ਮਾਲਵੇ ਦਾ ਇਤਿਹਾਸ
2500 ਸਾਲ ਪਹਿਲਾਂ ਜੇ ਕੋਈ ਮਾਲਵੇ ਵਾਰੇ ਗੱਲ ਕਰਦਾ ਹੋਵੇਗਾ ਤਾਂ ਉਹ ਮਾਲਵਾ ਉਸ ਸਮੇਂ ਰਾਵੀ ਅਤੇ ਝਨਾ ਦਰਿਆ ਵਿੱਚ ਵੱਸਦਾ ਸੀ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਮਾਲਵੇ ਦਾ ਇਤਿਹਾਸ ਮੌਜੂਦਾ ਮਲਵਈਆਂ ਨਾਲ਼ੋਂ ਪੁਰਾਣਾ ਹੈ। ਅੱਜ ਪੁਰਾਤਨ ਮਾਲਵੇ ਦਾ ਨਾਂ ਰਚਨਾ ਦੁਆਬ ਹੈ ਅਤੇ ਪੁਰਾਤਨ ਮਲਵਈਆਂ ਦੇ ਵਸਾਏ ਨਵੇਂ ਮਾਲਵੇ ਸਤਲੁੱਜ ਦੇ ਪੂਰਬ ਅਤੇ ਮੱਧ ਭਾਰਤ ਦੀਆਂ ਚੰਬਲ ਤੇ ਆਂਚਲ ਪਹਾੜੀਆਂ ਵਿੱਚ ਵੱਸਦੇ ਹਨ।
ਰਾਵੀ ਅਤੇ ਝਨਾਂ ਵਾਲੇ ਮਾਲਵੇ ਦਾ ਇਤਿਹਾਸਕ ਦੌਰ ਵਿੱਚ ਜ਼ਿਕਰ ਸੱਭ ਤੋਂ ਪਹਿਲਾਂ ਗਰੀਕ ਲਿਖਾਰੀਆਂ ਵੱਲੋਂ ਕੀਤਾ ਮਿਲਦਾ ਹੈ। ਉਨ੍ਹਾਂ ਤੋਂ ਹੀ ਪਤਾ ਲੱਗਦਾ ਹੈ ਕਿ ਮਲੀ ਜਾਂ ਮਾਲੀ ਲੋਕ ਝਨਾਂ ਅਤੇ ਰਾਵੀ ਵਿਚਲੀ ਦੁਆਬ ਵਿੱਚ ਵੱਸਦੇ ਰਹੇ ਨੇ ਅਤੇ ਉਸ ਵੇਲੇ ਇਲਾਕੇ ਦਾ ਨਾਂ ਮਾਲਬ ਸੀ। ਸਿਕੰਦਰ ਅਤੇ ਪੋਰਸ ਦੀ ਕਹਾਣੀ ਨੂੰ ਇੰਨਾਂ ਜ਼ਿਆਦਾ ਥਾਂ ਦਿੱਤਾ ਜਾਂਦਾ ਹੈ ਕਿ ਮਾਲਬ, ਸ਼ੂਦਕ ਆਦਿ ਦਰਜ਼ਨ ਦੇ ਕਰੀਬ ਪੰਜਾਬੀ ਕਬੀਲੇ ਇਤਹਾਸ ਵਿੱਚੋਂ ਬਿਲਕੁੱਲ ਮਨਫੀ ਹੋ ਗਏ ਹਨ। ਜਦੋਂ ਕਿ ਪੰਜਾਬ ਦੇ ਲੱਜਪਾਲ ਧੀ-ਪੁੱਤ ਮਾਲਵ ਅਤੇ ਸ਼ੂਦਕ ਕਬੀਲਿਆਂ ਦਾ ਇਤਿਹਾਸ ਪੋਰਸ ਨਾਲ਼ੋਂ ਵੱਧ ਅਣਖੀਲਾ ਹੈ। ਸਿਕੰਦਰ ਨਾਲ ਪੰਜਾਬੀਆਂ ਦੀਆਂ ਪੰਜ ਲੜਾਈਆਂ ਹੋਈਆਂ। ਪੋਰਸ ਨੂੰ ਛੱਡ ਬਾਕੀ ਦਾ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ। ਪੁਰਾਤਨ ਮਾਲਬੇ ਦੇ ਮਾਲਵਾਂ ਨੇ ਹਰ ਗੈਰ ਪੰਜਾਬੀ ਰਾਜ ਦੇ ਨੱਕ ਵਿੱਚ ਦਮ ਕੀਤਾ। ਭਾਂਵੇ ਉਹ ਮੌਰੀਆ ਦਾ ਰਾਜ ਹੀ ਕਿਉਂ ਨਹੀਂ ਸੀ।
ਪੁਰਾਤਨ ਸਿੱਕਿਆਂ ਤੋਂ ਪਤਾ ਲੱਗਦਾ ਕਿ ਈਸਾ ਬਾਅਦ ਪਹਿਲੀ ਸਦੀ ਸਮੇਂ ਮਾਲਵ ਸਤਲੁੱਜ ਟੱਪ ਕੇ ਮੌਜੂਦਾ ਪੰਜਾਬ ਵਾਲੇ ਮਾਲਵੇ ਵਿੱਚ ਆ ਗਏ। ਹਿਸਾਰ, ਰੋਹਤਕ ਅਤੇ ਸਨੇਤ (ਲੁਧਿਆਣੇ) ਵਿੱਚੋਂ ਇੰਨਾਂ ਦੇ ਮਾਲਵ ਗਣ ਨਾਂ ਹੇਠ ਸਿੱਕੇ ਮਿਲੇ ਹਨ। ਇਸੇ ਸਮੇਂ ਨਵਾਂ ਮਾਲਵਾ ਸਿਰਜਿਆ ਗਿਆ। ਯੋਧੇਗਣ ਅਤੇ ਯੋਧੇ ਰਾਜ ਵੀ ਇੰਨਾਂ ਦਾ ਹੀ ਹੋਣ ਦਾ ਅੰਦਾਜ਼ਾ ਹੈ। ਸਿੰਧ-ਯਵਨ (Indo-Greek) ਰਾਜ ਵਿੱਚ ਵੀ ਮਾਲਵਾ ਦੇ ਬੈਕਟਰੀਅਨ ਗਰੀਕਾਂ ਨਾਲ ਟਕਰਾ ਜਾਰੀ ਰਿਹਾ। ਇਸੇ ਟਾਕਰੇ ਕਰਕੇ ਹੀ ਇਹ ਪੂਰਬ ਵੱਲ ਆਏ ਹੋ ਸਕਦੇ ਨੇ।
ਸਤਲੁੱਜ ਪਾਰ ਰਾਜ ਪੱਕਾ ਕਰਨ ਤੋਂ ਬਾਅਦ ਮਾਲਵ ਅਜਮੇਰ ਅਤੇ ਮੇਵਾੜ ਵੱਲ ਚਲੇ ਗਏ। ਇੱਥੋ ਮਾਲਵਾਂ ਦੇ ਈਸਾ ਬਾਅਦ ਦੂਜੀ ਸਦੀ ਦੇ ਸਿੱਕੇ ਮਿਲੇ ਹਨ। ਇਸ ਤੋਂ ਬਾਅਦ ਉਨ੍ਹਾਂ ਮੱਧ ਭਾਰਤ ਦੀ ਪਠਾਰ ਵਿੱਚ ਪੱਕਾ ਟਿਕਾਣਾ ਬਣਾਇਆ ਅਤੇ ਇੱਕ ਹੋਰ ਮਾਲਵਾ ਸਿਰਜ ਦਿੱਤਾ। ਜੋਰਾਵਰ ਓਲੀਕਾਰ ਰਾਜ ਵੀ ਮਾਲਵਾਂ ਦਾ ਹੀ ਸਮਝਿਆ ਜਾਂਦਾ ਹੈ।
