Ancient History of Punjab

ਆਰੀਆ ਲੋਕ ਕੌਣ ਸਨ ਅਤੇ ਪੰਜਾਬੀ ਪਹਿਚਾਣ ਵਿੱਚ ਆਰੀਆਵਾਂ ਦਾ ਯੋਗਦਾਨ

ਆਰੀਆ ਕਬੀਲਾ ਅਤੇ ਆਰੀਆਈ ਭਾਸ਼ਾ ਅੱਜ ਮੂਲ ਰੂਪ ਵਿੱਚ ਖਤਮ ਹੋ ਚੁੱਕੇ ਨੇ। ਇਨ੍ਹਾਂ ਦੇ ਅੰਸ਼ ਸਾਰੀ ਦੁਨੀਆ ਵਿੱਚ ਹਨ। ਦੁਨੀਆ ਦੀ 46% ਅਬਾਦੀ ਆਰੀਆਵਾਂ ਦੀ ਅੰਸ਼ ਵੰਸ਼ ਹੈ ਅਤੇ ਇਸ ਤੋਂ ਵੀ ਵੱਧ ਆਬਾਦੀ ਆਰੀਆਈ ਭਾਸ਼ਾ ਵਿੱਚੋਂ ਨਿਕਲੀਆਂ ਬੋਲੀਆਂ ਬੋਲਦੇ ਹਨ।

ਪੰਜਾਬ ਨਸਲ ethnicity ਅਤੇ ਆਰੀਆ

ਪੰਜਾਬ ਦੇ ਮਰਦਾਂ ਵਿੱਚ ਔਸਤਨ 30% ਤੋਂ 60% ਅਤੇ ਔਰਤਾਂ ਵਿੱਚ 20 ਤੋਂ 40% ਆਰੀਆਈ ਜੀਨ ਹਨ। ਅੱਜ ਦੀ ਪੰਜਾਬੀ ਨਸਲ ਸਿੰਧ ਵਾਦੀ ਅਤੇ 4000 ਸਾਲ ਪਹਿਲਾਂ ਉਨ੍ਹਾਂ ਵਿੱਚ ਰਲਣ ਵਾਲੇ ਲੋਕਾਂ ਦੇ ਮਿਲਣ ਤੋਂ ਬਣੀ ਹੈ। ਜੋ ਕਬੀਲੇ ਅੰਦਾਜ਼ਨ 4000 ਸਾਲ ਪਹਿਲਾਂ ਜਾਂ 2000 BCE ਤੋਂ ਬਾਅਦ ਪੰਜਾਬ ਵਸਣੇ ਸ਼ੁਰੂ ਹੋਏ, ਉਨ੍ਹਾਂ ਦਾ ਹੀ ਪ੍ਰਚੱਲਤ ਨਾਂ ਆਰੀਆ ਹੈ। ਲੋਕ ਜਦੋਂ Ancestry test ਕਰਵਾਉਂਦੇ ਨੇ ਤਾਂ ਉਨ੍ਹਾਂ ਵਿੱਚ ਕੁੱਝ ਅੰਸ਼ ਉੱਤਰ ਯੂਰਪੀ, ਰੂਸ, ਮੱਧਏਸ਼ੀਆ ਦੇ ਨਿਕਲਦੇ ਹਨ। ਇਹ ਸਬੰਧ ਇੱਕ (ਆਰੀਆ) ਕਬੀਲੇ ਦੇ ਲੋਕਾਂ ਦਾ ਸਾਰੇ ਪਾਸੇ ਫੈਲਣ ਕਰਕੇ ਹੈ ਨਾ ਕਿ ਲੋਕ ਯੂਰਪ ਤੋਂ ਵਾਪਸ ਆ ਕੇ ਪੰਜਾਬੀਆਂ ਵਿੱਚ ਰਲੇ ਨੇ।

**ਸਵਾਲ ਹੈ ਕਿ ਇਹ ਆਰੀਆ ਕੌਣ ਸਨ? ਕਿੱਥੋਂ ਆਏ ਅਤੇ ਪੰਜਾਬ ਤੱਕ ਕਿਵੇਂ ਪਹੁੰਚੇ ? **

ਬਹੁਤ ਪਹਿਲਾਂ ਤੋਂ ਇਹ ਤੈਅ ਸੀ ਕਿ ਆਰੀਆ ਕਬੀਲੇ ਉੱਤਰ ਅਤੇ ਦੱਖਣ ਵੱਲੋਂ ਪੰਜਾਬ ਵਿੱਚ ਦਾਖਲ ਹੋਏ। 1970 ਤੋਂ ਪਹਿਲਾਂ ਆਰੀਆਵਾਂ ਬਾਰੇ ਜਾਣਕਾਰੀ ਕੁੱਝ ਗ੍ਰੰਥਾਂ ਅਤੇ ਪਰਸ਼ੀਅਨ ਰਾਜਿਆਂ ਦੇ ਲਿਖਵਾਏ ਸ਼ਿਲਾਲੇਖਾਂ ਅਧਾਰਤ ਹੀ ਸੀ। ਇਹ ਜਾਣਕਾਰੀ ਆਰੀਆਵਾਂ ਦੇ ਵੱਖ ਵੱਖ ਇਲਾਕਿਆਂ ਵਿੱਚ ਪਲਾਇਨ ਤੋ ਬਾਅਦ ਦੀ ਹੀ ਸੀ। ਪਰ ਆਰੀਆਵਾਂ ਦੇ ਮੂਲ ਬਾਰੇ ਸਿਰਫ ਕਿਆਸ-ਅਰਾਈਆਂ ਹੀ ਸਨ।

