Ancient History of Punjab

ਪੰਜਾਬੀ ਬੋਲੀ ਦੀਆਂ ਪੁਰਾਤਨ ਜੜ੍ਹਾਂ

ਚੱਚੇ ਦੀ ਗਾਥਾ

ਭਾਰਤੀ ਉਪ-ਮਹਾਦੀਪ, ਦੱਖਣ-ਏਸ਼ੀਆ ਦੀ ਪਹਿਲੀ ਸੱਭਿਅਤਾ ਪੰਜਾਬ ਵਿੱਚ ਉਸਰੀ। ਹੁੱਣ ਤੱਕ ਦੀਆਂ ਲੱਭਤਾਂ ਵਿੱਚੋਂ ਰਾਵੀ ਕੰਢੇ ਵਸਿਆ ਹੜੱਪਾ ਸੱਭ ਤੋਂ ਪੁਰਾਣਾ ਸ਼ਹਿਰ ਹੈ। ਆਰੀਆ ਲੋਕ ਸੱਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਹੀ ਘੁਲੇ-ਮਿਲੇ, ਰਿਗਬੇਦ ਦੇ ਸਲੋਕਾਂ ਦਾ ਪਹਿਲਾ ਉਚਾਰਨ ਵੀ ਪੰਜਾਬ ਵਿੱਚ ਹੀ ਹੋਇਆ। ਰਿਗਬੇਦ ਵਿੱਚ ਪੰਜਾਬ ਇਨਾਂ ਭਾਰੂ ਹੈ ਕਿ ਜਮਨਾ ਦਰਿਆ ਦਾ ਸਿਰਫ ਦੋ ਵਾਰ ਅਤੇ ਗੰਗਾ ਦਾ ਸਿਰਫ ਇਕ ਵਾਰ ਵੇਰਵਾ ਆਇਆ ਹੈ। ਜਿਵੇਂ ਰਿੱਗਬੇਦਕ ਪ੍ਰੋਹਿਤਾਂ ਨੂੰ ਗੰਗਾ-ਜਮਨਾ ਦੁਆਬ ਦਾ ਪਤਾ ਹੀ ਨਾ ਹੋਵੇ। ਇਨਾਂ ਮਹੱਤਵਪੂਰਨ ਥਾਂ ਹੋਣ ਦੇ ਬਾਅਦ ਵੀ ਇਤਿਹਾਸ ਦੇ ਜਿਕਰ ਵਿੱਚੋਂ ਪੰਜਾਬ-ਪੰਜਾਬੀ ਬੋਲੀ ਬਾਹਰ ਹੀ ਰਹੇ ਹਨ। ਪੰਜਾਬ ਦੀ ਬੋਲੀ ਪੁਰਾਣੀਆਂ ਬੋਲੀਆਂ ਦੀ ਖੋਜ ਦਾ ਹਿੱਸਾ ਹੀ ਨਹੀਂ ਹੈ। ਪਰ, ੨੧ਵੀਂ ਸਦੀ ਵਿੱਚ, ਸਾਇੰਸ ਦੀ ਤਰੱਕੀ ਨਾਲ ਇਤਿਹਾਸ ਦੇ ਖੋਜਕਾਰਜਾਂ ਨੇ ਵੀ ਮੋੜ ਕੱਟਿਆ ਹੈ। ਮੂਲ ਆਰੀਆ ਬੋਲੀ (Proto Indo European) ਲੱਭਣ ਲਈ ਦੁਨੀਆਂ ਦੇ ਵੱਡੇ ਭਾਸ਼ਾ ਵਿਗਿਆਨੀ ਸਿਰ ਜੋੜ ਕੇ ਕੰਮ ਕਰ ਰਹੇ ਹਨ। ਮਹਾਂ-ਕੰਮਪਿਊਟਰ (Supercomputer) ਦੀ ਮੱਦਦ ਨਾਲ ਆਰੀਆਵਾਂ ਦੇ ਦੁਨੀਆਂ ਵਿੱਚ ਫੈਲਣ ਤੋਂ ਪਹਿਲਾਂ ਵਾਲੀ ਮੂਲ ਆਰੀਆ ਬੋਲੀ (PIE) ਲੱਭੀ ਜਾ ਰਹੀ ਹੈ। PIE ਦੀ ਖੋਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰੇਮੀਆਂ ਲਈ ਵਰਦਾਨ ਤੋਂ ਘੱਟ ਨਹੀਂ। ਇਸ ਖੋਜ ਵਿੱਚੋਂ ਸਾਨੂੰ ਆਰੀਆਵਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਬੋਲੀ ਜਾਣ ਵਾਲੀ ਬੋਲੀ ਵਾਰੇ, ਮਿਥਿਹਾਸ ਤੋਂ ਪਰੇ, ਵਿਗਿਆਨਕ ਜਾਣਕਾਰੀ ਮਿਲਦੀ ਹੈ। ਸਾਨੂੰ ਪਤਾ ਲੱਗਦਾ ਕਿ ਸੰਸਕ੍ਰਿਤ (ਬੇਦਕ, ਕਲਾਸੀਕਲ) ਤੋਂ ਪੰਜਾਬੀ ਸ਼ੁਰੂ ਨਹੀਂ ਹੁੰਦੀ। ਪੰਜਾਬੀ ਦੀਆਂ ਜੜਾਂ ਉਸ ਤੋਂ ਵੀ ਪੁਰਾਣੀਆਂ, ਹੜੱਪਾ ਵਾਲੇ ਪੰਜਾਬ ਵਿੱਚ ਹਨ। ਸੰਸਕ੍ਰਿਤ (ਬੇਦਕ, ਕਲਾਸੀਕਲ) ਫਾਰਸੀ, ਅੰਗਰੇਜੀ ਵਾਂਗ ਪੰਜਾਬੀ ਵਿੱਚ ਰਲਣ ਵਾਲੀ ਇੱਕ ਬੋਲੀ ਹੈ ਨਾ ਕਿ ਸ਼ੁਰੂਆਤ ਜਾਂ ਮਾਂ।

ਪੰਜਾਬੀ ਦੇ ਦੋ ਲੱਜਪਾਲ ਪੁੱਤਾਂ ਨੇ ਪੰਜਾਬੀ ਦੀ ਪੁਰਾਤਨਤਾ ਨੂੰ ਆਪਣੇ ਸ਼ਬਦਾਂ ਵਿੱਚ ਇਵੇਂ ਦੱਸਿਆਃ

ਸੋਹਣ ਸਿੰਘ ਜੋਸ਼: “ਭਾਸ਼ਾਈ ਵਿਰਤਾਂਤ ਪੜ ਕੇ ਇਵੇਂ ਲੱਗਦਾ ਕਿ ਜਿਵੇਂ ਪੰਜਾਬ ਵਿੱਚ ਬੋਲੀਆਂ ਦੀ ਫੈਕਟਰੀ ਲੱਗੀ ਹੋਵੇ। ਦੱਸਦੇ ਨੇ ਕਿ ਹਰੇਕ ਦੋ-ਚਾਰ ਸੌ ਸਾਲ ਬਾਅਦ ਨਵੀਂ ਬੋਲੀ ਆ ਗਈ”।

ਜੋਸ਼ ਸਾਹਿਬ ਦਾ ਮਤਲਬ ਹੈ ਕਿ ਹੜੱਪਾ ਸੱਭਿਅਤਾ ਤੋਂ ਪੰਜਾਬੀ ਭਾਸ਼ਾ ਦੇ ਹੋ ਰਹੇ ਵਿਕਾਸ (Evolution) ਨੂੰ ਮੰਨਣ ਦੀ ਥਾਂ ਵੱਖ-ਵੱਖ ਨਾਂ ਦੇ ਕੇ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਇਹ ਨਵੀਆਂ ਬੋਲੀਆਂ ਹਨ। ਜਿਵੇਂ ਪਹਿਲਾਂ ਸੰਸਕ੍ਰਿਤ ਸੀ, ਫੇਰ ਪਾਲੀ, ਫੇਰ ਪ੍ਰਾਕ੍ਰਿਤ ਆ ਗਈ, ਫੇਰ ਅੱਪਭ੍ਰੰਸ਼ ਅਤੇ ਅੰਤ ਵਿੱਚ ਪੰਜਾਬੀ ਪ੍ਰਗਟ ਹੋ ਗਈ। ਜਦੋਂ ਕਿ ਅਸਲ ਵਿੱਚ ਪੰਜਾਬੀ ਦਾ ਵਿਕਾਸ ਹੋ ਰਿਹਾ ਸੀ, ਨਾ ਕਿ ਨਵੀਆਂ ਬੋਲੀਆਂ ਬਣ ਰਹੀਆਂ ਸਨ।  ਬੋਲੀ ਬਦਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਿਕਸਿਤ ਭਾਸ਼ਾ ਨਵੀਂ ਜੰਮੀ ਹੈ। ਅਸਲ ਵਿੱਚ ਵਿਕਸਿਤ ਬੋਲੀ ਪੁਰਾਣੀ ਦਾ ਹੀ ਨਵੀਆਂ ਜਰੂਰਤਾਂ ਪੂਰੀਆਂ ਕਰਨ ਵਾਲਾ ਰੂਪ ਹੁੰਦਾ ਹੈ।

ਡਾ. ਮੰਨਜੂਰ ਇਜਾਜ: ਸੰਸਕ੍ਰਿਤ ਨੂੰ ਪੰਜਾਬੀ ਦਾ ਮੂਲ ਕਹਿਣਾ ਆਦਮ-ਹੱਬਾ (Adam and Eve) ਦੇ creationism ਦੇ ਗੈਰ-ਵਿਗਿਆਨਕ ਸਿਧਾਂਤ ਵਾਂਗ ਹੈ। 

ਇਜਾਜ਼ ਸਾਹਿਬ ਦਾ ਮਤਲਬ ਹੈ ਕਿ ਜਿਵੇਂ ਕੁੱਝ ਮੱਤ ਮੰਨਦੇ ਨੇ ਕਿ ਆਦਮ ਤੇ ਹੱਬਾ (Adam & Eve) ਤੋਂ ਪਹਿਲਾਂ ਕੋਈ ਇਨਸਾਨ ਨਹੀਂ ਸੀ, ਅਤੇ ਫੇਰ ਆਦਮ-ਹੱਬਾ ਦੇ ਜੋੜੇ ਤੋਂ ਬਾਅਦ ਯੱਕਦਮ ਮਨੁੱਖਤਾ ਸ਼ੁਰੂ ਹੋ ਗਈ। ਉਸੇ ਤਰ੍ਹਾਂ ਦਾ ਹੀ ਸੰਸਕ੍ਰਿਤ ਸਾਰੀਆਂ ਬੋਲੀਆਂ ਦੀ ਮਾਂ ਹੋਣ ਵਾਲੀ ਦਲੀਲ ਹੈ। ਮਤਲਬ ਨਿਕਲਦਾ ਹੈ ਕਿ ਆਰੀਆਵਾਂ ਵੱਲੋਂ ਸੰਸਕ੍ਰਿਤ ਲਿਆਉਣ ਤੋਂ ਪਹਿਲਾਂ ਪੰਜਾਬ ਵਿੱਚ ਕੋਈ ਬੋਲੀ ਹੀ ਨਹੀਂ ਸੀ, ਅਤੇ ਪੁਰਾਤਨ ਪੰਜਾਬੀਆਂ ਨੇ ਪਹਿਲੀ ਵਾਰ ਬੇਦਕ (ਸੰਸਕ੍ਰਿਤ) ਹੀ ਬੋਲੀ, ਜਾਂ ਆਪਣੀ ਪੁਰਾਣੀ ਬੋਲੀ ਰਾਤੋ-ਰਾਤ ਬਿਲਕੁਲ ਭੁੱਲ ਗਏ ਅਤੇ ਸਾਰੇ ਨਵੀਂ ਬੋਲੀ ਬੋਲਣ ਲੱਗ ਪਏ। ਥੇਹਾਂ ਵਿਚਲੇ ਪਦਾਰਥੀ ਸੱਭਿਆਚਾਰ ਤੋਂ ਪਤਾ ਲੱਗਦਾ ਕਿ ਪੰਜਾਬੀ ਹੜੱਪਾ ਵਾਲੇ ਘੜੇ ਬਣਾਉਣੇ ਨਹੀਂ ਭੁੱਲੇ, ਚੁੱਲੇ-ਚੌਂਕੇ, ਓਟੇ, ਤੰਦੂਰ, ਹਾਰੇ, ਘੁਗੂ-ਘੋੜੇ ਬਣਾਉਣੇ ਨਹੀਂ ਭੁੱਲੇ, ਪਿੱਠੂ ਵਰਗੀ ਖੇਡ ਨਹੀਂ ਭੁੱਲੇ; ਪਰ ਬੋਲੀ ਭੁੱਲ ਗਏ। ਸਾਨੂੰ ਇਹ ਤੱਕ ਨਹੀਂ ਸਮਝਾਇਆ ਜਾਂਦਾ ਕਿ ਬੇਦਕ ਬੋਲੀ ਸਾਹਿਤਕ ਸੰਸਕ੍ਰਿਤ (classical Sanskrit) ਨਾਲੋਂ ਵੱਖਰੀ ਬੋਲੀ ਹੈ। ਅੱਜ ਦੀ ਪੰਜਾਬੀ ਭਾਸ਼ਾ ਪ੍ਰਾਚੀਨ ਗਰੀਕ, ਪ੍ਰਾਚੀਨ ਫ਼ਾਰਸੀ ਅਤੇ ਤੁਰਕੀ ਵਿੱਚ ਲੱਭੀ ਮਿਤਾਨੀ ਬੋਲੀ ਤੋਂ ਉਨੀਂ ਹੀ ਦੂਰ ਹੈ ਜਿੰਨੀ ਬੇਦਕ ਤੋਂ।

ਅਜੋਕੀ ਭਾਸ਼ਾ ਖੋਜ ਦਾ ਸੰਖੇਪ

ਹੜੱਪਾ ਦੀ ਬੋਲੀ ਸਬੂਤਾਂ ਦੀ ਘਾਟ ਕਰਕੇ ਸਾਬਤ ਨਹੀਂ ਕੀਤੀ ਜਾ ਸਕਦੀ ਕਿ ਕੀ ਹੋਵੇਗੀ। ਇਸੇ ਤਰ੍ਹਾਂ ਹੀ ਮੂਲ (ਸ਼ੁਰੂਆਤੀ) ਆਰੀਆਈ ਬੋਲੀ (PIE, proto Indo-European) ਦੇ ਵੀ ਸਬੂਤ ਨਹੀਂ ਹਨ। ਪਰ ਮਾਹਰਾਂ ਨੇ ਇਸ ਦਾ ਹੀਲਾ ਤੁਲਣਾਤਮਕ ਭਾਸ਼ਾ-ਵਿਗਿਆਨ (comparative method) ਨਾਲ ਲੱਭਿਆ ਹੈ। ਜਿਸ ਵਿੱਚ ਉਹ ਵੱਖ-ਵੱਖ ਅਜੋਕੀਆਂ ਇੰਡੋ-ਯੂਰਪੀ (ਆਰੀਆਈ) ਬੋਲੀਆਂ ਦੀ ਤੁਲਣਾ ਕਰਦੇ ਹਨ ਅਤੇ ਦੇਖਦੇ ਹਨ ਕਿ ਕਿੰਨ੍ਹਾਂ ਬੋਲੀਆਂ ਵਿੱਚ ਕਿਹੜੀਆਂ ਨਿਵੇਕਲੀਆਂ ਧੁੰਨਾਂ ਹਨ ਜਾਂ ਕਿਹੜੇ ਸਾਂਝੇ ਸ਼ਬਦ ਅਤੇ ਗਰਾਮਰ ਸਾਂਝੀ ਹੈ। ਫੇਰ ਉੱਨਾਂ ਸ਼ਬਦਾਂ ਦੇ ਮੂਲ (etymological root) ਵਿੱਚੋਂ ਅੰਦਾਜ਼ਾ ਲੱਗ ਜਾਂਦਾ ਹੈ ਕਿਹੜੀ-ਕਿਹੜੀ ਭਾਸ਼ਾਈ ਵੰਨਗੀ ਆਰੀਆਈ ਲੋਕ ਆਪਣੇ ਨਾਲ ਲੈ ਕੇ ਤੁਰੇ ਸਨ ਅਤੇ ਬਾਅਦ ਵਿੱਚ ਕਿਸ ਇਲਾਕੇ ਵਿੱਚੋਂ ਕਿਹੜੀਆਂ ਧੁੰਨਾਂ ਨਾਲ ਰਲਾਈਆਂ ਗਈਆਂ। ਬਾਅਦ ਵਿੱਚ ਰਲੀਆਂ ਭਾਸ਼ਾਈ ਵੰਨਗੀਆਂ ਫੇਰ ਅੱਗੇ ਕਿੱਥੇ ਕਿੱਥੇ ਤੱਕ ਫੈਲੀਆਂ। ਇਸ ਖੋਜ ਸਬੰਧੀ ਸਮੇਂ ਸਮੇਂ ਤੇ Proto Indo European, PIE ਨਾਂ ਹੇਠ ਪਰਚੇ ਛਪਦੇ ਰਹਿੰਦੇ ਹਨ। ਇਸ ਖੋਜ ਵਿੱਚ ਪੰਜਾਬੀ ਦੇ ਮੁਲਤਾਨੀ ਅਤੇ ਮਾਝੀ ਦੋ ਲਹਿਜੇ ਵੀ ਸ਼ਾਮਲ ਹਨ। ਮਾਹਰਾਂ ਨੇ ਪੰਜਾਬੀ ਵਿੱਚੋਂ ਹਿੰਦ-ਯੂਰਪੀ (Indo-European) ਬੋਲੀ ਵਿੱਚ ਰਲੇ ਪੱਖ ਨਿਤਾਰੇ ਹਨ ਤਾਂ ਕਿ ਮੂਲ ਹਿੰਦ-ਯੂਰਪੀ (PIE) ਭਾਸ਼ਾ ਲੱਭੀ ਜਾ ਸਕੇ। ਇਸ ਦਾ ਉਲ਼ਟਾ ਅਰਥ ਇਹ ਹੈ ਕਿ ਉੱਨਾਂ ਨੇ ਜਿਹੜੇ ਤੱਥ ਮੂਲ ਆਰੀਆਈ ਬੋਲੀ ਲੱਭਣ ਲਈ ਬਾਹਰ ਕੀਤੇ ਹਨ, ਉਹ ਜੇਂਦ ਅਵੇਸਤਾ ਅਤੇ ਰਿੱਗ ਬੇਦਕ ਕਬੀਲਿਆਂ ਦੇ ਪ੍ਰਵਾਸ ਤੋਂ ਪਹਿਲਾਂ ਪੰਜਾਬ ਵਿੱਚ ਮੌਜੂਦ ਹੋਣਗੇ। ਉਹ ਯਕੀਨਨ ਹੜੱਪਾ ਵੇਲੇ ਦੀ ਬੋਲੀ ਹੋਵੇਗੀ। ਇਸ ਦਾ ਇੱਕ ਅਰਥ ਇਹ ਵੀ ਹੈ ਕਿ ਆਰੀਆ ਬੋਲੀ (ਬੇਦਕ ਸੰਸਕ੍ਰਿਤ) ਪੰਜਾਬੀ ਦੀ ਮਾਂ ਨਹੀਂ ਸਗੋਂ ਗਰੀਕ, ਫਾਰਸੀ, ਅਰਬੀ ਤੇ ਅੰਗਰੇਜ਼ੀ ਵਾਂਗ ਪੰਜਾਬੀ ਦੇ ਕਿਸੇ ਪੁਰਾਤਨ ਰੂਪ ਵਿੱਚ ਰਲਣ ਵਾਲੀ ਭਾਸ਼ਾ ਹੈ। ਜਿਵੇਂ ਅੱਜ ਅਨੇਕਾਂ ਗ਼ੈਰ-ਫ਼ਾਰਸੀ ਸ਼ਬਦਾਂ ਦੀ ਮੌਜੂਦਗੀ ਵਿੱਚ ਕੇਵਲ ਮੱਧ-ਫ਼ਾਰਸੀ ਦੇ ਕੁੱਝ ਸ਼ਬਦ ਦਿਖਾ ਕੇ ਕੋਈ ਕਹੇ ਕਿ ਪੰਜਾਬੀ ਦੀ ਮਾਂ ਫਾਰਸੀ ਬੋਲੀ ਹੈ। 

ਧਿਆਨ ਰੱਖਣਯੋਗ ਗੱਲਾਂ:

  • ਬੇਦਕ ਭਾਸ਼ਾ ਤੋਂ ਭਾਵ ਦੇਵ ਉਪਾਸ਼ਕ ਆਰੀਆਵਾਂ ਦੇ ਬੇਦਾਂ ਦੀ ਬੋਲੀ ਹੈ।

  • ਆਵੇਸਤਾਈ ਤੋਂ ਭਾਵ ਅਸੁਰ ਉਪਾਸ਼ਕ ਆਰੀਆਵਾਂ ਦੇ ਗ੍ਰੰਥ ਜੇਂਦ ਅਵੇਸਤਾ ਦੀ ਬੋਲੀ ਹੈ।

  • ਧਿਆਨ ਦੇਣ ਵਾਲਾ ਨੁਕਤਾ ਹੈ ਕਿ ਬੇਦਕ ਅਤੇ ਅਵੇਸਤਾਈ ਦੋਵੇਂ ਇਕੋ ਹੀ ਅਲੋਪ ਹੋ ਚੁੱਕੀ ਬੋਲੀ ਦੇ  ਲਹਿਜੇ ਹਨ। ਜਿਵੇਂ ਮਾਝੀ ਤੇ ਮਲਵਈ ਪੰਜਾਬੀ ਦੇ ਲਹਿਜੇ ਹਨ। ਬੇਦਾਂ ਅਤੇ ਜੇਂਦ-ਅਵੇਸਤਾ ਵਾਲੇ ਲੋਕ ਪੰਜਾਬ ਵਾਰੇ ਜਾਣੂ ਸਨ। ਆਰੀਆ ਕਬੀਲਿਆਂ ਨੇ ਪੰਜਾਬ ਵਿੱਚ ਅੰਦਾਜਨ 3800 ਸਾਲ ਪਹਿਲਾਂ ਆਉਣਾ ਸ਼ੁਰੂ ਕੀਤਾ ਅਤੇ ਉਨਾਂ ਨਾਲ ਹੀ ਪੰਜਾਬ ਵਿੱਚ ਨਵੀਂ ਬੋਲੀ ਆਈ, ਜਿਸ ਨੂੰ ਬੇਦਕ ਸੰਸਕ੍ਰਿਤ ਕਹਿੰਦੇ ਹਨ।

  • ਸੰਸਕ੍ਰਿਤ ਦੇ ਕਈ ਰੂਪ ਹਨ। ਸੱਭ ਤੋਂ ਪਹਿਲੀ ਨੂੰ ਬੇਦੀ ਜਾਂ ਬੇਦਕ ਕਹਿੰਦੇ ਹਨ। ਉਸ ਤੋਂ ਬਾਅਦ ਵਾਲੇ ਵਿਕਸਿਤ ਰੂਪ ਨੂੰ ਕਲਾਸੀਕਲ (ਸਾਹਿਤਕ) ਸੰਸਕ੍ਰਿਤ ਆਖਦੇ ਹਨ। ਆਖ਼ਰ ਵਿੱਚ ਦੇਵਨਾਗਰੀ ਲਿੱਪੀ ਵਿੱਚ ਲਿਖੀ ਜਾਣ ਵਾਲੀ ਅਜੋਕੀ ਸੰਸਕ੍ਰਿਤ ਹੈ। ਇਸ ਤੋਂ ਬਿਨਾਂ ਇਕ ਬੋਧੀ ਮਿਸ਼ਰਤ ਸੰਸਕ੍ਰਿਤ ਵੀ ਹੈ, ਚੌਥੀ ਸਦੀ ਤੋਂ ਬਾਅਦ ਜਿਸ ਵਿੱਚ ਬੋਧੀ ਸਾਹਿਤ ਰਚਿਆ ਅਤੇ ਕੰਧਾਰੀ ਪ੍ਰਾਕ੍ਰਿਤ ਵਾਲਾ ਪੁਰਾਣਾ ਉਲਥਾ ਕੀਤਾ ਗਿਆ।

ਪੰਜਾਬੀ ਭਾਸ਼ਾ ਵਿੱਚ ਬਹੁਤ ਨੁਕਤੇ ਹਨ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਪੰਜਾਬੀ ਬੋਲੀ ਦੀਆਂ ਜੜ੍ਹਾਂ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਹੜੱਪਾ ਵਾਲੀ ਬੋਲੀ ਵਿੱਚ ਹਨ। ਆਰੀਆਵਾਂ ਦੀ ਬੇਦਕ ਅਤੇ ਅਵੇਸਤਾਈ ਬੋਲੀ ਪੰਜਾਬੀ ਵਿੱਚ ਆ ਕੇ ਰਲ਼ੀ ਹੈ, ਨਾ ਕਿ ਪੰਜਾਬੀ ਦਾ ਮੁੱਢ ਹੈ। ਬਾਅਦ ਵਿੱਚ ਹੋਰ ਇੰਡੋ-ਯੂਰਪੀਅਨ IE ਬੋਲੀਆਂ ਵੀ ਰਲੀਆਂ ਜਿਨਾਂ ਵਿੱਚ ਗਰੀਕ, ਪਿਹਲਵੀ, ਫ਼ਾਰਸੀ, ਅਤੇ ਅੰਗਰੇਜ਼ੀ ਮੁੱਖ ਹਨ। ਪੰਜਾਬੀ ਦਾ ਮੁੱਢ ਹੜੱਪਾ ਵਾਲਾ ਹੋਣ ਕਰਕੇ ਅੱਜ ਵੀ ਪੰਜਾਬੀ ਸੰਸਕ੍ਰਿਤ ਨਾਲੋਂ ਵੱਖਰੀ ਹੈ। 

ਭਾਸ਼ਾ ਮਾਹਰਾਂ ਨੂੰ ਬਹੁਤ ਪਹਿਲਾਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬੀ ਬੋਲੀ ਦੀਆਂ ਟਵਰਗ ਧੁੰਨਾਂ (ਟ, ਠ, ਡ, ਢ, ਣ) ਦੀਆਂ ਆਵਾਜ਼ਾਂ ਆਰੀਆਈ-ਬੇਦਕ-ਸੰਸਕ੍ਰਿਤ ਜਾਂ ਇੰਡੋ-ਯੂਰਪੀਅਨ IE, PIE ਨਹੀਂ ਹਨ।  ਬੇਦਕ ਅਤੇ ਈਰਾਨੀ ਅਵੇਸਤਾ ਬੋਲੀ ਵਿੱਚ ਇਹ ਧੁੰਨਾਂ ਪੰਜਾਬੀ ਦੇ ਪੁਰਾਤਨ ਰੂਪ ਵਿੱਚੋਂ ਗਈਆਂ ਹਨ। ਆਪਾਂ ਇੱਥੇ ਘੱਟ ਜਾਣੇ ਜਾਣ ਵਾਲੇ ਪੱਖ ‘ਚ’ ਚੱਚਾ (ch, च) ਧੁੰਨ ਦੀ ਗੱਲ ਕਰਾਂਗੇ। ਸਾਰੇ ਮਾਹਰ ਇੱਕ ਮੱਤ ਹਨ ਕਿ ਟਵਰਗ (retroflex) ਟ ਠ ਡ ਢ ਣ ਵਾਂਗ ਚੱਚਾ ਧੁੰਨ ਅਤੇ ਇਸ ਤੋਂ ਸ਼ੁਰੂ ਹੁੰਦੇ ਸ਼ਬਦਾਂ ਦਾ ਮੂਲ ਇੰਡੋ-ਯੂਰਪੀ (Proto Indo European) ਨਾਲ ਸਬੰਧ ਨਹੀਂ। ਖ਼ਾਸ ਹੈ ਕਿ ਭਾਸ਼ਾਈ ਧੁੰਨ ਚੱਚਾ ਦਾ ਮੂਲ ਪੰਜਾਬ ਜਾਂ ਸਿੰਧ ਵਾਦੀ (ਹੜੱਪਾ) ਹੈ, ਹੋਰ ਕੋਈ ਥਾਂ ਵੀ ਨਹੀਂ।

ਟਵਰਗ ਨਾਲੋ ਚਵਰਗ ਦਾ ਮਸਲਾ ਥੋੜਾ ਗੁੰਝਲਦਾਰ ਹੈ। ਚ, ਛ, ਜ, ਝ, ਞ ਵਿੱਚੋਂ ਚ, ਛ, ਝ ਧੁੰਨਾ ਮੂਲ ਇੰਡੋ-ਆਰੀਆਈ ਨਹੀਂ ਹਨ। ‘ਛ’ ਛੱਛਾ ਵਾਰੇ ਕਿਹਾ ਜਾਂਦਾ ਹੈ ਕਿ ਸ਼ੁਰੂ ਵਿੱਚ ਇਸ ਧੁੰਨ ਦੀ ਚੱਚੇ ‘ਚ’ ਦੀ ਥਾਂ ਹੀ ਵਰਤੋਂ ਹੋਣੀ ਸ਼ੁਰੂ ਹੋਈ ਹੋਵੇਗੀ। ਜਿਵੇਂ ਪੁਰਾਤਨ ਬੋਲੀਆਂ ਵਿੱਚ ਮਲੇਸ਼ ਅਤੇ ਮਲੇਚ ਦੋਵੇਂ ਮਿਲ ਜਾਂਦੇ ਹਨ। ਬੇਦਕ ਭਾਸ਼ਾ ਤੋਂ ਬਿਨਾਂ ਇੰਡੋ ਯੂਰਪੀ ਭਾਸ਼ਾ ਦੇ ਕਿਸੇ ਹੋਰ ਪੁਰਾਤਨ ਨਮੂਨੇ ਵਿੱਚ ਚੱਚਾ ਨਹੀਂ ਹੈ। ਗਰੀਕ ਭਾਸ਼ਾ ਵਿੱਚ ਈਸਾ ਤੋਂ ਬਾਅਦ ਤੱਕ ਚੱਚਾ ‘ਕ’ ḱ ਨਾਲ ਲਿਖਿਆ ਜਾਂਦਾ ਰਿਹਾ ਹੈ। ਸਾਹਿਤਕ ਸੰਸਕ੍ਰਿਤ ਵਿੱਚ ਛ ś ਅਤੇ ਚੱਚਾ ch ਦੋਵੇਂ ਹਨ, ਕਿਉਂਕਿ ਸਾਹਿਤਕ ਸੰਸਕ੍ਰਿਤ ਪੰਜਾਬੀ ਦੇ ਕਿਸੇ ਪੁਰਾਤਨ ਰੂਪ ਨਾਲ ਬੇਦਕ, ਅਵੇਸਤਾਈ ਬੋਲੀ ਦੇ ਹਜਾਰ ਸਾਲ ਦੇ ਕਰੀਬ ਰਲਣ-ਮਿਲਣ ਤੋਂ ਬਾਅਦ ਹੋਂਦ ਵਿੱਚ ਆਈ। ਇਨੇ ਲੰਬੇ ਅਰਸੇ ਵਿੱਚ ਪੰਜਾਬੀ ਅਤੇ ਆਰੀਆਈ ਭਾਸ਼ਾਵਾਂ ਨੇ ਇਕ ਦੂਜੇ ਨੂੰ ਬਹੁਤ ਪ੍ਰਭਾਵਤ ਕੀਤਾ। 