ਸਿੰਧ-ਯਵਨ, ਕੁਸ਼ਾਣ, ਸਾਕਾ, ਹੁੰਨ, ਗੁਪਤਾ ਰਾਜਿਆਂ ਨੇ ਮਾਲਵਾਂ ਨਾਲ ਟੱਕਰ ਦਾ ਸ਼ਿਲਾਲੇਖਾਂ ਜਾਂ ਲਿਖਤਾਂ ਵਿੱਚ ਜ਼ਿਕਰ ਕੀਤਾ। ਜਿਸ ਤੋਂ ਪਤਾ ਲੱਗਦਾ ਕਿ ਇੰਨਾਂ ਨੇ ਜਿਹਲਮ-ਰਾਵੀ ਵਾਲੇ ਮਾਲਬ, ਸਤਲੁਜ ਵਾਲੇ ਮਾਲਵੇ ਜਾਂ ਮੱਧਭਾਰਤ ਵਾਲੇ ਇਲਾਕੇ ਵਿੱਚ ਆਪਣੀ ਸੁਤੰਤਰਤਾ ਹਸਤੀ ਨਹੀਂ ਛੱਡੀ।
ਸਿਕੰਦਰ ਨਾਲ ਯੁੱਧ
ਗਰੀਕ ਲਿਖਾਰੀ ਲਿਖਦੇ ਹਨ ਕਿ ਪੋਰਸ ਨਾਲ ਲੜਾਈ ਤੋਂ ਬਾਅਦ ਸਿਕੰਦਰ ਨੇ ਪੋਰਸ ਨੂੰ ਰਾਜ ਕਰਨ ਦੀ ਆਗਿਆ ਦੇ ਦਿੱਤੀ ਸੀ।ਸਿਕੰਦਰ ਪੋਰਸ ਤੇ ਅੰਬੀ ਹੋਰੀਂ ਨਾਲ ਜਾ ਕੇ ਪੋਰਸ ਦੇ ਰਿਸ਼ਤੇਦਾਰ ਲਹੌਰ ਦੇ ਰਾਜੇ ਕੋਲ ਵੀ ਗੇੜਾ ਮਾਰ ਕੇ ਆਏ ਸਨ। 30 ਦਿਨਾਂ ਵਿੱਚ ਪੰਜਾਬ ਦੇ 37 ਸ਼ਹਿਰਾਂ ਨੇ ਲੜਨ ਤੋਂ ਬਾਅਦ ਜਾਂ ਸਮਝੌਤੇ ਨਾਲ ਸਿਕੰਦਰ ਦੀ ਅਧੀਨਗੀ ਮੰਨੀ ਸੀ।
ਗਰੀਕ ਲਿਖਦੇ ਹਨ ਕਿ ਸਿਕੰਦਰ ਪੰਜਾਬ ਵਿੱਚ 90 ਦਿਨ ਘੁੰਮਦਾ ਰਿਹਾ। ਘੁੰਮਦਿਆਂ ਸਿਕੰਦਰ ਨੂੰ ਲੋਕਾਂ ਦੱਸ ਦਿੱਤਾ ਸੀ ਕਿ ਮਾਲਬ ਇਲਾਕੇ ਦਾ ਮੱਲੀ ਜਾਂ ਮਾਲੀ ਕਬੀਲਾ ਅਤੇ ਦੱਖਣੀ ਪੰਜਾਬ ਦੇ ਸ਼ੂਦਕ ਕੋਈ ਸਮਝੌਤਾ ਨਹੀਂ ਕਰਨਗੇ। ਉਲਟਾ ਉਨਾਂ ਸਿਕੰਦਰ ਦਾ ਰਾਹ ਡੱਕਣ ਅਤੇ ਲਾਂਘਾ ਰੋਕਣ ਲਈ ਆਪਸੀ ਵਿਰੋਧ ਛੱਡ ਕੇ ਇੱਕਜੁਟਤਾ ਵੀ ਕਰ ਲਈ ਹੈ। ਸਿਕੰਦਰ ਨੇ ਦੋਹਾਂ ਕਬੀਲਿਆਂ ਦੀ ਫ਼ੌਜ ਦਾ ਰੇਲੇਵਾਂ ਸਿਰੇ ਚੜਨ ਤੋਂ ਪਹਿਲਾਂ ਹਮਲੇ ਦੀ ਤਿਆਰੀ ਕਰ ਲਈ ਅਤੇ ਜਿਹਲਮ ਦਰਿਆ ਵਿੱਚ ਸ਼ੈਕੜੇ ਬੇੜੇ ਅਤੇ ਬੇੜੀਆਂ ਠੱਲ ਦਿੱਤੇ। ਘੋੜੇ ਊਠ ਹਾਥੀ ਦਰਿਆ ਕੰਢੇ ਚੱਲ ਰਹੇ ਸਨ ਅਤੇ ਧਨ-ਦੌਲਤ, ਫ਼ੌਜੀ ਅਤੇ ਰਸਦ ਦਰਿਆਈ ਬੇੜੀਆਂ ਵਿੱਚ ਭੇਜੀਆਂ।
ਜਿਹਲਮ ਅਤੇ ਝਨਾਂ ਦਰਿਆਵਾਂ ਦੇ ਮੇਲ ਵਾਲੇ ਇਲਾਕੇ ਨੇੜੇ ਪਹਿਲਾਂ ਸਿਕੰਦਰ ਦਾ ਟਾਕਰਾ ਸਿਬੀਆ ਨਾਮਕ ਕਬੀਲੇ ਨਾਲ ਹੁੰਦਾ। ਘਮਸਾਣ ਦੇ ਯੁੱਧ ਬਾਅਦ ਸਿਕੰਦਰ ਨੂੰ ਜੇਤੂ ਦੱਸਿਆ ਗਿਆ। ਗਰੀਕ ਇਤਿਹਾਸਕਾਰ ਦੱਸਦੇ ਨੇ ਕਿ ਗ੍ਰੀਸ ਵਿੱਚੋਂ ਨਿਕਲਣ ਤੋਂ ਬਾਅਦ ਉਹ ਪਹਿਲੀ ਵਾਰ ਉਸ ਨੇ ਕਿਸੇ ਕਬੀਲੇ ਦਾ ਮੁਕੰਮਲ ਖ਼ਾਤਮਾ ਕੀਤਾ। ਉਨ੍ਹਾਂ ਦਾ ਸ਼ਹਿਰ, ਘਰ ਜਾਲ ਦਿੱਤੇ, ਇੱਥੇ ਤੱਕ ਕਿ ਮਾਲ ਡੰਗਰ ਵੀ ਖਤਮ ਕਰ ਦਿੱਤਾ।
1973 ਵਿੱਚ DC Sircar ਦੀ ਕਿਤਾਬ ਵਿੱਚ ਵੇਰਵਾ ਹੈ ਕਿ ਸਿਕੰਦਰ ਪੰਜਾਬ ਤੋਂ ਗਰੀਸ ਤੱਕ ਪਾਣੀ ਰਸਤੇ ਸੰਪਰਕ ਚਾਲੂ ਕਰਨਾ ਚਾਹੁੰਦਾ ਸੀ।ਇਤਿਹਾਸ ਲਿਖਣ ਦੇ ਮੋਢੀ ਅਤੇ ਦੁਨੀਆ ਦੇ ਪਹਿਲੇ ਇਤਿਹਾਸਕਾਰ ਹੈਰੋਡਟਸ ਅਨੁਸਾਰ ਗਰੀਕ ਉਸ ਸਮੇਂ ਦਾ ਸੱਭਿਅਕ ਸੰਸਾਰ ਦੀ ਹੱਦ ਪੰਜਾਬ ਦੇ ਚੜਦੇ ਪਾਸੇ ਟਿੱਬਿਆਂ ਨਾਲ ਤੱਕ ਹੀ ਸੀ। ਪੰਜਾਬ ਦਾ ਮਾਲਵਾ ਇਲਾਕਾ ਤੀਹ-ਚਾਲੀ ਸਾਲ ਪਹਿਲਾਂ ਤੱਕ ਟਿੱਬੇ ਹੀ ਸਨ। ਗਰੀਕ ਇਸੇ ਨੂੰ ਹੀ ਸੰਸਾਰ ਦੀ ਹੱਦ ਮੰਨਦੇ ਸਨ। ਗਰੀਕਾਂ ਨੇ ਸੱਭਿਅਕ ਸੰਸਾਰ ਲਈ οἰκουμένη (oikouménē) ਸ਼ਬਦ ਵਰਤੇ ਹਨ। ਹੈਰੋਡਟਸ ਦਾ Ecumene ਪੰਜਾਬ ਵਿੱਚ ਹੀ ਖਤਮ ਹੋ ਜਾਂਦਾ ਸੀ, ਅਤੇ ਉਹ ਇਸੇ ਨੂੰ ਹੀ Indos ਜਾਂ India ਸੱਦਦੇ ਸਨ। ਸਿਕੰਦਰ ਪਤਾ ਸੀ ਕਿ ਰਾਜ ਦੀ ਪੂਰਬੀ ਹੱਦ ਦੇ ਦਰਿਆਂਵਾ ਉੱਤੇ ਬਾਗੀ ਸੰਪੂਰਨ ਰਾਜ ਲਈ ਖਤਰਾ ਨੇ। ਸਿਕੰਦਰ ਨੇ ਗ੍ਰੀਸ ਨਾਲ ਭਵਿੱਖ ਵਿੱਚ ਦਰਿਆਈ ਸੰਪਰਕ ਖਤਮ ਹੋਣ ਦੇ ਡਰੋਂ ਮਾਲਬ ਨਾਲ ਛੇਤੀ ਅਤੇ ਪੂਰੀ ਤਾਕਤ ਨਾਲ ਨਜਿੱਠਣ ਦਾ ਫੈਸਲਾ ਲਿਆ। ਉਸ ਦਾ ਡਰ ਅੱਗੇ ਚੱਲ ਕੇ ਮਾਲਵਾਂ ਵੱਲੋਂ ਹਰ ਰਾਜਸੀ ਤਾਕਤ ਦੇ ਵਿਰੋਧ ਕਰਨ ਤੋਂ ਸਹੀ ਵੀ ਸਾਬਤ ਹੋਇਆ ਹੈ। ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਪਰਸ਼ੀਅਨ ਰਾਜੇ ਦਾਰਾਏ ਵਾਉਸ਼ ਤੀਜਾ Darius III ਦੀ Battle of Gaugamela ਵਿੱਚ ਪੰਜਾਬੀਆਂ ਨੇ ਪੂਰੀ ਮੱਦਦ ਕੀਤੀ। ਰਾਸ਼ਨਪਾਣੀ, ਧਨ ਅਤੇ ਫ਼ੌਜੀ ਵੱਡੀ ਗਿਣਤੀ ਵਿੱਚ ਭੇਜੇ ਗਏ ਸਨ। ਹੋ ਸਕਦਾ ਹੈ ਕਿ Darius III ਦੀ ਮੱਦਦ ਕਰਨ ਵਾਲੇ ਵੀ ਇਹੀ ਕਬੀਲੇ ਹੋਣ ਅਤੇ ਆਪਣੇ ਰਾਜੇ ਲਈ ਹਾਲੇ ਵੀ ਵਫ਼ਾਦਾਰੀ ਨਿਭਾਉਂਦੇ ਸਿਕੰਦਰ ਨਾਲ ਲੜਮਰਨ ਲਈ ਤਿਆਰ ਹੋਣ। (ਇਹ ਇੱਕ ਅੰਦਾਜ਼ਾ ਹੈ)