ਆਰੀਆ ਮਾਤਭੂਮੀ ਦੀ ਨਿਸ਼ਾਨਦੇਹੀ

ਆਰੀਆ ਦੇ ਮੂਲ ਦੀ ਕਹਾਣੀ 1950ਵਿਆਂ ਵਿੱਚ ਬਣਨੀ ਸ਼ੁਰੂ ਹੋਈ ਅਤੇ ਸੰਨ 2000 ਤੱਕ ਜਸੂਸੀ ਨਾਵਲ ਵਾਂਗ ਰਹੱਸਮਈ ਮੋੜ ਆਉਂਦੇ ਰਹੇ। 1950ਵਿਆਂ ਵਿੱਚ ਤੁਰਕਮਿਨਸਤਾਨ ਅਤੇ ਅਫ਼ਗ਼ਾਨਿਸਤਾਨ ਵਿੱਚ ਥੇਹ ਖੋਜੀਆਂ ਨੂੰ ਕਬਰਾਂ ਅਤੇ ਵਸੇਬੇ ਦੇ ਚਿੰਨ੍ਹ ਲੱਭਦੇ ਨੇ ਜੋ ਹੜੱਪਾ ਜਿੰਨੇ ਹੀ ਪੁਰਾਣੇ ਸਨ ਪਰ ਕਿਸੇ ਹੋਰ ਨੇੜਲੀ ਸੱਭਿਅਤਾ ਨਾਲ ਨਹੀਂ ਮਿਲਦੇ ਸਨ।ਉੱਥੋਂ ਹੜੱਪਾ ਅਤੇ ਮੈਸੋਪਟਾਮੀਆਂ ਦੀਆਂ ਵਸਤਾ ਵੀ ਲੱਭੀਆਂ ਅਤੇ ਇਸ ਸੱਭਿਅਤਾ ਦੀਆਂ ਵਸਤਾਂ ਹੜੱਪਾ ਵਿੱਚ ਵੀ ਮਿਲੀਆ ਸਨ। ਇਸ ਤੋਂ ਪਤਾ ਲੱਗਦਾ ਕਿ 5000 ਸਾਲ ਇਹ ਲੋਕ ਪੰਜਾਬ ਅਤੇ ਈਰਾਨ/ਇਰਾਕ ਦੇ ਬਾਸ਼ਿੰਦਿਆਂ ਆਪਸ ਵਿੱਚ ਪਹਿਲਾਂ ਵਾਕਫ਼ ਸਨ ਅਤੇ ਉਨ੍ਹਾਂ ਨਾਲ ਵਪਾਰਕ ਸੰਬੰਧ ਵੀ ਰੱਖਦੇ ਸਨ।

ਦੋ ਦਹਾਕੇ ਹੋਰ ਲੰਘ ਗਏ ਅਤੇ ਤਸਵੀਰ 1970ਵਿਆਂ ਵਿੱਚ ਸਾਫ ਉਘੜਨ ਲੱਗ ਪਈ। ਮਾਹਰਾਂ ਵਿੱਚ ਸਹਿਮਤੀ ਬਣ ਗਈ ਕਿ ਇਹ ਵੱਖਰੀ ਸੱਭਿਅਤਾ ਹੈ, ਜਿਸਦਾ ਪਹਿਲਾਂ ਕੋਈ ਗਿਆਨ ਨਹੀਂ ਸੀ। ਇਹ ਸਾਰੇ ਇਲਾਕੇ ਜਾਂ ਤਾਂ ਸਿੱਧੇ ਰੂਸੀ ਸੰਯੁਕਤ ਸੰਘ ਵਿੱਚ ਸਨ ਜਾਂ ਰੂਸੀ ਪ੍ਰਭਾਵ ਵਾਲੇ ਅਫ਼ਗ਼ਾਨਿਸਤਾਨ ਵਿੱਚ ਸਨ। ਸਾਰੀ ਖੋਜ ਰੂਸ ਕਰ ਰਿਹਾ ਸੀ। ਸ਼ੀਤ ਜੰਗ ਚੱਲਦੇ ਹੋਣ ਕਰਕੇ ਬਾਕੀ ਦੁਨੀਆ ਵਿੱਚ ਬਹੁਤੀਆਂ ਖੋਜਾਂ ਦੀ ਭਾਫ਼ ਵੀ ਨਹੀਂ ਨਿਕਲਣ ਦਿੱਤੀ ਗਈ। ਇਸ ਸੱਭਿਅਤਾ ਨੂੰ Oxus civilization ਦਾ ਨਾਂ ਦਿੱਤਾ ਗਿਆ ਕਿਉਂਕਿ ਬਹੁਤੇ ਖੰਡਰ Oxus ਜਾਂ ਅੰਮੂ ਦਰਿਆ ਕੰਢੇ ਲੱਭੇ ਗਏ। ਬਾਅਦ ਵਿੱਚ ਹੋਰ ਕਈ ਖੰਡਰ ਲੱਭੇ।

ਰੂਸੀ ਥੇਹ ਵਿਗਿਆਨੀ Viktor Sarianidi ਨੇ ਸਾਰੀ ਜ਼ਿੰਦਗੀ ਇਸੇ ਖੋਜ ਵਿੱਚ ਲਾ ਦਿੱਤੀ। ਉਸ ਨੇ ਇਸ ਸਾਰੇ ਇਲਾਕੇ ਨੂੰ BMAC (Bactria Margiana archeological complex) ਦਾ ਨਾਂ ਦਿੱਤਾ। ਇਸ ਇਲਾਕੇ ਵਿੱਚ ਪ੍ਰਸਿੱਧ ਅਫ਼ਗ਼ਾਨ ਸ਼ਹਿਰ ਬਲਖ ਪੈਂਦਾ ਹੈ। USSR ਦੇ ਖ਼ਾਤਮੇ ਤੋਂ ਬਾਅਦਹੁਣ ਉਸ ਦੇ ਅਤੇ ਹੋਰ ਰੂਸੀਆਂ ਦੇ ਖੋਜ ਪੱਤਰ ਰੂਸੀ ਭਾਸ਼ਾ ਤੋਂ ਅੰਗਰੇਜ਼ੀ ਵਿੱਚ ਉਲੱਥਾ ਹੋਣੇ ਸ਼ੁਰੂ ਹੋਏ ਅਤੇ ਜਾਣਕਾਰੀ ਦਾ ਵਿਸਥਾਰ ਬਾਹਰ ਨਿਕਲਣ ਲੱਗਾ।ਪਿਛਲੇ ਕੁੱਝ ਸਾਲਾਂ ਤੋਂ ਇਸ ਸੱਭਿਅਤਾ ਦੀ ਗਿਣਤੀ (ਹੜੱਪਾ ਬਾਰਾਬਰ) ਦੁਨੀਆ ਦੀਆਂ ਪੰਜ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿੱਚ ਹੋਣ ਲੱਗ ਪਈ ਹੈ।

ਪੁਰਾਤਨ ਸਾਹਿਤ ਅਨੁਸਾਰ ਪ੍ਰਮਾਣ

1980ਵਿਆਂ ਵਿੱਚ ਕਾਰਬਨ ਡੇਟਿੰਗ ਅਤੇ ਹੋਰ ਪ੍ਰਮਾਣੂ ਸਾਇੰਸ ਵਿਕਸਿਤ ਹੋ ਗਈ ਅਤੇ ਥੇਹਖੋਜ ਵਿੱਚ ਵੀ ਵਰਤੀ ਜਾਣ ਲੱਗੀ। ਇਸ ਨਾਲ Oxus ਦੇ ਭਾਂਡਿਆਂ ਵਿੱਚੋਂ ਸੋਮਰਸ ਦੇ ਤੱਤ ਪ੍ਰਮਾਣਿਤ ਹੋ ਗਏ, ਬਲੀ ਦਿੱਤੇ ਕੁੱਤੇ, ਸੂਰ, ਭੇਡਾਂ, ਬੱਕਰੀਆਂ ਆਦਿ ਦੀਆਂ ਹੱਡੀਆਂ ਵੀ ਲੱਭੀਆਂ। ਇੱਥੇ ਹਵਨ ਕੁੰਢ ਵੀ ਮਿਲੇ ਅਤੇ ਉਨ੍ਹਾਂ ਵਿੱਚ ਘਿਓ ਅਤੇ ਹੋਰ ਖੁਸ਼ਬੂਦਾਰ ਤੱਤਾਂ ਦੇ ਸਾੜਨ ਦੇ ਵੀ ਸਬੂਤ ਪ੍ਰਮਾਣਤ ਹੋ ਗਏ। 1700 ਤੋਂ 2200 ਈਸਾ ਪੂਰਬ ਦੇ ਸਾਲਾਂ ਵਿੱਚ ਇੱਥੇ ਸ਼ਹਿਰ, ਵਪਾਰ ਆਦਿ ਸਿਖਰ ਉੱਤੇ ਪਹੁੰਚ ਚੁੱਕੇ ਸਨ। ਪਰ ਇਨ੍ਹਾਂ ਲੋਕਾਂ ਦੇ ਇਸ ਤੋਂ ਵੀ 2500 ਸਾਲ ਪਹਿਲਾਂ ਟੱਪਰੀਵਾਸਾਂ ਵਾਂਗ ਇਸੇ ਇਲਾਕੇ ਵਿੱਚ ਰਹਿਣ ਦੇ ਸਬੂਤ ਮਿਲਦੇ ਹਨ। ਕੇਵਲ ਸਥਿਰ ਅਤੇ ਯੋਜਨਾਬੱਧ ਪੱਕੇ ਵਸੇ ਸ਼ਹਿਰ ਪਿੰਡ ਦੀ ਹੀ ਸੱਭਿਅਤਾ ਵਿੱਚ ਗਿਣਤੀ ਹੁੰਦੀ ਹੈ, ਟੱਪਰੀਵਾਸ ਦੀ ਨਹੀਂ

ਹੜੱਪਾ ਸੱਭਿਅਤਾ ਦੇ ਉਲਟ ਇੱਥੇ ਮੰਦਰ ਮਿਲੇ, ਰਾਜਾਸ਼ਾਹੀ ਦੇ ਮਹਿਲ ਮਿਲੇ, ਅੱਗ ਦੁਆਲੇ ਪੂਜਾ ਦੇ ਸੰਕੇਤ ਮਿਲੇ, ਬਲੀ ਦਿੱਤੇ ਜਾਨਵਰਾਂ ਦੇ ਪਿੰਜਰ ਮਿਲੇ। ਕਬਰਾਂ ਤੋਂ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਸਾਫ ਦਿਸਦਾ ਹੈ।ਤਿੰਨੇ ਕਬਰਾਂ ਅਲੱਗ ਅਲੱਗ ਥਾਂਵਾਂ ਉੱਤੇ ਸਨ ਅਤੇ ਉੱਚ ਵਰਗ ਦੀਆਂ ਕਬਰਾਂ ਵਿੱਚੋਂ ਕੀਮਤੀ ਚੀਜ਼ਾਂ, ਹਥਿਆਰ ਮਿਲੇ। ਮੱਧ ਵਰਗ ਦੀਆਂ ਕਬਰਾਂ ਸਾਧਾਰਨ ਜਿਹੀਆਂ ਹਨ, ਇਨ੍ਹਾਂ ਵਿੱਚੋਂ ਹਥਿਆਰ ਮਿਲੇ ਹਨ। ਤੀਜੇ ਹਿੱਸੇ ਦੀਆਂ ਕਬਰਾਂ ਦੀ ਗਿਣਤੀ ਸਭ ਤੋਂ ਵੱਡੀ ਹੈ (ਅੰਦਾਜ਼ਨ 80% ਕਬਰਾਂ) ਅਤੇ ਇਨ੍ਹਾਂ ‘ਚ ਮਨੁੱਖੀ ਪਿੰਜਰ ਤੋਂ ਬਿਨਾ ਨਾਲ ਕੁੱਝ ਹੋਰ ਰੱਖਿਆ ਨਹੀਂ ਮਿਲਦਾ। ਪੁਰਾਤਨ ਸਾਹਿਤ ਅਤੇ ਖੰਡਰਾਂ ਨੂੰ ਦੇਖਦੇ ਹੋਏ ਥੇਹ ਵਿਗਿਆਨੀਆਂ ਨੇ Oxus civilization ਨੂੰ ਆਰੀਆਈ ਲੋਕਾਂ ਦੀ ਜਨਮ ਭੂਮੀ ਐਲਾਨ ਦਿੱਤਾ ਅਤੇ ਕਹਿ ਦਿੱਤਾ ਕਿ ਇਹੀ ਲੋਕ ਹੜੱਪਾ ਸੱਭਿਅਤਾ ਦੇ ਪਤਨ ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਏ ਆਰੀਆ ਸਨ। BMAC ਦੇ ਪਤਨ ਦਾ ਸਮਾਂ ਕਾਲ ਹੜੱਪਾ ਤੋਂ ਕੁੱਝ ਸੌ ਸਾਲ ਮਗਰੋਂ ਸੀ। ਇਸ ਨੇ ਇਨ੍ਹਾਂ ਦੇ ਆਰੀਆ ਹੋਣ ਦੀ ਥਿਊਰੀ ਨੂੰ ਹਮਾਇਤ ਦਿੱਤੀ।

ਕਹਾਣੀ ਵਿੱਚ ਮੋੜ

1990ਵੀਆਂ ਤੋਂ ਬਾਅਦ ਜੈਨੇਟਿਕ ਸਾਇੰਸ ਵਿਕਸਿਤ ਹੋਈ। ਜਦੋਂ ਦੁਨੀਆ ਭਰ ਵਿੱਚ ਮਿਲੇ ਪੁਰਾਤਨ ਪਿੰਜਰਾਂ ਦੇ DNA ਮੌਜੂਦਾ ਵੱਸੋਂ ਨਾਲ ਮਿਲਾਏ ਜਾ ਰਹੇ ਸਨ ਤਾਂ ਪਤਾ ਲੱਗਾ ਕਿ ਆਰੀਆਈ ਲੋਕਾਂ ਦੀ ਕਹਾਣੀ ਹਾਲੇ ਵੀ ਅਧੂਰੀ ਹੈ। ਪੰਜਾਬ, ਈਰਾਨ, ਯੂਰਪ ਅਤੇ ਮੱਧ ਏਸ਼ੀਆ ਦੇ ਲੋਕਾਂ ਵਿੱਚ BMAC ਤੋਂ ਬਿਨਾਂ ਇੱਕ ਹੋਰ ਪੁਰਾਣੇ ਅਤੇ ਵੱਖਰੇ ਤਰਾਂ ਦੇ ਜੀਨ ਵੀ ਲੱਭੇ, ਜੋ ਕਿ ਅਫ਼ਗ਼ਾਨਿਸਤਾਨ ਦੇ ਜੀਨਾਂ ਨਾਲ਼ੋਂ ਪੁਰਾਣੇ ਸਨ। ਯੂਰਪ ਵਿੱਚ ਇਹ ਜੀਨ ਬਾਕੀ ਇਲਾਕਿਆਂ ਤੋਂ ਵੱਧ ਸਨ। ਜੀਨ ਤੋਂ ਹੀ ਪਤਾ ਲੱਗਾ ਕਿ BMAC ਦੇ ਆਖ਼ਰਲੇ ਸਾਲਾਂ ਵਿੱਚ ਉਨ੍ਹਾਂ ਵਿੱਚ ਹੋਰ ਕਬੀਲੇ ਵੀ ਆ ਕੇ ਮਿਲੇ ਸਨ। ਇਸੇ ਤਰਾਂ ਪੰਜਾਬ ਦੇ ਲੋਕਾਂ ਵਿੱਚ ਹੜੱਪਾ ਤੋਂ ਬਾਅਦ ਦੋ ਤਰਾਂ ਦੀਆਂ ਆਬਾਦੀਆਂ ਦੇ ਜੀਨਜ਼ ਮਿਲੇ। ਬਹਿਸ ਫਿਰ ਚੱਲ ਪਈ ਕਿ 2000 BC ਵਿੱਚ ਜੋ ਆਏ ਉਹ ਆਰੀਆ ਸਨ ਜਾਂ ਜਿਹੜੇ ਉਨ੍ਹਾਂ ਤੋਂ 500 ਸਾਲ ਬਾਅਦ ਆਉਣੇ ਸ਼ੁਰੂ ਹੋਏ, ਉਹ ਆਰੀਆ ਸਨ।

ਪੁਰਾਤਨ Mythology ਉੱਤੇ ਮਾਹਰ ਬਹੁਤ ਪਹਿਲਾਂ ਹੀ ਕੰਮ ਕਰ ਰਹੇ ਸਨ। ਇਹ ਤਹਿ ਹੋ ਚੁੱਕਾ ਸੀ ਕਿ ਉੱਤਰੀ ਯੂਰਪ ਦਾ ਥੋਰ Thor, ਗ੍ਰੀਸ ਦਾ ਯੂਸ Zeus ਅਤੇ ਪਰਸ਼ੀਅਨ/ਵੇਦਿਕ ਇੰਦਰ ਇੱਕ ਹੀ ਮਿੱਥ ਵਿੱਚੋਂ ਨਿਕਲੇ ਹਨ। ਮੰਨੂ ਨਾਂ ਦੇ ਪੁਜਾਰੀ ਦੀ ਗਾਥਾ ਵੀ ਯੂਰਪ ਤੋਂ ਭਾਰਤ ਤੱਕ ਮਿਲਦੀ ਸੀ। ਵੱਡੇ ਖ਼ਿੱਤੇ ਵਿੱਚ ਕੇਵਲ ਮੈਥੋਲੋਜੀ ਹੀ ਨਹੀਂ ਫੈਲੀ, ਉਨ੍ਹਾਂ ਦੇ ਨਾਲ ਹੀ ਰੱਥ, ਗਜਾਂ ਵਾਲੇ ਪਹੀਏ, ਘੋੜੇ ਅਤੇ ਇੰਡੋ ਯੂਰਪੀਅਨ ਭਾਸ਼ਾਵਾਂ ਦੁਨੀਆ ਵਿੱਚ ਫੈਲੀਆਂ।

ਜਦੋਂ ਇਹ ਸਾਰੇ ਨੁਕਤਿਆਂ, ਜੈਨੇਟਿਕ ਸਾਇੰਸ ਅਤੇ ਥੇਹਾਂ ਵਿੱਚੋਂ ਮਿਲੀਆਂ ਵਸਤਾਂ ਨੂੰ ਬਰਾਬਰ ਰੱਖ ਦੋਬਾਰਾ ਪਰਖਿਆ ਗਿਆ ਤਾਂ ਤਸਵੀਰ ਥੋੜੀ ਹੋਰ ਸਾਫ ਹੋਈ ਅਤੇ ਆਰੀਆਵਾਂ ਦੀ ਕਹਾਣੀ ਵਿੱਚ ਇੱਕ ਹੋਰ ਚੈਪਟਰ ਜੁੜ ਗਿਆ ਅਤੇ ਕਹਾਣੀ ਪੂਰਬੀ ਯੂਰਪ ਚਲੀ ਗਈ। ਕਿਉਂਕਿ ਇਹ ਜੀਨ ਯੁਰੇਸ਼ੀਆ ਦੇ 7000 ਸਾਲ ਪੁਰਾਣੇ Yamnaya ਲੋਕਾਂ ਨਾਲ ਮਿਲਦੇ ਸਨ। ਮਾਹਰਾਂ ਨੇ ਧਿਆਨ ਇਹ ਲੱਭਣ ਵੱਲ ਕਰ ਲਿਆ ਕਿ Yamnaya ਲੋਕ ਪੰਜਾਬ, ਈਰਾਨ ਅਤੇ ਮੱਧ ਏਸ਼ੀਆ ਤੱਕ ਕਿਵੇਂ ਪਹੁੰਚੇ।