ਈਰਾਨੀ ਅਵੇਸਤਾਈ ਭਾਸ਼ਾ ਵਿੱਚ ਚੱਚਾ ਦੀ ਥਾਂ ਛ š ਅਤੇ ਸ਼ s ਬਣਿਆ। ਪੰਜਾਬ ਲਈ ਅਵੇਸਤਾਈ ਅਤੇ ਰਿੱਗਬੇਦਕ ਕਬੀਲੇ ਇੱਕੋ ਵਿੱਥ ਉੱਤੇ ਹੀ ਹਨ। ਪੰਜਾਬ ਦਾ ਜਿੰਨਾਂ ਕੁ ਜ਼ਿਕਰ ਰਿੱਗਬੇਦ ਵਿੱਚ ਮਿਲਦਾ ਉਨਾਂ ਹੀ ਅਸੁਰ ਯਰਧੂਸ਼ਟਰੀ ਦੇ ਮਾਜਦਾਈਨ (Zoroastrian) ਪਾਰਸੀ ਧਰਮ ਗ੍ਰੰਥ ਅਵੇਸਤਾ ਵਿੱਚ ਵੀ ਮਿਲਦਾ ਹੈ। ਪਾਰਸੀ Persian ਵਿਚਾਰਧਾਰਕ ਲੋਕਾਂ ਦੀ ਪੰਜਾਬ ਵਿੱਚ ਮੌਜੂਦਗੀ ਦੇ ਸਬੂਤ ਦਸਤਾਵੇਜੀ ਇਤਿਹਾਸ ਦੇ ਪਹਿਲੇ ਸਾਲਾਂ ਤੋਂ ਹੀ ਮਿਲਦੇ ਹਨ। 2500 ਸਾਲ ਪਹਿਲਾਂ ਪੰਜਾਬ ਦਾ ਈਰਾਨੀ ਰਾਜੇ ਆਪਣੇ ਸ਼ਾਹੀ ਫਰਮਾਨਾ ਵਾਲੇ ਸ਼ਿਲਾਲੇਖਾਂ ਵਿੱਚ ਕਰਦੇ ਹਨ। ਪਾਰਸੀ (Zoroastrian) ਧਰਮੀ ਕਿਤਾਬ ਜੇਂਦ ਅਵੇਸਤਾ ਵਿੱਚ ਪੰਜਾਬ ਦਾ 16 ਰੱਬੀ ਬਖਸ਼ਿਸ਼ਾਂ ਵਾਲੀਆਂ ਥਾਂਵਾਂ ਵਿੱਚ ਜ਼ਿਕਰ ਹੈ। ਜੇਂਦ ਅਵੇਸਤਾ ਪੰਜਾਬ ਨੂੰ ਪਾਰਸੀ- ਅਸੁਰ ਆਰੀਆਈ ਧਰਤੀ ਮੰਨਦੀ ਹੈ। ਇਹ ਗ੍ਰੰਥ ਰਿੱਗਬੇਦ ਦੇ ਬਰਾਬਰ ਦਾ ਅਤੇ ਉਸੇ ਭਾਸ਼ਾ ਦੇ ਹੀ ਵੱਖਰੇ ਲਹਿਜੇ ਵਿੱਚ ਹੈ। ਅਵੇਸਤਾ ਵਿੱਚ ਚੱਚੇ ਚ ਤੋਂ ਇੱਕ ਵੀ ਸ਼ਬਦ ਨਹੀਂ ਹੈ। ਪ੍ਰਾਚੀਨ ਗਰੀਕ, ਮਿਤਾਨੀ ਵਿੱਚ ਵੀ ਚੱਚਾ Ch, ਚ ਨਹੀਂ ਹੈ। ਇੱਥੇ ਤੱਕ ਕਿ ਪਹਿਲੀ ਦੂਜੀ ਸਦੀ ਤੱਕ ਗਰੀਕ ਵਿੱਚ ਚੱਚੇ ਵਾਲੇ ਸ਼ਬਦ ਕ K ਨਾਲ ਲਿਖੇ ਜਾਂਦੇ ਰਹੇ ਨੇ। 

ਸੰਸਕ੍ਰਿਤ ਸਾਹਿਤ ਦੀ ਉਮਰ ਦੇਖਣ ਲਈ ਉਸ ਵਿੱਚ ਆਉਣ ਵਾਲੇ ਟਵਰਗ ਧੁੰਨਾਂ (ਟ, ਠ, ਡ, ਢ, ਣ) ਅਤੇ ਚਵਰਗ (ਚ, ਛ, ਜ, ਝ, ਞ) ਦੀ ਗਿਣਤੀ ਕੀਤੀ ਜਾਂਦੀ ਹੈ। ਜਿੰਨਾਂ ਸਲੋਕਾਂ ਵਿੱਚ ਟਵਰਗ ਤੇ ਚਵਰਗ ਨਹੀਂ ਹੈ ਉਹ ਪੁਰਾਣੇ ਮੰਨੇ ਜਾਂਦੇ ਹਨ, ਕਿਉਂਕਿ ਉਸ ਸਮੇਂ ਪੁਰਾਣੀ ਪੰਜਾਬੀ ਤੇ ਆਰੀਆਵਾਂ ਦੀ ਬੋਲੀ ਦਾ ਰਲੇਵਾਂ ਨਹੀਂ ਹੋਇਆ ਸੀ। ਜਿਉਂ-ਜਿਉਂ ਪੁਰਾਤਨ ਪੰਜਾਬੀ ਤੇ ਆਰੀਆਵਾਂ ਦੀ ਬੇਦਕ ਤੇ ਅਵੇਸਤਾਈ ਬੋਲੀ ਆਪਸ ਵਿੱਚ ਰਲਦੀ ਗਈ ਉਵੇਂ-ਉਵੇਂ ਆਰੀਆਈ ਬੋਲੀ ਵਿੱਚ ਟਵਰਗ ਤੇ ਚਵਰਗ ਵੱਧਦਾ ਗਿਆ। ਇਸੇ ਕਰਕੇ ਸੰਸਕ੍ਰਿਤ ਸਾਹਿਤ ਦੀ ਉਮਰ ਇਕ ਰੇਂਜ ਵਿੱਚ ਦਿੰਦੇ ਹਨ। ਜਿਵੇਂ ਰਿੱਗਬੇਦ 1500 ਤੋਂ 1000 BCE, ਮਹਾਭਾਰਤ 300 BCE ਤੋਂ 300 AD. ਉਮਰ ਲੱਭਣ ਦੀ ਇਸ ਵਿਧੀ ਪਿੱਛੇ ਪੁਰਾਤਨ ਪੰਜਾਬੀ ਦੀਆਂ ਧੁੰਨਾਂ ਦੀ ਗਿਣਤੀ ਵੱਧਣਾ ਇਕ ਕਾਰਨ ਹੈ। ਇਹ ਬੁਨਿਆਦੀ ਤੱਥ ਸਾਬਤ ਕਰਦਾ ਹੈ ਕਿ ਸੰਸਕ੍ਰਿਤ ਨਾ ਪੰਜਾਬੀ ਦਾ ਮੁੱਢ ਹੈ ਨਾ ਹੀ ਮਾਂ। ਅਸਲ ਵਿੱਚ ਬੇਦਕ ਭਾਸ਼ਾ ਪੁਰਾਤਨ ਪੰਜਾਬੀ ਵਿੱਚ ਰਲਣ ਵਾਲੀ ਇਕ ਬੋਲੀ ਹੈ। ਮੱਧ ਸੰਸਕ੍ਰਿਤ (classical Sanskrit) ਪੰਜਾਬੀ ਦੀ ਧੀ ਹੈ ਕਿਉਕਿ ਉਸ ਦਾ ਇੱਕ ਹਿੱਸਾ ਪੰਜਾਬੀ ਤੋਂ ਆ ਰਿਹਾ ਹੈ।

ਛ ਦੀ ਉਤਪੱਤੀ ਦਾ ਸਿਧਾਂਤ:

ਮੂਲ ਆਰੀਆ ਬੋਲੀ ( Proto Indo-European) ਵਿੱਚ ‘ਚ’ ਚੱਚਾ ਅਤੇ ‘ਛ’ ਛੱਛਾ ਦੋਵੇਂ ਧੁੰਨਾਂ ਨਹੀਂ ਹਨ। ਭਾਸ਼ਾ ਵਿਗਿਆਨੀ ਮੰਨਦੇ ਹਨ ਕਿ ‘ਛ’ ਛੱਛਾ ਚੱਚਾ ਤੋਂ ਬਾਅਦ ਵਿੱਚ ਆਇਆ।

ਥੇਹ ਵਿਗਿਆਨ, ਜਨੈਟਿਕ ਵਿਗਿਆਨ ਅਤੇ ਭਾਸ਼ਾ ਮਾਹਰ ਸਾਬਤ ਕਰ ਚੁੱਕੇ ਹਨ ਕਿ ਇੰਡੋ-ਯੂਰਪੀ ਭਾਸ਼ਾ ਯੂਰੇਸ਼ੀਆ (ਦੱਖਣੀ ਰੂਸ ਅਤੇ ਯੂਕਰੇਨ) ਤੋਂ ਫੈਲੀ। ਸ਼ੁਰੂ ਵਿੱਚ ਚਵਰਗ (ਚ, ਛ, ਜ, ਝ, ਞ) ਇਸ ਦਾ ਹਿੱਸਾ ਨਹੀਂ ਸੀ। ਰਿੱਗਬੇਦ, ਅਵੇਸਤਾ ਤੋਂ ਬਿਨਾਂ Hellenic (Greek), Italic (Latin & Relatives), Proto-Germanic, Celtic, Old Norse, Gaulish, Balto-Slavic, Lithuanian, Armenian, Albanian ਵੀ ਪੁਰਾਤਨ ਇੰਡੋ-ਯੂਰਪੀ ਭਾਸ਼ਾ ਦੇ ਹਿੱਸੇ ਹਨ। ਪਰ ਬੇਦਕ ਤੋਂ ਬਿਨਾਂ ਕਿਸੇ ਵਿੱਚ ਵੀ ‘ਚ’ ਚੱਚਾ ਤੇ ‘ਛ’ ਛੱਛਾ ਨਹੀਂ ਮਿਲਦੇ। ਰਿੱਗਬੇਦ ਵਿੱਚ ‘ਚ’ ਚੱਚਾ ਮਿਲਣ ਦਾ ਕਾਰਨ ਉਨਾਂ ਦੇ ਪੁਰਾਤਨ ਪੰਜਾਬ ਨਾਲ ਸਬੰਧ ਹੋਣਾ ਹੈ। ਅਵੇਸਤਾ ਵਿੱਚ č = [tʃ] (unaspirated “ch” ਜਿਵੇਂ “church”) ਅਤੇ čaθβarə (ਚਾਰ) ← (PIE kʷetwóres) ‘ਚ’ ਚੱਚੇ ਵਰਗੀ ਧੁਨੀ (affricate) ਹੈ, ਪਰ čʰ (aspirated, ਜਾਂ “ਛ” ਵਾਲੀ ਧੁਨ) ਨਹੀਂ ਹੈ। ਅਵੇਸਤਾ ਵਾਲੇ ਕਬੀਲੇ ਦਾ ਵੀ ਪੰਜਾਬ ਨਾਲ ਸਬੰਧ ਰਿਹਾ ਹੈ, ਪਰ ਇਨਾਂ ਕਬੀਲਿਆਂ ਦਾ ਬਹੁਤਾ ਲਹਿਜਾ ਸਿੰਧ ਦਰਿਆ ਦੇ ਉਤਰ-ਪੱਛਮ ਵਾਲਾ ਹੋਣ ਕਰਕੇ ‘ਚ’ ਚੱਚਾ ਪੂਰਾ ਵਿਕਸਿਤ ਨਹੀਂ ਹੈ।

