ਹਰ ਪੰਜਾਬੀ ਨੇ ਇਹ ਅਨੇਕਾਂ ਵਾਰ ਪੜ੍ਹਿਆ-ਸੁਣਿਆ ਹੋਵੇਗਾ ਕਿ “ਈਰਾਨੀਆ ਨੂੰ ਸੱਸਾ (ਸ) ਨਹੀਂ ਕਹਿਣਾ ਆਉਂਦਾ ਸੀ, ਇਸ ਲਈ ਉਨ੍ਹਾਂ ਸਿੰਧ ਨੂੰ ਹਿੰਦ ਕਿਹਾ”। ਬਿਨਾਂ ਪੜਤਾਲਿਆਂ ਇਹ ਭੁਲੇਖਾ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ। ਇਸ ਵਿਸ਼ੇ ਦੀਆ ਪਰਤਾਂ ਲਾਹੁਣ ਤੋਂ ਬਾਅਦ ਕੇਵਲ ਪੁਰਾਤਨ ਪੰਜਾਬ ਦਾ ਹੀ ਨਹੀਂ ਸਗੋਂ ਨਾਲ ਦੀ ਨਾਲ ਪੰਜਾਬੀ ਬੋਲੀ ਦੇ ਇਤਿਹਾਸ ਅਤੇ ਵਿਸ਼ੇਸ਼ ਵੰਨਗੀਆਂ ਦਾ ਵੀ ਪਤਾ ਲੱਗਦਾ ਹੈ।
ਹ ਅਤੇ ਸ ਦੀ ਪੜਤਾਲ ਕਰਦਿਆਂ ਪਤਾ ਲੱਗਦਾ ਕਿ ਪੁਰਾਤਨ ਈਰਾਨੀਆ ਦੀ ਰਾਜਧਾਨੀ ਦਾ ਨਾਂ ਸੂਸਾ ਸੀ। ਜਿਸ ਵਿੱਚ ਦੋ ਸੱਸੇ ਹਨ। ਦੂਜੀ ਰਾਜਧਾਨੀ ਪਾਰਸਾ ਸੀ। ਇਸ ਵਿੱਚ ਵੀ ਸੱਸਾ ਹੈ। ਪਾਰਸੀਆਂ ਦੇ ਧਾਰਮਿਕ ਗ੍ਰੰਥ ਦਾ ਨਾਂ ਅਵੇਸਤਾ ਹੈ, ਇਥੇ ਵੀ ਉਨਾਂ ਨੂੰ ਸੱਸਾ ਬੋਲਣ ਵਿੱਚ ਔਖ ਨਹੀਂ ਸੀ। ਉਨਾਂ ਦੇ ਧਾਰਮਿਕ ਗ੍ਰੰਥ ਜੇਂਦ ਅਵੇਸਤਾ ਵਿੱਚ ਤਾਂ ਸੱਸੇ ਦੇ ਅਨੇਕਾਂ ਸ਼ਬਦ ਹਨ। ਇੱਥੋਂ ਤੱਕ ਕਿ ਇਰਾਨੀਆਂ ਦੀ ਤੀਜੀ ਵੱਡੀ ਬਾਦਸ਼ਾਹਤ ਦਾ ਨਾਂ ਹੀ ਸਾਸਾਨੀਆਂ Sassanian ਸੀ। ਮਤਲਬ ਕਿ ਪੁਰਾਤਨ ਈਰਾਨੀਆਂ ਨੂੰ ਸੱਸਾ ਬੋਲਣਾ ਆਉਂਦਾ ਸੀ। ਤੱਥਾਂ ਦੇ ਆਧਾਰ ਉੱਤੇ ਕਹਿ ਸਕਦੇ ਹਾਂ ਕਿ “ਉਨ੍ਹਾਂ ਤੋਂ ਸੱਸਾ ਨਹੀਂ ਬੋਲ ਹੁੰਦਾ ਸੀ, ਇਸ ਕਰਕੇ ਸਿੰਧ ਦਾ ਹਿੰਦ ਬਣਾ ਦਿੱਤਾ”, ਠੀਕ ਵਿਆਖਿਆ ਨਹੀਂ ਹੈ। ਸਗੋਂ ਇਸ ਪੜਤਾਲ ਵਿੱਚੋਂ ਹੋਰ ਹੀ ਰੌਚਕ ਤੱਥ ਨਿਕਲਦਾ ਹੈ।
ਇਹ ਵੀ ਕਿਹਾ ਜਾਂਦਾ ਕਿ ਯੂਨਾਨੀਆਂ (ਗਰੀਕ) ਤੋਂ ਪਾਰਸੀ ਈਰਾਨੀਆਂ ਵਾਂਗ ਹਾਹਾ (ਹ) ਨਹੀਂ ਬੋਲ ਹੁੰਦਾ ਸੀ, ਇਸ ਲਈ ਉਨ੍ਹਾਂ ਹਿੰਦ ਦਾ ਇੰਦ-ਇੰਦੋਸ ਬਣਾ ਦਿੱਤਾ, ਜਿਸ ਤੋਂ ਲੈਟਿਨ ਰਾਂਹੀ ਇੰਡੀਆ ਬਣਿਆ। ਪੁਰਾਤਨ ਗਰੀਕ ਵਿੱਚ ਸੱਤ ਹੈਪਟਾ Hepta ਸੀ। ਉਹ ਹੈਪਟਾਹਿੰਦੂ ਵੀ ਕਹਿ ਸਕਦੇ ਸਨ। ਸਾਨੂੰ ਦੱਸਿਆ ਜਾਦਾ ਕਿ ਉਹ ਪੰਜਾਬ ਨੂੰ ਪੈਂਟਾ ਪੋਟਾਮੀਆ ਕਹਿੰਦੇ ਸਨ ਤਾਂ ਹੈਪਟਾਪੋਟਾਮੀਆ ਵੀ ਕਹਿ ਸਕਦੇ ਸਨ। ਇਤਿਹਾਸ ਲਿਖਣ ਦੇ ਬਾਨੀ, ਦੁਨੀਆਂ ਦੇ ਪਹਿਲੇ ਗਰੀਕ ਇਤਿਹਾਸਕਾਰ ਦਾ ਨਾਂ ਹੈਰੋਡੋਟਸ ਹੈ ਅਤੇ ਗਰੀਕ ਰੱਬ ਹਰਮੀਅਸ, ਹਰਕੁਲੀਜ ਤਿੰਨੋਂ ਨਾਂ ਹਾਹੇ ਤੋਂ ਹਨ। ਗਰੀਕ ਫਿਲਾਸਫਰ ਸੁਕਰਾਤ Socrates ਹੈ, ਉੱਥੇ ਸਪਾਰਟਾ Sparta ਨਾਂ ਦਾ ਇਲਾਕਾ ਵੀ ਸੀ, ਜਿੱਥੋਂ ਦੇ ਯੋਧੇ ਬਹੁਤ ਮਸ਼ਹੂਰ ਸਨ। ਮਤਲਬ ਕਿ ਗਰੀਕਾਂ ਨੂੰ ਵੀ ਸੱਸਾ ਅਤੇ ਹਾਹਾ ਬੋਲਣ ਵਿੱਚ ਕੋਈ ਔਖ ਨਹੀਂ ਸੀ। ਬੋਲੀ ਵਿੱਚ ਧੁੰਨਾਂ ਦੀ ਅਣਹੋਂਦ ਕਰਕੇ ਸਿੰਧ ਜਾਂ ਹਿੰਦ ਨੂੰ ਇੰਡੀਆ ਕਹਿਣਾ ਸ਼ੁਰੂ ਕੀਤਾ ਵੀ ਪ੍ਰਪਤ ਤੱਥਾਂ ਉੱਤੇ ਪੂਰਾ ਨਹੀਂ ਉੱਤਰਦਾ।
ਪ੍ਰੋ. ਹਰਕੀਰਤ ਸਿੰਘ ਨੇ ਇਸ ਪੜਤਾਲ ਦਾ ਧਿਆਨ ਵਿਦੇਸ਼ੀਆਂ ਤੋਂ ਮੋੜ ਕੇ ਪੰਜਾਬ ਵਿੱਚ ਹੀ ਕੇਂਦਰਤ ਕੀਤਾ। ਉਹ ਲਿਖਦੇ ਹਨ ਕਿ ਪੰਜਾਬੀ ਵਿੱਚ ਹਿਮਾਲਾ, ਸਿਮਾਲਾ ਠੰਡ ਬਰਫ਼ ਲਈ ਸ਼ਬਦ ਹਨ। ਜਿਨ੍ਹਾਂ ਤੋਂ ਅੱਗੇ ਹਿਮਾਚਲ ਅਤੇ ਸ਼ਿਮਲਾ ਸ਼ਬਦ ਬਣੇ ਨੇ। ਇੱਥੇ ਵੀ ਹ ਅਤੇ ਸ ਅਦਲਾ-ਬਦਲੀ ਹੋਏ ਨੇ। ਸਿਮਲਾ ਤੋਂ ਸ਼ਿਮਲਾ ਬਣੇ ਨੂੰ ਤਾਂ ਮਸਾਂ ਚਾਲੀ ਸਾਲ ਵੀ ਨਹੀਂ ਹੋਏ। ਜਿਵੇਂ ਕਿ ਧਰਮਸ਼ਾਲਾ ਹਾਲੇ ਤੱਕ ਵੀ ਕਈ ਥਾਂ ਧਰਮਸਾਲਾ ਹੀ ਹੈ। ਸ ਅਤੇ ਸ਼ ਦਾ ਆਪਣੀ ਅਲੱਗ ਕਹਾਣੀ ਹੈ।
ਪੰਜਾਬੀ ਨੂੰ ਹੋਰ ਫਰੋਲ ਕੇ ਦੇਖੀਏ ਮਝੈਲ ਤਾਂ ਸੱਸਾ ਅਤੇ ਹਾਹਾ ਹਰ ਦੂਜੀ ਲਾਇਨ ਵਿੱਚ ਬਦਲ ਦਿੰਦੇ ਨੇ। ਮਾਝੇ ਵਿੱਚ “ਅਸੀਂ” ਨੂੰ “ਅਹੀਂ”, “ਸਾਡਾ” ਨੂੰ “ਹਾਡਾ”, “ਓਸਦਾ” ਨੂੰ “ਓਹਦਾ” ਬੋਲਿਆ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ “ਉਹਾਨੂੰ” “ਸ” ਨਈਂ ਬੋਲਣਾ ਆਉਂਦਾ ਉਹ ਕਹਿੰਦੇ ਆ ਕਿ ਹਾਨੂੰ ਸੱਸਾ ਵੀ ਬੋਲਣਾ ਆਉਂਦਾ ਤੇ ਹਾਹਾ ਵੀ ਪਰ ਸਾਡੀ ਬੋਲੀ ਇਵੇਂ ਹੀ ਹੈ। ਇਸ ਵਿੱਚ ਠੀਕ ਜਾਂ ਗਲਤ ਉਚਾਰਨ ਦਾ ਸਵਾਲ ਨਹੀਂ ਹੈ। ਇੱਕ ਦੋਸਤ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਪਿੰਡ ਸਾਰੰਗਵਾਲ ਵਿੱਚ ਰਾਅ ਸਿੱਖ ਵੱਸਦੇ ਹਨ, ਜੋ ਪਿੰਡ ਦਾ ਨਾਂ ਹਾਰੰਗਬਾਲ ਹੀ ਬੋਲਦੇ ਨੇ ਪਰ ਲਿਖਦੇ ਸਾਰੰਗਵਾਲ ਹਨ। ਪੰਜਾਬੀ ਪੈਸੇ ਨੂੰ ਪੈਹਾ ਵੀ ਕਹਿੰਦੇ ਹਨ। ਪੰਜਾਬੀ ਵਿੱਚ ਹਿੰਦੀ ਉਰਦੂ ਦਾ “ਕੋਸੋਂ ਦੂਰ” “ਕੋਹ ਨਾ ਚੱਲੇ ਬਾਬਾ ਥਿਆਈ” ਹੋ ਜਾਂਦਾ। ਹਿੰਦੀ ਵਾਲੇ ਦਸ ਵਾਰ ਰੋਸ ਕਰਦੇ ਨੇ ਤਾਂ ਪੰਜਾਬੀ “ਦਾਹ ਵਾਰ ਰੋਹ” ਕਰਦੇ ਨੇ। ਹਿੰਦ ਸਿੰਧ ਵਾਲਾ ਫ਼ਰਕ ਜੇ ਬਾਹਰੀ ਹਮਲਾਵਾਰਾਂ ਦੇ ਗਲ੍ਹ ਮੜਿਆ ਜਾ ਸਕਦਾ ਤਾਂ ਇਹ ਦੋਸ਼ ਹਿੰਦੀ-ਉਰਦੂ ਵਾਲਿਆਂ ‘ਤੇ ਵੀ ਬਰਾਬਰ ਲੱਗਦਾ। ਪਰ ਇੱਥੇ ਤੁਹਾਡਾ ਧਿਆਨ ਹੋਰ ਮਸਲੇ ਵੱਲ ਲਿਆਉਣ ਦਾ ਹੈ।
ਪੰਜਾਬੀ ਮਾਂ ਬੋਲੀ ਦੇ ਜਗਿਆਸੂਆਂ ਲਈ ਸਵਾਲ ਹੋਰ ਵੱਡਾ ਹੋ ਜਾਂਦਾ ਹੈ। ਈਰਾਨੀਆਂ ਅਤੇ ਗਰੀਕਾਂ ਵਿੱਚ ਸੱਸੇ ਅਤੇ ਹਾਹੇ ਦੇ ਫਰਕ ਵਾਲੀ ਕੋਈ ਤੁੱਕ ਨਹੀਂ ਬਣਦੀ। ਪਰ ਪੰਜਾਬੀ ਬੋਲੀ ਵਿੱਚ ਯਕੀਨਨ ਹਾਹਾ ਅਤੇ ਸੱਸਾ ਦੋਵੇਂ ਅਦਲਾ-ਬਦਲੀ ਕੀਤੇ ਜਾਂਦੇ ਹਨ। ਤਾਂ ਸੋਚਣਾ ਪੈਣਾ ਕਿ ਇਹ ਕੀ ਚੱਕਰ ਹੈ। ਖੁਸ਼ਕਿਸਮਤੀ ਨਾਲ ਅਸੀਂ ਇਸ ਭਾਸ਼ਾਈ ਵੰਨਗੀ ਦਾ ਧੁਰਾ ਪੁਰਾਤਨ ਪੰਜਾਬ ਵਾਰੇ ਲਿਖੇ ਦੋ ਪੁਰਾਤਨ ਗ੍ਰੰਥਾਂ ਰਿੱਗਬੇਦ ਅਤੇ ਜੇਂਦ ਅਵੇਸਤਾ ਵਿੱਚ ਲੱਭ ਸਕਦੇ ਹਾਂ।
ਰਿੱਗ ਵੇਦ ਅਤੇ ਜੇਂਦ ਅਵੇਸਤਾ ਦੁਨੀਆਂ ਦੇ ਸਭ ਤੋਂ ਪੁਰਾਣੇ ਗ੍ਰੰਥਾਂ ਵਿੱਚੋਂ ਹਨ। ਦੋਵੇਂ ਆਰੀਆਵਾਂ ਦੇ ਸਨ, ਦੋਵਾਂ ਵਿੱਚ ਪੰਜਾਬ ਦਾ ਜ਼ਿਕਰ ਹੈ। ਰਿੱਗਬੇਦ ਪੰਜਾਬ ਵਿੱਚ ਉਚਾਰਿਆ ਮੰਨਿਆ ਜਾਂਦਾ ਹੈ ਅਤੇ ਜੇਂਦ ਅਵੇਸਤਾ ਰਿੱਗਬੇਦ ਵਾਲੀ ਜਾਣਕਾਰੀ ਵਿੱਚ ਵਾਧਾ ਕਰਦਾ ਹੈ। ਇੱਥੇ ਤੱਕ ਕਿ ਅਵੇਸਤਾ ਦੀਆਂ ਵਿੰਦੀਦਾਦ ਗਾਥਾਵਾਂ ਵਿੱਚ ਪੰਜਾਬ ਨੂੰ ਆਰੀਆਵਾਂ ਦੀਆਂ 16 ਰੱਬੀ ਬਖ਼ਸ਼ਿਸ਼ਾਂ ਵਾਲੀਆਂ ਧਰਤੀਆਂ ਵਿੱਚੋ ਇੱਕ ਗਿਣਿਆ ਗਿਆ ਹੈ। ਰਿੱਗਬੇਦ ਅਤੇ ਅਵੇਸਤਾ ਵਿੱਚ ਕਈ ਸਾਂਝੇ ਸਲੋਕ ਹਨ, ਬਹੁਤ ਸਾਰੇ ਇੱਕੋ ਦੇਵਤੇ ਹਨ, ਦਸ ਰਾਜਾਵਾਂ ਦੀ ਲੜਾਈ, ਗਾਇਤ੍ਰੀ ਮੰਤਰ ਆਦਿ ਬਹੁਤ ਸਾਰੀਆਂ ਸਮਾਨਤਾਵਾਂ ਹਨ। ਪੰਜਾਬ ਦੇ ਪ੍ਰਚੱਲਤ ਇਤਿਹਾਸ ਵਿੱਚੋਂ ਜੇਂਦ ਅਵੇਸਤਾ ਮੰਨਣ ਵਾਲੇ ਕਬੀਲੇ ਗਾਇਬ ਹੀ ਹਨ। 600 BC ਤੋਂ ਲੈ ਕੇ 400 AD ਤੱਕ ਹਜ਼ਾਰ ਸਾਲ ਪੰਜਾਬ ਦੇ ਅਸੁਰ ਲੋਕਾਂ ਦਾ ਪਾਰਸੀ ਅਸੁਰ ਲੋਕਾਂ ਨਾਲ ਰਾਜਸੀ, ਫੌਜੀ, ਧਾਰਮਿਕ, ਆਰਥਿਕ ਸਬੰਥ ਹੈ। ਪਾਰਸੀ ਹਕਸ਼ਾਮਨੀਸ਼, ਪਿਹਲਵੀ, ਸ਼ੱਕ ਤਾਂ ਰਾਜ ਵੀ ਕਰਦੇ ਰਹੇ ਇੱਥੇ ਪੱਕੇ ਬਾਸ਼ਿੰਦੇ ਵੀ ਬਣੇ। ਲਹਿੰਦੇ ਪੰਜਾਬ ਦੀਆਂ ਥੇਹ ਖੋਜਾਂ ਵਿੱਚੋ ਯੋਰੋਆਸਟੀਅਨ ਜਾਂ ਮਾਜਦਾਈਨ ਜਾਂ ਮਿੱਥਰਾਵਾਦੀ ਅਸੁਰ ਲੋਕਾਂ ਦੇ ਸਿੱਕੇ, ਅਤੇ ਹੋਰ ਨਿਸ਼ਾਨ ਵੱਡੀ ਮਾਤਰਾ ਵਿੱਚ ਮਿਲੇ ਹਨ। ਗਰੀਕ ਰੋਮਨ ਲਿਖਤਾਂ ਵੀ ਅਸੁਰ ਆਰੀਆਵਾਂ ਦੇ ਪੰਜਾਬ ਵਿੱਚ ਰਾਜ ਅਤੇ ਮੌਜ਼ੂਦਗੀ ਦੀ ਗਵਾਹੀ ਭਰਦੇ ਹਨ। ਇੱਥੇ ਤੱਕ ਕਿ ਤਖਸ਼ਿਲਾ ਦੇ ਖੰਡਰਾਂ ਵਿੱਚੋਂ ਬੁੱਧ (ਸਮਣ ਪ੍ਰੰਪਰਾ) ਅਤੇ ਗਰੀਕ ਧਰਮ ਤੋਂ ਬਿਨਾਂ ਕੇਵਲ ਅਸੁਰ ਲੋਕਾਂ ਦਾ ਮੰਦਰ ਹੀ ਲੱਭਿਆ ਹੈ। ਜਿਸ ਨੂੰ ਅੱਜਕੱਲ ਜੰਡਿਆਲ ਮੰਦਰ ਕਹਿੰਦੇ ਹਨ। ਅਸਲ ਵਿੱਚ ਪੁਰਾਤਨ ਪੰਜਾਬ ਦੀ ਕਹਾਣੀ ਮਾਜਦਾਈਨ, ਮਿੱਥਰਾਵਾਦੀ ਜਾਂ ਯੋਰੋਆਸਟੀਅਨ ਬਿਨਾਂ ਬਿਲਕੁੱਲ ਅਧੂਰੀ ਹੈ। ਉਦਾਹਰਣ ਦੇ ਤੌਰ ਉੱਤੇ ਨਵੇਂ ਜੰਮੇ ਬੱਚੇ ਦੇ ਤੜਾਗੀ ਬੰਨਣ ਵਾਲੀ ਰਸਮ ਦੇ ਮੂਲ ਦਾ ਮਾਜਦਾਈਨ ਦੀ ਰਵਾਇਤ ਤੋਂ ਬਿਨਾਂ ਹੋਰ ਕਿਸੇ ਪਾਸੇ ਪੁਰਾਤਨ ਸੰਕੇਤ ਨਹੀ ਮਿਲਦਾ। ਪੰਜਾਬ ਦੇ ਇਤਿਹਾਸ ਵਿੱਚ ਇੰਨਾਂ ਲੋਕਾਂ ਦਾ ਵੀ ਵੱਡਾ ਹਿੱਸਾ ਹੈ।
ਮਾਹਰ ਰਿੱਗ ਵੇਦ ਅਤੇ ਅਵੇਸਤਾ ਨੂੰ ਇੱਕੋ ਭਾਸ਼ਾ ਦੇ ਦੋ ਲਹਿਜੇ ਵੀ ਮੰਨਦੇ ਹਨ। ਇਸ ਤਰਾਂ ਦੱਸਦੇ ਨੇ ਕਿ ਜਿਵੇਂ ਅੱਜ ਮਝੈਲੀ ਅਤੇ ਮਲਵਈ ਪੰਜਾਬੀ ਲਹਿਜੇ ਹਨ। ਅਵੇਸਤਾ ਵਿੱਚ ਪੰਜਾਬ ਹਪਤ ਹਿੰਦੂ ਹੈ ਅਤੇ ਰਿੱਗਬੇਦ ਵਿੱਚ ਸਪਤ ਸਿੰਧੂ ਹੈ।ਦੋਵਾਂ ਗ੍ਰੰਥਾਂ ਵਿੱਚ ਲਹਿਜੇ ਦਾ ਵਖਰੇਵਾ ਹਾਹਾ ਅਤੇ ਸੱਸਾ ਤੋਂ ਜ਼ਿਆਦਾ ਹੈ। ਲੇਖ ਦੀ ਸਰਲਤਾ ਲਈ ਹਾਹਾ (ਹ) ਤੋਂ ਬਿਨਾਂ ਤਿੰਨ ਹੋਰ ਧੁੰਨਾਂ ਦੀ ਹੀ ਉਦਾਹਰਣ ਵਰਤਾਂਗੇ। ਹਾਹਾ ਅਤੇ ਸੱਸਾ ਤੋਂ ਇਲਾਵਾ ਅਵੇਸਤਾ ਵਾਲਾ ਥ ਥੱਥਾ, ਭੱਭਾ ਭ, ਯਈਆ ਯ ਧੁੰਨਾਂ ਰਿੱਗ ਵੇਦ ਵਿੱਚ ਕ੍ਰਮਵਾਰ ਤ, ਬ, ਜ ਆਦਿ ਹੋ ਜਾਂਦੀਆਂ ਨੇ। ਦੋਵੇਂ ਗ੍ਰੰਥਾਂ ਦੀਆਂ ਭਾਸ਼ਾਵਾਂ ਅਤੇ ਕਈ ਹੋਰ ਧੁੰਨਾਂ ਆਪਸ ਵਿੱਚ ਬਹੁਤ ਸਾਧਾਰਨ ਜਿਹੀ ਵਿੱਧੀ ਨਾਲ ਬਦਲੀ ਹੋ ਜਾਂਦੀਆਂ ਨੇ। ਦੋਵਾਂ ਲਈ ਇੱਕੋ ਡਿਕਸ਼ਨਰੀ ਵਰਤੀ ਜਾ ਸਕਦੀ ਹੈ। ਰਿੱਗ ਵੇਦ ਦਾ ਦੇਵਤਾ ਮਿੱਤਰਾ, ਅਵੇਸਤਾ ਵਿੱਚ ਮਿੱਥਰਾ ਹੋ ਜਾਂਦਾ, ਸੋਮ ਹੋਮ ਹੋ ਜਾਂਦਾ, ਭਾਰਤਾ ਕਬੀਲਾ ਬਾਰਤਾ ਅਤੇ ਵੱਜਰ-ਵੱਯਰ ਹੋ ਜਾਂਦਾ। ਹੈਰਾਨੀ ਵਾਲੀ ਗੱਲ ਹੈ ਕਿ ਰਿੱਗ ਵੇਦ ਦਾ ਸੋਮਰਸ ਜੇਂਦ ਅਵੇਸਤਾ ਵਿੱਚ ਹੋਮਰਸ ਹੈ ਪਰ ਰਿੱਗ ਵੇਦ ਦੇ ਪਹਿਲੇ ਸਲੋਕ ਦਾ ਪੁਜਾਰੀ ਹੋਤਰ ਅਵੇਸਤਾ ਵਿੱਚ ਸੋਤਰ ਹੈ। ਇੱਥੇ ਰਿੱਗ ਵੇਦ ਪੁਜਾਰੀ ਦੇ ਨਾਂ ਲਈ ਹਾਹਾ ਹੈ ਅਤੇ ਈਰਾਨੀਆਂ ਦੇ ਗ੍ਰੰਥ ਨੇ ਉਸੇ ਲਈ ਸੱਸਾ ਵਰਤਿਆ ਹੈ।
ਅੱਜ ਦੀ ਬੋਲਚਾਲ ਦੀ ਪੰਜਾਬੀ ਨੇ ਪੁਰਾਣੇ ਭਾਸ਼ਾਈ ਨਮੂਨਿਆਂ ਵਿੱਚ ਕੇਵਲ ਹਾਹਾ ਅਤੇ ਸੱਸਾ ਦਾ ਹੀ ਨਹੀ ਸਾਂਭਿਆ ਹੋਇਆ ਸਗੋਂ 3000 ਸਾਲ ਬਾਅਦ ਤ, ਬ, ਜ ਦੀ ਵੰਨਗੀ ਵੀ ਮਿਲ ਜਾਂਦੀ ਹੈ। ਮੈਥੋਂ ਅਤੇ ਮੈਤੋਂ (ਮੇਰੇ ਤੋਂ) ਸਤਾਨ-ਸਥਾਨ. ਤੇਰਾ-ਥਾਡਾ, ਤੁਹਾਡਾ-ਥੋਡਾ ਦੋਵੇਂ ਆਮ ਬੋਲਚਾਲ ਵਿੱਚ ਮਿੱਤਰਾ ਤੇ ਮਿੱਥਰਾ ਵਾਂਗੂ ਅੱਜ ਵੀ ਬੋਲੇ ਜਾਂਦੇ ਨੇ। ਚੜਦੇ ਪੰਜਾਬ ਵਿੱਚ ਭੇਡ, ਭਰਾ ਹੈ, ਲਹਿੰਦੇ ਵਿੱਚ ਬ੍ਹੇਡ, ਬਰਾ (ਮੁਲਤਾਨੀ) ਹੈ। ਭਾਰਤ ਤੇ ਬਾਰਤ ਵਾਲਾ ਫਰਕ ਵੀ ਅਕਸਰ ਸੁਣਨ ਨੂੰ ਮਿਲ ਜਾਂਦਾ। ਲਿਖਣ ਵੇਲੇ ਵੈਸਾਖੀ, ਵਿਰਕ ਹੁੰਦਾ ਪਰ ਪੇਂਡੂ ਬੋਲੀ ਵਿੱਚ ਬਿਸਾਖੀ ਅਤੇ ਬਿਰਕ ਹੀ ਬੋਲਿਆ ਜਾਂਦਾ ਹੁੰਦਾ। ਯੱਕਾ ਸਾਧਾਰਨ ਬੋਲੀ ਵਿੱਚ ਜੱਕਾ ਹੀ ਬੋਲਿਆ ਜਾਂਦਾ। ਇੱਕ ਨੂੰ ਮੁਲਤਾਨੀ, ਜਾਂਗਲੀ, ਰਿਆਸਤੀ ਆਦਿ ਲਹਿਜੇ ਹਿੱਕ ਬੋਲਦੇ ਨੇ। ਸਿਆਹੀ ਦਾ ਹਾਹਾ ਈਡੀ ਨਾਲ ਬਦਲ ਕੇ ਸਿਆਈ ਵੀ ਬੋਲਿਆ ਜਾਂਦਾ। ਜਿਵੇਂ ਯੂਨਾਨੀਆਂ ਨੇ ਹਿੰਦ ਦਾ ਹਾਹਾ ‘ਹ’ ਬਦਲ ਕੇ ਈਡੀ ’ੲ’ ਨਾਲ ਇੰਦ ਬੋਲਿਆ।
ਪ੍ਰਾਪਤ ਸਬੂਤਾਂ ਤੋਂ ਸਿੱਧ ਹੁੰਦਾ ਕਿ ਹ, ਸ, ੲ ਦੀ ਅਦਲਾ-ਬਦਲੀ ਦਾ ਈਰਾਨੀਆਂ ਅਤੇ ਯੂਨਾਨੀਆਂ ਵੱਲ ਹੋਣ ਦਾ ਪੁਖਤਾ ਕਾਰਨ ਨਹੀਂ ਲੱਭਦਾ। ਇਸ ਦੇ ਉਲਟ ਸਾਨੂੰ ਇਹ ਵੰਨਗੀ ਪੰਜਾਬੀ ਵਿੱਚ ਹੀ ਦਿਖਾਈ ਦਿੰਦੀ ਹੈ। ਪਰ ਮਾਂ ਬੋਲੀ ਦੇ ਜਗਿਆਸੂਆਂ ਨੂੰ ਇੱਥੇ ਹੀ ਨਹੀਂ ਰੁਕ ਜਾਣਾ ਚਾਹੀਦਾ ਅੱਗੇ ਹੋਰ ਵੀ ਪੜਤਾਲ ਕਰਨੀ ਬਣਦੀ ਹੈ। ਅੱਜ ਦੀਆਂ ਧੁੰਨਾਂ ਦੀ ਅਦਲਾਬਦਲ਼ੀ ਦੇ ਇਸ਼ਾਰੇ ਸਾਨੂੰ 3000 ਸਾਲ ਪੁਰਾਣੇ ਪੰਜਾਬ ਦੇ ਜ਼ਿਕਰ ਵਾਲੇ ਦੋ ਗ੍ਰੰਥਾਂ ਵਿੱਚੋਂ ਵੀ ਪਤਾ ਲੱਗਦੇ ਹਨ। ਸਪਤਸਿੰਧੂ ਅਤੇ ਹਪਤਹਿੰਦੂ ਕਹਿਣ ਵਾਲੇ ਦੋਵੇਂ ਪੰਜਾਬ ਉੱਤੇ ਹੱਕ ਜਿਤਾਉਂਦੇ ਦਿਸਦੇ ਨੇ। ਦੋਵੇਂ ਪੰਜਾਬ ਨੂੰ ਬੇਗਾਨੀ ਧਰਤੀ ਵਾਂਗੂ ਨਹੀ ਦੇਖਦੇ। ਇਸ ਤੋਂ ਵੀ ਪਤਾ ਲੱਗਦਾ ਹੈ ਕਿ ਦੋਵੇਂ ਗ੍ਰੰਥਾਂ ਦੀ ਭਾਸ਼ਾ ਵਾਲੇ ਲੋਕ ਪੰਜਾਬ ਵਿੱਚ ਇੱਕੋ ਸਮੇਂ ਰਹਿੰਦੇ ਰਹੇ ਨੇ ਅਤੇ ਉਨਾਂ ਆਪਣੇ ਆਪਣੇ ਹਿਸਾਬ ਨਾਲ ਓਸ ਵੇਲੇ ਦੀ ਪੰਜਾਬ ਦੀ ਬੋਲੀ ਦਾ ਹੀ ਨਮੂਨਾ ਦਰਜ ਕੀਤਾ ਹੈ। ਇਹ ਸਮਾਂ ਆਰੀਆਵਾਂ ਦੇ ਪੰਜਾਬ ਆਉਣ ਤੋਂ ਤੁਰੰਤ ਬਾਅਦ ਦਾ ਹੈ। ਦੋਵਾਂ ਗ੍ਰੰਥਾਂ ਵਿੱਚ ਪੰਜਾਬੀ ਦੀਆਂ ਟ ਠ ਡ ਢ ਣ ਲ ਝ ਧੁੰਨਾਂ ਤੋਂ ਸ਼ੁਰੂ ਹੁੰਦੇ ਸ਼ਬਦ ਗਾਇਬ ਹਨ। ਇਸ ਦਾ ਮਤਲਬ ਹੈ ਕਿ ਇਹ ਧੁੰਨਾਂ ਪੰਜਾਬ ਵਿੱਚ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਹੀ ਸਨ ਅਤੇ ਪੰਜਾਬ ਵਿੱਚੋਂ ਬਾਅਦ ਦੀ ਸੰਸਕ੍ਰਿਤ ਵਿੱਚ ਹੌਲੀ ਹੌਲੀ ਜੁੜੀਆਂ। ਬੇਦਾਂ ਤੋਂ ਬਾਅਦ ਉਪਨਿਸ਼ਦਾਂ ਵਿੱਚ ਇੰਨਾਂ ਧੁੰਨਾ ਦੀ ਗਿਣਤੀ ਥੋੜੀ ਵੱਧ ਜਾਂਦੀ ਹੈ। ਫੇਰ ਪੁਰਾਣਕ ਸਾਹਿਤ ਵਿੱਚ ਉਸ ਵੀ ਜ਼ਿਆਦਾ ਹੋ ਜਾਂਦੀ ਹੈ। ਇਸ ਤੋਂ ਵੀ ਵੱਧ ਇੰਡੋ ਆਰੀਅਨ ਭਾਸ਼ਾ ਦੀ ਉਮਰ ਮਾਪਣ ਲਈ ਇਹ ਦੇਖਿਆ ਜਾਂਦਾ ਹੈ ਕਿ ਉਸ ਵਿੱਚ ਹੜੱਪਾ ਤੋਂ ਆਉਣ ਵਾਲੀਆਂ ਧੁੰਨਾ ਦੀ ਗਿਣਤੀ ਕੀ ਹੈ। ਜਿੰਨਾ ਰਲੇਵਾਂ ਘੱਟ ਉੱਨੀ ਉਮਰ ਵੱਧ। ਕਿਉਂਕਿ ਆਰੀਆਈ ਭਾਸ਼ਾ ਇਕੋ ਦਮ ਹੜੱਪਾ ਦੀ ਭਾਸ਼ਾ (ਪੁਰਾਤਨ ਪੰਜਾਬੀ) ਵਿੱਚ ਨਹੀ ਰਲੀ। ਰਲੇਵੇ ਨੂੰ ਕਈ ਸਦੀਆ ਜਾਂ ਹਜ਼ਾਰ ਸਾਲ ਲੱਗੇ ਹਨ।
ਜੇ ਪੰਜਾਬੀ ਬੋਲੀ ਦੇ ਲਹਿਜਿਆਂ ਵਿੱਚਲਾ ਵਖਰੇਵਾਂ ਇਨ੍ਹਾਂ ਦੋਵਾਂ ਗ੍ਰੰਥਾਂ ਵਿੱਚ ਮਿਲਦਾ ਹੈ ਤਾਂ ਇਹ ਖੋਜ ਕਰਨੀ ਬਣਦੀ ਹੈ ਕਿ ਇਨ੍ਹਾਂ ਦਾ ਪੰਜਾਬ ਪੰਜਾਬੀਆਂ ਅਤੇ ਪੰਜਾਬੀ ਨਾਲ ਕੀ ਸੰਬੰਧ ਹੈ। ਇਹ ਗ੍ਰੰਥ ਆਰੀਆਵਾਂ ਦੇ ਹਨ ਜੋ ਤਾਂਬਾ ਸੱਭਿਅਤਾ ਦੇ ਖ਼ਾਤਮੇ ਤੋਂ ਬਾਅਦ ਮੱਧ ਏਸ਼ੀਆ ਵਿੱਚੋਂ ਪੰਜਾਬ ਅਤੇ ਈਰਾਨ ਵੱਲ ਆਏ। ਇਨ੍ਹਾਂ ਨਾਲ ਹੀ ਪੰਜਾਬ ਦੀ ਉਸ ਵੇਲੇ ਦੀ ਭਾਸ਼ਾ ਨੂੰ ਪਹਿਲੀ ਵਾਰ ਇੰਡੋ-ਯੂਰਪੀਅਨ ਦਾ ਜਾਗ ਲੱਗਿਆ। ਜਿਸ ਤੋਂ ਅੱਗੇ ਚੱਲ ਕੇ ਇੱਕ ਮਿਸਰਤ ਭਾਸ਼ਾ ਵਿਕਸਿਤ ਹੋਈ ਜੋ ਵਿਕਾਸ ਕਰਦੀ ਅੱਜ ਤੱਕ ਪਹੁੰਚੀ ਹੈ। ਜੇਂਦ ਅਵੇਸਤਾ ਮੰਨਣ ਵਾਲੇ ਅਸੁਰ ਆਰੀਆ ਅਖਵਾਉਦੇ ਸਨ ਅਤੇ ਰਿੱਗ ਵੇਦ ਵਾਲੇ ਦੇਵ। ਫਿਲਾਸਫੀ ਦੇ ਤੌਰ ‘ਤੇ ਭਾਂਵੇ ਇਹ ਸਦੀਵੀ ਟਾਕਰੇ ਦੀ ਸਥਿਤੀ ਵਿੱਚ ਲੱਗਦੇ ਹਨ ਪਰ ਸਮਾਜਕ ਤੌਰ ਉੱਤੇ ਅਜਿਹਾ ਸੰਕੇਤ ਨਹੀਂ ਲੱਭਦਾ। ਇਹ ਇਕੱਠੇ ਹੀ ਰਹਿੰਦੇ ਰਹੇ ਹਨ। ਪੰਜਾਬੀ ਜਿੱਥੇ ਹੜੱਪਾ ਵਿੱਚੋਂ ਆਉਣ ਵਾਲੀ ਭਾਸ਼ਾ ਦਾ ਹਿੱਸਾ ਸਾਂਭੀ ਬੈਠੀ ਹੈ ਉੱਥੇ ਪੰਜਾਬੀ ਵਿੱਚ ਰਲਣ ਵਾਲੀ ਮੁਢਲੀ ਇੰਡੋ-ਯੂਰਪੀਅਨ ਭਾਸ਼ਾ ਦੇ ਚਿੰਨ੍ਹ ਵੀ ਦਿਸਦੇ ਹਨ।
ਰਿੱਗ ਵੇਦ ਅਤੇ ਅਵੇਸਤਾ ਦੀ ਭਾਸ਼ਾ ਵਿੱਚ ਇੱਕੋ ਸ਼ਬਦ ਲਈ ਹ ਜਾਂ ਸ, ਤ ਜਾਂ ਥ, ਬ ਜਾਂ ਵ, ਜ ਜਾਂ ਯ ਦੀ ਵਰਤੋਂ ਕੀਤੀ ਗਈ ਹੈ। ਭਾਸ਼ਾ ਮਾਹਰ ਇੰਨਾਂ ਦੋਵਾਂ ਨੂੰ ਲੁਪਤ ਹੋ ਚੁੱਕੀ ਭਾਸ਼ਾ ਦੇ ਦੋ ਵੱਖਰੇ ਲਹਿਜਿਆਂ ਦੇ ਨਮੂਨੇ ਵੀ ਮੰਨਦੇ ਹਨ। ਰਿੱਗ ਵੇਦ ਅਤੇ ਅਵੇਸਤਾ ਵਿੱਚ ਬਹੁਤ ਸਾਰੇ ਸਲੋਕ ਇੱਕੋ ਹਨ, ਸਿਰਫ ਉਚਾਰਨ ਦਾ ਲਹਿਜਾ ਵੱਖਰਾ ਹੈ। ਜਿਵੇਂ ਸੋਮ-ਹੋਮ, ਸਰਸਵਤੀ-ਹਰਹਾਵਤੀ, ਮਿੱਤਰਾ-ਮਿੱਥਰਾ ਦਾ ਹੀ ਫ਼ਰਕ ਰਹਿ ਜਾਂਦਾ। ਜਤਿੰਦਰ ਮੋਹਨ ਚਕਰਬਰਤੀ ਇੱਥੋਂ ਤੱਕ ਕਹਿੰਦੇ ਨੇ ਕਿ ਅਸੁਰਾਂ ਦੀ ਅਵੇਸਤਾ ਦੇ ਕਈ ਹਿੱਸੇ ਅਤੇ ਦੇਵਾਂ ਦੇ ਅਥ੍ਰਵ ਵੇਦ ਪਹਿਲਾਂ ਇੱਕੋ ਗ੍ਰੰਥ ਸਨ। ਪ੍ਰੋਹਤਾ ਵਿੱਚ ਵਿਚਾਰਧਾਰਕ ਮੱਤਭੇਦ ਤੋਂ ਬਾਅਦ ਸਿੰਧ ਦਰਿਆ ਤੋਂ ਪਰਲੇ ਸੋਤਰ (ਪੁਜਾਰੀ) ਨੇ ਭਾਰਗਵ ਵੇਦ ਵਾਲਾ ਹਿੱਸਾ ਅਲੱਗ ਕਰ ਲਿਆ। ਸਿੰਧ ਦਰਿਆ ਵੱਲ ਦਿਆਂ ਨੇ ਅੰਗੀਰਸ ਵੇਦ ਵਾਲਾ ਰੱਖ ਲਿਆ ਜੋ ਕਿ ਅੱਜ ਅਥ੍ਰਵ ਵੇਦ ਹੈ। ਭਾਰਗਵ ਵੇਦ ਹੁੱਣ ਜੇਂਦ ਅਵੇਸਤਾ ਵਿੱਚ ਮਿਲਦਾ ਹੈ। ਕਹਿਣ ਦਾ ਮਤਲਬ ਹੈ ਕਿ ਆਰੀਆ ਭਾਸ਼ਾ ਦੇ ਦੋਵੇਂ ਲਹਿਜੇ ਪੰਜਾਬ ਵਿੱਚ ਮੌਜੂਦ ਸਨ। ਦੋਵਾਂ ਨੇ ਆਪਣੇ ਆਪਣੇ ਲਹਿਜੇ ਵਿੱਚ ਗ੍ਰੰਥ ਉਚਾਰ ਦਿੱਤੇ। ਪੜਚੋਲ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਵਾਂ ਲਹਿਜਿਆਂ ਦੀ ਭਾਸ਼ਾਈ ਵੰਨਗੀ ਤਿੰਨ ਹਜ਼ਾਰ ਸਾਲ ਬਾਅਦ ਅੱਜ ਵੀ ਪੰਜਾਬੀ ਵਿੱਚ ਦੇਖੀ ਜਾ ਸਕਦੀ ਹੈ। ਪੂਰਬ ਦਾ ਸਿੰਧ ਪੱਛਮ ਵੱਲ ਜਾ ਕੇ ਹਿੰਦ ਹੈ ਜਿਵੇਂ ਅੱਜ ਪੈਸਾ ਪੈਹਾ ਵੀ ਹੈ। ਉਸੇ ਤਰਾਂ ਪੁਰਾਤਨ ਸਮੇਂ ਦੀ ਪੰਜਾਬੀ ਦੇ ਲਹਿਜਿਆਂ ਵਿੱਚ ਸਿੰਧ ਤੇ ਹਿੰਦ ਦੋਵੇਂ ਸਨ। ਜੋ ਆਰੀਆਵਾਂ ਦੇ ਗ੍ਰੰਥਾਂ ਵਿੱਚ ਸਾਂਭੇ ਗਏ। ਜੇਂਦ ਅਵੇਸਤਾ ਗ੍ਰੰਥ ਰਿੱਗਬੇਦ ਵਿੱਚੋ ਲੱਭਦੇ ਪੰਜਾਬ ਦੇ ਵੇਰਵਿਆਂ ਦਾ ਵਿਸਥਾਰ ਵੀ ਹੁੰਦਾ ਹੈ। ਪੰਜਾਬ, ਪੰਜਾਬੀਆਂ ਦੇ ਪਿਛੋਕੜ ਨੂੰ ਜਾਨਣ ਲਈ ਰਿੱਗਬੇਦ ਦੇ ਨਾਲ-ਨਾਲ ਜੇਂਦ ਅਵੇਸਤਾ ਵੀ ਉਨਾਂ ਹੀ ਜ਼ਰੂਰੀ ਹੈ। ਦੋਵਾਂ ਨੂੰ ਬਰਾਬਰ ਰੱਖੇ ਬਿਨਾਂ ਪੂਰੀ ਤਸਵੀਰ ਨਹੀਂ ਬਣ ਸਕਦੀ।
ਜੇ ਅੱਜ ਕੋਈ ਲਾਹੌਰ ਜਾਂ ਅੰਬਰਸਰ ਆਵੇ ਅਤੇ ਕੇਵਲ ਮਝੈਲਾਂ ਨਾਲ ਹੀ ਗੱਲਬਾਤ ਕਰੇ। ਬਾਅਦ ਵਿੱਚ ਲਿਖ ਦੇਵੇ ਕਿ ਹਾਨੂੰ, ਹਾਡਾ ours ਲਈ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਮਾਲਵੇ, ਦੁਆਬੇ ਵਿੱਚ ਸਾਨੂੰ, ਸਾਡਾ ਨਹੀਂ ਵਰਤਿਆ ਜਾਂਦਾ। ਉਸੇ ਤਰਾਂ ਹੋ ਸਕਦਾ ਕਿ ਈਰਾਨੀਆਂ ਰਾਜਿਆਂ ਦਾ ਵਾਹ ਹੀ ਉਨ੍ਹਾਂ ਨਾਲ ਪਿਆ ਹੋਵੇ ਜੋ ਹਿੰਦ ਬੋਲਦੇ ਹੋਣ ਤਾਂ ਉਨਾਂ ਨੇ ਆਪਣੇ ਸ਼ਿਲਾਲੇਖਾਂ ਵਿੱਚ ਉਸ ਤਰਾਂ ਹੀ ਲਿਖਿਆ ਹੋਵੇ। ਪਰ ਸਾਡੇ ਲਈ ਇਹ ਵੱਡਾ ਮਸਲਾ ਇਹ ਨਹੀਂ ਕਿ ਬਿਗਾਨੇ ਕੀ ਬੋਲਦੇ ਸਨ, ਕਿਉਂ ਬੋਲਦੇ ਸਨ। ਮਹੱਤਵਪੂਰਨ ਇਹ ਹੈ ਕਿ ਜੋ ਅਸੀਂ ਅੱਜ ਬੋਲਦੇ ਹਾਂ ਉਸ ਦੀਆਂ ਜੜਾਂ 3000 ਸਾਲ ਪੁਰਾਣੇ ਪੰਜਾਬੀ ਲੋਕਾਂ ਨਾਲ ਜੁੜਦੀਆਂ ਹਨ। ਅਸੀਂ ਰਿੱਗ ਵੇਦ ਅਤੇ ਜੇਂਦ ਅਵੇਸਤਾ ਦੇ ਭਾਸ਼ਾਈ ਵਿਸ਼ਲੇਸ਼ਣ ਵਿੱਚੋਂ ਪੰਜਾਬੀ ਬੋਲੀ ਦੇ ਹੜੱਪਾ ਵਾਲੇ ਹਿੱਸੇ ਵੀ ਲੱਭ ਸਕਦੇ ਹਾਂ। ਹੜੱਪਾ ਵਾਸੀਆਂ ਦੀ ਚੱਲੀ ਆ ਰਹੀ ਬੋਲੀ ਅਤੇ ਉਸ ਵਿੱਚ ਰਲਣ ਵਾਲੀ ਨਵੀਂ ਇੰਡੋ-ਯੂਰਪੀਅਨ ਭਾਸ਼ਾ ਦੀ ਅੱਜ ਤੱਕ ਨਿਰੰਤਰਤਾ ਵੀ ਦੇਖੀ ਜਾ ਸਕਦੀ ਹੈ। ਪੰਜਾਬੀ ਦੀ ਵਿਆਕਰਨ ਸੰਸਕ੍ਰਿਤ ਅਤੇ ਪਾਲੀ ਤੋਂ ਵੱਖਰੀ ਹੈ। ਭਾਸ਼ਵਾਂ ਸ਼ਬਦ ਉਧਾਰੇ ਲੈ ਲੈਂਦੀਆਂ ਹਨ ਪਰ ਵਿਆਕਰਨ ਨਹੀ ਬਦਲਦੀ।