ਘੋੜੇ ਦਾ ਘਰੇਲੂ ਕਰਨ ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੇ Pontic Steppe (ਮੌਜੂਦਾ ਯੂਕਰੇਨ, ਜੌਰਜੀਆ ਅਤੇ ਕੁਝ ਰੂਸੀ ਇਲਾਕੇ) ਵਿੱਚ ਕੀਤਾ। ਇਸ ਇਲਾਕੇ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ ਅਤੇ ਇਹ ਰੂਸੀ ਸੂਬੇ ਯੂਰੇਸ਼ੀਆ ਤੋਂ ਵੱਖਰਾ ਹੈ। ਇਸ ਇਲਾਕੇ ਦੇ ਲੋਕਾਂ ਨੇ ਹੀ ਸਭ ਤੋਂ ਪਹਿਲਾਂ ਚਾਰ ਪਹੀਆਂ ਵਾਲੇ ਗੱਡੇ ਬਣਾਏ।ਇਸ ਸੱਭਿਅਤਾ ਨੂੰ Yamnaya culture ਅਤੇ Corded Ware culture ਦੇ ਨਾਂ ਦਿੱਤੇ ਗਏ। ਇਸ ਸੱਭਿਅਤਾ ਦੀਆਂ ਵਿਸ਼ੇਸ਼ਤਾਵਾਂ ਇੰਦਰ ਵਰਗੇ ਦੇਵਤੇ ਦੀਆਂ ਮੂਰਤੀਆਂ ਦਾ ਮਿਲਣਾ, ਘੋੜੇ ਬਲੀ ਕਰਨੇ, ਘੋੜੇ ਦਾ ਮਾਸ ਖਾਣਾ, ਬੋਧੀ ਸਤੂਪਾਂ ਵਰਗੀਆਂ ਕਬਰਾਂ ਬਣਾਉਣੀਆਂ, ਚਾਰ ਪਹੀਆ ਵਾਲੇ ਗੱਡੇ, ਮਿੱਟੀ ਦੇ ਖਾਸ ਦਿੱਖ ਵਾਲੇ ਹਾਰੇ ਵਾਂਗ ਖੁੱਲੇ ਮੂੰਹ ਵਾਲੇ ਭਾਂਡੇ ਅਤੇ ਜੰਗਜੂ ਲੋਕਾਂ ਦਾ ਸਤਿਕਾਰ, ਘਾਤਕ ਹਥਿਆਰ ਆਦਿ ਹਨ। ਇਹ ਜਿੱਥੇ ਵੀ ਫੈਲੇ, ਉੱਥੇ ਇਹ ਵਸਤਾਂ ਇਨ੍ਹਾਂ ਨਾਲਗਈਆਂ ਅਤੇ ਇਨ੍ਹਾਂ ਦੇ ਜੀਨਜ਼ ਦੀ ਮੌਜੂਦਗੀ ਇਨ੍ਹਾਂ ਦੇ ਪ੍ਰਵਾਸ ਨੂੰ ਪੱਕਾ ਪ੍ਰਮਾਣਤ ਕਰਦੀ ਹੈ।

ਖੋਜੀਆਂ ਲਈ ਪਹਿਲਾਂ ਉਲਝਣ ਬਣੇ ਸਵਾਲ ਦੋਬਾਰਾ ਵਿਚਾਰੇ ਜਾਣ ਲੱਗੇ। ਕਿਉਂਕਿ BMAC ਸੱਭਿਅਤਾ ਵਿੱਚ ਅੱਗ ਪੂਜਾ, ਮੰਦਰ ਸੋਮਰਸ, ਸਮਾਜਿਕ ਵੰਡ, ਰਿੱਗਵੇਦ ਵਰਗੇ ਇੱਟਾਂ ਤੋਂ ਬਿਨਾਂ ਸਿਰਜੇ ਸ਼ਹਿਰ ਤਾਂ ਮਿਲ ਗਏ ਪਰ ਘੋੜੇ ਨਹੀਂ ਸਨ, ਰੱਥ ਨਹੀਂ ਸਨ, ਘੋੜੇ ਦੀ ਬਲੀ ਨਹੀਂ ਸੀ, ਗਾਵਾਂ ਚਾਰਨ ਵਾਲੀ ਸੱਭਿਅਤਾ ਵੀ ਨਹੀਂਸੀ। ਦੂਜੇ ਪਾਸੇ Yamnaya ਕੋਲ ਗਜਾਂ ਵਾਲਾ ਪਹੀਆ ਅਤੇ ਰੱਥ ਨਹੀਂ ਸਨ। ਕਹਾਣੀ ਦੀਆਂ ਤੰਦਾਂ ਹਾਲੇ ਵੀ ਪੂਰੀਆਂ ਜੁੜ ਨਹੀਂ ਰਹੀਆਂ ਸਨ।

ਇਸੇ ਸਮੇਂ ਦੌਰਾਨ 1995-96 ਵਿੱਚ ਰੂਸ-ਕਜਾਕਿਸਤਾਨ ਦੇ ਯੂਰੇਲ ਪਹਾੜਾਂ ਨੇੜੇ 4000 ਸਾਲ ਪੁਰਾਣੇ ਪ੍ਰਾਚੀਨ ਪਿੰਡ ਲੱਭੇ। ਇੱਥੇ ਸਤੂਪਾਂ ਵਰਗੀਆਂ(ਕੁਰਗਾਨ) ਕਬਰਾਂ ਵਿੱਚ ਦਫ਼ਨ ਕੀਤੇ ਵੱਢੇ ਟੁੱਕੇ ਮਰਦ, ਉਨ੍ਹਾਂ ਦੇ ਘੋੜੇ, ਹਥਿਆਰ ਲੱਭੇ। ਕਬਰਾਂ ਵਿੱਚ ਦੁਨੀਆ ਦੇ ਸਭ ਤੋਂ ਪੁਰਾਣੇ ਲੱਕੜ ਦੇ ਗਜਾਂ ਅਤੇ ਦੋ ਘੋੜਿਆਂ ਵਾਲੇ ਰੱਥ ਦਫ਼ਨ ਸਨ। ਇੱਥੇ ਦੇ ਵਸੇਬਾਂ ਵਿੱਚ ਗਾਈਆਂ ਦੇ ਵੱਗ, ਘੋੜਿਆਂ ਦੇ ਤਬੇਲੇ ਹੋਣ ਦੇ ਸਬੂਤ ਲੱਭੇ। ਇਹ ਲੋਕ ਪਿੱਤਲ਼, ਕਾਂਸੀ ਦੀ ਧਾਤ ਨਾਲ ਕੰਮ ਕਰਨ ਦੇ ਮਾਹਰ ਸਨ। ਇਨ੍ਹਾਂ ਦੇ DNA ਦੀ ਪਰਖ ਤੋਂ ਪਤਾ ਲੱਗਾ ਕਿ ਇਹ Yamnaya ਲੋਕਾਂ ਵਿੱਚੋਂ ਹੀ ਵਿਕਸਿਤ ਹੋਏ ਸਨ। ਅੱਜ ਇਨ੍ਹਾਂ ਨੂੰ Sintashta ਲੋਕ ਕਿਹਾ ਜਾਂਦਾ ਹੈ। ਠੰਡ ਨਾਲ ਜੰਮੀ ਧਰਤੀ ਦੀਆਂ ਕਬਰਾਂ ਵਿੱਚੋ ਫਰੀਜ਼ ਹੋਏ ਪੂਰੇ ਸਰੀਰਾਂ ਤੋਂ ਪਤਾ ਲੱਗਦਾ ਕਿ ਇਹਲੋਕ ਬਿੱਲੀਆਂ, ਨੀਲੀਆਂ ਅੱਖਾਂ ਅਤੇ ਭੂਰੇ ਕੱਕੇ ਵਾਲਾਂ ਵਾਲੇ ਸਨ।

