ਮਲੂਹਾ, ਪੰਜਾਬ ਦਾ ਸੱਭ ਤੋਂ ਪੁਰਾਤਨ ਨਾਂ
ਇਤਿਹਾਸ ਵਿੱਚ ਪੰਜਾਬ ਦੀ ਧਰਤੀ ਦੇ ਦਰਜਣਾਂ ਨਾਂ ਮਿਲਦੇ ਹਨ। ਇਨਾਂ ਵਿੱਚੋਂ ਸੱਭ ਤੋਂ ਪੁਰਾਣਾ ਨਾਂ ‘ਮਲੂਹਾ’ 4400 ਸਾਲ ਪਹਿਲਾਂ ਮੈਸੋਪਟਾਮੀਆਂ (ਇਰਾਕ, ਕੁਵੈਤ, ਸੀਰੀਆ, ਓਮਾਨ, ਫ਼ਲਸਤੀਨ) ਵਿੱਚ ਲਿਖਿਆ ਮਿਲਿਆ ਹੈ। Sargon (2334-2279 B.C.) ਰਾਜੇ ਦਾ ਲਿਖਵਾਇਆ ਮਿਲਿਆ ਹੈ। ਇਹ ਨਾਂ ਮਲੂਹ ਕੇ ਜਾਂ ਮਲੂਹਾ ਕੀ (𒈨𒈛𒄩𒆠 Me-luḫ-ḫaKI) ਅਤੇ ਸ਼ੂੲਲੀਸ਼ੂ ਨਾਂ ਦੇ ਮਲੂਹਾ-ਆਕਾਡੀ ਦੋਭਾਸ਼ੀਏ ਦੀ (Shu-ilishu cylinder seal) ਲਿਖਤ ਮਸ਼ਹੂਰ ਹੈ। ਪੁਰਾਤਨ ਮੈਸੋਪਟਾਮੀਆਂ ਦੀਆਂ ਸੁਮੇਰ (ਓਮਾਨ), ਆਕਾਡ (ਇਰਾਕ), ਅਸੀਰੀਆ (ਸੀਰੀਆ) ਸੱਭਿਅਤਾਵਾਂ ਵਿੱਚ 1500 ਕੁ ਸਾਲ ਦੇ ਦੌਰ ਦੀਆਂ 18 ਲੱਭਤਾ ਵਿੱਚ ਮਲੂਹਾ ਨਾਂ ਲਿਖਿਆ ਮਿਲਿਆ ਹੈ। 𒈨𒈛𒄩𒆠 ਦੀ ਸਿੰਧ ਦੇ ਦਰਿਆਈ ਖਿੱਤੇ ਨਾਲ ਨਿਸ਼ਾਨਦੇਹੀ ਵਾਰੇ ਸਾਰੇ ਮਾਹਰ ਸਹਿਮਤ ਹਨ।ਸਿੰਧ ਸੱਭਿਅਤਾ ਦਾ ਸੱਭ ਤੋਂ ਪੁਰਾਣਾ ਸ਼ਹਿਰ ਹੜੱਪਾ (ਪੰਜਾਬ) ਹੈ। ਹੜੱਪਾ ਸੱਭਿਅਤਾ ਦੇ ਤਾਂਬਾ ਯੁੱਗ ਦੀਆਂ ਸੱਭਿਅਤਾਵਾਂ ਮੈਸੋਪਟਾਮੀਆਂ, ਸੁਮੇਰ, ਅਕਾਡ, ਈਲਮ ਨਾਲ ਵਪਾਰਕ ਸਬੰਧ ਸਨ। ਤਾਂਬਾ ਸੱਭਿਅਤਾ ਵੇਲੇ ਦੇ ਪੰਜਾਬ-ਸਿੰਧ ਦਾ (ਹੁੱਣ ਦੇ) ਅਰਬ ਇਲਾਕਿਆਂ ਨਾਲ ਗੂੜਾ ਸਬੰਧ ਸੀ। ਮਲੂਹਾ ਦੇ ਨਾਂ ਨਾਲ ਜਿਹੜੀਆਂ ਵਸਤਾਂ ਦਾ ਵੇਰਵਾ ਲਿਖਿਆਂ ਮਿਲਦਾ ਹੈ, ਉਨਾਂ ਦਾ ਸਬੰਧ ਹੜੱਪਾ ਨਾਲ ਹੋਣ ਕਰਕੇ ਮਾਹਰ ਮਲੂਹਾ ਨੂੰ ਹੜੱਪਾ ਸਭਿਅਤਾ ਦਾ ਇਲਾਕਾ ਹੀ ਮੰਨਦੇ ਹਨ। ਮਲੂਹਾ ਨਾਂ ਹੇਠ ਅੱਜ ਦਾ ਪੰਜਾਬ ਵੀ ਆਉਂਦਾ ਹੈ। Asko Parpola ਨੇ ਆਪਣੇ ਖੋਜ ਪੱਤਰ The Meluhha Village ਵਿੱਚ ਦੱਸਿਆ ਕਿ ਵੱਖ-ਵੱਖ ਵੇਰਵਿਆਂ ਤੋਂ ਮਿਲਦੇ ਸੰਕੇਤਾਂ ਤੋਂ ਕਹਿ ਸਕਦੇ ਹਾਂ ਕਿ ਮਲੂਹਾ, ਮਲੂਖਾ, ਮਲੂਖਾਕੀ ਨਾਂ ਦਾ ਖਿੱਤਾ ਮੈਸੋਪਟਾਮੀਆਂ, ਸੁਮੇਰ, ਅਕਾਡ ਦੇ ਪੂਰਬ ਵਿੱਚ ਵੱਸਦਾ ਸੀ। ਜਿੱਥੇ ਸ਼ਹਿਰ, ਦਰਿਆ, ਅਨਾਜ਼, ਹਾਥੀ ਦੰਦ, ਲਾਖ, ਮਿੱਟੀ ਦੇ ਭਾਂਡੇ, ਮਣਕੇ, ਸੋਨਾ, ਚਾਂਦੀ, ਤਾਂਬਾ, ਲੱਕੜ ਦਾ ਸਮਾਨ ਆਦਿ ਮਿਲਦਾ ਸੀ। ਇਹੀ ਵਸਤਾਂ ਪੰਜਾਬ, ਸਿੰਧ, ਗੁਜਰਾਤ ਦੇ ਹੜੱਪਾ ਖੰਡਰਾਂ ਵਿੱਚ ਵੀ ਵਾਧੂ ਮਿਲੀਆਂ ਹਨ। ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਮਲੂਹਾ ਨਾਂ ਸਿੰਧ ਵਾਦੀ ਲਈ ਬਾਹਰਲਿਆਂ ਵਿੱਚ ਹੀ ਪ੍ਰਚੱਲਤ ਸੀ ਜਾਂ ਸਥਾਨਕ ਲੋਕ ਵੀ ਇਹੀ ਨਾਂ ਵਰਤਦੇ ਹੋਣਗੇ। ਪਰ ਇਹ ਪੱਕਾ ਹੈ ਕਿ ਅਰਬਾਂ ਵਿੱਚ ਮਲੂਹਾ ਨਾਂ ਮੌਜੂਦਾ ਪੰਜਾਬ ਲਈ ਵੀ ਵਰਤਿਆ ਜਾਂਦਾ ਰਿਹਾ ਹੈ। ਮਲੂਹਾ ਮੌਜੂਦਾ ਪੰਜਾਬ ਦੇ ਇਲਾਕੇ ਲਈ ਵਰਤਿਆ ਗਿਆ ਪਹਿਲਾ ਦਸਤਾਵੇਜ਼ੀ ਨਾਂ ਹੈ ਅਤੇ ਇਸ ਦੇ ਲਿਖਤੀ ਸਬੂਤਾਂ ਦੀ ਵਿਗਿਆਨਿਕ ਤੌਰ ਉੱਤੇ ਪੁਸ਼ਟੀ ਹੋ ਚੁੱਕੀ ਹੈ।
5000 ਸਾਲ ਪਹਿਲਾਂ ਵਪਾਰਕ ਸਬੰਧ