Maddieson Munroe (2011) ਅਨੁਸਾਰ ਗਰਮ ਇਲਾਕਿਆਂ ਵਿੱਚ ਤਾਲਵੀ ਤੇ ਨਾਸਕੀ ਧੁੰਨਾਂ ਠੰਡਿਆਂ ਇਲਾਕਿਆਂ ਨਾਲੋਂ ਵੱਧ ਵਰਤਿਆਂ ਜਾਂਦੀਆਂ ਹਨ। ਤਾਲਵੀ ਧੁੰਨਾਂ ਦੀ ਅਣਹੋਂਦ ਦਾ ਕਾਰਨ ਆਰੀਆ ਲੋਕ ਅਤੇ ਬੋਲੀ ਯੂਰੇਸ਼ੀਆ ਦੇ steppe ਦੇ ਠੰਡੇ ਇਲਾਕਿਆਂ ਤੋਂ ਹੋਣਾ ਹੋ ਸਕਦਾ ਹੈ। ਪਰ ਇਸ ਸੰਭਾਵਨਾ ਉਤੇ ਸਾਰੇ ਮਾਹਿਰ ਇੱਕ ਮੱਤ ਨਹੀਂ ਹਨ। 

ਤਾਲੂਕ ਜਾਂ ਤਾਲਵੀ ਧੁੰਨ ਦੀ ਪਛਾਣ

ਚਵਰਗ (ਚ, ਛ, ਜ, ਝ, ਞ) ਤਾਲਵੀ ਜਾਂ ਤਾਲੂਕ ਧੁਨਾਂ ਹਨ। ਇਹ ਜੀਭ ਦੇ ਤਾਲੂਏ ਵੱਲ ਜਾਣ ਤੇ ਪੈਦਾ ਹੁੰਦੀਆਂ ਹਨ। ‘ਛ’ ਧੁੰਨ ਦਾ ਉਚਾਰਨ ‘ਚ’ + ਹਵਾ (h-like aspiration) ਨਾਲ ਹੁੰਦਾ ਹੈ। ਇਤਿਹਾਸਕ ਲਹਿਜਿਆਂ ਜਾਂ ਉਚਾਰਣ ਦੇ ਵਿਕਾਸ (evolution) ਵਿੱਚ ‘ਚ’ ਦੇ ਤੇਜ਼ ਜਾਂ ਜ਼ੋਰਦਾਰ ਉਚਾਰਣ ਨਾਲ ‘ਛ’ ਛੱਛਾ ਦੀ ਨਵੀਂ ਧੁਨੀ ਬਣੀ। ਜਦੋਂ ਤੁਸੀਂ ਉਚਾਰਣ ਦੌਰਾਨ ਜੀਭ ਨੂੰ ਤਾਲੂਏ ਨੂੰ ਛੁਹਦੀ ਹੈ ਜਾਂ ਨੇੜੇ ਜਾਂਦੀ ਮਹਿਸੂਸ ਕਰਦੇ ਹੋ ਤਾਂ ਤਾਲਵੀ ਜਾਂ ਤਾਲੂਕ (ਚਵਰਗ) ਧੁਨ ਨਿਕਲਦੀ ਹੈ।

  • ‘ਚ’ ਉਚਾਰਨ ਕਰਦੇ ਸਮੇਂ ਜੀਭ ਤਾਲੂਏ ਦੇ ਮੂਹਰਲੇ ਹਿਸੇ ਨੂੰ ਲੱਗਦੀ ਹੈ।

  • ‘ਛ’ ਉਚਾਰਨ ਕਰਦੇ ਸਮੇਂ ਵੀ ਜੀਭ ਤਾਲੂਏ ਦੇ ਮੂਹਰਲੇ ਹਿਸੇ ਨੂੰ ਹੀ ਲੱਗਦੀ ਹੈ, ਪਰ ਹਵਾ ਦੀ ਗਤੀ ਤੇਜ਼ ਹੁੰਦੀ ਹੈ।

  • ‘ਕ’ ਉਚਾਰਨ ਕਰਦੇ ਸਮੇਂ, ਜੀਭ ਮੂੰਹ ਦੇ ਪਿੱਛਲੇ ਹਿੱਸੇ ’ਚ ਹੁੰਦੀ ਹੈ → ਇਸੇ ਕਰਕੇ “ਕ” ਗਲਕ ਅੱਖਰ (velar) ਹੈ, ‘ਚ’ ਤੇ ‘ਛ’ ਤਾਲੂਕ (palatal) ਹੈ।

ਅੱਖਰ ਉਚਾਰਣ ਦਾ ਥਾਂ ਵਿਵਰਣ ਭਾਸ਼ਾ ਪਰਿਵਾਰ
(cha) ਤਾਲੂ voiceless aspirated palatal stop ❌Not Indo-European 
(chha) ਤਾਲੂ voiceless strongly aspirated palatal stop ❌ Not Indo-European
(ja) ਤਾਲੂ voiced palatal stop ⁉️ Evolved IE
(jha) ਤਾਲੂ voiced aspirated palatal stop ❌Not Indo-European
(nya) ਤਾਲੂ nasal palatal consonant ❌ Not Indo-European

ਚ ਅਤੇ ਛ ਦਾ ਭਾਸ਼ਾਈ ਵਿਕਾਸ:

ਹਰ ਭਾਸ਼ਾ ਵਿੱਚ ਧੁਨਾਂ ਅਤੇ ਸ਼ਬਦਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ। ਸਮਾਜਿਕ ਅਤੇ ਤਕਨੀਕੀ ਵਿਕਾਸ ਨਾਲ ਨਵੇਂ ਸ਼ਬਦ ਜੁੜ ਜਾਂਦੇ ਹਨ ਜਾਂ ਕਈ ਵੇਰ ਪੁਰਾਣਿਆਂ ਦੇ ਅਰਥ ਬਦਲ ਕੇ ਵੀ ਵਰਤ ਲਏ ਜਾਂਦੇ ਹਨ। ਜਿਵੇਂ ਮੋਟਰ-ਵਹੀਕਲ ਲਈ ਗੱਡੀ ਸ਼ਬਦ ਵਰਤ ਲਿਆ, ਪਰ ਇੰਜਣ ਨਵਾਂ ਆ ਗਿਆ। ਪਰ ਮਾਹਰ ਮੰਨਦੇ ਨੇ ਕਿ ਮਨੁੱਖ ਦੇ ਆਲੇ ਦੁਆਲੇ ਦੇ ਸ਼ਬਦ ਔਖੇ ਬਦਲਦੇ ਹਨ। 

ਚੱਚਾ ਤੇ ਛੱਛਾ ਲਈ ਚੂਹਾ, ਚੰਦ ਅਤੇ ਚਰਨ ਸ਼ਬਦਾ ਦੀ ਉਦਾਹਰਣ ਦੇਖਦੇ ਹਾਂ। 

ਭਾਸ਼ਾ ਛ [cʰ] ਵਰਤੋਂ ਨੋਟ
ਸੰਸਕ੍ਰਿਤ ✔️ ਹੈ ਮੂਲ Indo-Aryan ਵਿਕਾਸ
ਪੰਜਾਬੀ / ਪਾਲੀ / ਪ੍ਰਾਕ੍ਰਿਤ ✔️ (ਕਈ ਰੂਪਾਂ ਵਿੱਚ, ਸ਼-ਛ) ਆਮ ਹੈ
ਅਵੇਸਤਾਨ (Avestan) ❌ ਨਹੀਂ [č] (unaspirated) ਹੈ, ਪਰ [čʰ] ਨਹੀਂ
ਪੁਰਾਤਨ ਯੂਨਾਨੀ (Ancient Greek) ❌ ਨਹੀਂ ਕੋਈ palatal stop ਨਹੀਂ
ਲਾਤੀਨੀ / ਗੋਥਿਕ / ਹੋਰ IE ਭਾਸ਼ਾਵਾਂ ❌ ਨਹੀਂ ਉੱਤਰ ਪੱਛਮੀ ਯੂਰਪੀ  IE ਭਾਸ਼ਾਵਾਂ ਵਿੱਚ ਨਹੀਂ ਮਿਲਦੀ

ਚੂਹਾ

ਚੂਹਾ ਸ਼ਬਦ ਬੇਦਕ ਜਾਂ ਇੰਡੋ-ਯੂਰਪੀ ਨਹੀਂ ਹੈ। ਪੰਜਾਬੀ ਸਮੇਤ ਕਈ ਉਤਰ ਭਾਰਤੀ ਬੋਲੀਆਂ ਵਿੱਚ mouse ਲਈ ਚੂਹਾ (čūhā) ਸ਼ਬਦ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ‘ਚ’ ਚੱਚਾ ਵਾਲੇ ਸ਼ਬਦ ਇੰਡੋ-ਯੂਰਪੀ ਜਾਂ ਬੇਦਕ ਜਾਂ ਮੁਢਲੀ ਸੰਸਕ੍ਰਿਤ ਦੇ ਨਹੀਂ ਹਨ। ਆਰੀਆਵਾਂ ਦਾ ਪਹਿਲਾ ਟਾਕਰਾ ਪੰਜਾਬੀ ਨਾਲ ਹੀ ਹੋਇਆ। ਆਰੀਆਵਾਂ ਨੇ ਰਿੱਗਬੇਦ ਅਤੇ ਸਾਹਿਤਕ ਸੰਸਕ੍ਰਿਤ (Rigvedic, later classical) ਵਿੱਚ ਚੂਹੇ ਨੂੰ ਮੂਸਾ (mūṣa) (mouse, rat) ਜਾਂ ਆਖੂ आखु (ākhu) (rodent in more general term) ਆਖਿਆ। ਆਵੇਸਤਾ ਵਿੱਚ ਰਲਦਾ-ਮਿਲਦਾ ਸ਼ਬਦ 𐬨𐬏𐬱 (mūš) ਮੁਸ ਹੈ। ਪੁਰਾਤਨ ਗਰੀਕ ਵਿੱਚ μῦς (mŷs), Latin, Proto Germanic, old Noris ਵਿੱਚ ਮਓਸ mūs ਹੈ। ਮਤਲਬ ਕਿ ਕਿਸੇ ਪੁਰਾਤਨ ਇੰਡੋ-ਯੂਰਪੀ ਜਾਂ ਆਰੀਆਈ ਬੋਲੀ ਵਿੱਚ ਚੂਹਾ ਵਰਗਾ ਸ਼ਬਦ ਨਹੀਂ ਹੈ। ਹਜਾਰ ਸਾਲ ਪੰਜਾਬੀ ਦੇ ਪੁਰਾਤਨ ਰੂਪ ਨਾਲ ਖਹਿ ਕੇ ਮੱਧ-ਸੰਸਕ੍ਰਿਤ ਵਿੱਚ ‘ਚ’ ਦਾ ‘ਛ’ ਹੋ ਗਿਆ ਅਤੇ ਚੂਹੇ ਦਾ ਛੁਛੁੰਦਰ ਵੀ ਬਣਿਆ। 