ਇਨਾਂ ਲੱਭਤਾਂ ਨਾਲ ਯਮਨਾਇਆ ਲੋਕਾਂ ਦੇ ਪੂਰਬ ਵੱਲ ਪ੍ਰਵਾਸ ਦੇ 700 ਤੋਂ 1000 ਸਾਲ ਦਾ ਅਣਜਾਣਿਆ ਹਿੱਸਾ ਪੂਰਾ ਹੋ ਗਿਆ। Sintashta ਮਿਲਣ ਤੋਂ ਬਾਅਦ ਆਰੀਆਵਾਂ ਦੇ ਇਤਿਹਾਸਕ ਪਿਛੋਕੜ ਦੀ ਕਹਾਣੀ ਪੂਰੀ ਹੋਈ। ਫੇਰ ਅਗਲੇ ਸਾਲਾਂ ਵਿੱਚ ਹੋਰ ਲੱਭਤਾਂ ਹੋਈਆਂ ਜਾਂ ਪੁਰਾਣੀਆਂ ਲੱਭਤਾਂ ਉੱਤੇ ਫੇਰ ਤੋਂ ਗੌਰ ਕਰਨ ਨਾਲ ਇਨ੍ਹਾਂ ਕਬੀਲਿਆਂ ਦੇ ਖਿੱਲਰਨ ਦਾ ਰਾਹ ਪਤਾ ਲੱਗਾ। ਇਸ ਨਾਲ ਪੰਜਾਬ ਵੱਲ ਇਨ੍ਹਾਂ ਦੇ ਪ੍ਰਵਾਸ ਦਾ ਕਜ਼ਾਕਸਤਾਨ ਅਤੇ ਹਿੰਦੂਕੁਸ਼ ਪਹਾੜਾਂ ਨਾਲ ਦੇ ਰੂਟ ਦਾ ਵਿਸਥਾਰ ਸਹਿਤ ਲੱਗ ਗਿਆ। ਕੁੱਝ ਮਾਹਰ Yamnaya ਦੇ Sintashta ਤੱਕ ਦੇ ਸਫਰ ਵਿੱਚ ਉੱਤਰੀ ਰੂਸ ਅਤੇ ਪੋਲੈਂਡ ਵੀ ਜੋੜਦੇ ਹਨ। ਅਗਲੇ ਸਾਲਾਂਵਿੱਚ ਇਹ ਕਹਾਣੀ ਨੂੰ ਹੋਰ ਵਿਸਥਾਰ ਵੀ ਮਿਲ ਸਕਦਾ ਹੈ।

ਅੱਜ ਤੱਕ ਮਿਲਦੀ ਪੂਰੀ ਜਾਣਕਾਰੀ

ਕਾਂਸੀ ਯੁੱਗ ਸੱਭਿਅਤਾਵਾਂ (4000 ਸਾਲ ਪਹਿਲਾਂ) ਸਾਰੀ ਦੁਨੀਆ ਵਿੱਚ ਲੱਗਭੱਗ ਇੱਕੋ ਸਮੇਂ ਖ਼ਤਮ ਹੋਈਆਂ। ਸਾਰੇ ਪਾਸੇ ਆਬਾਦੀ ਦੀ ਉੱਥਲਪੁਥਲ ਹੋਈ।ਇੱਧਰ ਪੰਜਾਬ ਵਿੱਚ ਹੜੱਪਾ ਦਾ ਸ਼ਹਿਰੀ ਨਿਜ਼ਾਮ ਖਤਮ ਹੋ ਗਿਆ ਸੀ। ਯੁਰੇਸ਼ੀਆ ਵਿੱਚ Corded Ware culture ਵੀ ਖਤਮ ਹੋ ਰਹੀ ਸੀ। ਪੂਰਬੀ ਯੂਰਪ ਅਤੇ ਦੱਖਣੀ ਰੂਸੀ ਇਲਾਕੇ ਦੀ ਘੋੜ ਸਵਾਰ ਆਬਾਦੀ ਚਾਰੇ ਪਾਸੇ ਬਿਖਰ ਗਈ। ਇਨ੍ਹਾਂ ਦੀ ਇੱਕ ਲਗਰ Sintashta ਘੋੜਿਆਂ, ਗਾਵਾਂ, ਭੇਡਾਂ ਦੇ ਵੱਗ ਲੈ ਕੇ ਕੁਰਗਸਤਤਨ, ਕਜ਼ਾਕਸਤਾਨ ਤੋਂ ਹਿੰਦੂਕੁਸ਼ ਪਹਾੜਾਂ ਵਿੱਚ ਦੀ ਪੰਜਾਬ ਤੱਕ ਆ ਗਈ।

ਇੱਥੇ ਸ਼ਹਿਰ ਖਤਮ ਹੋ ਚੁੱਕੇ ਸਨ। ਉਹ ਇੱਥੇ ਛੋਟੀਆਂ ਆਬਾਦੀਆਂ ਵਿੱਚ ਰਹਿ ਰਹੇ ਹੜੱਪਾ ਲੋਕਾਂ ਵਿੱਚ ਰਲ ਗਏ। ਹਿੰਸਕ ਝੜੱਪਾਂ ਵੀ ਹੋਈਆਂ ਹੋਣਗੀਆਂ, ਬਹੁਤੇ ਲੋੜ ਅਨੁਸਾਰ ਆਪਸ ਵਿੱਚ ਘੁਲ-ਮਿਲ ਵੀ ਗਏ ਹੋਣਗੇ। ਇਸ ਸਮੇਂ ਵਿੱਚ ਕਿਸੇ ਵੱਡੇ ਹਿੰਸਕ ਵਰਤਾਰੇ ਦੇ ਸਬੂਤ ਨਹੀਂ ਲੱਭੇ, ਪਰ ਇਸ ਨੂੰ ਮੂਲੋ ਨਿਕਾਰਿਆ ਵੀ ਨਹੀਂ ਜਾ ਸਕਦਾ। ਪਰ ਇਸ ਪ੍ਰਵਾਸ ਦੇ ਜੀਨ ਸਾਰੇ ਪੰਜਾਬੀਆਂ ਵਿੱਚ ਮਿਲਦੇ ਹਨ। ਬਹੁਗਿਣਤੀ ਜੀਨ ਮਰਦਾਂ ਵਿੱਚ ਮਿਲਦੇ ਹੋਣ ਕਰਕੇ ਇਹ ਸਮਝਿਆ ਜਾਂਦਾ ਕਿ ਆਉਣ ਵਾਲੇ ਬਹੁਤੇ ਮਰਦ ਹੀ ਹੋਣਗੇ, ਔਰਤਾਂ ਘੱਟ ਹੋਣਗੀਆਂ। ਪੰਜਾਬ ਵਿੱਚ ਹਜ਼ਾਰਾਂ ਸਾਲ ਤੋਂ ਰਹਿ ਰਹੇ ਲੋਕਾਂ ਵਿੱਚ ਇਸ ਨਵੀਂ ਨਸਲ ਨੇ 4000 ਕੁ ਸਾਲ ਪਹਿਲਾਂ ਪ੍ਰਵਾਸ ਕੀਤਾ।

