤੇ ਜੇਂਦ-ਅਵੇਸਤਾ, ਦੋਵੇਂ ਗ੍ਰੰਥ ਇਕ ਦੂਜੇ ਦੇ ਪੂਰਕ ਹਨ। ਇਹ ਅਲੋਪ ਹੋ ਚੁੱਕੀ ਇਕੋ ਬੋਲੀ ਦੇ ਦੋ ਲਹਿਜਿਆਂ ਵਿੱਚ ਹਨ। ਸ਼ੰਦ, ਸ਼ਲੋਕ ਬਣਤਰ ਤੋਂ ਲੈ ਕੇ ਗਾਇਤਰੀ ਮੰਤਰ, ਦੇਵਤੇ ਇਕੋ ਹਨ। ਕੁਝ ਸਲੋਕ ਤਾਂ ਬਿਲਕੁਲ ਹੀ ਇਕ ਨੇ। ਦੋਵਾਂ ਵਿਚਾਰਧਾਰਾਵਾਂ ਵਿੱਚ ਬੋਲ ਕੇ ਯਾਦ ਰੱਖਣ ਅਤੇ ਨਾ ਲਿਖਣ ਦੀ ਰਵਾਇਤ ਰਹੀ ਹੈ। ਦੋਵਾਂ ਗ੍ਰੰਥਾਂ ਵਿੱਚ ਪੰਜਾਬ ਦਾ ਜਿਕਰ ਹੀ ਨਹੀਂ ਮਿਲਦਾ ਸਗੋਂ ਦੋਵੇਂ ਪੰਜਾਬ ਨੂੰ ਆਪਣਾ ਦੇਸ਼ ਵੀ ਮੰਨਦੇ ਹਨ। ਇੱਥੇ ਤੱਕ ਕਿ ਜੇਂਦ-ਅਵੇਸਤਾ ਵਿੱਚ ਪੰਜਾਬ ਅਸੁਰ ਆਰੀਆਵਾਂ ਦੇ ਰੱਬ ਵੱਲੋਂ ਸਿਰਜਿਆਂ 16 ਧਰਤੀਆਂ ਵਿੱਚੋਂ ਇੱਕ ਦੱਸਿਆ ਗਿਆ ਹੈ। 

Referance ਇਥੇ ਪੜੋ

ਜੇਂਦ ਅਵੇਸਤਾ ਮੰਨਣ ਵਾਲੇ ਅਸੁਰ ਆਰੀਆਵਾਂ ਦੇ ਤਿੰਨੇ ਵੱਡੇ ਸਾਮਰਾਜ ਅਤੇ ਅਨੇਕਾਂ ਰਾਜਿਆਂ ਦੇ ਪੱਛਮੀ ਪੰਜਾਬ ਵਿੱਚ ਸਿੱਕੇ ਅਤੇ ਥੇਹ ਮਿਲਦੇ ਹਨ। ਪੰਜਾਬ ਦਾ ਮਸ਼ਹੂਰ ਪੁਰਾਤਨ ਸ਼ਹਿਰ ਤਖਸਿਲਾ ਵੀ ਉੱਨਾਂ ਨੇ ਹੀ ਸ਼ੁਰੂ ਕੀਤਾ ਪ੍ਰਤੀਤ ਹੁੰਦਾ ਹੈ। ਤਖਸਿਲਾ ਵਿੱਚ ਅੱਜ ਵੀ ਜੇਂਦ ਅਵੇਸਤਾ ਵਾਲਿਆ ਦਾ ਜੰਦਿਆਲ ਮੰਦਰ ਦੇਖਿਆ ਜਾ ਸਕਦਾ ਹੈ। ਸਿਕੰਦਰ ਨਾਲ ਆਏ ਲਿਖਾਰੀਆਂ ਨੇ ਪੰਜਾਬ ਵਿੱਚ ਅਸੁਰ ਆਰੀਆਈ ਤਰੀਕੇ ਦੇਹ ਸੰਸਕਾਰ ਹੋਣ ਦਾ ਵੇਰਵਾ ਦਿੱਤਾ ਹੈ। ਗੋਹੇ ਦੇ ਪੋਚੇ ਨਾਲ ਥਾਂ ਸਾਫ (ਪਵਿੱਤਰ) ਕਰਨਾ, ਧੂਫ ਲਾ ਕੇ ਹਵਾ ਸ਼ੁੱਧ ਕਰਨਾ, ਛੋਟੇ ਬੱਚੇ ਦੇ ਤੜਾਗੀ ਬੰਨਣਾ ਆਦਿ ਪੰਜਾਬੀ ਰਵਾਇਤਾਂ ਦਾ ਜ਼ਿਕਰ ਅਵੇਸਤਾ ਵਿੱਚ ਮਿਲਦਾ ਹੈ, ਬੇਦਾਂ ਵਿੱਚ ਨਹੀਂ। ਥੇਹਾਂ, ਸਿੱਕਿਆਂ, ਰਵਾਇਤਾਂ, ਅਤੇ ਪੁਰਾਤਨ ਇਤਿਹਾਸਕ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਅਵੇਸਤਾ ਵਾਲੇ ਲੋਕ ਵੀ ਕਿਸੇ ਵੇਲੇ ਪੰਜਾਬੀ ਸੱਭਿਆਚਾਰਕ ਤਾਣੇ-ਬਾਣੇ ਦਾ ਹਿੱਸਾ ਰਹੇ ਹਨ। ਜੇਂਦ ਅਵੇਸਤਾ ਵਾਲੇ ਅਸੁਰ ਆਰੀਆਵਾਂ ਵੱਲੋਂ ਹਪਤਹਿੰਦੂ ਕਹਿਣਾ, ਰਿੱਗਬੇਦ ਵਾਲੇ ਦੇਵਾਂ ਵੱਲੋਂ ਸਪਤਸਿੰਧੂ ਕਹਿਣ ਜਿਨ੍ਹਾਂ ਹੀ ਮਹੱਤਵਪੂਰਨ ਹੈ। ਇੱਕ ਛੱਡ ਕੇ ਦੂਜੇ ਦੀ ਗੱਲ ਕਰਨਾ ਅੱਧੀ ਗੱਲ ਕਰਨਾ ਹੈ।

ਅੱਜ ਦੇ ਰਿੱਗਵੇਦ ਵਾਲੇ ਸੱਤ ਦਰਿਆਵਾਂ ਨੂੰ ਸਿੰਧ ਤੋਂ ਸ਼ੁਰੂ ਕਰਕੇ ਲੁਪਤ ਸਰਸਵਤੀ ਤੱਕ ਦੱਸਦੇ ਹਨ। ਵਿਵਾਦਤ ਸਰਸਵਤੀ ਗੰਗਾ-ਜਮਨਾ ਦੇ ਮੇਲ ਵਿੱਚ ਤੀਜੀ ਗੁੱਪਤ ਨਦੀ ਵੀ ਦੱਸੀ ਜਾਂਦੀ ਰਹੀ ਹੈ। 10ਵੀਂ ਸਦੀ ਵਿੱਚ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਲਬਿਰੂਨੀ ਗੁਜਰਾਤ ਕੋਲੇ ਸਮੁੰਦਰ ਡਿੱਗਦੀ ਕਿਸੇ ਨਦੀ ਦਾ ਨਾਂ ਵੀ ਸਰਸਵਤੀ ਦੱਸਦਾ। ਪਰ ਦੂਜੇ ਪਾਸੇ ਜੇਂਦਅਵੇਸਤਾ ਵਿਚਲੇ ਵੇਰਵੇ ਦੱਸਦੇ ਹਨ ਕਿ ਅਫ਼ਗਾਨਿਸਤਾਨ ਦਾ ਹੈਲਮੰਡ ਦਰਿਆ ਹੀ ਅਸਲੀ ਸਰਸਵਤੀ ਹੈ। ਹਾਹਾ ਅਤੇ ਸੱਸੇ ਦੇ ਲਹਿਜਾ ਪ੍ਰਵਰਨਤ ਕਰਕੇ ਉੱਨਾਂ ਨੇ ਹਰਹਾਵਤੀ ਲਿਖਿਆ। ਹਰਹਾਵਤੀ ਦਾ ਇਲਾਕਾ ਈਰਾਨੀ ਹਰਕਸ਼ਮਨੀਸ਼ ਸਾਮਰਾਜ ਦੇ ਟੈਕਸ ਦੇਣ ਵਾਲਾ ਸੂਬੇ ਦਾ ਵੀ ਨਾਂ ਰਿਹਾ ਹੈ ਅਤੇ ਉਸ ਦੇ 2500 ਸਾਲ ਪੁਰਾਣੇ ਲਿਖਤੀ ਸਬੂਤ ਵੀ ਮਿਲਦੇ ਹਨ, ਸਿਰਫ਼ ਮੂੰਹ-ਜ਼ਬਾਨੀ ਹੀ ਨਹੀਂ ਹੈ। ਅਵੇਸਤਾ ਵਾਲੇ ਸੱਤ ਦਰਿਆ ਕਾਬਲ ਦਰਿਆ ਤੋਂ ਸ਼ੁਰੂ ਕਰਦੇ ਹਨ ਅਤੇ ਸਤਲੁਜ ਤੱਕ ਆਉਦੇ ਹਨ। ਅਵੇਸਤਾ ਦੀ ਸਰਸਵਤੀ ਹਪਤਹਿੰਦੂ ਖ਼ਿੱਤੇ ਤੋਂ ਬਾਹਰ ਅੱਜ ਦਾ ਹੈਲਮੰਡ ਦਰਿਆ ਹੈ, ਸਰਸਵਤੀ ਲੁਪਤ ਜਾਂ ਸੁੱਕ ਚੁੱਕਾ ਦਰਿਆ ਨਹੀਂ ਹੈ। 

1917 ਵਿੱਚ ਟਾਈਮਜ ਪ੍ਰੈੱਸ ਬੰਬੇ ਦੇ S 201-210 ਲੇਖ ਵਿੱਚ ਫਰੈਡਰਿਕ ਸਪੀਗਲ ਦੇ ਹਵਾਲੇ ਨਾਲ ਲੇਖ ਛਪਿਆ ਸੀ ਕਿ ਸਪੀਗਲ ਨੂੰ ਦੂਜੀ ਜਾਂ ਤੀਜੀ ਸਦੀ ਦੀ ਪਹਿਲਵੀ ਭਾਸ਼ਾ (ਮੱਧ ਫਾਰਸੀ) ਵਿੱਚ ਅਵੇਸਤਾ ਉੱਤੇ ਲਿਖੀ ਟਿੱਪਣੀ ਲੱਭੀ ਹੈ। ਜਿਸ ਵਿੱਚ ਲਿਖਣ ਵਾਲਾ ਆਪ ਹੀ ਸਵਾਲ ਕਰਕੇ ਆਪ ਹੀ ਜਵਾਬ ਦਿੰਦਾ ਹੈ ਕਿ ਪੰਜਾਬ ਦੇ ਦਰਿਆ ਤਾਂ ਪੰਜ ਜਾਂ ਛੇ ਹੀ ਬਣਦੇ ਹਨ ਪਰ ਸਾਡੀ ਧਾਰਮਿਕ ਕਿਤਾਬ ਵਿੱਚ ਸੱਤ (ਹਪਤਹਿੰਦੂ) ਕਿਉਂ ਲਿਖੇ ਹਨ? ਟਿੱਪਣੀ ਕਰਨ ਵਾਲਾ ਅੱਗੇ ਲਿਖਦਾ ਕਿ ਪੰਜਾਬ ਵਿੱਚ ਸੱਤ ਵੱਖ ਵੱਖ ਹਿੱਸੇ ਹਨ, ਜਿੱਥੇ ਵੱਖੋ-ਵੱਖਰੇ ਸੱਤ ਸੁਤੰਤਰ ਰਾਜ ਚੱਲਦੇ ਹਨ। ਸੱਤ ਰਾਜ ਹੋਣ ਕਰਕੇ ਇਸ ਕਰਕੇ ਹਪਤਹਿੰਦੂ ਕਿਹਾ ਜਾਂਦਾ।

Page 208 of  Reference They said: ” Avash hapt-Hindukânih hanâ figh sar-khudâ haft ait,” i.e., it is called Hapt-Hindu, because there are seven rulers over it. Possibly there were seven rulers ruling over the land of the Indus at the time.

ਇਹੋ ਜਿਹੀ ਗੱਲ ਹੀ ਗਰੀਕ ਇਤਿਹਾਸਕਾਰ Arrian (in Chapter II) ਵੀ ਲਿਖਦਾ ਹੈ, ਕਿ ਸਿਕੰਦਰ ਪੰਜਾਬ ਵਿੱਚੋ ਜਾਣ ਤੋਂ ਪਹਿਲਾਂ ਰਾਜੇ ਪੋਰਸ ਨੂੰ ਪੰਜਾਬ ਦੇ ਸੱਤ ਰਾਜਿਆਂ ਅਤੇ 2੦੦੦ ਵਸੇਬਾਂ (ਪਿੰਡ, ਸ਼ਹਿਰ) ਦੇ ਉਪਰ ਦੀ ਮਹਾਰਾਜਾ ਬਣਾ ਕੇ ਗਿਆ ਸੀ। ਇਹ ਮਹੱਤਵਪੂਰਨ ਸੰਕੇਤ ਹਰ ਇਤਿਹਾਸਕਾਰ ਨੇ ਨਜਰਅੰਦਾਜ ਕੀਤਾ ਹੈ। ਸਾਡੇ ਕੋਲ ਦੋ ਇਤਿਹਾਸਕ ਹਵਾਲੇ ਹਨ ਜਿਨ੍ਹਾਂ ਵਿੱਚ ਪੰਜਾਬ ਵਿੱਚ ਚੱਲਦੇ ਸੱਤ ਸਥਾਨਕ ਰਾਜਾਂ ਦਾ ਜ਼ਿਕਰ ਹੈ। ਸੱਤ ਉਪ-ਇਲਾਕੇ ਵੀ ਦੇਸ ਪੰਜਾਬ ਦੇ ਨਾਂ ਦੀ ਵਰਤੋਂ ਦਾ ਕਾਰਨ ਹੋ ਸਕਦੇ ਹਨ। 

ਇਕ ਅੰਦਾਜ਼ਾ ਹੋ ਸਕਦਾ ਹੈ ਕਿ ਸਪਤਸਿੰਧੂ ਜਾਂ ਹਪਤਹਿੰਦੂ ਨਾਂ ਪਿੱਛੇ ਦਰਿਆਵਾਂ ਦੀ ਥਾਂ ਪੰਜਾਬ ਅੰਦਰ ਸੱਤ ਛੋਟੇ ਖਿੱਤਿਆਂ ਦਾ ਹੋਣਾ ਵੀ ਕਾਰਨ ਹੋ ਸਕਦਾ ਹੈ। ਕਿਉਂਕਿ ਸੱਤਵਾਂ ਦਰਿਆ ਜਾਂ ਤਾਂ ਮੌਸਮੀ ਵਹਾਅ ਹੀ ਸੀ ਜਾਂ ਫੇਰ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਸਤਲੁਜ ਦਾ ਕੋਈ ਪੁਰਾਣਾ ਵਹਾਅ ਸੀ। ਰਿੱਗਬੇਦ ਦੇ ਮਸੇਰ ਗ੍ਰੰਥ ਜੇਂਦ-ਅਵੇਸਤਾ ਵਾਲਿਆਂ ਨੇ ਸੱਤਲੁਜ ਦੇ ਪੂਰਬ ਵਿੱਚ ਕੋਈ ਦਰਿਆ ਹੋਣ ਦਾ ਜ਼ਿਕਰ ਨਹੀਂ ਕੀਤਾ। 

Rivers of Zend Avesta

ਸਪਤਸਿੰਧੂ ਅਤੇ ਹਪਤਹਿੰਦੂ ਨਾਵਾਂ ਦਾ ਧਾਰਮਕ ਕਿਤਾਬਾਂ ਤੋਂ ਬਾਹਰ ਕੋਈ ਪੁਖਤਾ ਸਬੂਤ ਨਹੀਂ ਮਿਲਦਾ। ਇਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਅੱਜ ਦੇ ਪੰਜਾਬ ਨਾਂ ਵਾਂਗ ਸਾਰੇ ਹੀ ਇਹ ਨਾਂ ਵਰਤਦੇ ਹੋਣਗੇ। ਹਪਤਹਿੰਦੂ ਅਤੇ ਸਪਤਸਿੰਧੂ ਵਾਂਗ ਬੋਧੀ ਅਤੇ ਜੈਨੀ ਸਮਣ ਪ੍ਰੰਪਰਾ ਦੇ ਵਿੱਚ ਸਾਹਿਤ ਵਿੱਚ ਜੰਬੂਦੀਪ ਨਾਂ ਦੱਖਣ ਏਸ਼ੀਆ ਲਈ ਵੱਡੀ ਇਕਾਈ ਵਜੋਂ ਆਉਦਾ ਹੈ। ਬੋਧੀ ਅਤੇ ਜੈਨੀ ਲੋਕ ਆਪਣੀਆਂ ਸਿੱਖਿਆਵਾਂ ਦੇਣ ਲਈ ਜੰਬੂਦੀਪ ਵਰਤਦੇ ਸਨ। ਇਸ ਦਾ ਮਤਲਬ ਇਹ ਨਹੀਂ ਕੱਢਿਆ ਜਾ ਸਕਦਾ ਕਿ ਇਹ ਲੋਕਾਈ ਅਤੇ ਵਪਾਰੀਆਂ ਵੱਲੋਂ ਵੀ ਵਰਤਿਆ ਜਾਂਦਾ ਨਾਂ ਸੀ। ਇਸ ਨਾਂ ਦਾ ਮਕਸਦ ਧਾਰਮਕ ਸੰਦੇਸ਼ ਦੇਣਾ ਸੀ। ਜਿਹੜੇ ਬੋਧੀ ਨਹੀਂ ਸਨ, ਉਨਾਂ ਕਈ ਜੰਬੂਦੀਪ ਨਾਂ ਨਹੀਂ ਸੀ। 

ਜੰਬੂਦੀਪ ਵਾਂਗ ਹੀ ਸਪਤਸਿੰਧੂ ਅਤੇ ਹਪਤਹਿੰਦੂ ਨਾਂ ਦਾ ਕੋਈ ਰਾਜ ਨਹੀਂ ਮਿਲਦਾ, ਜੋ ਸੱਤਾਂ ਦਰਿਆਵਾਂ ਦੇ ਇਲਾਕੇ ਵਿੱਚੋਂ ਇੱਕ ਇਕਾਈ ਵਾਂਗ ਟੈਕਸ ਇਕੱਤਰ ਕਰ ਰਿਹਾ ਹੋਵੇ, ਜਿਸਦਾ ਕੋਈ ਸਥਾਨਕ ਰਾਜ ਪ੍ਰਬੰਧ ਹੋਵੇ ਜਾਂ ਕੋਈ ਜੋਰਾਵਰ ਹੋਵੇ ਜਿਸ ਕਰਕੇ ਸਾਰੇ ਇਲਾਕੇ ਦੀ ਸੁਤੰਤਰ ਪਹਿਚਾਣ ਬਣੀ ਹੋਵੇ। ਹਪਤਹਿੰਦੂ ਜਾਂ ਸਪਤਸਿੰਧੂ ਦੇ ਨਾਂ ਵਾਲਾ ਕੋਈ ਸਿੱਕਾ ਵੀ ਨਹੀਂ ਮਿਲਿਆ। ਨਾ ਹੀ ਮਲੂਹਾ ਵਾਂਗ ਕਿਸੇ ਸ਼ਿਲਾਲੇਖ, ਸੀਲ ਜਾਂ ਪੱਟੀ ਉੱਤੇ ਕਿਸੇ ਵੀ ਭਾਸ਼ਾ ਵਿੱਚ ਲਿਖਿਆ ਲੱਭਿਆ ਹੋਵੇ।