ਭਾਸ਼ਾ ਪਰਿਵਾਰ ਭਾਸ਼ਾ ਚੂਹਾ/ਮੂੰਗਾ ਉਚਾਰਣ ਟਿੱਪਣੀ
ਇੰਡੋ-ਇਰਾਨੀਅਨ ਵੇਦਿਕ ਸੰਸਕ੍ਰਿਤ मूष (mūṣa) ਮੂ-ਸ਼  PIE
ਹੜੱਪਾ ਪੰਜਾਬੀ  ਚੂਹਾ (čūhā) ਚੂ-ਹਾ   ਪੰਜਾਬੀ/ਸਿੰਧੀ/ਮੁੰਡਾ
ਹੇਲੇਨਿਕ ਪੁਰਾਤਨ ਯੂਨਾਨੀ μῦς (mŷs) ਮਿਊਸ  PIE 
ਇਟਾਲਿਕ ਲਾਤੀਨੀ   mūs   ਮੂਸ 
ਜਰਮਨਿਕ ਪੁਰਾਤਨ ਅੰਗ੍ਰੇਜ਼ੀ mūs  ਮੂਸ 
ਬਾਲਟੋ-ਸਲਾਵਿਕ ਰੂਸੀ    мышь (myšʹ) ਮਿਸ
ਦ੍ਰਾਵਿੜ ਤਮਿਲ, ਮਲਿਆਲਮ எலி (eli)   ਏ-ਲਿ ਦ੍ਰਾਵਿੜ ਮੂਲ
ਦ੍ਰਾਵਿੜ ਤੇਲਗੂ  ఎలుక (eluka) ਏ-ਲੁ-ਕ  ਦ੍ਰਾਵਿੜ ਮੂਲ
ਦ੍ਰਾਵਿੜ ਕੰਨੜ  ಇಲಿ (ili)   ਇ-ਲਿ   ਦ੍ਰਾਵਿੜ ਮੂਲ

ਉਪਰਲੇ ਚਾਰਟ ਤੋਂ ਸਾਫ ਹੈ ਕਿ ਚੱਚਾ ਚੂਹਾ ਸ਼ਬਦ ਅਤੇ ਧੁੰਨ ਹੜੱਪਾ ਵਾਲੇ ਪੰਜਾਬ ਤੋਂ ਆ ਰਹੀ ਹੈ। ਪੰਜਾਬੀ ਬੋਲੀ ਦਾ ਮੂਲ ਹੜੱਪਾ ਵਾਲੇ ਪੰਜਾਬੀ ਦੇ ਰੂਪ ਵਿੱਚ ਹੈ ਨਾ ਕਿ ਕਿਸੇ ਸੰਸਕ੍ਰਿਤ ਵਿੱਚ, (ਬੇਦਕ ਜਾਂ ਸਾਹਿਤਿਕ)। 

ਚੰਦ

ਇੰਡੋ-ਯੂਰਪੀ, ਆਰੀਆਈ ਬੋਲੀਆਂ ਦੇ ਤੁਲਣਾਤਮਕ ਅਧਿਐਨ ਤੋਂ ਪਤਾ ਲੱਗਦਾ ਕਿ ਪੁਰਾਤਨ ਪੰਜਾਬੀ ਦੇ ਪ੍ਰਭਾਵ ਹੇਠ ਕੇਵਲ ਬੇਦਕ ਬੋਲੀ ਵਿੱਚ ਮਾ, ਮਾਹ, ਮਾਸਾ ਤੋਂ ਬਿਨਾਂ ਚੰਦਰ ਸ਼ਬਦ ਆਉਦਾ ਹੈ। ਹੇਠਾਂ ਚਾਰਟ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੂਲ ਇੰਡੋ-ਯੂਰਪੀ ਬੋਲੀ ਵਿੱਚੋਂ ਨਿਕਲੀਆਂ ਸਾਰੀਆਂ ਬੋਲੀਆਂ ਵਿੱਚ ਮਾਹ ਨਾਲ ਰਲਦੇ ਮਿਲਦੇ ਸ਼ਬਦ ਹਨ। ਇਸੇ ਪੁਰਾਤਨ ਮਾਹ (ਚੰਦ) ਤੋਂ ਮਹੀਨਾ ਅਤੇ ਮੰਥ (month) ਸ਼ਬਦ ਬਣੇ ਹਨ। ਰਿੱਗਬੇਦ ਦਾ ਚੰਦਰਮਾ ਚੰਦ+ਮਾਹ ਦੇ ਰਲੇਵੇਂ ਤੋਂ ਬਣਿਆ ਲੱਗਦਾ ਹੈ। ਚੰਦਰ ਵਾਂਗ ਪੰਜਾਬੀ ਦੇ ਕੰਮ ਸ਼ਬਦ ਤੋਂ ਕਰਮ, ਧੰਮ ਸ਼ਬਦ ਤੋਂ ਧਰਮ ਵੀ ਬਣਿਆ। ਆਰੀਆਈ ਬੋਲੀ ਵਿੱਚ ‘ਰ’ ਰਲਾ ਕੇ ਸ਼ਬਦ ਉਧਾਰੇ ਲਏ ਗਏ। ਫੇਰ ਬਦਲ ਕਰਕੇ ਸ਼ਬਦ ਵਰਤਣੇ ਭਾਸ਼ਾਵਾਂ ਵਿੱਚ ਆਮ ਹਨ। ਜਿਵੇਂ ਅੰਗਰੇਜੀ ਦੇ mudguard ਦਾ ਪੰਜਾਬੀ ਵਿੱਚ ਮੜਗਾੜ ਬਣ ਗਿਆ। 

Language Word for Moon Notes
Panjabi Chand ਚੰਦ Harappa, non PIE, non IE
Sanskrit Māsa, Chandra (चन्द्र) / Soma (सोम) MASA month or moon, Chandra means “shining” or “bright”; Soma is the lunar deity and associated with a ritual drink.
Avestan Possibly related to the PIE root *meh₁n̥s.
Old Persian Māh Same root; modern Persian mah = moon/month.
Greek (Ancient) Selēnē (Σελήνη) / Mēn (Μήν) Selene is the moon goddess; Mēn is cognate with month.
Latin Lūna / Mēnsis Luna from a root for “light” (*leuks), mensis from *meh₁n̥s.
Old English Mōna From PIE *mēh₁n̥s.
Old High German Māno Related to Old English mōna.
Old Irish Modern Irish , from PIE meh₁n̥s.
Tocharian A/B Words uncertain; may include forms related to *meñ/māne.
Lithuanian Mėnulis From PIE meh₁n̥s + diminutive suffix.
Old Church Slavonic Měsęcь Also from PIE meh₁n̥s, means “moon” and “month”.
Tamil நிலா (nilā) = ਨੀਲਾ Proto-Dravidian root
Malayalam നിലാവ് (nilāvŭ Proto-Dravidian root
Kannada ನಿಲಾ (nilā) Proto-Dravidian root

ਉਪਰੋਕਤ ਵਿਚਾਰ ਤੋਂ ਦੇਖਿਆ ਜਾ ਸਕਦਾ ਹੈ ਕਿ ਰਿੱਗਬੇਦ ਦੇ ਸਲੋਕ ਬਣਨ ਵੇਲੇ ਵੀ ਪੰਜਾਬ ਦੀ ਪੁਰਾਤਨ ਬੋਲੀ ਹੌਲੀ ਹੌਲੀ ਆਰੀਆਵਾਂ ਦੀ ਬੋਲੀ ਵਿੱਚ ਰਲ ਰਹੀ ਸੀ। ਰਿੱਗਬੇਦ ਵਾਲੇ ਮਾਸਾ ਵੀ ਵਰਤ ਰਹੇ ਸਨ ਅਤੇ ਕਿਤੇ ਕਿਤੇ ਚੰਦ+ਮਾਹ = ਚੰਦਰਮਾ ਵੀ ਵਰਤ ਰਹੇ ਸਨ। ਜਦੋਂ ਕਿ ਰਿੱਗਬੇਦ ਦੀ ਬੋਲੀ ਦੇ ਹੀ ਦੂਜੇ ਲਹਿਜੇ ਵੇਲਿਆਂ ਜੇਂਦ-ਅਵੇਸਤਾ ਵਿੱਚ ਕੇਵਲ ਮੂਲ ਇੰਡੋ-ਯੂਰਪੀ “ਮਾਹ” ਹੀ ਵਰਤਿਆ। 

ਚੱਚਾ ਚੰਦ ਇਕੱਲਾ ਪੁਰਾਤਨ ਪੰਜਾਬੀ ਬੋਲੀ ਦਾ ਸ਼ਬਦ ਹੀ ਨਹੀਂ ਸਗੋਂ ਵਿਕਾਸ ਕਰਦਿਆਂ ਸੰਸਕ੍ਰਿਤ ਨੇ ਵੀ ਉਧਾਰਾ ਲਿਆ। ਪੰਜਾਬ-ਸਿੰਧ ਦੇ ਇਲਾਕੇ ਵਿੱਚੋਂ ਚੰਦ ਅੱਗੇ ਮੱਧ-ਸੰਸਕ੍ਰਿਤ ਰਾਂਹੀਂ ਦ੍ਰਾਵੜੀ ਭਾਸ਼ਾਵਾਂ ਵਿੱਚ ਵੀ ਗਿਆ।