ਤਾਂਬਾਯੁੱਗ ਵਾਲੇ ਪੰਜਾਬ ਦੇ ਮੱਧ-ਪੂਰਬ (middle east) ਦੀਆਂ ਪੁਰਾਤਨ ਸੱਭਿਅਤਾਵਾਂ ਨਾਲ ਗੂੜ੍ਹੇ ਵਪਾਰਕ ਸਬੰਧ ਸਨ। ਹੜੱਪਾ ਵਾਲੇ ਪਰਵਾਸੀਆਂ ਦਾ ਓਮਾਨ ਵਿੱਚ ਵਸਾਇਆ ਪਿੰਡ ਵੀ ਲੱਭਾ ਹੈ। 3900 ਸਾਲ ਪਹਿਲਾਂ ਤਾਂਬਾ ਯੁੱਗ ਦੇ ਖਤਮੇ ਨਾਲ ਪੰਜਾਬ ਦੇ ਸ਼ਹਿਰ ਵੀ ਖਾਲੀ ਹੋ ਗਏ। ਹੁੱਣ ਤੋਂ 3900 ਸਾਲ ਪਹਿਲਾਂ ਤੋਂ ਲੈ ਕੇ 2600 ਸਾਲ ਤੱਕ ਦੇ ਸਮੇਂ ਦੇ ਬਹੁਤੇ ਥੇਹ (archeology) ਸਬੂਤ ਨਹੀਂ ਮਿਲਦੇ। ਇਤਿਹਾਸਕ ਤੌਰ ਉੱਤੇ ਇਹ ਦੌਰ ਖਾਲੀ ਹੈ। ਪਰ 2700 ਸਾਲ ਪਹਿਲਾਂ ਈਰਾਨ-ਇਰਾਕ ਵਿੱਚ ਪੰਜਾਬ ਦਾ ਜ਼ਿਕਰ ਦੋਬਾਰਾ ਮਿਲਣਾ ਸ਼ੁਰੂ ਹੋ ਜਾਂਦਾ ਹੈ, ਅਤੇ ਪਤਾ ਲੱਗਦਾ ਆ ਕਿ ਹਜ਼ਾਰ-ਬਾਂਰਾ ਸੌ ਸਾਲ ਬਾਅਦ ਵੀ ਪੰਜਾਬ ਮੱਧਏਸ਼ੀਆਈ (middle east) ਖਿੱਤੇ ਨਾਲ ਹੜੱਪਾ ਯੁੱਗ ਵਾਂਗ ਹੀ ਜੁੜਿਆ ਹੋਇਆ ਸੀ।
ਮਲੂਹਾ ਦੇ ਨਾਂ ਵਾਲੀ 2643 ਸਾਲ ਪੁਰਾਣੀ ਆਖ਼ਰੀ ਲੱਭਤ ਅਸੀਰੀਅਨ ਰਾਜੇ ਅਸੁਰ ਬੈਨੀਪਾਲ ਦੀ ਹੈ। ਅਸੀਰੀਆ ਅੱਜ ਦਾ ਕੁਰਦਸਤਾਨ (ਉੱਤਰੀ ਈਰਾਨ, ਸੀਰੀਆ ਅਤੇ ਤੁਰਕੀ) ਵਾਲਾ ਇਲਾਕਾ ਸੀ। 643 BCE ਵਿੱਚ ਲਿਖਵਾਈ ਪੱਟੀ ਵਿੱਚ ਮਲੂਹਾ ਨਾਂ ਦਾ ਜ਼ਿਕਰ ਹੈ। ਪਹਿਲਾਂ ਇਹ ਨਾਂ ਮਿਸਰ ਨੇੜੇ ਦੀ ਥਾਂ ਦਾ ਸਮਝਿਆ ਗਿਆ। ਪਰ ਹੁੱਣ ਮਾਹਰ ਇਸ ਲਿਖਤ ਵਿੱਚ carnelian ਪੱਥਰ ਦੇ ਜ਼ਿਕਰ ਦਾ ਹਵਾਲਾ ਦੇ ਕੇ ਦਲੀਲ ਦਿੰਦੇ ਹਨ ਕਿ ਇਹ ਪੱਥਰ ਕੇਵਲ ਰਾਜਸਥਾਨ-ਸਿੰਧ ਦੇ ਇਲਾਕੇ ਵਿੱਚ ਹੀ ਹੁੰਦਾ ਹੈ, ਮਿਸਰ ਵਿੱਚ ਨਹੀਂ। ਇਸ ਕਰਕੇ ਅਸੁਰ ਬੈਨੀਪਾਲ ਦੀ ਲਿਖਤ ਵਾਲਾ ਮਲੂਹਾ ਹੜੱਪਾ ਸੱਭਿਅਤਾ ਵਾਲਾ ਪੁਰਾਣਾ ਮਲੂਹਾ ਹੀ ਹੈ, ਸ਼ਾਇਦ ਲਿਖਣ ਵਾਲਾ ਹੀ ਪੂਰੇ ਮਾਮਲੇ ਤੋਂ ਵਾਕਫ ਨਹੀਂ ਸੀ। ਵੱਖ-ਵੱਖ ਲਿਖਤੀ ਲੱਭਤਾ ਤੋਂ ਪਤਾ ਲੱਗਦਾ ਕਿ ਮੱਧ-ਪੂਰਬ (ਅਰਬ ਦੇਸ਼) ਵਿੱਚ 2600 ਸਾਲ ਪਹਿਲਾਂ ਤੱਕ ਸਿੰਧ ਵਾਦੀ ਦਾ ਨਾਂ ਮਲੂਹਾ ਹੀ ਚੱਲਦਾ ਰਿਹਾ ਸੀ।
ਮਲੂਹਾ ਤੋਂ ਬਾਅਦ ਹਿੰਦ ਨਾਂ ਦੀ ਸ਼ੁਰੂਆਤ
2600 ਕੁ ਸਾਲ ਪਹਿਲਾਂ ਮੈਸੋਪਟਾਮੀਆਂ ਦੀਆਂ ਪੁਰਾਣੀਆਂ ਸੱਭਿਆਤਾਵਾਂ ਉਤੇ ਮੱਧ-ਏਸ਼ੀਆ ਤੋਂ ਆਉਣ ਵਾਲੇ ਆਰੀਆਈ ਨਸਲ ਦੇ ਕਬੀਲਿਆਂ ਨੇ ਕਬਜ਼ਾ ਕਰ ਲਿਆ। ਇਸੇ ਸਮੇਂ ਪੰਜਾਬ ਦਾ ਨਾਂ ਮਲੂਹਾ ਤੋਂ ਸਿੰਧ ਜਾਂ ਹਿੰਦ ਨਾਂ ਮਸ਼ਹੂਰ ਹੋਇਆ ਪ੍ਰਤੀਤ ਹੁੰਦਾ ਹੈ। ਅਸੁਰ ਬੈਨੀਪਾਲ ਤੋਂ 100 ਸਾਲ ਬਾਅਦ ਪਾਰਸੀ ਰਾਜੇ ਦਾਰਾ Darius ( 522–486 BC ) ਦੇ ਸ਼ਿਲਾਲੇਖ ਵਿੱਚ ਪੰਜਾਬ ਦਾ ਨਾਂ ਹਿੰਦ (𐏃𐎡𐎯𐎢𐏁 Hidūš) ਲਿਖਿਆ ਗਿਆ ਹੈ। ਬਾਗਾਸਤਾਨ (Behistun Inscription) ਵਿੱਚ ਸ਼ਹਿਨਸ਼ਾਹ ਦਾਰਾ ਆਪਣੇ ਆਪ ਨੂੰ ਆਰੀਆ ਪੁੱਤਰ ਲਿਖਦਾ ਹੈ। ਸ਼ਿਲਾਲੇਖ ਦੀ ਭਾਸ਼ਾ ਸ਼ੁਰਆਤੀ ਸੰਸਕ੍ਰਿਤ ਨਾਲ ਵੀ ਕਾਫ਼ੀ ਮਿਲਦੀ ਹੈ। ਭਾਸ਼ਾ ਤੋਂ ਪਤਾ ਲੱਗਦਾ ਕਿ ਆਰੀਆ ਲੋਕਾਂ ਦੇ ਆਉਣ ਨਾਲ ਓਥੋਂ ਦੀ ਰਾਜਸੀ ਬੋਲੀ ਵੀ ਬਦਲ ਗਈ ਸੀ। ਇਤਿਹਾਸ ਲਿਖਣ ਦਾ ਬਾਨੀ ਗਰੀਕ ਹੈਰੋਡੋਟਸ ਦੱਸਦਾ ਕਿ ਪਾਰਸੀ (Persian) ਰਾਜੇ ਸਿੰਧ ਦਰਿਆ ਦੁਆਲੇ ਤਿੰਨ ਪ੍ਰਾਂਤਾਂ ਤੋਂ ਟੈਕਸ ਵਸੂਲਦੇ ਸਨ। ਇਹ ਵੀ ਸਹੀ ਨਹੀਂ ਕਿ ਸਿੰਧ ਦਰਿਆ ਤੋਂ ਪੂਰਬ ਵੱਲ ਦਾ ਸਾਰਾ ਇਲਾਕਾ ਹੀ ਹਿੰਦ ਸੀ। ਦੱਖਣ ਵਿੱਚ ਸਤਾਗਊਆ ਸੀ, ਮੱਧ ਵਿੱਚ ਅੱਜ ਦਾ ਪੱਛਮੀ ਪੰਜਾਬ ਹਿੰਦ ਸੀ ਅਤੇ ਉੱਤਰ ਵਿੱਚ ਪਹਾੜੀ ਇਲਾਕਾ ਗੰਧਾਰ ਸੀ। ਮਿਲਦੇ ਸਬੂਤਾਂ ਤੋਂ ਕਹਿ ਸਕਦੇ ਹਾਂ ਕਿ ਆਰੀਆਵਾਂ ਦੇ ਆਉਣ ਨਾਲ ਇਲਾਕਾਈ ਨਾਂ ਮਲੂਹਾ ਖਤਮ ਹੋ ਗਿਆ ਅਤੇ ਹਿੰਦ-ਸਿੰਧ ਸ਼ੁਰੂ।
ਬਾਗਾਸਤਾਨ ਦੇ ਬਹੁਭਾਸ਼ਾਈ ਸ਼ਿਲਾਲੇਖ ਵਿੱਚ ਦਾਰੀਅਸ ਨੇ ਪੁਰਾਣੀ ਫਾਰਸੀ (ਪਾਰਸੀ) ਵਿੱਚ ਸਿੰਧ ਦਰਿਆ ਦੇ ਉੱਤਰੀ ਖਿੱਤੇ ਦਾ ਨਾਂ ਗੰਧਾਰ ਲਿਖਿਆ ਪਰ ਅਕਾਡੀ ਅਤੇ ਈਲਮੀ ਭਾਸ਼ਾਵਾਂ ਵਿੱਚ ਗੰਧਾਰ ਦਾ ਨਾਂ ਪਰਉਪਰਸਾਨਨਾ ਲਿਖਿਆ। ਇਸ ਦਾ ਮਤਲਬ ਕਿ ਆਰੀਆਈ ਪਾਰਸੀਆਂ ਦੇ ਈਰਾਨ ਜਿੱਤਣ ਤੋਂ ਪਹਿਲਾਂ ਪੁਰਾਣੇ ਲੋਕ ਗੰਧਾਰ ਨੂੰ ਵੀ ਪਰਉਪਰਸਾਨਨਾ ਕਹਿੰਦੇ ਹੋਣਗੇ। ਉਨਾਂ ਦੀ ਭਾਸ਼ਾ ਵਿੱਚ ਨਾਂ ਵੀ ਉਨਾਂ ਵਾਲਾ ਹੀ ਲਿਖਿਆ ਹੋ ਸਕਦਾ। ਪਰ = ਪਾਰ, ਉਪਰ = ਉੱਤੇ, ਸਾਨਨਾ = ਬਾਜ। ਉਪਸਾਸਨਨਾ ਹਿੰਦੂਕੁਸ਼ ਪਹਾੜ ਦਾ ਵੀ ਨਾਂ ਰਿਹਾ ਜੋ ਕਿ ਬਾਜ ਦੀ ਉਡਾਰੀ ਤੋਂ ਵੀ ਉੱਚਾ ਹੈ।
ਮਲੂਹਾ ਕੇ ਜਾਂ ਮਲੂਹਾ ਕੀ
ਮੱਧ-ਪੂਰਬੀ ਮਿੱਟੀ ਦੀਆਂ ਸਿੱਲਾਂ ਤੋਂ ਮਿਲਦਾ ਪੰਜਾਬ ਦਾ ਬਹੁਤ ਹੀ ਪੁਰਾਣਾ ਇਕੱਲਾ ਨਾਂ ਹੀ ਦਿਲਚਸਪ ਤੱਥ ਨਹੀਂ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਅਸਲ ਵਿੱਚ ਪੂਰਾ ਨਾਂ ਮਲੂਹਾਕੇ (𒈨𒈛𒄩𒆠 Me-luḫ-ḫaKI) ਲਿਖਿਆ ਗਿਆ ਸੀ। ਅੰਤ ਵਿੱਚ ਆਉਣ ਵਾਲੇ “ਕੇ” ਜਾਂ “ਕੀ” ਦਾ ਅਰਥ ਦੇਸ਼ ਜਾਂ ਇਲਾਕਾ ਦੱਸਿਆ ਗਿਆ ਹੈ। ਅੱਜ, 5000 ਸਾਲ ਬਾਅਦ ਵੀ, ਪੰਜਾਬ ਵਿੱਚ ਕੇ ਅਤੇ ਕੀ ਨਾਲ ਖਤਮ ਹੁੰਦੇ ਅਨੇਕਾਂ ਪਿੰਡਾਂ, ਥਾਵਾਂ ਦੇ ਨਾਂ ਮਿਲ ਜਾਂਦੇ ਹਨ। ਜਿਵੇਂ ਭਾਗੀਕੇ, ਸੈਦੋਂਕੇ, ਹਰੀਕੇ, ਮੱਲਕੇ, ਕਾਉਂਕੇ ਜਾਂ ਡਰੌਲੀ ਭਾਈ ਕੀ, ਪੱਤੋ ਕੀ, ਮਾੜੀ ਕੰਬੋਕੀ, ਨਾਨੋਕੀ, ਭਾਈ ਕੀ ਆਦਿ। ਹੜੱਪਾ ਉੱਤੇ ਕੰਮ ਕਰਨ ਵਾਲੇ ਕਿਸੇ ਵੀ ਮਾਹਰ ਨੇ ਪੰਜਾਬ ਵਿੱਚ ਕੇ-ਕੀ ਦੀ ਥਾਂ ਨਾਲ ਵਰਤੋਂ ਦੀ ਲਗਾਤਾਰਤਾ ਵੱਲ ਧਿਆਨ ਨਹੀਂ ਦਿੱਤਾ। ਵੱਡੀਆਂ ਯੂਨੀਵਰਸਿਟੀਆਂ ਦੇ ਮਾਹਰ ਪੰਜਾਬ ਦੀ ਧਰਤੀ ਉੱਤੇ ਵਿਕਸਿਤ ਹੋਈ ਸੱਭਿਅਤਾ ਦੀ ਖੋਜ ਲਈ ਪੰਜਾਬ ਵਿੱਚਲੀ ਪਦਾਰਥਕ ਅਤੇ ਭਾਸ਼ਾਈ ਨਿਰੰਤਰਤਾ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰਕੇ ਹਰ ਹੋਰ ਖੱਲ-ਖੂੰਜੇ ਵਿੱਚ ਹੱਥ ਮਾਰ ਰਹੇ ਹਨ। ਕਦੇ ਦੱਖਣ ਵੱਲ ਭੱਜਦੇ ਨੇ, ਕਦੇ ਗੰਗਾਵਾਦੀ ਵੱਲ ਤਾਂ ਕਦੇ ਮੱਧ ਏਸ਼ੀਆ ਵਿੱਚ। ਪੰਜਾਬ ਚੀਖ ਚੀਖ ਕਹਿ ਰਿਹਾ ਹੈ ਕਿ ਹੜੱਪਾ ਦੇ ਵਾਰਸ ਅਸੀਂ ਹਾਂ, ਸਾਡੇ ਵਿੱਚ ਹੜੱਪਾ ਅੱਜ ਵੀ ਜਿਊਂਦਾ ਹੈ।
ਮਲਾਹਾਂ ਦਾ ਮਲੂਹਾ
ਅੱਜ ਸਾਰੇ ਵਿਦਵਾਨ ਮਲੂਹਾ ਦਾ ਮੂਲ ਮਲਾਹ (ਬੇੜੀ ਚਲਾਉਣ ਵਾਲਾ) ਸ਼ਬਦ ਤੋਂ ਨਿਕਲਿਆ ਦੱਸਦੇ ਹਨ। “ਮਲਾਹਾਂ ਦਾ ਦੇਸ਼ ਮਲੂਹਾ”। ਪੰਜਾਬੀ ਵਿੱਚ ਅੱਜ ਵੀ ਮਲਾਹ ਬੇੜੀਆਂ ਚਲਾਉਣ ਵਾਲੇ ਨੂੰ ਕਹਿੰਦੇ ਨੇ, ਜਮਾਂ ਉਸੇ ਤਰਾਂ ਜਿਵੇਂ 3000 ਤੋਂ 4000 ਸਾਲ ਮੈਸੋਪਟਾਮੀਆ ਵਿੱਚ ਲਿਖਿਆ ਮਿਲਿਆ ਹੈ। ਜਮਨਾ ਪਾਰਲੀਆਂ ਬੋਲੀਆਂ ਵਿੱਚ ਮਾਝੀ ਹੈ ਅਤੇ ਤਾਮਿਲ ਵਿੱਚ ਮਾਲੂਮੀ ਹੈ। ਮਲਾਹ ਸ਼ਬਦ ਦਾ ਇੰਡੋ-ਯੂਰਪੀ ਭਾਸ਼ਾ ਵਿੱਚ ਮੂਲ ਨਹੀਂ ਲੱਭਦਾ, ਪੰਜਾਬੀ ਵਿੱਚ ਮਲਾਹ ਸ਼ਬਦ ਬੇਦਕ ਲੋਕਾਂ ਦੇ ਆਉਣ ਤੋਂ ਪੁਰਾਣਾ ਹੈ।
J.M Schader (2016) ਦੱਸਦਾ ਕਿ ਅਕਾਡ ਭਾਸ਼ਾ ਵਿੱਚ “ਮਾ” ਬੇੜੀ ਨੂੰ ਕਿਹਾ ਜਾਂਦਾ ਸੀ ਅਤੇ “ਲਾਹ” ਜਾਣ ਨੂੰ। (ma “ship”+ lah “going” ”travelling in a ship”). ਤਾਂਬਾ ਯੁਗ ਵਿੱਚ ਪੰਜਾਬ ਦੇ ਮੈਸੋਪਟਾਮੀਆ (ਇਰਾਕ), ਸੁਮੇਰ (ਓਮਾਨ), ਅਕਾਡ (ਸੀਰੀਆ, ਇਰਾਕ, ਤੁਰਕੀ) ਨਾਲ ਵਪਾਰਕ ਸਬੰਧ ਥੇਹਖੋਜੀਆਂ ਨੇ ਸਾਬਤ ਕੀਤੇ ਹੋਏ ਹਨ। ਵਪਾਰਕ ਸਬੰਧਾ ਵਿੱਚ ਭਾਸ਼ਾਈ ਆਦਾਨ-ਪ੍ਰਦਾਨ ਵੀ ਹੁੰਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਕਿ ਪੰਜਾਬੀ ਦਾ ਮਲਾਹ ਸ਼ਬਦ ਇੰਡੋ-ਆਰੀਅਨ ਭਾਸ਼ਾ (ਬੇਦਕ ਭਾਸ਼ਾ) ਆਉਣ ਤੋਂ ਪਹਿਲਾਂ ਦਾ ਹੈ। ਇਹ ਸੰਸਕ੍ਰਿਤ ਜਾਂ ਪਾਲੀ ਦੇ ਪੰਜਾਬੀ ਬੋਲੀ ਦਾ ਮੂਲ ਹੋਣ ਨੂੰ ਵੀ ਝੁਠਲਾਉਦਾ ਹੈ।
ਪੰਜਾਬੀ ਦੇ ਬਹੁਤੇ ਸ਼ਬਦਕੋਸ਼ ਦਾ ਇੰਡੋ-ਯੂਰਪੀ ਭਾਸ਼ਾ ਵਿੱਚ ਮੂਲ ਨਹੀਂ ਲੱਭਦਾ। F.B.J. Kuiper ਲਿਖਦਾ ਕਿ 40% ਸ਼ਬਦ ਆਦਿ-ਵਾਸੀ ਮੁੰਡਾ ਬੋਲੀ ਨਾਲ ਰਲਦੇ ਹਨ। ਪੰਜਾਬੀ ਵਿੱਚ ਮਲਾਹ ਸ਼ਬਦ ਦਾ ਹੋਣਾ ਸਾਬਤ ਕਰਦਾ ਕਿ ਸਾਡੀ ਪੰਜਾਬੀ ਦੀਆਂ ਜੜ੍ਹਾਂ 5500 