ਗਰੀਕਾਂ ਅਨੁਸਾਰ ਮਾਲਵ ਦੇ ਮਲੀਆ ਦਾ ਸ਼ੂਦਕਾਂ ਨਾਲ ਹੋਇਆ ਸਮਝੌਤਾ ਸਿਰੇ ਨਾ ਚੜਿਆ। ਸਿਕੰਦਰ ਤਿੰਨ ਦਿਨ ਬਾਅਦ ਮਾਲਵ ਦੇ ਪਹਿਲੇ ਟਿਕਾਣੇ ਕੋਟ ਕਮਾਲੀਆ ਪਹੁੰਚ ਗਿਆ ਅਤੇ ਘਮਸਾਣ ਦਾ ਯੁੱਧ ਹੋਇਆ। ਇਸ ਤੋਂ ਬਾਅਦ ਖਾਨੇਵਾਲ ਕੋਲ ਅਟਾਰੀ ਨਾਂ ਦੇ ਪਿੰਡ ਵਿੱਚ ਮਾਲਬਾ ਦਾ ਸਿਕੰਦਰ ਨਾਲ ਇੱਕ ਹੋਰ ਯੁੱਧ ਹੋਇਆ। ਬਹੁਤ ਸਾਰੇ ਮਾਲਵ ਸਿਕੰਦਰ ਦਾ ਮੁਕਾਬਲਾ ਕਰਨ ਲਈ ਪਹਿਲਾਂ ਹੀ ਮੁਲਤਾਨ ਇਕੱਠੇ ਹੋ ਚੁੱਕੇ ਸਨ। ਇਤਿਹਾਸਕਾਰ ਏਰੀਅਨ Arrian ਅਨੁਸਾਰ ਮੁਲਤਾਨ ਵਿੱਚ 50,000 ਮਾਲਵ ਮੱਲੀਆ ਦਾ ਜਮਾ ਸੀ। ਗਰੀਕਾਂ ਅਤੇ ਮਾਲਬਾਂ ਵਿੱਚ ਘਮਸਾਣ ਦਾ ਯੁੱਧ ਹੋਇਆ। ਗ੍ਰੀਸ ਤੋਂ ਤੁਰਨ ਤੋਂ ਬਾਅਦ ਪਹਿਲੀ ਵਾਰ ਸਿਕੰਦਰ ਉੱਤੇ ਇੰਨਾ ਘਾਤਕ ਜਖਮ ਹੋਇਆ ਕਿ ਇੱਕ ਵਾਰ ਉਸ ਦੀ ਫ਼ੌਜ ਨੂੰ ਲੱਗਾ ਕਿ ਸਿਕੰਦਰ ਮਰ ਗਿਆ। ਲੜਾਈ ਵਿੱਚ ਮਾਲਬਾ ਨੇ ਸਿਕੰਦਰ ਦੀ ਪਹਿਚਾਣ ਕੱਢ ਲਈ ਅਤੇ ਮੌਕਾ ਮਿਲਦੇ ਤੀਰ ਸਿਕੰਦਰ ਦੇ ਛਾਤੀ ਵਿੱਚ ਜੜ ਦਿੱਤਾ ਅਤੇ ਤੀਰ ਫੇਫੜਿਆਂ ਕੋਲ ਜਾ ਲੱਗਾ। ਬਹੁਤ ਕੱਟ ਵੱਡ ਹੋਈ ਅਤੇ ਅੰਤ ਵਿੱਚ ਗਰੀਕਾਂ ਦਾ ਮੁਲਤਾਨ ਦੇ ਕਿਲੇ ਉੱਤੇ ਕਬਜਾ ਹੋ ਗਿਆ। ਜੰਗ ਵਿੱਚ ਬਹੁਤ ਨੁਕਸਾਨ ਹੋਇਆ। ਸਿਕੰਦਰ ਦੀ ਫ਼ੌਜ ਨੂੰ ਸੱਚ ਨਹੀਂ ਆ ਰਿਹਾ ਸੀ ਕਿ ਉਹ ਜਿਉਦਾ ਹੈ। ਫ਼ੌਜ ਦਾ ਧੀਰਜ ਬੰਨਣ ਲਈ ਜ਼ਖਮੀ ਸਿਕੰਦਰ ਨੂੰ ਬੇੜੀ ਵਿੱਚ ਮੰਜਾ ਡਾਹ ਕੇ ਦਰਿਆ ਵਿੱਚ ਘੁਮਾਇਆ ਗਿਆ। ਕੁੱਝ ਇਤਿਹਾਸਕਾਰ ਕਹਿੰਦੇ ਹਨ ਕਿ ਇਸੇ ਜ਼ਖ਼ਮ ਕਰਕੇ ਹੀ ਕੁੱਝ ਸਾਲ ਕੁ ਬਾਅਦ ਸਿਕੰਦਰ ਦੀ ਬੈਬੇਲੋਨ ਵਿੱਚ ਮੌਤ ਹੋਈ।