ਸਪਤਸਿੰਧੂ ਪੰਜਾਬ ਦੇ ਸਾਰੇ ਬਾਕੀ ਪੁਰਾਣੇ ਨਾਵਾਂ ਵਿੱਚੋਂ ਸੱਭ ਤੋਂ ਵੱਧ ਪ੍ਰਚੱਲਤ ਨਾਂ ਹੈ। ਇਸ ਕਰਕੇ ਇਹ ਡੂੰਘਾ ਵਿਸ਼ਲੇਸ਼ਣ ਮੰਗਦਾ ਹੈ। ਅਕਸਰ ਹੀ ਸਪਤਸਿੰਧੂ ਨੂੰ ਮੌਜੂਦਾ ਨਾਂ ਪੰਜਾਬ ਵਾਂਗ ਸਮਝਿਆ ਜਾਂਦਾ ਹੈ। ਅਜੋਕਾ ਨਾਂ ਪੰਜਾਬ ਰਾਜਨੀਤਕ, ਵਾਪਰਕ ਅਤੇ ਵਸਨੀਕਾਂ ਦੀ ਪਹਿਚਾਣ ਨਾਲ ਜੁੜਿਆ ਹੋਇਆ। ਰਿੱਗਬੇਦ ਵਿੱਚ ਸਪਤਸਿੰਧੂ ਦਾ ਜ਼ਿਕਰ ਹੈ, ਪਰ ਕਿਤੇ ਵੀ ਇਹ ਪ੍ਰਤੀਤ ਨਹੀਂ ਹੁੰਦਾ ਕਿ ਉਸ ਸਮੇਂ ਪੰਜਾਬ ਦੀ ਕੋਈ ਸੰਯੁਕਤ ਪਹਿਚਾਣ ਸੀ ਜਿਸ ਕਰਕੇ ਇਹ ਨਾਂ ਦੀ ਅੱਜ ਦੇ ਪੰਜਾਬ ਵਾਂਗ ਆਮ ਵਰਤੋਂ ਹੋਈ ਹੋਵੇ। ਰਿੱਗਬੇਦ ਵਿੱਚ ਦਸ ਰਾਜਿਆਂ ਦੀ ਲੜਾਈ ਦਾ ਜ਼ਿਕਰ ਹੈ, ਜਿਸ ਵਿੱਚ ਪੰਜਾਬ ਦੇ ਅੰਦਰੂਨੀ ਅਤੇ ਬਾਹਰੀ ਕਬੀਲੇ ਸ਼ਾਮਲ ਸਨ। ਉੱਥੇ ਸੰਯੁਕਤ ਪੰਜਾਬੀ ਇਕਾਈ ਬਚਾਉਣ ਜਾਂ ਵੱਡੇ ਖਿੱਤੇ ਦੇ ਹਿੱਤ ਬਚਾਉਣ ਵਰਗੀ ਕੋਈ ਗੱਲ ਨਜ਼ਰ ਨਹੀਂ ਆਉਂਦੀ। ਆਪਾਂ ਨੂੰ ਸਪਤਸਿੰਧੂ ਦਾ ਇੱਕ ਰਾਜਾ ਜਾਂ ਸਪਤਸਿੰਧੂ ਨਾਂ ਦੇ ਸਿੱਕੇ ਵੀ ਨਹੀਂ ਮਿਲਦੇ। ਕੋਈ ਸਾਂਝੀ ਰਾਜਧਾਨੀ ਜਾਂ ਪਹਿਚਾਣ ਦਾ ਵੀ ਜ਼ਿਕਰ ਨਹੀਂ ਹੈ। ਜਿਵੇਂ ਲੇਖ ਦੇ ਸ਼ੁਰੂ ਵਿੱਚ ਨਾਂ ਦੀ ਲੋੜ ਵਾਰੇ ਦੱਸਿਆ ਗਿਆ ਹੈ ਕਿ ਵੱਡੇ ਖਿੱਤੇ ਦੇ ਨਾਂ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਬਾਹਰੀ ਇਲਾਕਿਆਂ ਨਾਲ ਵਰਤਣਾਂ ਹੁੰਦਾ। ਪਿੰਡ ਵਿੱਚ ਲੋਕ ਇੱਕ ਦੂਜੇ ਨੂੰ ਨਹੀਂ ਦੱਸਦੇ ਕਿ ਸਾਡੇ ਪਿੰਡ ਦਾ ਨਾਂ ਕੀ ਹੈ। ਅੱਜ ਧਰਤੀ ਗ੍ਰਹਿ ਦੇ ਨਾਂ ਦੀ ਲੋੜ ਨਹੀਂ ਪੈਂਦੀ, ਪਰ ਜੇ ਕੋਈ ਬਾਹਰੀ ਧਰਤੀ ਉੱਤੇ ਜੀਵਨ ਲੱਭ ਗਿਆ ਤਾਂ ਧਰਤੀ, Earth, ਪ੍ਰਿਥਵੀ ਆਦਿ ਵੀ ਇੱਕ ਇਕਾਈ ਦੇ ਨਾਂ ਦੀ ਵਰਤੋਂ ਸ਼ੁਰੂ ਹੋ ਜਾਵੇਗੀ। ਇਸੇ ਤਰਾਂ ਬੇਦਾਂ ਅਤੇ ਅਵੇਸਤਾ ਵਿੱਚ ਸਪਤਸਿੰਧੂ ਅਤੇ ਹਪਤਹਿੰਦੂ ਨਾਂ ਦੀ ਵਰਤੋਂ ਵਾਰੇ ਜਾਣਕਾਰੀ ਨਹੀਂ ਹੈ। ਸੋਚਣਾ ਬਣਦਾ ਹੈ ਕਿ ਰਿੱਗਬੇਦ ਵਾਲੇ ਸਪਤਸਿੰਧੂ ਨਾਂ ਕਿੱਥੇ ਵਰਤਦੇ ਹੋਣਗੇ ਜਦੋਂ ਸਪਤਸਿੰਧੂ ਨਾ ਤਾਂ ਰਾਜਨੀਤਿਕ ਇਕਾਈ ਹੈ ਅਤੇ ਨਾ ਹੀ ਇਲਾਕਾਈ। ਬੋਧੀ ਅਤੇ ਪੁਰਾਣਕ ਸਾਹਿਤ ਵਿੱਚ ਗਣ-ਸੰਘ ਦਾ ਜ਼ਿਕਰ ਹੈ, ਪਰ ਉੱਥੇ ਵੀ ਸਪਤ-ਸਿੰਧੂ ਨਾਂ ਦਾ ਜ਼ਿਕਰ ਨਹੀਂ ਹੈ। ਰਿੱਗਬੇਦ ਅਤੇ ਅਵੇਸਤਾ 3000 ਸਾਲ ਤੋਂ ਵੱਧ ਪੁਰਾਣੇ ਦੱਸੇ ਜਾਂਦੇ ਹਨ। ਪਰ 2600 ਸਾਲ ਪਹਿਲਾਂ ਸਿੰਧ ਦਰਿਆਈ ਖ਼ਿੱਤੇ ਨਾਲ ਵਪਾਰਕ ਸਬੰਧ ਵਾਲੇ ਮੈਸੋਪਟਾਮੀਆ ਵਾਲੇ ਇਲਾਕੇ ਦਾ ਰਾਜਾ ਅਸੁਰਬੇਨੀਪਾਲ ਹਾਲੇ ਵੀ ਮਲੂਹਾ ਨਾਂ ਵਰਤ ਰਿਹਾ ਸੀ। 

ਪ੍ਰਾਪਤ ਦਸਤਾਵੇਜ਼ਾਂ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਸਪਤਸਿੰਧੂ ਜਾਂ ਹਪਤਹਿੰਦੂ ਕਦੇ ਬਹੁਤ ਪ੍ਰਚੱਲਤ ਨਾਂ ਰਿਹਾ ਹੋਵੇਗਾ। ਖ਼ਾਸ ਕਰਕੇ ਜਦੋਂ ਇਸ ਨੂੰ ਮਲੂਹਾ ਬਰਾਬਰ ਰੱਖ ਕੇ ਪਰਖਿਆ ਜਾਵੇ। ਇਕੱਲੇ ਹਿੰਦ ਅਤੇ ਸਿੰਧ ਦੇ ਬਹੁਤ ਸਬੂਤ ਮਿਲਦੇ ਹਨ। ਜੰਬੂਦੀਪ ਵਾਂਗ ਆਰੀਆਵਾਂ ਦੀਆਂ ਦੋਵੇਂ ਲਗਰਾਂ ਸਪਤਸਿੰਧੂ ਅਤੇ ਹਪਤਹਿੰਦੂ ਨੂੰ ਆਪਣਾ ਦਾਰਸ਼ਣਕ ਸੰਦੇਸ਼ ਦੇਣ ਲਈ ਤਾਂ ਵਰਤਦੀਆਂ ਰਹੀਆਂ ਹਨ, ਜਿਸ ਦਾ ਸਬੂਤ ਸਪੀਗਲ ਦੀ ਪਹਿਲਵੀ ਲੱਭਤ ਤੋਂ ਵੀ ਮਿਲਦਾ ਹੈ। ਪਰ ਅੱਜ ਦੇ ਪੰਜਾਬ ਵਾਂਗ ਇਲਾਕਾਈ ਪਹਿਚਾਣ ਹੋਣਾ ਸ਼ੱਕੀ ਹੈ। ਹਪਤਹਿੰਦੂ ਤੇ ਸਪਤਸਿੰਧੂ ਨੂੰ ਪੰਜਾਬ ਦੀ ਤਰਾਂ ਸਮਝਣ ਦੀ ਥਾਂ ਇਸ ਤਰਾਂ ਦੇਖਣਾ ਚਾਹੀਦਾ ਹੈ ਜਿਵੇਂ ਕੇਰਲਾ ਨੂੰ Gods own country, ਭਾਰਤ ਨੂੰ ਸੋਨੇ ਦੀ ਚਿੜੀ ਜਾਂ ਪੰਜਾਬ ਨੂੰ bread basket ਕਹਿ ਦਿੱਤਾ ਜਾਂਦਾ। 

https://en.wikipedia.org/wiki/Avestan_geography 

India in tlte Avesta oj the Parsis page 208

Zend Avesta 

Avesta VENDIDAD Fargard.1 16 sixteen perfect lands created by Ahura Mazda

ਆਰੀਆ ਕੌਣ ਸਨ https://panjabhistory.com/arya/ 

 

ਬਾਰਤਾ (ਭਾਰਤਾ, ਪੂਰਬੀ ਪੰਜਾਬ)

ਬਾਰਤਾ ਨਾਂ ਆਰੀਆਵਾਂ ਦੇ ਪਹਿਲੇ ਗ੍ਰੰਥ ਰਿੱਗਵੇਦ ਵਿੱਚ ਆਇਆ ਹੈ। ਇਹ ਨਾਂ ਰਾਵੀ ਦੇ ਪੂਰਬ, ਖਾਸਕਰ ਸਤਲੁਜ ਤੋਂ ਵੀ ਅੱਗੇ ਵੱਸਦੇ ਕਬੀਲੇ ਲਈ ਵਰਤਿਆ ਗਿਆ ਹੈ। ਉਸ ਇਲਾਕੇ ਦਾ ਨਾਂ ਵੀ ਬਾਰਤਾ ਹੀ ਦੱਸਿਆ ਗਿਆ ਹੈ। ਬਾਰਤਾ ਨਾਂ “ਬ” ਬੱਬੇ ਨਾਲ ਵਰਤਿਆ ਗਿਆ ਹੈ “ਭ” ਭੱਭੇ ਨਾਲ ਨਹੀਂ।  ਅੱਜ ਦੇਸ਼ ਦਾ ਨਾਂ ਇੰਡੀਆ ਤੋਂ ਬਦਲਕੇ ਭਾਰਤ ਕੀਤਾ ਜਾ ਰਿਹਾ ਹੈ। ਅਸਲ ਵਿੱਚ ਪੱਛਮੀ ਪੰਜਾਬ ਦੇ ਇੱਕ ਪੁਰਾਣੇ ਨਾਂ ਤੋਂ ਬਦਲ ਕੇ ਪੂਰਬੀ ਪੰਜਾਬ ਦਾ ਨਾਂ ਪ੍ਰਚੱਲਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬਾਕੀ ਦੇਸ਼ ਦਾ ਇਸ ਨਵੇਂ ਨਾਂ ਨਾਲ ਵੀ ਇਤਿਹਾਸਕ ਸਬੰਧ ਨਹੀਂ, ਸਿਰਫ ਧਾਰਮਕ ਤੇ ਭਾਵਨਾਤਮਦ ਸਬੰਧ ਹੈ। ਜਿਸ ਤਰਾਂ ਸ਼ੁਰੂਆਤ ਵਿੱਚ ਬਾਰਤ ਇੱਕ ਛੋਟੇ ਖਿੱਤੇ ਦਾ ਨਾਂ ਸੀ, ਉਸੇ ਤਰਾਂ ਉਸੇ ਗ੍ਰੰਥ ਵਿੱਚ ਹੋਰ ਖ਼ਿੱਤਿਆਂ ਦੇ ਵੀ ਆਪਣੇ ਸੁਤੰਤਰ ਨਾਂ ਸਨ। ਜਿਸ ਤਰਾਂਲ ਪੁਰਾਣੀਆਂ ਵਿੱਚ ਹਿੰਦ ਇੱਕ ਖਾਸ ਇਲਾਕੇ ਦੇ ਨਾਂ ਤੋਂ ਪੂਰੇ ਉਪਮਹਾਂਦੀਪ ਦਾ ਨਾਂ ਬਣ ਗਿਆ, ਉਵੇਂ ਹੁੱਣ ਬਾਰਤ ਲਈ ਕੀਤਾ ਜਾ ਰਿਹਾ ਹੈ। 