ਚਰਨ, ਪਦ, ਪਦਮ, ਪੈਰ

ਠੇਠ ਪੰਜਾਬੀ ਵਿੱਚ ਪੈਰਾਂ ਨੂੰ ਖੁਰੜੇ ਵੀ ਕਹਿ ਦਿੰਦੇ ਹਨ। ਪਰ ਇਹ ਸ਼ਬਦ ਆਮ ਨਹੀਂ ਹੈ। ਜਿਸ ਤਰੀਕੇ ਖੁਰੜਿਆਂ ਵਿੱਚ ਟਵਰਗ ਧੁੰਨ ‘ੜ’ ਆ ਰਹੀ ਹੈ ਉਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਸ ਦਾ ਮੂਲ ਪੰਜਾਬੀ ਹੋਵੇਗਾ। ਵਿਚਾਰ ‘ਚ’ ਚੱਚੇ ਦੀ ਚੱਲ ਰਹੀ ਹੈ ਤਾਂ ਆਰੀਆਈ ਭਾਸ਼ਾਵਾਂ ਤੋਂ ਪਤਾ ਲੱਗਦਾ ਹੈ ਕਿ ਪੈਰ ਲਈ Proto-Indo-European (PIE) ਮੂਲ ਸ਼ਬਦ ped- ਸੀ। ਜਿਸ ਤੋਂ ਪਦਾ, ਪਦ, ਪੇਦੂ, ਪੇਤੂ ਜਾਂ ‘ਪ’ ਪੱਪੇ ਤੋਂ ‘ਫ’ ਬਦਲ ਕੇ ਫੋਤ, ਫੋਟ, ਫੋਟਸ ਜਾਂ ਅੱਗੇ ਅੰਗਰੇਜੀ ਦਾ ਫੁੱਟ foot ਆਦਿ ਸ਼ਬਦ ਬਣੇ। ਹੇਠਾਂ ਚਾਰਟ ਵਿੱਚ ਵਿਸਥਾਰ ਦੇਖ ਸਕਦੇ ਹੋ। ਪਰ ‘ਚ’ ਚੱਚੇ ਤੋਂ ਚਰਨ ਸ਼ਬਦ ਆਰੀਆਈ ਬੋਲੀ ਵਿੱਚ ਨਹੀਂ ਮਿਲਦਾ। ਚਵਰਗ ਦੀਆਂ ਧੁੰਨਾਂ ਗੈਰ ਆਰੀਆਈ ਹਨ। ਚਰਨ ਸ਼ਬਦ ਵੀ ਬੇਦਕ ਸੰਸਕ੍ਰਿਤ ਦਾ ਮੂਲ ਨਹੀਂ ਹੈ। ਮੁਢਲੀ ਬੇਦਕ ਬੋਲੀ ਵਿੱਚ ਪਦ, ਪਦਮ ਵਰਗੇ ਸ਼ਬਦ ਹਨ। ਪਰ ਬਾਅਦ ਵਿੱਚ ਉਪਨਿਸ਼ਾਦਾ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਆਰੀਆ ਬੋਲੀ, ਬੇਦਕ ਸੰਸਕ੍ਰਿਤ, ਬੋਲਣ ਵਾਲੇ ਪੰਜਾਬੀ ਦੇ ਪੁਰਾਤਨ ਰੂਪ ਨਾਲ ਘੁਲਦੇ ਮਿਲਦੇ ਗਏ ਉਵੇਂ ਉਵੇਂ ਸਥਾਨਕ ਬੋਲੀ ਦਾ ਪ੍ਰਭਾਵ ਆਰੀਆਈ ਬੋਲੀ ਉਤੇ ਵੱਧ ਦਿਸਣ ਲੱਗ ਪਿਆ। 

PIE Root *pōds / *ped-
Sanskrit pāda
Greek pous/podos
Latin pes/pedis
Old English fōt
Gothic fotus
Slavic pętŭ
Hittite patta
Tocharian pat
Avestan pāδa
Pāli pāda/ caraṇa

ਚਰਨ ਸ਼ਬਦ ਚਰ ਤੋਂ ਨਿਕਲਿਆ ਦੱਸਿਆ ਜਾਂਦਾ ਹੈ। ਚਰ ਹਿੱਲਣ ਨੂੰ ਕਹਿੰਦੇ ਸਨ। ਚਰਨਾ, ਤੁਰ ਫਿਰ ਕੇ ਘਾਹ-ਪੱਠੇ ਖਾਣ ਨੂੰ ਕਹਿੰਦੇ ਹਨ। ਪਦ ਤੋਂ ਚਰਨ ਵੱਲ ਸ਼ਬਦਾ ਦਾ ਸਫਰ, ਪੰਜਾਬੀ ਵਿੱਚ ਆਰੀਆਈ ਬੋਲੀ ਦੇ ਰਲੇਵੇਂ ਦਾ ਵੀ ਸਫਰ ਹੈ। ਜੇ ਕੁਝ ਚੁਣਵੇਂ ਸ਼ਬਦ ਦਿਖਾ ਕੇ ਇਹ ਸਾਬਤ ਕੀਤਾ ਜਾ ਸਕਦਾ ਕਿ ਪੰਜਾਬੀ ਸੰਸਕ੍ਰਿਤ ਵਿੱਚੋਂ ਨਿਕਲੀ ਹੈ ਤਾਂ ਹੋਰ ਸ਼ਬਦ ਦਿਖਾ ਕੇ ਪੰਜਾਬੀ ਨੂੰ ਸੰਸਕ੍ਰਿਤ ਦੀ ਮਾਂ ਵੀ ਦੱਸਿਆ ਜਾ ਸਕਦਾ। ਪਰ ਅਸਲ ਵਿੱਚ 3000 ਸਾਲ ਪਹਿਲਾਂ ਦੋ ਬੋਲੀਆ ਦੀ ਸਾਂਝ ਪਈ ਸੀ। ਕੁੱਝ ਪੰਜਾਬੀ ਬਦਲੀ ਤੇ ਦੂਜੇ ਪਾਸੇ ਪੰਜਾਬੀ ਨੇ ਬੇਦਕ ਬੋਲੀ ਬਦਲੀ, ਜਿਸ ਵਿੱਚੋਂ ਅੱਗੇ ਕਲਾਸੀਕਲ ਸੰਸਕ੍ਰਿਤ ਨਿਕਲੀ।

ਚਤਰ-ਚਾਤਰ-ਸ਼ਾਤਰ:

ਪੰਜਾਬੀ ਮੂਲ ਦੇ ‘ਚ’ ਤੋਂ ਸੰਸਕ੍ਰਿਤ ਦਾ  ‘ਛ’ ਨਿਕਲਿਆ। ਚਤਰ, ਚਾਤਰ, ਚਤਰਾਈ ਤੋਂ ਹੀ ਛਾਤਰ, ਸ਼ਾਤਰ ਸ਼ਬਦ ਹੈ। ਫਰਕ ਇਹ ਹੈ ਕਿ ਆਰੀਆਵਾਂ ਨੇ ਚੱਚੇ ਦੀ ਥਾਂ ਛੱਛਾ ਕਰ ਦਿੱਤਾ। ਜਿਵੇਂ ਪਦ ਦਾ ਪੱਪਾ ਕਈ ਬੋਲੀਆਂ ਵਿੱਚ ਫੱਫਾ ਹੋ ਗਿਆ। ‘ਚ’ ਤੋਂ ‘ਛ’ ਬਣਨਾ ਭਾਸ਼ਾਈ ਫਾਰਮੂਲੇ ਦਾ ਹਿੱਸਾ ਹੈ। ਸ਼ਾਤਰ ਅਤੇ ਚਤਰ ਦੇ ਅਰਥ ਵੀ ਇਕੋ ਹਨ ਅਤੇ ਇਕੋ ਮੂਲ ਵੀ ਪੁਰਾਤਨ ਪੰਜਾਬੀ ਵਿੱਚੋ ਹੀ ਹੈ। ਕਲਾਸੀਕਲ ਸੰਸਕ੍ਰਿਤ ਵਿੱਚ ਵੀ ਇਹ ਉਧਾਰੇ ਲਏ ਗਏ।

ਚਰਨ-ਸ਼ਰਨ:

ਇਸੇ ਤਰਾਂ ਚਰਨ ਤੋਂ ਸ਼ਰਨ ਬਨਣ ਦਾ ਵੀ ਅੰਦਾਜਾ ਹੈ। ਸ਼ਰਨ ਸ਼ਬਦ ਦਾ ਮੂਲ (etymology) ਵੀ ਇੰਡੋ-ਯੂਰਪੀ ਜਾਂ ਆਰੀਆ ਭਾਸ਼ਾ ਵਿੱਚ ਨਹੀਂ ਹੈ। ਪਰ ਪੰਜਾਬ ਦੁਆਲੇ ਵਿਕਸਿਤ ਹੋ ਚੁੱਕੀ ਸੰਸਕ੍ਰਿਤ ਅਤੇ ਪਾਲੀ ਵਿੱਚ ਸ਼ਰਨ ਸ਼ਬਦ ਮਿਲਦਾ ਹੈ। ਇਸ ਦਾ ਮਤਲਬ ਹੈ ਆਰੀਆਈ ਬੋਲਣ ਵਾਲਿਆਂ ਨੇ ਸ਼ਰਣ ਜਾਂ ਤਾਂ ਚਰਨ ਵਾਂਗ ਉਧਾਰਾ ਲਿਆ ਜਾਂ ‘ਚ’ ਚੱਚਾ ‘ਛ’ ਛੱਛੇ ਵਿੱਚ ਬਦਲ ਕੇ ਚਰਨਾਂ ਵਿੱਚ ਓਟ ਲੈਣ ਲਈ ਵਰਤਣਾ ਸ਼ੁਰੂ ਕਰ ਕੀਤਾ। ਕੁੱਝ ਵੀ ਹੋਵੇ ਪਰ ਇਹ ਤਹਿ ਹੈ ਕਿ ਚਰਨ ਅਤੇ ਸ਼ਰਨ ਮੂਲ ਪੰਜਾਬੀ ਸ਼ਬਦ ਹਨ। ਆਰੀਆਵਾਂ ਦੇ ਬਹੁਤ ਛੇਤੀ ਉਧਾਰ ਲੈਣ ਦੇ ਤੁਲਣਾਤਮਕ ਅਰਥ ਹਨ ਕਿ ਇਹ ਪੰਜਾਬ ਵਿੱਚ ਰਿੱਗਬੇਦ ਤੋਂ ਪਹਿਲਾਂ ਵਰਤੇ ਜਾ ਰਹੇ ਹੋਣਗੇ। 

ਭਾਸ਼ਾ ਸ਼ਬਦ ਮੂਲ
ਸੰਸਕ੍ਰਿਤ चरण caraṇa
ਪ੍ਰਾਕ੍ਰਿਤ चरण → अरण

ਚਰਣ →ਅਰਣ

ਸਥਾਨਕ
ਅਪਭ੍ਰੰਸ਼ छरण ਛਰਣ ਧੁਨੀਕ ਤਬਦੀਲੀ
ਪੰਜਾਬੀ ਛਰਣ ਆਮ ਵਰਤੋਂ

ਚੋਰ Thief:

ਬੇਦਕ ਸੰਸਕ੍ਰਿਤ ਵਿੱਚ ਚੋਰ thief ਲਈ ਸਤੇਨ (स्तेन, stena) ਸ਼ਬਦ ਵਰਤਿਆ ਗਿਆ ਹੈ। ਜੇਂਦ-ਅਵੇਸਤਾ ਵਿੱਚ ਚੋਰ ਲਈ zāntar ਯਾਨਤਰ ਸ਼ਬਦ ਹੈ। ਸਤੇਨ (स्तेन, stena) ਦਾ ਮੂਲ ਇੰਡੋ-ਯੂਰਪੀ (PIE)  ਸ਼ਬਦ stey- / ster- ਹੈ। ਜਿਸ ਤੋਂ Sanskrit stena, Greek sternýō ਅਤੇ ਅੰਗਰੇਜੀ ਦਾ steal ਸ਼ਬਦ ਵੀ ਹਨ। ਪਰ ਚੋਰ ਸ਼ਬਦ ਦਾ ਮੂਲ ਪੁਰਾਤਨ ਪੰਜਾਬੀ ਹੈ। ਪੰਜਾਬੀ ਵਿੱਚੋਂ ਬੇਦਕ ਤੋਂ ਬਾਅਦ ਵਾਲੀ ਵਿਕਸਿਤ ਸੰਸਕ੍ਰਿਤ ਵਿੱਚ ਗਿਆ। ਚੋਰ ਇੱਕ ਅਜਿਹਾ ਸ਼ਬਦ ਹੈ ਜੋ ਮੁੰਡਾ-ਸੰਥਾਲੀ ਭਾਸ਼ਾਵਾਂ ਵਿੱਚ ਵੀ ਨਹੀਂ ਹੈ। ਭਾਸ਼ਾ ਮਾਹਰ F.B.J. Kuiper ਅਨੁਸਾਰ ਅਜੋਕੀਆਂ ਉੱਤਰ ਭਾਰਤੀ ਆਰੀਆਈ ਬੋਲੀਆਂ ਵਿੱਚ 40% ਸ਼ਬਦ ਮੁੰਡਾ-ਸੰਥਾਲੀ ਨਾਲ ਮਿਲਦੇ ਹਨ, ਅਤੇ ਇਨਾਂ ਦੀ ਗਿਣਤੀ ਆਰੀਆਈ ਬੋਲੀਆਂ ਤੋਂ ਵੱਧ ਹੈ। ਚੋਰ ਸ਼ਬਦ ਬੇਦਕ ਵੀ ਨਹੀਂ, ਇਸ ਦਾ ਮੂਲ ਇੰਡੋ-ਯੂਰਪੀ ਵੀ ਨਹੀਂ, ਮੁੰਡਾ-ਸੰਥਾਲੀ ਵੀ ਨਹੀਂ ਹੈ, ਦ੍ਰਾਵੜੀ ਵੀ ਨਹੀਂ ਹੈ। ਪਰ ਫੇਰ ਵੀ ਕਲਾਸੀਕਲ ਸੰਸਕ੍ਰਿਤ ਅਤੇ ਪਾਲੀ ਵਿੱਚ ਸਤੇਨ ਦੀ ਥਾਂ ਲੈ ਲੈਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਚੋਰ ਸ਼ਬਦ ਆਰੀਆਈ ਬੋਲੀਆਂ ਨੇ ਪੰਜਾਬੀ ਦੇ ਪੁਰਾਤਨ ਰੂਪ ਵਿੱਚੋਂ ਉਧਾਰਾ ਲਿਆ ਹੈ, ਜਿਹੜੀ ਬੋਲੀ ਪੰਜਾਬ ਵਿੱਚ ਆਰੀਆਵਾਂ ਦੀ ਬੇਦਕ ਤੋਂ ਪਹਿਲਾਂ ਮੌਜੂਦ ਸੀ। 

“ਚੋਰ” (Thief) ਦਾ ਤੁਲਨਾਤਮਕ ਚਾਰਟ

ਭਾਸ਼ਾ / ਭਾਖਿਆ ਟੱਬਰ ਸ਼ਬਦ (Word) ਟਿੱਪਣੀ ਭਾਸ਼ਾਈ ਮੂਲ
ਪੰਜਾਬੀ ਚੋਰ ਚਵਰਗ, ਤਾਲਵੀ, palatal ਸਥਾਨਕ ਮੂਲ, non IE
ਵੈਦਿਕ ਸੰਸਕ੍ਰਿਤ स्तेन (stena) ਵੈਦਿਕ ਰਚਨਾਵਾਂ (ਰਿਗਵੇਦ ਆਦਿ) PIE *stey- / *ster-
ਕਲਾਸੀਕਲ ਸੰਸਕ੍ਰਿਤ चोर (cora) ਬਾਅਦ ਦੀ ਸੰਸਕ੍ਰਿਤ, ਪੁਰਾਤਨ ਪੰਜਾਬੀ ਤੋਂ ਪ੍ਰੇਰਿਤ  Indus roots
ਯੂਨਾਨੀ (Ancient Greek) κλέπτης (kléptēs) ਕਲਾਸੀਕਲ ਅਤੇ Homeric ਯੂਨਾਨੀ, “one who steals” PIE *klep-
ਮੁੰਡਾ-ਸੰਥਾਲੀ (Munda) ḍilme horko ḍilme = ਚੋਰੀ ਕਰਨਾ, horko = ਵਿਅਕਤੀ ਆਦਿਵਾਸੀ ਮੂਲ, ਮੁੰਡਾ ਸ਼ਬਦ
ਤੇਲਗੂ (Dravidian) దొంగ (doṅga) —- ਸੰਭਾਵੀ: PD *tuṟ-
ਤਮਿਲ (Dravidian) திருடன் (tiruṭaṉ) tiru = ਚੋਰੀ ਕਰਨਾ + aṉ (agent suffix) Proto-Dravidian *tuṟ-
ਕੰਨੜ / ਮਲਿਆਲਮ ಕಳ್ಳ / കള്ളൻ (kaḷḷa) “ਚੋਰ” ਲਈ ਆਮ ਸ਼ਬਦ, ਦ੍ਰਾਵੜ ਮੂਲ PD *kaḷ- (possibly)

ਨਿਚੋੜ

ਇੰਡੋ-ਯੂਰਪੀ ਭਾਸ਼ਾ ਪ੍ਰਿਵਾਰ ਨਾਂ ਪਾਊ ਸ਼੍ਰੇਣੀ ਹੈ। ਇਸ ਦਾ ਅਰਥ ਹੈ ਕਿ ਜਿੰਨਾਂ ਭਾਸ਼ਾਵਾਂ ਵਿੱਚ ਮੂਲ ਇੰਡੋ-ਯੂਰਪੀ (PIE) ਬੋਲੀ ਰਲੀ ਹੈ ਅਤੇ ਸ਼ਬਦ ਲੱਭਦੇ ਹਨ ਉਨਾਂ ਨੂੰ ਇੰਡੋ-ਯੂਰਪੀ ਭਾਸ਼ਾ ਕਹਿ ਦਿੱਤਾ ਜਾਂਦਾ ਹੈ। ਜੇ ਕਿਸੇ ਬੋਲੀ ਵਿੱਚ 20% ਸ਼ਬਦ ਵੀ ਇੰਡੋ-ਯੂਰਪੀ ਹਨ ਜਾਂ ਮਾਂ, ਪਿਉ (patar, father), ਭਰਾ ( ਬਰਾ, ਬਰਾਦਰ, brother) ਵਰਗੇ ਸ਼ਬਦ ਮਿਲ ਜਾਂਦੇ ਨੇ ਤਾਂ ਉਸ ਨੂੰ ਇੰਡੋ-ਯੂਰਪੀ ਭਾਸ਼ਾ ਪ੍ਰਿਵਾਰ ਸਮਝ ਲਿਆ ਜਾਂਦਾ ਹੈ, ਭਾਂਵੇਂ ਬਹੁਤੀ ਬੋਲੀ ਗੈਰ-ਇੰਡੋ-ਯੂਰਪੀ ਹੀ ਹੋਵੇ। ਮਤਲਬ ਕਿ ਇੰਡੋ-ਯੂਰਪੀ ਬੋਲੀ ਹੋਣਾ ਸਾਰੀ ਦੀ ਸਾਰੀ ਭਾਸ਼ਾ ਹੀ ਇੰਡੋ-ਯੂਰਪੀ ਹੋਣਾ ਨਹੀਂ ਹੈ। 

ਪੰਜਾਬੀ ਦੇ ਖੇਤਰ ਵਿੱਚ ਦੇਖੀਏ ਤਾਂ early Indo European ਬੋਲੀ ਬੇਦਕ ਸੰਸਕ੍ਰਿਤ ਪੰਜਾਬੀ ਦਾ ਮੂਲ ਨਹੀਂ ਹੈ। ਜੇ ਮੂਲ ਹੁੰਦਾ ਤਾਂ ਪੰਜਾਬੀ ਬੋਲੀ ਦਾ ਹਰ ਅੰਗ ਬੇਦਕ ਨਾਲ ਪ੍ਰਭਾਸ਼ਿਤ ਕੀਤਾ ਜਾ ਸਕਦਾ ਸੀ। ਬੇਦਕ ਤੋਂ ਅੱਗੇ ਕਲਾਸੀਕਲ ਸੰਸਕ੍ਰਿਤ ਦਾ ਗੈਰ-ਇੰਡੋ-ਯੂਰਪੀ ਵਿਕਾਸ ਨਹੀਂ ਦਿਸਣਾ ਸੀ, ਆਇਰਲੈਂਡ ਤੋਂ ਭਾਰਤ ਤੱਕ ਸਾਰੀਆਂ ਧੁੰਨਾਂ ਅਤੇ ਗਰਾਮਰ ਇਕੋ-ਜਿਹੀ ਚਾਹੀਦੀ ਸੀ। ਪਰ ਇੰਝ ਹੈ ਨਹੀਂ। ਚੱਚੇ ਦੀ ਕਹਾਣੀ ਪੰਜਾਬੀ ਬੋਲੀ ਦੀ ਪੁਰਾਤਨਤਾ ਦੀ ਕਹਾਣੀ ਹੈ।

Ancient Panjab
About Author

Ancient Panjab

Panjab, home to one of the world’s oldest civilizations, holds a rich and fascinating history. As Panjabis, we are the true heirs of this legacy—uniquely connected to its culture, traditions, and artifacts. This website invites Panjabis to explore and engage in conversations about our shared past.