ਆਰੀਆ ਪਹਿਚਾਣ ਦੀ ਉੱਤਪਤੀ

ਜਿਹੜੇ Sintashta ਨਸਲ ਦੇ ਲੋਕ ਪੰਜਾਬ ਦੇ ਪਹਾੜਾਂ ਅਤੇ ਮੈਦਾਨਾਂ ਵਿੱਚ ਆਏ ਉਨ੍ਹਾਂ ਦਾ ਹੀ ਇੱਕ ਹਿੱਸਾ ਰਾਹ ਵਿੱਚ ਅੰਮੂ ਅਤੇ ਮੁਰਗਾਬ ਦਰਿਆ ਕੰਢੇ ਰਹਿੰਦੇ BMAC (ਅਫ਼ਗ਼ਾਨਿਸਤਾਨ) ਦੇ ਲੋਕਾਂ ਵਿੱਚ ਵੀ ਰਲਿਆ। ਉੱਥੇ ਇਸ ਸਮੇਂ ਵਿੱਚ ਘੋੜੇ, ਰੱਥ, ਗਾਵਾਂ ਵਾਲੇ ਲੋਕਾਂ ਦੇ ਇੰਦਰ ਵਰਗੇ ਦੇਵਤੇ ਅਤੇ ਸਥਾਨਕ ਅੱਗ ਮੂਹਰੇ ਕਰਮਕਾਂਡ ਕਰਨ ਵਾਲੇ, ਸੋਮਰਸ ਅਤੇ ਪਸ਼ੂ ਬਲੀ ਦੇਣ ਵਾਲੇ ਕਬੀਲਿਆਂ ਦਾ ਰਲ਼ੇਵਾਂ ਹੋਇਆ। ਇਸ ਰਲੇਂਵੇਂ ਵਿੱਚੋਂ ਹੀ ਬਾਅਦ ਵਾਲੀ ਮਸ਼ਹੂਰ ਆਰੀਆ ਪਹਿਚਾਣ ਸਥਾਪਿਤ ਹੋਈ ਸਮਝੀ ਜਾਂਦੀ ਹੈ।।

ਈਰਾਨੀ ਅਤੇ ਭਾਰਤੀ ਆਰੀਆਵਾਂ ਦੀ ਪ੍ਰਚੱਲਤ ਪਹਿਚਾਣ, ਜਿਸ ਵਿੱਚ ਘੋੜੇ, ਰੱਥ, ਅੱਗ ਪੂਜਾ, ਇੰਡੋ ਯੂਰਪੀਅਨ ਭਾਸ਼ਾ, ਪੁਜਾਰੀ ਦਾ ਵੱਡਾ ਰੁਤਬਾ, ਬਲੀਆਂ ਆਦਿ ਸਾਰੇ ਅੰਸ਼ ਮਿਲਦੇ ਹਨ ਉਹ ਬਲਖ, ਹੈਰਾਤ, ਤਾਸ਼ਕੰਦ ਇਲਾਕੇ ਵਿੱਚ ਹੀ ਸਥਾਪਿਤ ਹੋਈ। BMAC ਵਾਲਿਆਂ ਦੀ ਆਪਣੀ ਭਾਸ਼ਾ ਜਾਂ ਤਾਂ ਖਤਮ ਹੋ ਗਈ ਜਾਂ Sintashta ਦੀ ਇੰਡੋ-ਯੂਰਪੀਅਨ ਭਾਸ਼ਾ ਇੰਨੀ ਭਾਰੂ ਹੋ ਗਈ ਕਿ ਪੁਰਾਣੀ ਭਾਸ਼ਾ ਕੁੱਝ ਸ਼ਬਦਾਂ ਤੋਂ ਵੱਧ ਬਹੁਤੀ ਨਹੀਂ ਬਚ ਸਕੀ। ਇਹ ਦੋਵੇਂ ਕਬੀਲੇ ਬਿਲਕੁੱਲ ਘਿਓ ਖਿਚੜੀ ਹੋ ਗਏ ਅਤੇ ਨਵੀਂ ਆਰੀਆ ਨਸਲ ਦਾ ਮੂਲ ਬਣ ਗਏ।

ਫੇਰ ਇਹ ਲੋਕ 35-3700 ਸਾਲ ਪਹਿਲਾਂ (1400 BCE) ਪੰਜਾਬ ਵਿੱਚ ਆਉਣਾ ਸ਼ੁਰੂ ਹੋਏ ਅਤੇ ਪਹਿਲਾਂ ਵਾਲੇ ਲੋਕਾਂ ਵਿੱਚ ਮਿਲੇ। ਇੱਧਰ ਮੱਝਾਂ ਵਾਲੇ ਸਨ। ਗਾਵਾਂ ਆਉਣ ਤੋਂ ਬਾਅਦ ਵੀ ਮੱਝਾਂ ਦਾ ਜੀਵਨ ਵਿੱਚ ਸਥਾਨ ਘਟਿਆ ਨਹੀਂ ਅਤੇ ਅੱਜ ਤੱਕ ਕਾਇਮ ਹੈ। ਇਨ੍ਹਾਂ ਦੇ ਆਉਣ ਨਾਲ ਪੰਜਾਬ ਵੀ ਆਰੀਆ ਖ਼ਿੱਤਾ ਵੱਜਣ ਲੱਗ ਪਿਆ। ਪੰਜਾਬ ਦੇ ਪਹਾੜੀ ਇਲਾਕੇ ਸਵਾਤ ਵਿੱਚ 1200 BC ਜਾਂ 3400 ਸਾਲ ਪੁਰਾਣਾ ਮਨੁੱਖੀ ਪਿੰਜਰ ਮਿਲਿਆ ਹੈ। ਇਹ ਸਭ ਤੋ ਪੁਰਾਣਾ ਮਨੁੱਖੀ ਸਬੂਤ ਹੈ, ਜਿਸ ਦੇ ਜੀਨ ਵਿੱਚ ਹੜੱਪਾ, Sintashta ਅਤੇ ਆਰੀਆਈ BMAC ਤਿੰਨਾਂ ਦੇ ਅੰਸ਼ ਹਨ। ਮਤਲਬ ਕਿ ਉਸ ਸਮੇਂ ਇੱਕ ਨਵੀਂ ਨਸਲ ਬਣ ਚੁੱਕੀ ਸੀ, ਜਿਸ ਦੇ ਵਿਕਾਸ ਵਿੱਚੋਂ ਅੱਜ ਦੇ ਬਹੁਤੇ ਪੰਜਾਬੀ ਨਿਕਲੇ ਹਨ। ਇੱਥੋਂ ਹੀ ਅੱਜ ਪੰਜਾਬੀ ਨਸਲ ਜਾਂ ethnicity ਸ਼ੁਰੂ ਹੁੰਦੀ ਹੈ, ਜਿਸ ਵਿੱਚ ਸਿੰਧ ਦਰਿਆ ਦੀ ਸੱਭਿਅਤਾ ਅਤੇ ਨਵੇਂ ਪ੍ਰਵਾਸ ਦੋਵਾਂ ਦੀ ਝਲਕ ਪੈਂਦੀ ਹੈ।