ਦਿਲਚਸਪ ਗੱਲ ਹੈ ਕਿ ਰਾਵੀ ਦਰਿਆ ਉੱਤੇ ਬਾਰਤਾ ਕਬੀਲੇ ਦੀ ਲੜਾਈ ਦਸ ਰਾਜਿਆਂ ਦੀ ਲੜਾਈ ਦੇ ਨਾਂ ਨਾਲ ਰਿੱਗਬੇਦ ਅਤੇ ਜੇਂਦ ਅਵੇਸਤਾ ਵਿੱਚ ਦਰਜ ਹੈ। ਪੁਰਾਤਨ ਪੰਜਾਬ ਵਿੱਚ ਰਿੱਗਬੇਦਕ ਅਤੇ ਅਵੇਸਤਨ ਕਬੀਲਿਆਂ ਦੀ ਮੌਜੂਦਗੀ ਰਹੀ ਹੈ। ਦੋਵਾਂ ਗ੍ਰੰਥਾਂ ਵਿੱਚ ਦਸ ਰਾਜਿਆਂ ਦੀ ਲੜਾਈ ਜ਼ਿਕਰ ਹੈ। ਦੋਵੇਂ ਹੀ ਇਹ ਲੜਾਈ ਜਿਤਣ ਦਾ ਦਾਅਵਾ ਕਰਦੇ ਨੇ। ਦੋਵੇਂ ਮਹਾਂਰਿਸ਼ੀ ਵਸ਼ਿਸ਼ਟ ਨੂੰ ਆਪਣੇ ਵੱਲ ਦਾ ਦੱਸ ਰਹੇ ਹਨ। 

ਬਾਹੀਕ ਦੇਸ਼, ਮਦਰ ਦੇਸ਼ ਅਤੇ ਅ੍ਰਹੱਟ

ਬਹੀਕ, ਮਦਰ ਅਤੇ ਅ੍ਰਹੱਟ ਨਾਂ ਮਹਾਂਭਾਰਤ ਵਿੱਚ ਪੰਜਾਬ ਦੇ ਖੇਤਰੀ ਨਾਂਵਾਂ ਵਜੋਂ ਆਉਦੇ ਹਨ। ਜਿਵੇਂ ਅੱਜ ਮਾਝਾ, ਪੋਠੋਹਾਰ, ਰਚਨਾ ਦੋਆਬ ਆਦਿ ਹਨ। ਮਹਾਂਭਾਰਤ ਦੇ ਕਰਨਪਰਵ ਅਤੇ ਹੋਰ ਪੁਰਾਣਕ ਲਿਖਤਾਂ ਵਿੱਚ ਇੰਨਾਂ ਤਿੰਨਾਂ ਨਾਵਾਂ ਦਾ ਕਾਫੀ ਵਿਸਾਥਾਰ ਮਿਲਦਾ ਹੈ ਅਤੇ ਵਰਤੋਂ ਦੇ ਕਾਰਨ ਇੰਨਾਂ ਨਾਂਵਾਂ ਨੂੰ ਹੋਰ ਵੀ ਦਿਲਚਸਪ ਬਣਾ ਦਿੰਦੇ ਹਨ। ਵਿਸਥਾਰ ਇਥੇ ਪੜ੍ਹ ਸਕਦੇ ਹੋ

ਵਰਨਣਯੋਗ ਹੈ ਕਿ ਬਿਰਤਾਂਤ ਲਿਖਣ ਤੋਂ ਪਹਿਲਾਂ ਮਲੂਸਰੋਤ ਨਹੀਂ ਪੜ੍ਹੇ ਜਾਂਦੇ। ਮੂਲਸਰੋਤਾਂ ਦੇ ਉਲਥੇ, ਟੀਕੇ, ਟਿੱਪਣੀਆਂ ਅਤੇ ਫੇਰ ਉਨਾਂ ਦੇ ਅੱਗੇ ਹੋਰ ਉਲਥੇ, ਟੀਕੇ, ਟਿੱਪਣੀਆਂ ਨੂੰ ਸੱਚ ਮੰਨ ਕੇ ਲਿਖਣ ਦਾ ਵੀ ਰਿਵਾਜ ਹੈ। ਇਸ ਨਾਲ ਨਵੀਂ ਤਾਜ਼ੀ ਸੋਚ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਪ੍ਰਸਿੱਧ ਸੰਸਕ੍ਰਿਤ ਵਿਦਵਾਨ Michael Witzel ਦੱਸਦਾ ਹੈ ਕਿ ਬੱਬਾ “ਬ” ਧੁੰਨ ਪੰਜਾਬ ਦੀ ਵਿਰਾਸਤੀ ਧੁੰਨ ਹੈ, ਵ ਧੁੰਨ ਆਰੀਆਵਾਂ ਨਾਲ ਆਈ ਸੀ। ਪੰਜਾਬੀ ਬੋਲੀ ਦੇ ਪ੍ਰਭਾਵ ਹੇਠ ਉਲਥਿਆਂ ਵਿੱਚ ਬਹੀਕ ਹੈ, ਪਰ ਮੂਲ ਸ੍ਰੋਤ ਵਿੱਚ ਬਹੀਕ ਅਤੇ ਵਹੀਕ ਦੋਵੇਂ ਹਨ। ਬਹੀਕ ਵਾਂਗ ਠੇਠ ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਬੱਬੇ ਨਾਲ ਬੋਲੇ ਜਾਂਦੇ ਹਨ ਪਰ ਲਿਖਣ ਵੇਲੇ “ਵ” ਵਾਵਾ ਵਰਤਿਆ ਜਾਂਦਾ। ਜਿਵੇਂ ਕਿ ਲੇਖਕ ਆਪ ‘ਵਰਤਿਆ’ ਸ਼ਬਦ ਦਾ ਉਚਾਰਣ ‘ਬਰਤਿਆ’ ਕਰਦਾ ਹੈ। ਵੈਸਾਖੀ ਤੇ ਵੇਲਣਾ ਬੋਲਣ ਵਿੱਚ ਬਸਾਖੀ ਤੇ ਬੇਲਣਾ ਹਨ।

ਬਹੀਕ ਦੇਸ਼ ਦਾ ਕਲਾਸੀਕਲ ਸੰਸਕ੍ਰਿਤ ਵਿੱਚ ਸ਼ਬਦੀ ਅਰਥ ਬਾਹਰਲਾ, ਜਾਂ ਵਿਦੇਸ਼ੀ ਹੈ। ਮਹਾਂਭਾਰਤ ਕਰਨ ਪਰਬ 45 ਅਧਿਆਏ ਵਿੱਚ ਬਹੀਕ ਲੋਕਾਂ ਨੂੰ ਧਰਤੀ ਦਾ ਗੰਦ, ਚੋਰ ਤੱਕ ਕਿਹਾ ਗਿਆ ਹੈ। ਆਰੀਆਵਾਂ ਦੇ ਪੁਰਾਤਨ ਪਿੱਤਰੀ ਖ਼ਿੱਤੇ ਆਰੀਅਨ ਵਾਏਜਾ ਦੀ ਤਰਜ਼ ਉੱਤੇ ਭਾਰਤ ਦੇ ਗ੍ਰੰਥਾਂ ਵਿੱਚ ਵੀ ਆਰੀਆਵਰਤ ਦਾ ਖਿਆਲ ਮਿਲਦਾ ਹੈ। ਧਿਆਨਦੇਣ ਯੋਗ ਗੱਲ ਹੈ ਆਰੀਆਵਰਤ ਵਿੱਚ ਸੱਭਿਆਚਾਰਕ ਪੰਜਾਬ ਸ਼ਾਮਲ ਨਹੀਂ ਹੈ। ਬੋਧਾਯਾਨ ਗ੍ਰੰਥ ਪੰਜ ਦਰਿਆਵਾਂ ਦੀ ਧਰਤੀ ਨੂੰ ਆਰੀਆਵਰਤ ਦੇ ਲੋਕਾਂ ਲਈ ਅਸ਼ੁੱਧ ਦੱਸਦਾ ਹੈ। 

ਮਦਰ ਦੇਸ਼ ਮਾਝਾ, ਝੰਗ-ਸਿਆਲਕੋਟ ਦਾ ਇਲਾਕਾ ਸਮਝਿਆ ਜਾਂਦਾ ਹੈ। ਮਹਾਂਭਾਰਤ ਦੇ ਕਰਨ ਪਰਬ ਵਿੱਚ ਮਦਰ ਦੇਸ਼ ਵਾਰੇ ਕਾਫੀ ਭੱਦੀਆਂ ਟਿੱਪਣੀਆਂ ਦਰਜ ਹਨ ਅਤੇ ਬਹੀਕ, ਮਦਰ, ਅ੍ਰਹੱਟ ਦੀ ਬਹੁਤ ਨਿੰਦਿਆ ਕੀਤੀ ਗਈ ਹੈ। 

ਅ੍ਰਹੱਟ ਦੇਸ਼ ਅ੍ਰਹੱਟ ਲੋਕਾਂ ਦੇ ਇਲਾਕੇ ਨੂੰ ਕਿਹਾ ਗਿਆ ਹੈ। ਅ੍ਰਹੱਟ ਦਾ ਅਰਥ ਜੱਟ ਵੀ ਕੀਤਾ ਗਿਆ ਹੈ। ਮਹਾਭਾਰਤ ਵਿੱਚ ਅ੍ਰਹੱਟ ਨੂੰ ਨੀਚ ਅਤੇ ਘਟੀਆ ਦੱਸਿਆ ਗਿਆ ਹੈ। ਇਸ ਦੇ ਵਿਸਥਾਰ ਨੂੰ ਵੀ ਮਹਾਂਭਾਰਤ ਕਰਨਪਰਬ ਵਿੱਚ ਪੜ੍ਹਿਆ ਜਾ ਸਕਦਾ ਹੈ। 