ਦੁਨੀਆਂ ਦੇ ਵੱਡੇ ਭਾਸ਼ਾ ਵਿਦਵਾਨੀ 10,000 ਸਾਲ ਪੁਰਾਣੀ ਮੂਲ ਇੰਡੋ ਯੂਰਪੀਅਨ ਭਾਸ਼ਾ ਦੀ ਖੋਜ ਕਰ ਰਹੇ ਹਨ। ਇੰਡੋ ਯੂਰਪੀਅਨ ਭਾਸ਼ਾ ਬੋਲਣ ਵਾਲੇ ਯੁਰੇਸ਼ੀਆ ਵਿੱਚੋ ਖਿਲਰ ਕੇ ਇੱਕ ਪਾਸੇ ਸਾਰੇ ਯੂਰਪ ਤੱਕ ਫੈਲੇ ਤਾਂ ਦੂਜੇ ਪਾਸੇ ਪੰਜਾਬ ਰਾਂਹੀ ਸਾਰੇ ਭਾਰਤੀ ਉੱਪਮਹਾਂਦੀਪ ਵਿੱਚ ਵੀ ਆਏ। ਇੰਨਾਂ ਨਾਲ ਹੀ ਪੰਜਾਬ ਵਿੱਚ ਇੰਡੋ ਯੂਰਪੀਅਨ ਭਾਸ਼ਾ ਪੰਜਾਬ ਦੀ ਤਾਂਬਾ ਸੱਭਿਅਤਾ ਵਾਲੀ ਭਾਸ਼ਾ ਵਿੱਚ ਆਣ ਰਲੀ। ਪੁਰਾਤਨ ਪੰਜਾਬ ਦੀ ਭਾਸ਼ਾ ਦੀ ਤਰਾਂ ਹੋਰ ਥਾਵਾਂ ਦੀਆਂ ਭਾਸ਼ਾਵਾਂ ਵੀ ਆਪਣੇ ਇਲਾਕੇ ਵਿੱਚ ਮੁਢਲੀ ਇੰਡੋ ਯੂਰਪੀਅਨ ਭਾਸ਼ਾ ਵਿੱਚ ਰਲੀਆਂ। ਹੁੱਣ ਮਾਹਰ ਉਹ ਵੱਖ ਵੱਖ ਭਾਸ਼ਾਵਾਂ ਦੇ ਟਾਕਰੇ ਵਿੱਚੋ ਮਿਲਾਵਟ ਵਾਲੇ ਸ਼ਬਦ ਅਤੇ ਵਿਆਕਰਨ ਨਿਤਾਰ ਰਹੇ ਹਨ ਤਾਂ ਕਿ ਹਜ਼ਾਰਾਂ ਸਾਲ ਪੁਰਾਣੀ ਮੂਲ ਭਾਸ਼ਾ ਲੱਭੀ ਜਾ ਸਕੇ। ਇਹੀ ਫਾਰਮੂਲਾ ਪੰਜਾਬੀ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਜੇ ਪੰਜਾਬੀ ਵਿੱਚੋ ਮੁਢਲੀ ਇੰਡੋ ਯੂਰਪੀਅਨ ਭਾਸ਼ਾ ਕੱਢ ਦਿੱਤੀ ਜਾਵੇ ਤਾਂ ਬਾਕੀ ਬਚਦੀ ਭਾਸ਼ਾ ਦਾ ਮੂਲ ਕੇਵਲ ਹੜੱਪਾ ਵਾਲੀ ਬੋਲੀ ਹੋਵੇਗਾ। ਬਹੁਤੇ ਪੰਜਾਬੀਆਂ ਨੂੰ ਸ਼ਾਇਦ ਪਤਾ ਨਾ ਹੋਵੇ ਪਰ ਰਿੱਗਬੇਦ ਅਤੇ ਜੇਂਦ ਅਵੇਸਤਾ ਤੋਂ ਪਹਿਲਾਂ ਵਾਲੇ ਪੰਜਾਬ ਵਿੱਚ ਬੋਲਣ ਵਾਲੀ ਭਾਸ਼ਾ ਉੱਤੇ ਕਾਫੀ ਕੰਮ ਹੋ ਚੁੱਕਾ ਹੈ। ਜਿਸ ਤੋਂ ਇਹ ਪੂਰੀ ਤਰਾਂ ਸਾਬਤ ਹੁੰਦਾ ਕਿ ਸੰਸਕ੍ਰਿਤ ਜਾਂ ਪਾਲੀ ਪੰਜਾਬੀ ਦਾ ਮੂਲ ਨਹੀ, ਉਲਟਾ ਤਾਂਬਾ ਯੁੱਗ ਵਿੱਚ ਹੜੱਪਾ ਵਾਲੀ ਪੰਜਾਬੀ ਦੇ ਪੁਰਾਤਨ ਰੂਪ ਨਾਲ ਆਰੀਆਈ ਭਾਸ਼ਾ ਦੇ ਮਿਲਾਪ ਵਿੱਚੋ ਪਾਲੀ ਅਤੇ ਕਲਾਸੀਕਲ ਸੰਸਕ੍ਰਿਤ ਭਾਸ਼ਾਵਾਂ ਨਿਕਲਿਆ ਹਨ। ਬੇਦਕ ਭਾਸ਼ਾ ਵੱਖਰੀ ਭਾਸ਼ਾ ਹੈ। ਅਵੇਸਤਾ ਅਤੇ ਬੇਦਾਂ ਦੀ ਭਾਸ਼ਾ ਇੱਕ ਹੋਣ ਤੋਂ ਬਾਅਦ ਵੀ ਉਨਾਂ ਦੇ ਦੋ ਨਾਂ ਹੋ। ਕਾਰਨ ਵੀ ਭੁਲੇਖਾ ਪੈਂਦਾ ਹੈ ਕਿ ਜਿਵੇਂ ਸਾਰੀ ਤਰਾਂ ਦੀ ਸੰਸਕ੍ਰਿਤ ਇੱਕੋ ਹੀ ਹੋਣ। ਇਵੇਂ ਹੀ ਇਤਿਹਾਸਕ ਦੌਰ ਵਿੱਚ ਫ਼ਾਰਸੀ ਅਤੇ ਅੰਗਰੇਜ਼ੀ ਵੀ ਪੰਜਾਬੀ ਵਿੱਚ ਰਲੀਆਂ ਪਰ ਉਹ ਪੰਜਾਬੀ ਦਾ ਮੂਲ ਨਹੀਂ ਬਦਲ ਸਕੀਆਂ। ਉਸੇ ਤਰਾਂ ਆਰੀਆ ਭਾਸ਼ਾ ਨੇ ਪੰਜਾਬ ਵਿੱਚ ਬਹੁਤ ਸਾਰੇ ਨਵੇਂ ਸ਼ਬਦ ਜੋੜ ਦਿੱਤੇ ਪਰ ਮੂਲ ਨਹੀ ਬਦਲਿਆ।