ਬਾਅਦ ਵਿੱਚ ਦੱਖਣੀ ਪੰਜਾਬ ਦੇ ਸ਼ੂਦਕਾਂ ਨਾਲ ਵੀ ਅਜਿਹੀ ਹੀ ਜੰਗ ਹੋਈ। ਹਾਰਨ ਤੋਂ ਬਾਅਦ ਉਨ੍ਹਾਂ ਵਿੱਚੋਂ ਵੀ ਬਹੁਤ ਜੰਗਲਾਂ, ਟਿੱਬਿਆਂ, ਛੰਭਾਂ ਵਿੱਚ ਤਿੱਤਰ ਬਿੱਤਰ ਹੋ ਗਏ ਅਤੇ ਗੁਰੀਲਾ ਜੰਗ ਜਾਰੀ ਰੱਖੀ।
ਭਾਵੇਂ ਮਾਲਵ ਅਤੇ ਸ਼ੂਦਕ ਯੁੱਧ ਹਾਰ ਗਏ ਪਰ ਉੱਨਾਂ ਗਰੀਕਾਂ ਦੀ ਈਨ ਨਹੀਂ ਮੰਨੀ। ਨਾ ਹੀ ਪੋਰਸ ਵਾਂਗ ਸਿਕੰਦਰ ਦੀ ਅਧੀਨਗੀ ਵਾਲਾ ਰਾਜ ਕਬੂਲਿਆ। ਉਹ ਜੰਗਲਾਂ ਵਿੱਚੋਂ ਗੁਰੀਲਾ ਜੰਗ ਲੜਦੇ ਰਹੇ। ਸ਼ੱਕ ਕੀਤੀ ਜਾਂਦੀ ਹੈ ਕਿ ਸਿਕੰਦਰ ਵੱਲੋਂ ਪੰਜਾਬ ਵਿੱਚ ਨਿਯੁਕਤ ਕੀਤੇ ਗਵਰਨਰ Eudemus ਦੇ ਕਤਲ ਵਿੱਚ ਵੀ ਇੰਨਾਂ ਦੋਹਾਂ ਕਬੀਲਿਆਂ ਦਾ ਹੱਥ ਹੋ ਸਕਦਾ ਹੈ। ਗਰੀਕ ਰਾਜੇ Selucus ਤੋਂ ਬਾਅਦ ਮੌਰੀਆ ਦੇ ਰਾਜ ਵਿੱਚ ਵੀ ਪੰਜਾਬ ਵਿੱਚ ਲਗਾਤਾਰ ਬਗਾਵਤਾਂ ਹੁੰਦੀਆਂ ਰਹੀਆਂ। ਨਾਜ਼ਰ ਸਿੰਘ ਅਨੁਸਾਰ ਉਸ ਸਮੇਂ ਪੰਜਾਬ ਦੇ ਛੋਟੇ ਛੋਟੇ ਰਾਜ ਉਦਾਂਮਬਰ ਅਖਵਾਉਂਦੇ ਸਨ। ਬੋਧੀ ਲਿਖਤਾਂ ਅਨੁਸਾਰ ਇੰਨਾਂ ਬਗਾਵਤਾਂ ਨੂੰ ਨਜਿੱਠਣ ਲਈ ਬਰੀਹਦਤ ਨੇ ਆਪਣੇ ਪੁੱਤਰ ਅਸ਼ੋਕ (ਦੇਵਾਨਪਿਆ) ਨੂੰ ਗਵਰਨਰ ਬਣਾ ਕੇ ਵੀ ਭੇਜਿਆ ਸੀ। ਜਿਸ ਦਾ ਸਿੱਧਾ ਮਤਲਬ ਹੈ ਕਿ ਓਸ ਸਮੇਂ ਦੇ ਪੰਜਾਬੀ ਮ੍ਹੌਰੀਆਂ ਤੋਂ ਵੀ ਖੁਸ਼ ਨਹੀਂ ਸਨ ਅਤੇ ਬਗਾਵਤਾਂ ਕਰਦੇ ਰਹਿੰਦੇ ਸਨ।