ਦਿਲਚਸਪ ਤੱਥ ਹੈ ਕਿ ਪਹਿਲੀ ਤੋਂ ਤੀਜੀ ਸਦੀ ਵਿਚਾਲੇ ਲਿਖੇ ਗਏ ਰੋਮਨ ਵਪਾਰਕ ਦਸਤਾਵੇਜ਼ Periplus of the Erythraean Sea  ਵਿੱਚ ਰੋਮਨ ਰਾਜ ਦੇ ਪੰਜਾਬ ਨਾਲ ਦਰਿਆਈ ਵਪਾਰ ਦਾ ਜਿਕਰ ਹੈ। ਇਸ ਵਿੱਚ ਵੀ ਪੰਜਾਬ ਦਾ ਨਾਂ Aratrioi ਲਿਖਿਆ ਗਿਆ ਹੈ। ਜੋ ਕਿ ਅ੍ਰਹੱਟ ਦਾ ਹੀ ਰੋਮਨ ਉਲਥਾ ਜਾਪਦਾ ਹੈ।

ਬਹੀਕ, ਅ੍ਰਹੱਟ, ਮਦਰ ਦੇਸ਼ ਦਾ ਜ਼ਿਕਰ ਜੈਨ, ਬੋਧੀ ਅਤੇ ਸਿੱਖ ਲਿਖਤਾਂ ਵਿੱਚ ਵੀ ਮਿਲਦਾ ਹੈ। Aratrioi ਦੇ ਜ਼ਿਕਰ ਦਾ ਮਤਲਬ ਹੈ ਕਿ ਭਾਰਤੀ ਉੱਪਮਹਾਂਦੀਪ ਤੋਂ ਬਾਹਰ ਵੀ ਇਹ ਨਾਂ ਵਰਤਿਆ ਗਿਆ ਹੈ। ਇਸ ਤੋਂ ਆਪਾਂ ਕਹਿ ਸਕਦੇ ਹਾਂ ਕਿ ਇਹ ਨਾਂ ਕੇਵਲ ਖ਼ਿਆਲੀ ਨਹੀਂ, ਕਿਸੇ ਨਾ ਕਿਸੇ ਰੂਪ ਵਿੱਚ ਵਰਤੋਂ ਵਿੱਚ ਰਹੇ ਹਨ।

Further reading: https://panjabhistory.com/karanparv/

ਪੰਚਨਾਦ

ਪੰਚਨਾਦ ਨਾਂ ਮਹਾਂਭਾਰਤ, ਕਲਾਸੀਕਲ ਸੰਸਕ੍ਰਿਤ ਅਤੇ ਜੈਨ ਲਿਖਤਾਂ ਵਿੱਚ ਮਿਲਦਾ ਹੈ। ਪੰਚਨਾਦ ਪੰਜ ਦਰਿਆਵਾਂ ਦੇ ਖਿੱਤੇ ਦਾ ਨਾਂ ਦੱਸਿਆ ਗਿਆ ਹੈ ਅਤੇ ਜਦੋਂ ਪੰਜਾਂ ਦਰਿਆਵਾਂ ਦਾ ਜ਼ਿਕਰ ਆਉਂਦਾ ਹੈ ਤਾਂ ਸਿੰਧ ਦਰਿਆ ਨੂੰ ਵੱਖਰਾ ਲਿਖਿਆ ਗਿਆ ਹੈ। ਜਦੋਂ ਕਿ ਸਿੰਧ ਵੀ ਪੰਜਾਬੀ ਦਰਿਆ ਹੈ। ਸਿੰਧ ਨੂੰ ਵੱਖਰਾ ਕਰਨ ਦੇ ਕਾਰਨ ਆਪਣੇ ਆਪ ਵਿੱਚ ਖੋਜ ਦਾ ਵਿਸ਼ਾ ਹੈ। 

ਲਹਿੰਦੇ ਪੰਜਾਬ ਵਿੱਚ ਜਿਸ ਥਾਂ ਸਾਰੇ ਦਰਿਆਵਾਂ ਦਾ ਪਾਣੀ ਇੱਕ ਹੋ ਕੇ ਸਿੰਧ ਦਰਿਆ ਬਣ ਜਾਂਦਾ ਹੈ ਉਸ ਥਾਂ ਦਾ ਨਾਂ ਪੰਜਨਦ ਹੈ। ਪਰ ਸਿੰਧ ਸਮੇਤ ਦਰਿਆ ਛੇ ਹੋ ਜਾਂਦੇ ਨੇ। ਕਿਸੇ ਕਾਰਨ ਕਰਕੇ ਸਿੰਧ ਪੰਜਾਬ ਵਿੱਚ ਹੁੰਦਾ ਹੋਇਆ ਵੀ ਗਿਣਤੀ ਵਿੱਚੋਂ ਬਾਹਰ ਹੈ। ਪੰਚਨਾਦ ਗਰੀਕ-ਰੋਮਨ ਪੈਂਟਾਪੋਟਾਮੀਆਂ ਵਾਂਗੂੰ ਪੰਜਾਬੀ ਸ਼ਬਦ ਦਾ ਹੀ ਉਲਥਾ ਹੈ। ਪੰਚ ਪੰਜਾਬੀ ਵਿੱਚ ਨਹੀਂ ਵਰਤਿਆ ਜਾਂਦਾ। 1800 ਤੋਂ 2200 ਸਾਲ ਪਹਿਲਾਂ ਤੱਕ ਪੰਜਾਬ ਦੇ ਉੱਤਰ-ਪੱਛਮ ਵੱਲ ਪਹਿਲਵੀ ਲੋਕ ਵੱਸਦੇ ਸਨ। ਉੱਨਾਂ ਦਾ ਪੰਜਾਬ ਦੇ ਲੋਕਾਂ ਨਾਲ ਲੰਬਾ ਰਾਜਨੀਤਿਕ, ਸਮਾਜਿਕ, ਧਾਰਮਿਕ ਸਬੰਧ ਰਿਹਾ ਹੈ ਅਤੇ ਉਨਾਂ ਦੀ ਬੋਲੀ,ਭਾਸ਼ਾ ਦੀਆਂ ਕੁੱਝ ਲਿਖਤਾਂ ਸਮੇਂ ਦੀ ਮਾਰ ਤੋਂ ਬਚ ਗਈਆਂ ਹਨ ਅਤੇ ਅੱਜ ਵੀ ਪੜੀਆਂ ਜਾ ਸਕਦੀਆਂ ਹਨ। ਦਿਲਚਸਪ ਗੱਲ ਹੈ ਕਿ ਦੋ ਹਜ਼ਾਰ ਸਾਲ ਪੁਰਾਣੀ ਪਹਿਲਵੀ ਬੋਲੀ ਵਿੱਚ 5 ਦਾ ਉਚਾਰਣ ਪੰਜਾਬੀ ਵਾਂਗ ਪੰਜ ਹੀ ਹੈ, ਪਾਂਚ (ਹਿੰਦੀ) ਜਾਂ ਪਾਂਜ਼ (ਫ਼ਾਰਸੀ) ਨਹੀਂ ਹੈ। ਪਹਿਲਵੀ ਬੋਲੀ ਵਿੱਚ ਪੰਜਾਬੀ ਦਾ ਸ਼ਬਦ ਇੱਟ (brick) ਇੰਨ-ਬਿੰਨ ਉਵੇਂ ਹੀ ਮਿਲਦਾ ਹੈ। ਪੰਜਾਬੀ ਦੇ ਪਹਿਲਵਾਨ ਸ਼ਬਦ ਦਾ ਮੂਲ ਪਹਿਲਵ+ਬਲਵਾਨ ਹੈ। ਹਮੇਸ਼ਾ ਸਮਾਜਕ ਆਦਾਨ-ਪ੍ਰਦਾਨ ਦੋਵੇਂ ਪਾਸੇ ਹੁੰਦਾ ਹੈ, ਇਹ ਨਹੀਂ ਹੁੰਦਾ ਕਿ ਭਾਸ਼ਾ, ਸੱਭਿਆਚਾਰ ਕੇਵਲ ਇੱਕੋ ਪਾਸੇ ਤੋਂ ਹੀ ਦੂਜੇ ਪਾਸੇ ਜਾਂਦਾ।

ਪੰਜਾਬ ਦੇ ਗਰਮ, ਸਲ਼ਾਭੇ ਵਾਤਾਵਰਨ ਅਤੇ ਦਰਿਆਵਾਂ ਦੇ ਬਦਲੇ ਮੁਆਣਾਂ ਕਰਕੇ ਪੁਰਾਣੇ ਮੂਲ ਸਬੂਤ ਤਾਂ ਨਹੀਂ ਬਚੇ। ਪਰ ਅਸੀਂ method of deduction ਰਾਹੀਂ ਗੁਆਂਢੀ ਸੱਭਿਆਚਾਰਾਂ ਵਿੱਚੋਂ ਕੁੱਝ ਤੱਥ ਨਿਤਾਰ ਸਕਦੇ ਹਾਂ। ਸੰਸਕ੍ਰਿਤ ਭਾਸ਼ਾ ਦੇ ਪਹਿਲਵੀ, ਗੰਧਾਰੀ ਪ੍ਰਾਕ੍ਰਿਤ ਦੇ ਮੁਕਾਬਲੇ ਵਿੱਚ ਬਹੁਤੇ ਪੁਰਾਣੇ ਸਬੂਤ ਨਹੀਂ ਮਿਲਦੇ, ਪਾਲੀ ਲਿਖਤਾਂ ਦੇ ਸਬੂਤ ਸੰਸਕ੍ਰਿਤ ਤੋਂ ਵੀ ਬਾਅਦ ਦੇ ਹਨ। ਪੁਰਾਣੇ ਸਬੂਤਾਂ ਅਨੁਸਾਰ ਪੰਜਾਬ ਵਿੱਚ ਪੰਜ ਹੀ ਸੀ। ਗੰਧਾਰੀ ਪ੍ਰਾਕ੍ਰਿਤ ਅਤੇ ਪਾਲੀ ਵਿੱਚ ਵੀ ਉਚਾਰਨ ਪੰਜ ਹੈ। ਵੱਖ-ਵੱਖ ਸਰੋਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਕਿ ਪੰਜ ਸ਼ਬਦ ਘੱਟੋ-ਘੱਟ 2200 ਪੁਰਾਣਾ ਤਾਂ ਹੈ ਹੀ ਪਰ ਅਸਲ ਵਿੱਚ ਉਸ ਤੋਂ ਵੀ ਪੁਰਾਣਾ ਹੋਵੇਗਾ। ਪੰਚਨਾਦ ਅਸਲ ਵਿੱਚ ਪੰਜਨਦ ਦਾ ਹੀ ਸੰਸਕ੍ਰਿਤ ਵਿੱਚ ਉਲਥਾ ਹੈ। ਪੰਜਾਬੀ vernacular ਵਿੱਚ ਪੰਜਨਦ ਅੱਜ ਵੀ ਪ੍ਰਚੱਤ ਹੈ। 