ਪੰਜਾਬ ਵਿੱਚ ਨਵੀਂ ਬਣੀ ਨਸਲ ਦੇ ਲੋਕ ਲੋਹੇ ਦੀ ਖੋਜ ਤੋਂ ਬਾਅਦ ਵਾਲੇ Iron Age ਕਾਲਖੰਡ ਵਿੱਚ ਅੱਗੇ ਗੰਗਾ, ਨਰਮਦਾ ਦਰਿਆਵਾਂ ਤੱਕ ਵੀ ਚਲੇ ਗਏ। Sintashta ਦੇ ਪੂਰਵਜ Yamnaya ਯੂਰਪ ਵੱਲ ਵੀ ਗਏ ਸਨ। ਉੱਥੇ ਇੰਡੋ ਆਰੀਆਈ ਭਾਸ਼ਾ ਦਾ ਇੱਕ ਰੂਪ ਉਹ ਲੈ ਕੇ ਗਏ। ਫੇਰ ਅਗਲੇ ਹਜ਼ਾਰ ਸਾਲ ਆਰੀਆਵਾਂ ਵਿੱਚੋ ਨਿਕਲੇ ਹੋਰ ਕਬੀਲੇ ਉੱਧਰ ਵੀ ਲਗਾਤਾਰ ਫੈਲਦੇ ਰਹੇ।

ਅੱਜ ਦੇ ਹਰ ਦੇ genetic makeup ਦਾ 80% ਤੋਂ ਵੱਧ ਹਿੱਸਾ ਤਿੰਨ ਮੁੱਖ Genes ਦਾ ਹੈ। 1. ਹੜੱਪਾ ਸੱਭਿਅਤਾ 2. Steppe (Sintashta/Yamnaya) 3. BMAC ਅਫ਼ਗ਼ਾਨਿਸਤਾਨ ਦਾ ਬਲਖ ਇਲਾਕੇ ਤੋਂ।

ਪਿਛਲੇ ਦਹਾਕੇ ਵਿੱਚ Virology ਸਾਇੰਸ ਅਤੇ ਜਨੈਟਿਕ ਸਾਇੰਸਦਾਨਾਂ ਨੇ ਵੱਖ ਵੱਖ ਵਾਇਰਸਾਂ ਅਤੇ ਉਨ੍ਹਾਂ ਦੀ immunity ਉੱਤੇ ਖੋਜ ਕਰਨ ਤੋਂ ਬਾਅਦ ਵੀ ਇਸ ਮਨੁੱਖੀ ਪ੍ਰਵਾਸ ਦੀ ਥਿਊਰੀ ਨੂੰ ਪ੍ਰਮਾਣਤ ਕੀਤਾ ਹੈ। Steppe ਦੇ ਲੋਕਾਂ ਦੀ immunity ਅੱਜ ਵੀ ਲੱਭਦੀ ਹੈ। ਬਚਪਨ ਤੋਂ ਬਾਅਦ ਮਨੁੱਖ ਵਿੱਚ ਦੁੱਧ ਪਚਾਉਣ ਦੀ ਸ਼ਕਤੀ ਦੇ ਜੀਨ ਵੀ Yamnaya ਲੋਕਾਂ ਦੀ ਨਸਲ ਨੇ ਹੀ ਦੁਨੀਆਂ ਵਿੱਚ ਫੈਲਾਏ ਹੋਣ ਦੇ ਪ੍ਰਮਾਣ ਮਿਲਦੇ ਹਨ। ਪਿਛਲੇ ਦਹਾਕੇ ਦੀਆਂ ਇਹ ਦੋਵੇਂ ਖੋਜਾਂ ਵੀ ਆਰੀਆ ਕਬੀਲੇ ਦਾ ਮੂਲ ਯੁਰੇਸ਼ੀਆ ਅਤੇ Pontic steppe ਨਾਲ ਹੀ ਜੋੜਦੀਆਂ ਹਨ।

ਆਰੀਆਵਾਂ ਦੇ ਪ੍ਰਵਾਸ ਦੀ ਕਹਾਣੀ ਮਨੁੱਖੀ ਪ੍ਰਵਾਸ ਤੋਂ ਵੱਡੀ ਹੈ। ਇਨ੍ਹਾਂ ਲੋਕਾਂ ਨਾਲ ਹੀ ਘੋੜੇ, ਭਾਸ਼ਾ, ਧੁਰੇ (Axel) ਵਾਲੇ ਗੱਡੇ, ਰੱਥ, ਦੁੱਧ ਪੀਣ ਅਤੇ ਪਚਾਉਣ ਦੀਸ਼ਕਤੀ, ਗਜਾਂ ਵਾਲਾ ਪਹੀਆ ਆਦਿ ਅਨੇਕਾਂ ਵਿਸ਼ੇਸ਼ਤਾਵਾਂ ਦਾ ਵੀ ਫੈਲਾਅ ਹੋਇਆ।

ਯਾਦ ਰਹੇ ਕਿ ਆਰੀਆਵਾਂ ਦੀ ਇਹ ਬਹੁਤ ਹੀ ਸੰਖੇਪ ਜਾਣਕਾਰੀ ਹੈ। ਇਸ ਦੇ ਹਰ ਹਿੱਸੇ ਦਾ ਬਹੁਤ ਵਿਸਥਾਰ ਹੈ। ਕਈ ਹਿੱਸੇ ਹੋਰ ਵੀ ਹਨ। ਕੁੱਝ ਵਿਵਾਦਤ ਹਿੱਸੇ ਵੀਹਨ। ਅਗਲੇ ਸਾਲਾਂ ਵਿੱਚ ਹੋਰ ਵੀ ਬਹੁਤ ਜਾਣਕਾਰੀ ਵੀ ਬਾਹਰ ਨਿਕਲਗੇ।

References:

Jatt genetics 

Genetic Evidence for Recent Population Mixture in India

Proto-Indo-European Roots of the Vedic Aryans 

The HORSE The WHEEL and LANGUAG

The transmission of pottery technology among prehistoric European hunter-gatherers

Sintashta branch of Yamnaya Coded ware culture 

Genetics of proto Aryan 

Oxus river civilization Rigvedic tribes roots in Central Asia

 

 

Ancient Panjab
About Author

Ancient Panjab

Panjab, home to one of the world’s oldest civilizations, holds a rich and fascinating history. As Panjabis, we are the true heirs of this legacy—uniquely connected to its culture, traditions, and artifacts. This website invites Panjabis to explore and engage in conversations about our shared past.