ਪੰਜਾਬ ਦਾ ਪੁਰਾਤਨ ਇਤਿਹਾਸ ਗਰੀਕ, ਪਾਰਸੀ, ਲਿਖਤਾ ਤੋਂ ਬਿਨਾਂ ਅਧੂਰਾ ਹੈ। ਕੇਵਲ ਸੰਸਕ੍ਰਿਤ ਅਤੇ ਪਾਲੀ ਉੱਤੇ ਯਕੀਨ ਕਰਨ ਅੱਧਾ ਇਤਿਹਾਸ ਪੜਨਾ ਹੈ। ਉਦਾਹਰਣ ਦੇ ਤੌਰ ਉੱਤੇ ਵਿੰਦੀਦਾਦ ਦੇ ਪਹਿਲੇ ਚੈਪਟਰ ਦੀ 19ਵੀਂ ਗਾਥਾ ਉੱਤੇ ਦਰਜ ਹੈ ਕਿ ਹਿੰਦੂ ਪ੍ਰਦੇਸ ਸਿੰਧ ਦਰਿਆ ਦੇ ਪੱਛਮ ਅਤੇ ਪੂਰਬ ਵੱਲ ਦੋਵੇਂ ਪਾਸੇ ਹੈ। 1917 ਦੇ ਟਾਈਮਜ ਪ੍ਰੈੱਸ ਬੰਬੇ ਦੇ S 201-210 ਲੇਖ ਫਰੈਡਰਿਕ ਸਪੀਗਲ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਦੂਜੀ ਜਾਂ ਤੀਜੀ ਸਦੀ ਦੇ ਪਹਿਲਵੀ ਅਵੇਸਤਾ ਦੇ ਟੀਕੇ ਵਿੱਚ ਲਿਖਣ ਵਾਲਾ ਆਪ ਹੀ ਸਵਾਲ ਕਰਕੇ ਜਵਾਬ ਦਿੰਦਾ ਹੈ ਕਿ ਪੰਜਾਬ ਵਿੱਚ ਦਰਿਆ ਤਾਂ ਪੰਜ ਜਾਂ ਛੇ ਬਣਦੇ ਹਨ ਪਰ ਸਾਡੀ ਧਾਰਮਿਕ ਕਿਤਾਬ ਵਿੱਚ ਸੱਤ ਕਿਉਂ ਲਿਖੇ ਹਨ। ਟੀਕਾ ਕਰਨ ਵਾਲੇ ਨੇ ਜਵਾਬ ਲਿਖਿਆ ਕਿ ਪੰਜਾਬ ਵਿੱਚ ਸੱਤ ਵੱਖ ਵੱਖ ਹਿੱਸੇ ਹਨ, ਜਿੱਥੇ ਵੱਖੋ-ਵੱਖਰੇ ਸੱਤ ਰਾਜ ਚੱਲਦੇ ਹਨ। ਇਸ ਕਰਕੇ ਹਪਤਹਿੰਦੂ ਕਿਹਾ ਜਾਂਦਾ। ਨਾਂ ਦਾ ਦਰਿਆਵਾਂ ਦੀ ਗਿਣਤੀ ਨਾਲ ਨਾ ਹੋ ਕਿ ਦਰਿਆ ਇਲਾਕੇ ਦੇ ਸੁਤੰਤਰ ਰਾਜਾਂ ਨਾਲ ਸਬੰਧ ਹੈ। ਇਸੇ ਤਰੀਕੇ ਪਹਿਲਾਂ ਇਤਿਹਾਸਕਾਰ ਹੈਰੋਡੋਟਸ ( 484 –. 425 BCE) ਪਰਸ਼ੀਅਨ ਹਾਕਾਮਨੀ ਸਾਮਰਾਜ (Achaemenid Empire 550 BC – 330 BC) ਦੇ ਟੈਕਸ ਭਰਨ ਵਾਲੇ ਰਾਜਾਂ ਵਾਰੇ ਭਾਗ ਵਿੱਚ ਦੱਸਦਾ ਹੈ ਕਿ ਹਿੰਦ (ਪੁਰਾਤਨ ਪੰਜਾਬ ਦਾ ਨਾਂ) ਦੀ ਪੂਰਬੀ ਹੱਦ ਮਾਰੂਥਲ ਦੇ ਟਿੱਬਿਆਂ ਉੱਤੇ ਮੁੱਕ ਜਾਂਦੀ ਹੈ। ਉਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਿੰਧ ਦਰਿਆ ਦੂਆਲੇ ਤਿੰਨ ਸੂਬੇ ਸਨ। ਸਾਰੇ ਇਲਾਕੇ ਦਾ ਨਾਂ ਹਿੰਦ ਨਹੀ ਸੀ। ਪਿਸ਼ਾਵਰ, ਸਵਾਤ ਵਾਦੀ ਵਾਲਾ ਇਲਾਕਾ ਗੰਧਾਰ ਸੀ, ਥੱਲੇ ਸਮਤਲ ਇਲਾਕਾ ਹਿੰਦ (ਪੰਜਾਬ) ਜੋ ਟੈਕਸ ਸੋਨੇ ਨਾਲ ਅਦਾ ਕਰਦਾ ਸੀ ਅਤੇ ਉਸ ਦੇ ਦੱਖਣ ਵਿੱਚ ਸਤਾਗਊਆ (ਮੌਜੂਦਾ ਸਿੰਧ ਸੂਬਾ) ਹੈ। ਜੇ ਬਾਕੀ ਸਰੋਤਾਂ ਨੂੰ ਨਾ ਪੜ੍ਹੀਏ ਤਾਂ ਇਹੀ ਮੰਨਣਾ ਪਊ ਕਿ ਸਿੰਧ ਦਰਿਆ ਤੋਂ ਅਗਲਾ ਸਾਰਾ ਉੱਪਮਹਾਂਦੀਪ ਹਿੰਦ ਹੀ ਸੀ। ਪਰ ਜਿੰਨਾਂ ਸਮਕਾਲੀ ਲੋਕਾਂ ਨੇ ਰਾਜ ਕੀਤਾ, ਗਵਰਨਰ ਨਿਯੁਕਤ ਕੀਤੇ, ਟੈਕਸ ਤੇ ਫੌਜਾ ਇਕੱਠੀਆਂ ਕੀਤੀਆ ਉਹ ਕਹਾਣੀ ਹੋਰ ਦੱਸ ਰਹੇ ਹਨ।
ਅੱਜ ਲੋੜ ਹੈ ਕਿ ਪੰਜਾਬ ਦੇ ਇਤਿਹਾਸ ਨੂੰ ਫਿਰ ਤੋਂ ਪੰਜਾਬੀ ਨਜ਼ਰੀਏ ਤੋਂ ਪਰਖੀਏ। ਪੁਰਾਤਨ ਇਤਿਹਾਸ ਵਿੱਚੋਂ ਪੰਜਾਬ ਲੱਭੀਏ। ਪੂਰਬੀਏ ਅਤੇ ਪੱਛਮੀ ਬਿਰਤਾਂਤਾਂ ਤੋਂ ਪੰਜਾਬ ਦਾ ਲੜ ਨਹੀਂ ਫੜ ਹੋਣਾ। ਪੰਜਾਬੀਆਂ ਨਾਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਕੋਈ ਵੱਧ ਨਹੀਂ ਜਾਣ ਸਕਦਾ। ਸਾਰਾ ਪੁਰਾਤਨ ਇਤਿਹਾਸ ਪੰਜਾਬ ਦਾ ਹੈ। ਅਸੀਂ ਪੰਜਾਬੀ ਉਸ ਦੇ ਅਸਲੀ ਵਾਰਸ ਹਾਂ ਤੇ ਸਾਡੇ ਤੋਂ ਵਧੀਆ ਘੁੰਡੀਆਂ ਹੋਰ ਕੋਈ ਨਹੀਂ ਖੋਲ੍ਹ ਸਕਦਾ।
ਰਮਨਦੀਪ ਸਿੰਘ