ਇਬਨ ਬਤੂਤਾ ਤੋਂ 200 ਸਾਲ ਬਾਅਦ ਆਈਨੇ-ਅਕਬਰੀ ਵਿੱਚ ਲਿਖਿਆ ਪੰਜਨਾਦ ਖਿਚੜੀ ਸ਼ਬਦ ਹੈ। ਪੰਜ ਪੰਜਾਬੀ ਦਾ ਹੈ, ਪਰ ਨਾਦ ਸੰਸਕ੍ਰਿਤ ਦਾ। ਵੱਡੀ ਭੰਗੋਲਕ ਇਕਾਈ ਦਾ ਨਾਂ ਵਰਤਣ ਦੀ ਲੋੜ ਰਾਜਨੀਤੀਕ, ਮਾਲ-ਮਹਿਕਮਾ ਅਤੇ ਟੈਕਸ (ਜਜ਼ੀਆ) ਆਦਿ ਇਕੱਠਾ ਕਰਨ ਵਾਲੇ ਚੌਧਰੀਆਂ (elites) ਨੂੰ ਪੈਂਦੀ ਹੈ। ਅਕਬਰ ਵੇਲੇ ਪੰਜਨਾਦ ਵਰਤਣ ਦਾ ਮਤਲਬ ਹੈ ਕਿ ਮੋਹਤਬਰ ਜਮਾਤ ਵਿੱਚ ਹਾਲੇ ਪੰਜਾਬ ਪੂਰਾ ਸਥਾਪਿਤ ਨਹੀਂ ਹੋਇਆ ਸੀ। 

 

Part 3

Names from travellers 

ਪੀਤੂ

631-643 ਈਸਵੀ ਦਰਮਿਆਨ ਹਿਉਂਨਸਾਂਗ ਨਾਂ ਦੇ ਚੀਨੀ ਯਾਤਰੀ ਨੇ ਪੰਜਾਬ ਦਾ ਦੌਰਾ ਕੀਤਾ। ਉਹ ਦੱਸਦਾ ਹੈ ਕਿ ਪਛੌਰ ਦੀਆਂ ਪਹਾੜੀਆਂ ਤੋਂ ਅੱਗੇ ਟੱਕ ਨਾਂ ਦਾ ਦੇਸ਼ ਹੈ। ਆਪਣੇ ਸਫ਼ਰਨਾਮੇ ਵਿੱਚ ਲਿਖਿਆ ਕਿ ਟੱਕ ਦੇ ਪੂਰਬ ਵਿੱਚ ਦਰਿਆ ਟੱਪਣ ਸਾਰ ਪੀਤੂ ਦੇਸ਼ ਹੈ। ਪੀਤੂ ਅੱਜ ਦੇ ਦੋਆਬੇ ਅਤੇ ਮਾਲਵੇ ਦੇ ਨਾਂ ਹੋਣ ਦਾ ਅੰਦੇਸ਼ਾ ਕੀਤਾ ਜਾਂਦਾ ਹੈ। ਪੀਤੂ ਨਾਂ ਵਾਰੇ ਬਾਕੀ ਸਰੋਤ ਚੁੱਪ ਹਨ। ਇਸ ਦੀ ਵਰਤੋਂ ਅਤੇ ਫੈਲਾਅ ਖੇਤਰ ਵਾਰੇ ਵੀ ਕੁੱਝ ਨਹੀਂ ਪਤਾ ਲੱਗਦਾ। 

Quote: “AfTER they had crossed the river, there was a country named Pe-too?, where Buddhism was very flourishing, and (the monks) studied both the mahayana and hinayâna.” Page 41 A-Record-Of-Buddhistic-Kingdoms

ਪਹਿਲੇ ਉਲਥੇ ਵਿੱਚ ਬਹੁਤ ਘੱਟ ਜਾਣਕਾਰੀ ਹੈ, ਪਰ ਉਲਥਿਆਂ ਦੇ ਉਲਥੇ ਤੇ ਫੇਰ ਉਲਥਿਆਂ ਦੀ ਟੀਕਾ-ਟਿੱਪਣੀਆਂ ਵਿੱਚ ਬਾਅਦ ਵਾਲਿਆਂ ਕਈਮਨਘੜਤ ਗੱਲਾਂ ਨਾਲ ਜੋੜ ਦਿੱਤੀਆਂ ਹਨ। ਪੰਜਾਬੀ ਇਤਿਹਾਸ ਦੇ ਜਗਿਆਸੂਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਮੂਲ ਸਰੋਤ ਜਾਂ ਸੱਭ ਤੋਂ ਪਹਿਲੀਆਂ ਛਪੀਆਂ ਕਿਤਾਬਾਂ ਪੜ੍ਹਨ।

ਪੀਤੂ ਨਾਂ ਪ੍ਰਚੱਲਤ ਸ਼ਬਦਾਂ ਤੋਂ ਕਾਫ਼ੀ ਵੱਖਰਾ ਹੈ। ਹਿਉਂਨਸਾਂਗ ਨੇ ਇਹ ਨਾਂ ਲਾਜ਼ਮੀ ਸਥਾਨਕ ਲੋਕਾਂ ਤੋਂ ਹੀ ਸੁਣਿਆ ਹੋਵੇਗਾ। ਨਹੀਂ ਤਾਂ ਇਸ ਨੂੰ ਵਰਤਣ ਦੀ ਕੋਈ ਤੁੱਕ ਨਹੀਂ ਬਣਦੀ। 

Hiouen-Thsang in India1956 print



ਸ਼ਯਿਨਡੂ (身毒)  Shendu

2120 ਸਾਲ ਪਹਿਲਾਂ 120 BCE ਵਿੱਚ ਚੀਨੀ ਹਾਨ ਸਾਮਰਾਜ (Han dynasty) ਦੇ ਬਾਦਸ਼ਾਹ ਵੂ (Emperor Wu 140-87 BC) ਦੇ ਭੇਜੇ ਰਾਜਦੂਤ ਯੈਂਗ ਕੁਆਂਨ (Zhang Qian) ਨੇ ਪੰਜਾਬ ਲਈ ਸ਼ਯਿਨਡੂ ਨਾਂ ਵਰਤਿਆ ਹੈ। ਸ਼ਯਿਨਡੂ ਸਿੰਧ ਬੇਸਨ ਦੇ ਇਲਾਕੇ ਲਈ ਸਿੰਧ ਸ਼ਬਦ ਦਾ ਚੀਨੀ ਭਾਸ਼ਾ ਵਿੱਚ ਤੱਤਭਵ ਉਲਥਾ ਲੱਗਦਾ ਹੈ। 

ਬਾਦਸ਼ਾਹ ਵੂ ਆਪਣੇ ਰਾਜ ਦੇ ਪੱਛਮ ਵਾਲੇ ਇਲਾਕਿਆਂ ਨਾਲ ਵਪਾਰਕ ਅਤੇ ਰਾਜਨੀਤਿਕ ਸਬੰਧ ਵਧਾਉਣਾਂ ਚਾਹੁੰਦਾ ਸੀ। ਇਸ ਲਈ ਉਸ ਨੇ ਯੈਂਗ ਕੁਆਂਨ ਨੂੰ ਆਪਣੇ ਰਾਜ ਦੇ ਪੱਛਮ ਵਿੱਚ ਵੱਸਦੇ ਖ਼ਿੱਤਿਆਂ ਵਾਰੇ ਵਧੇਰੇ ਜਾਣਕਾਰੀ ਇਕੱਠੀ ਕਰਨ ਲਈ ਭੇਜਿਆ। ਯੈਂਗ ਕੁਆਂਨ ਘਰੋਂ ਪੰਜਾਬ ਤੱਕ ਪਹੁੰਚਣ ਦਾ ਵਿਚਾਰ ਬਣਾ ਕੇ ਤੁਰਿਆ ਸੀ। ਪਰ ਕੁੱਝ ਕਾਰਨਾਂ ਕਰਕੇ ਬਲਖ (ਅਫਗਾਨਿਸਤਾਨ) ਤੋਂ ਅੱਗੇ ਨਹੀਂ ਜਾ ਸਕਿਆ।

ਯੈਂਗ ਕੁਆਂਨ (Zhang Qian) ਮਜਬੂਰੀ ਵੱਸ ਬਲਖ ਦੇ ਲੋਕਾਂ ਤੋਂ ਪੁੱਛ ਬਾਕੀ ਥਾਂਵਾਂ ਦਾ ਵੇਰਵਾ ਲਿਖ ਕੇ ਲੈ ਗਿਆ। ਉਸ ਨੇ ਸ਼ਯਿਨਡੂ (ਪੰਜਾਬ) ਵਾਰੇ ਦੱਸਿਆ ਕਿ ਬਲਖ ਤੋਂ ਕਈ ਹਜਾਰ ਲੀ ਦੱਖਣ ਵਿੱਚ ਸ਼ਯਿਨਡੂ ਦੇਸ਼ ਹੈ। ਇੱਥੇ ਵੀ ਸ਼ਯਿਨਡੂ (ਸਿੰਧ), ਹੋਰ ਬਹੁਤ ਸਾਰੇ ਪੁਰਾਤਨ ਵੇਰਵਿਆਂ ਵਾਂਗ, ਸਿਰਫ਼ ਪੰਜਾਬ ਹੈ ਭਾਰਤ ਨਹੀਂ। ਜਿਸ ਦੀ ਰਾਜਧਾਨੀ ਸਿੰਧ ਦਰਿਆ ਉੱਤੇ ਹੈ। ਉੱਥੇ ਦੇ ਲੋਕ ਬਲਖ ਦੇ ਲੋਕਾਂ ਵਰਗੇ ਹੀ ਹਨ, ਉਸੇ ਤਰਾਂ ਦੀ ਖੇਤੀ ਕਰਦੇ ਹਨ। ਸ਼ਯਿਨਡੂ ਗਰਮ ਅਤੇ ਭੜ੍ਹਦਾ ਵਾਲਾ ਇਲਾਕਾ ਹੈ। ਉਹਨੇ ਲਿਖਿਆ ਕਿ ਸ਼ਯਿਨਡੂ ਦੇ ਲੋਕ ਜੰਗਜੂ ਹਨ ਅਤੇ ਯੁੱਧ ਵਿੱਚ ਹਾਥੀਆਂ ਨਾਲ ਉੱਤਰਦੇ ਹਨ। 