- ਗਰੀਕਾਂ ਤੋਂ ਮਿਲਦੇ ਮੁਢਲੇ ਵੇਰਵਿਆਂ ਤੋਂ ਬਾਅਦ ਇਤਿਹਾਸ ਵਿੱਚੋਂ ਸ਼ੂਦਕਾਂ ਦਾ ਨਾਂ ਖਤਮ ਹੋ ਜਾਂਦਾ। ਸ਼ੱਕ ਕੀਤਾ ਜਾਂਦਾ ਹੈ ਕਿ ਮਾਲਵ ਅਤੇ ਸ਼ੂਦਕ ਦਾ ਰਲ਼ੇਵਾਂ ਹੋ ਗਿਆ ਹੋਵੇ ਅਤੇ ਇੱਕ ਹੀ ਬਣ ਗਏ ਹੋਣ। ਇਤਿਹਾਸਕਾਰ Michael Witzel ਅਨੁਸਾਰ ਮੌਜੂਦਾ ਚੌਥੇ ਵਰਣ ਸ਼ੂਦਰ ਦਾ ਨਾਂ ਅਸਲ ਵਿੱਚ ਸ਼ੂਦਕਾਂ ਤੋਂ ਹੀ ਸ਼ੁਰੂ ਹੋਇਆ ਹੋ ਸਕਦਾ। ਜੋ ਪਹਿਲਾਂ ਦੱਖਣੀ ਪੰਜਾਬ ਦਾ ਇੱਕ ਕਬੀਲਾ ਸੀ ਅਤੇ ਬਾਅਦ ਵਿੱਚ ਵੱਡੇ ਵਰਗ ਲਈ ਵਰਤਿਆ ਜਾਣ ਲੱਗਾ।
ਅੰਤ ਵਿੱਚ ਬੇਨਤੀ ਹੈ ਕਿ ਇਹ ਸੰਖੇਪ ਜਾਣਕਾਰੀ ਹੈ। ਇਸ ਵਾਰੇ ਵਿਸਥਾਰ ਆਪ ਮੂਲ ਗਰੀਕ ਅਤੇ ਮੂਲ ਥੇਹਖੋਜ (archeological) ਰਿਪੋਰਟਾਂ ਵਿੱਚ ਪੜ੍ਹੋ। ਪੰਜਾਬ ਦਾ ਇਤਿਹਾਸ ਪੰਜਾਬੀ ਬਣ ਕੇ ਲੱਭੋ। ਦੱਖਣ ਏਸ਼ੀਆ ਦੀ ਸੱਭਿਅਤਾ ਪੰਜਾਬ ਵਿੱਚ ਸ਼ੁਰੂ ਹੋਈ ਹੈ। ਸਾਡੇ ਪੁਰਖੇ ਸੱਭਿਅਤਾ ਸਿਰਜਣ ਵਾਲੇ ਹਨ। ਬਦਕਿਸਮਤੀ ਨਾਲ ਅਸੀਂ ਹੀ ਆਪਣਾ ਇਤਹਾਸ ਨਹੀਂ ਜਾਣਦੇ।
ਰਮਨਦੀਪ ਸਿੰਘ
HOW DID A LADDER ALMOST KILL ALEXANDER THE GREAT?
Alexander the Great Caught a Lucky Break After Suffering the Worst Wound of His Campaign
Alexander’s Last War – Mallian Campaign – YouTube