ਰਾਜਦੂਤ ਯੈਂਗ ਕੁਆਂਨ (Zhang Qian) ਵੱਲੋਂ ਪੰਜਾਬੀਆਂ ਅਤੇ ਬਲਖ ਦੇ ਲੋਕਾਂ ਦੀ ਦਿੱਤੀ ਸਮਾਨਤਾ ਧਿਆਨ ਮੰਗਦੀ ਹੈ। ਇਹ ਉਹ ਸਮਾਂ ਸੀ ਜਦੋਂ ਬਲਖ ਦੇ ਇਲਾਕੇ ਵਿੱਚ ਹਾਲੇ ਤੁਰਾਨੀ (ਤੁਰਕ) ਕਬੀਲੇ ਨਹੀਂ ਆਏ ਸਨ। ਓਧਰ ਦੇ ਲੋਕ ਅੱਜ ਨਾਲੋਂ ਵੱਖਰੇ ਸਨ। ਕੁਆਂਗ ਤੋਂ ਦੋ ਸੌ ਸਾਲ ਪਹਿਲਾਂ ਸਿਕੰਦਰ ਦੇ ਬਲਖ ਉੱਤੇ ਹਮਲੇ ਦੇ ਵਿਸਥਾਰ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਬਲਖ ਦੇ ਸੂਬੇਦਾਰ ਬੇਆਸ੍ਹ Bessus ਨਾਲ ਗੋਗਾਮੇਲਾ ਦੇ ਪ੍ਰਸਿੱਧ ਵਿੱਚ ਗਰੀਕਾਂ ਵਿਰੁੱਧ ਲੜਨ ਗਏ ਸਨ। ਬੇਆਸ੍ਹ ਨੇ ਗੋਗਾਮੇਲਾ ਹਾਰਨ ਤੋਂ ਬਾਅਦ ਬਲਖ ਤੇ ਸਮਰਕੰਦ ਦੇ ਇਲਾਕੇ ਵਿੱਚ ਸਿਕੰਦਰ ਖਿਲਾਫ਼ ਸੰਘਰਸ਼ ਜਾਰੀ ਰੱਖਿਆ। ਇਸੇ ਵਿਸਥਾਰ ਵਿੱਚੋਂ ਪਤਾ ਲੱਗਦਾ ਹੈ ਕਿ ਬੇਆਸ੍ਹ Bessus ਦੀ ਸਾਰੀ ਹਮਾਇਤ ਸਾਕਾ (Scythian) Massagetae (ਮਹਾਨ ਜੱਟ) ਕਬੀਲਾ ਸੀ। ਯੈਂਗ ਕੁਆਂਨ ਦੇ ਪੰਜਾਬੀਆਂ ਦੇ ਬਲਖ ਦੇ ਲੋਕਾਂ ਵਰਗੇ ਹੋਣ ਦਾ ਕਾਰਨ Massagetae ਕਬੀਲੇ ਦਾ ਉੱਤਰੀ ਪੰਜਾਬ ਤੋਂ ਕਜ਼ਾਕਿਸਤਾਨ ਤੱਕ ਫੈਲੇ ਹੋਣਾ ਵੀ ਹੋ ਸਕਦਾ ਹੈ। 

 (ਲੀ, Li was Chinese unit to measure distance) 

ਤੱਤਭਵ ਅਤੇ ਤੱਤਸਮ ਸ਼ਬਦਾਂ ਦੀ ਪਰਿਭਾਸ਼ਾ

 

https://factsanddetails.com/china/cat2/4sub8/entry-5445.html#chapter-7 

https://en.wikipedia.org/wiki/Zhang_Qian 

https://en.wikipedia.org/wiki/Bessus 

 

ਜੀਬੀਨ (ਉੱਤਰੀ ਪੰਜਾਬ)

ਉੱਤਰੀ ਪੰਜਾਬ ਲਈ ਜੀਬੀਨ ਨਾਂ ਬੋਧੀ ਸਾਹਿਤ ਵਿੱਚੋਂ ਮਿਲਦਾ ਹੈ। ਜੀਬੀਨ ਪੰਜਾਬ ਦੇ ਇੱਕ ਹਿੱਸੇ ਲਈ ਬੋਧੀ ਪ੍ਰਚਾਰਕਾਂ ਵੱਲੋਂ ਵਰਤਿਆ ਗਿਆ ਨਾਂ ਹੈ। ਪੰਜਾਬ ਦੇ ਲੋਕਾਂ ਦਾ ਇਸ ਦਾ ਸਿੱਧਾ ਸਬੰਧ ਨਹੀਂ। ਇਹ ਨਾਂ ਚੀਨ ਦੇ ਲੋਕਾਂ ਵੱਲੋਂ ਵੱਖ-ਵੱਖ ਥਾਂ ਦੇ ਬੋਧੀ ਭਿੱਖੂਆਂ ਵਿੱਚੋਂ ਪੰਜਾਬ ਦੇ ਭਿੱਖੂਆਂ ਨੂੰ ਅਲੱਗ ਪਹਿਚਾਣ ਦੇਣ ਲਈ ਵਰਤਿਆ ਜਾਂਦਾ ਰਿਹਾ ਹੈ। 

ਚੀਨ ਵਿੱਚ ਗੰਧਾਰੀ ਪ੍ਰਾਕ੍ਰਿਤ ਤੋਂ ਉਲਥਾ ਕੀਤੇ ਹੋਏ ਬੋਧੀ ਸਾਹਿਤ ਵਿੱਚ ਪੰਜਾਬ ਲਈ ਵਰਤਿਆ ਗਿਆ ਇੱਕ ਮਸ਼ਹੂਰ ਨਾਂ ਜੀਬੀਨ ਹੈ। ਜੀਬੀਨ ਦਾ ਇਲਾਕਾ ਤਖਸਿਲਾ, ਮਾਣਕੀਆਲ (ਰਾਵਲਪਿੰਡੀ) ਤੋਂ ਉੱਪਰ ਪਹਾੜਾਂ ਤੋਂ ਲੈ ਕੇ ਸਵਾਤ ਵਾਦੀ ਤੱਕ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। 

ਮਹਾਯਾਨ ਬੁੱਧਮੱਤ ਦਾ ਮਾਹਿਰ Charles Williemen ਇੱਕ ਮਹੱਤਵਪੂਰਣ ਤੱਥ ਦੱਸਦਾ ਹੈ ਕਿ ਈਸਾ ਤੋਂ ਬਾਅਦ ਤੀਜੀ ਚੌਥੀ ਸਦੀ ਤੱਕ ਚੀਨ ਜਾਣ ਵਾਲਾ ਬੋਧੀ ਸਾਹਿਤ ਪਾਲੀ ਜਾਂ ਸੰਸਕ੍ਰਿਤ ਵਿੱਚ ਨਹੀਂ ਸੀ। ਇੱਥੇ ਸੁਣੋ ਉਦੋਂ ਤੱਕ ਬੁੱਧ ਮੱਤ ਦੀ ਸੰਪਰਕ ਭਾਸ਼ਾ ਸਿਰਫ ਗੰਧਾਰੀ ਪ੍ਰਾਕ੍ਰਿਤ ਸੀ ਅਤੇ ਇਹ ਭਾਰਤੀ ਉਪਮਹਾਂਦੀਪ ਦੇ ਸਾਰੇ ਉੱਤਰ-ਪੱਛਮੀ ਇਲਾਕੇ ਦੇ ਲੋਕਾਂ ਦੀ ਬੋਲੀ ਵੀ ਸੀ। ਅੱਜ ਚੀਨੀ ਭਾਸ਼ਾ ਵਿੱਚ ਮਿਲਦੇ ਪੁਰਾਤਨ ਗ੍ਰੰਥਾਂ ਦੇ ਵਾਪਸ ਅਸਲ ਭਾਸ਼ਾ ਵਿੱਚ ਉਲਥਾ (reverse translation) ਕਰਨ ਤੋਂ ਪਤਾ ਲੱਗਦਾ ਕਿ ਉਹ ਗੰਧਾਰੀ ਪ੍ਰਾਕ੍ਰਿਤ ਵਿੱਚੋਂ ਚੀਨੀ ਵਿੱਚ ਉਲਥਾ ਕੀਤੇ ਗਏ ਸਨ। ਪ੍ਰਚੱਲਤ ਧਾਰਨਾ ਦੇ ਉਲਟ ਪਾਲੀ ਦੇ ਆਰਕੀਓਲੋਜੀਕਲ ਸਬੂਤ ਬਹੁਤ ਬਾਅਦ ਵਿੱਚ ਮਿਲਣੇ ਸ਼ੁਰੂ ਹੋਏ ਹਨ ਅਤੇ ਸ਼ੁਰੂਆਤੀ ਬੋਧੀ ਭਾਸ਼ਾ ਗੰਧਾਰੀ ਪ੍ਰਾਕ੍ਰਿਤ ਹੀ ਲੱਭਦੀ ਹੈ। ਪੰਜਾਬ ਵਿੱਚ ਦਿਵਾਨਪਿਆ ਰਾਜੇ (ਅਸੋਕ) ਅਤੇ ਕਨਿਸ਼ਕ ਦੇ ਸ਼ਿਲਾਲੇਖ ਵੀ ਗੰਧਾਰੀ ਪ੍ਰਾਕ੍ਰਿਤ ਵਿੱਚ ਹੀ ਹਨ। ਗੰਧਾਰੀ ਪ੍ਰਾਕ੍ਰਿਤ ਇੱਕ ਪੁਰਾਣੀ ਬੋਲੀ ਨੂੰ ਨਾਂ ਦਿੱਤਾ ਗਿਆ ਹੈ, ਜਿਸਦੇ ਰੂਪ ਹੀ ਪੰਜਾਬ ਦੀ ਪੁਰਾਤਨ ਬੋਲੀ ਰਹੇ ਹਨ। ਗੰਧਾਰੀ ਪੰਜਾਬੀ ਦੇ ਵਿਕਾਸ ਵਿੱਚ ਵੀ ਇੱਕ ਪੜਾਅ ਹੈ। ਦਿਵਾਨਪਿਆ ਰਾਜੇ (ਅਸੋਕ) ਦੇ ਗੰਧਾਰੀ ਪ੍ਰਾਕ੍ਰਿਤ ਵਿੱਚ ਸ਼ਹਿਬਾਜਗੜੀ ਸ਼ਿਲਾਲੇਖ ਵਿੱਚ ਠੇਠ ਪੰਜਾਬੀ ਸ਼ਬਦ ਡੂਡਾ (1.5), ਧੀ, ਅੱਠ ਆਦਿ ਸ਼ਬਦ ਮਿਲਦੇ ਹਨ। ਗੰਧਾਰੀ ਪ੍ਰਾਕ੍ਰਿਤ ਰਾਹੀਂ ਮਿਲਦੇ ਪੰਜਾਬੀ ਬੋਲੀ ਦੇ ਸਬੂਤ ਯਕੀਨਨ ਸੰਸਕ੍ਰਿਤ ਅਤੇ ਪਾਲੀ ਤੋਂ ਕਈ ਸਦੀਆਂ ਪੁਰਾਣੇ ਹਨ। 

ਜੀਬੀਨ ਨਾਂ ਵੀ ਪੁਰਾਤਨ ਬੋਧੀ ਗ੍ਰੰਥਾਂ ਵਿੱਚੋਂ ਪਤਾ ਲੱਗਦਾ ਹੈ। ਹਰ ਪੁਰਾਤਨ ਤੱਥ ਨਾਲ ਕਈ ਹੋਰ ਗੱਲਾਂ ਪਤਾ ਲੱਗ ਜਾਂਦੀਆਂ ਹਨ। ਜਿਵੇਂ ਪੰਜਾਬ ਦੀ ਬੋਲੀ ਗੰਧਾਰੀ ਪ੍ਰਾਕ੍ਰਿਤ ਹੀ ਬੁੱਧ ਧਰਮ ਫੈਲਾਉਣ ਦੀ ਭਾਸ਼ਾ ਸੀ ਅਤੇ ਚੀਨ ਵਿੱਚ ਬੁੱਧ ਧਰਮ ਲੈ ਕੇ ਜਾਣ ਵਿੱਚ ਪੰਜਾਬੀ ਬੁੱਧ ਭਿਖੂਆਂ ਦਾ ਵੱਡਾ ਹੱਥ ਸੀ। 

 

ਜੀਬੀਨ ਚੀਨੀ ਬੋਲੀ ਦੇ ਦੋ ਸ਼ਬਦਾਂ ਤੋਂ ਬਣਿਆ ਸੰਯੁਕਤ ਸ਼ਬਦ ਹੈ। ਜੀ ਦਾ ਅਰਥ ਹੈ ਕੱਪੜੇ ਦੀ ਬੁੱਕਲ਼ ਅਤੇ ਬੀਨ ਦਾ ਅਰਥ ਹੈ ਯਾਤਰੀ। ਮਤਲਬ ਕਿ ਜਿਸ ਇਲਾਕੇ ਵਿੱਚੋਂ ਕੱਪੜੇ ਦੀ ਬੁੱਕਲ਼ ਮਾਰ ਕੇ ਭਿੱਖੂ ਬੁੱਧਮੱਤ ਦਾ ਪ੍ਰਚਾਰ ਕਰਨ ਆਉਂਦੇ ਹਨ ਉਹ ਜੀਬੀਨ ਦੇਸ ਹੈ। ਇਸੇ ਤਰਜ ਉੱਤੇ ਪੰਜਾਬ ਦਾ ਪਹਿਲਾ ਨਾਂ ਮਲੂਹਾ ਵੀ ਮਲਾਹਾਂ ਤੋਂ ਬਣਿਆ ਸੀ।

ਪੰਜਾਬ ਦੀ ਭਾਸ਼ਾ ਸੰਸਕ੍ਰਿਤ ਜਾਂ ਪਾਲੀ ਨਹੀਂ ਗੰਧਾਰੀ ਸੀ (ਅੰਗਰੇਜ਼ੀ ਵਿੱਚ)

Charles Williemen full lecture: https://youtu.be/mO2qsxmJCBA 



ਉਦਿਹਾਣਾ

ਉਦਿਹਾਣਾ ਨਾਂ ਬੋਧੀ ਸਾਹਿਤ ਵਿੱਚ ਮਿਲਦਾ ਹੈ। ਇਹ ਪੰਜਾਬ ਦੇ ਰੋਪੜ ਤੋਂ ਸਵਾਤ ਵਾਦੀ ਤੱਕ ਦੇ ਪੰਜਾਬੀ ਨੀਂਵ ਪਹਾੜੀ ਇਲਾਕਿਆਂ ਲਈ ਵਰਤਿਆ ਗਿਆ ਸੀ। ਉਦਿਹਾਣਾ ਦਾ ਸ਼ਬਦੀ ਅਰਥ ਬਗੀਚਾ ਜਾਂ ਬਾਗ ਹੈ। ਵੱਖ ਵੱਖ ਲਿਖਤਾਂ ਤੋਂ ਉਦਿਹਾਣਾ ਵਿੱਚ ਕਸ਼ਮੀਰ, ਮਾਣਕੇਆਲ (ਰਾਵਲਪਿੰਡੀ ਕੋਲ), ਪਛੌਰ ਹੋਣ ਦਾ ਵੀ ਇਸ਼ਾਰਾ ਮਿਲਦਾ ਹੈ।

ਉੱਦਿਆਣਾ ਬੁੱਧਮੱਤ ਦਾ ਕੇਂਦਰ ਸੀ। ਪੰਜਵੀਂ ਸਦੀ ਵਿੱਚ ਇਸ ਦਾ ਜਿਕਰ ਫਾਇਯਾਨ ਨੇ ਕੀਤਾ ਹੈ। ਨੌਵੀਂ ਸਦੀ ਵਿੱਚ ਕੋਰੀਅਨ ਬੋਧ ਭਿੱਖੂ ਹੋਇਚੋ ਨੇ ਚਿਤਰਾਲ ਦਾ ਇਲਾਕਾ ਵੀ ਉੱਦਿਆਣਾ ਵਿੱਚ ਦੱਸਿਆ ਹੈ। ਅੱਠਵੀਂ ਸਦੀ ਤੋਂ ਗਿਆਂਰਵੀ ਸਦੀ ਤੱਕ ਪੰਜਾਬ ਦੇ ਕਈ ਹਿੱਸਿਆ ਉੱਤੇ ਰਾਜ ਕਰਨ ਵਾਲੇ ਹਿੰਦੂਸ਼ਾਹੀ ਜਾਂ ਕਾਬੁਲਸ਼ਾਹੀ ਰਾਜਿਆਂ ਦਾ ਇੱਕ ਨਾਂ ਉਦੀਸ਼ਾਹ ਜਾਂ ਓਦੀਸ਼ਾਹ ਵੀ ਹੈ। ਇਹ ਅੱਲ ਉੱਦਿਆਣਾ ਇਲਾਕੇ ਦੇ ਵਾਸੀ ਉਦੀ ਲੋਕਾਂ ਹੋਣ ਕਰਕੇ ਹੀ ਸੀ, ਜਿਵੇਂ ਮਾਲਵੇ ਦੇ ਵਾਸੀ ਮਲਵਈ ਕਹਾਉਦੇ ਨੇ। 

ਪਾਣਨੀ ਨੇ ਸੰਸਕ੍ਰਿਤ ਵਿੱਚ ਵੀ ਇਸ ਨਾਲ ਰਲਦਾ-ਮਿਲਦਾ ਉਦਿਚਿਆ ਨਾਂ ਵਰਤਿਆ ਹੈ। ਪਾਣਨੀ ਆਪ ਵੀ ਉਦਿਚਿਆ ਇਲਾਕੇ ਦਾ ਰਹਿਣ ਵਾਲਾ ਸੀ।

https://en.wikipedia.org/wiki/Oddiyana read for possible locations

 

ਪਸਾਚ

ਪਸਾਚ ਉੱਤਰ ਪੱਛਮੀ ਪੰਜਾਬ ਵਿੱਚ ਇੱਕ ਪੁਰਾਣਾ ਇਲਾਕਾ ਰਿਹਾ ਹੈ। ਭਾਰਤੀ ਖਿੱਤੇ ਦੀ ਲੋਕ-ਧਾਰਾ ਵਿੱਚ ਭੂਤ-ਪਸਾਚ ਕਰਕੇ ਜਾਣਿਆ ਜਾਂਦਾ ਪਸਾਚ ਵੀ ਇਹੀ ਹੈ। ਪਸਾਚੀ ਬੋਲੀ ਅਜੋਕੀ ਪੰਜਾਬੀ ਬੋਲੀ ਦੇ ਵਿਕਾਸ (evolution) ਵਿੱਚ ਇੱਕ ਪੜਾਅ ਹੈ। ਖਾਸ ਕਰਕੇ ਪੰਜਾਬੀ ਬੋਲੀ ਦੇ ਪੱਛਮੀ ਲਹਿਜੇ ਹਿੰਦਕੋ ਤੇ ਪੋਠੋਹਾਰੀ ਉੱਤੇ ਪਿਸਾਚੀ ਦਾ ਪ੍ਰਭਾਵ ਦੱਸਿਆ ਜਾਂਦਾ ਹੈ। ਪਸਾਚ ਦਾ ਬੁੱਧ ਸਾਹਿਤ ਵਿੱਚ ਵੀ ਜ਼ਿਕਰ ਆਉਂਦਾ ਹੈ। ਇੰਨਾਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਪਸਾਚ ਪੋਠੋਹਾਰ ਦੇ ਉੱਤਰ ਵਿੱਚ ਸੀ। ਪੁਰਾਣੇ ਖ਼ਿੱਤਿਆਂ ਦੀ ਪੱਕੀ ਹੱਦਬੰਦੀ ਨਹੀਂ ਹੁੰਦੀ। ਪੰਜਾਬ ਦਾ ਇਤਿਹਾਸ ਵੀ ਹਜ਼ਾਰਾਂ ਸਾਲ ਪੁਰਾਣਾ ਹੈ, ਲੰਬੇ ਸਮੇਂ ਵਿੱਚ ਲੋਕ ਵੀ ਅੱਗੇ ਪਿੱਛੇ ਚਲੇ ਜਾਂਦੇ ਹਨ ਅਤੇ ਲਿਖਣ ਵਾਲੇ ਦੀ ਸਮਝ ਅਨੁਸਾਰ ਵੀ ਫ਼ਰਕ ਪੈ ਜਾਂਦਾ ਹੈ। ਕਸ਼ਮੀਰ ਦਾ ਇਲਾਕਾ ਵੀ ਇਸ ਵਿੱਚ ਹੋ ਸਕਦਾ ਹੈ ਪਰ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਪਿਸਾਚ ਦੀ ਹੱਦਬੰਦੀ ਕੀ ਹੋਵੇਗੀ। 

ਸੰਸਕ੍ਰਿਤ ਸਾਹਿਤ ਵਿੱਚ ਮਦ੍ਹਰ, ਬਹੀਕ ਅਤੇ ਅ੍ਰਹੱਟ ਵਾਂਗ ਪਸਾਚ ਦੀ ਵੀ ਬਹੁਤ ਨਿੰਦਿਆ ਕੀਤੀ ਗਈ ਹੈ। ਸੰਸਕ੍ਰਿਤ ਅਤੇ ਪਾਲੀ ਵਿੱਚ ਭੂਤ ਅਤੇ ਪਸਾਚ ਇੱਕੋ ਜਿਹੇ ਹੀ ਹਨ। ਪਿਸਾਚੀ ਬੋਲੀ ਵੀ ਰਾਕਸ਼ਾ ਦੀ ਬੋਲੀ ਦੱਸੀ ਗਈ ਹੈ। ਗੰਗਾਵਾਦੀ ਵੱਲੋਂ ਹੋ ਰਹੀ ਨਿੰਦਿਆ ਦੇਖ ਕੇ ਲੱਗਦਾ ਕਿ ਇਹ ਵੀ ਪੰਜਾਬੀ ਲੋਕ ਹੀ ਹੋਣਗੇ। 




Ancient Panjab
About Author

Ancient Panjab

Panjab, home to one of the world’s oldest civilizations, holds a rich and fascinating history. As Panjabis, we are the true heirs of this legacy—uniquely connected to its culture, traditions, and artifacts. This website invites Panjabis to explore and engage in conversations about our shared past.