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ। Asko Parpola ਅਕਾਡ ਦੀ ਭਾਸ਼ਾ ਵਿੱਚ ਤਿੱਲ ਵਾਸਤੇ ਸ਼ਬਦ ਤਾਮਿਲ ਨਾਲ ਰਲਦਾ ਹੋਣ ਕਰਕੇ ਹੜੱਪਾ ਦੀ ਭਾਸ਼ਾ ਤਾਮਿਲ ਕਹਿ ਦਿੰਦਾ ਹੈ ਪਰ ਪੰਜਾਬੀ ਦੇ ਮਲਾਹ ਨੂੰ ਨਜ਼ਰਅੰਦਾਜ਼ ਕਰ ਦਿੰਦਾ ਜਿਸ ਤੋਂ ਸਾਰੇ ਖਿੱਤੇ ਦਾ ਨਾਂ ਬਣਿਆ ਸੀ। ਮੌਜੂਦਾ ਪੰਜਾਬ ਵਿੱਚ ਹੜੱਪਾ ਦਾ ਪਦਾਰਥੀ ਸੱਭਿਆਚਾਰ (material culture) 20ਵੀਂ ਸਦੀ ਤੱਕ ਚੱਲਦਾ ਰਿਹਾ ਹੈ। ਜੋ ਕਿ ਬੋਲੀ ਦੀ ਨਿਰੰਤਰਤਾ ਬਿੰਨਾਂ ਸੰਭਵ ਨਹੀਂ। ਪੰਜਾਬੀ ਭਾਸ਼ਾ ਵਿੱਚ ਅੱਧਿਓ ਵੱਧ ਸ਼ਬਦ ਆਰੀਆਈ ਭਾਸ਼ਾ ਤੋਂ ਵੱਖਰੇ ਹਨ। ਦਰਾਵੜੀ ਸ਼ਬਦ ਤਾਂ ਬਹੁਤ ਹੀ ਘੱਟ ਹਨ। ਹੜੱਪਾ ਦੀ ਬੋਲੀ ਪੰਜਾਬੀ ਦਾ ਹੀ ਕੋਈ ਪੁਰਾਣਾ ਰੂਪ ਹੀ ਹੋ ਸਕਦੀ ਹੈ।
ਡਾ. ਮੰਜੂਰ ਇਜਾਜ਼ ਅਨੁਸਾਰ ਬਨੇਰੇ ਉੱਤੇ ਕਾਂ ਅਤੇ ਔਂਸੀਆਂ ਪਾਉਣ ਵਾਲੀ ਅਖੌਤ ਦਾ ਸੰਬੰਧ ਪੰਜਾਬ ਦੀ ਧਰਤੀ ਉੱਤੇ 5000 ਸਾਲ ਪਹਿਲਾਂ ਵਿਕਸਿਤ ਹੋਈ ਹੜੱਪਾ ਸੱਭਿਅਤਾ ਨਾਲ ਜਾ ਜੁੜਦਾ ਹੈ। ਜਿੱਥੋਂ ਲੋਕ ਅਰਬਾਂ ਤੱਕ ਬੇੜੀਆਂ ਵਿੱਚ ਵਪਾਰ ਕਰਨ ਜਾਂਦੇ ਸਨ। ਮੁੜਦੇ ਹੋਏ ਆਪਣੇ ਪਿੰਡ ਸ਼ਹਿਰ ਬੇੜਾ ਪਹੁੰਚਣ ਦਾ ਅਗਾਂਊ ਸੁਨੇਹਾ ਭੇਜਣ ਲਈ ਪਿੰਜਰਿਆਂ ਵਿੱਚੋਂ ਕਾਂ ਉਠਾਏ ਜਾਂਦੇ ਹੋ ਸਕਦੇ ਨੇ। ਘਰੀਂ ਬੈਠੇ ਟੱਬਰਾਂ ਨੇ ਕਾਂਵਾਂ ਦੀ ਉਡਾਰੀ ਉਡੀਕਦੇ ਕੋਠੇ-ਬਨੇਰੇ ਉੱਤੇ ਕਾਂ ਦੀ ਅਖੌਤ ਘੜੀ ਹੋ ਸਕਦੀ ਹੈ। ਵਿਸਥਾਰ ਇਸ ਲਿੰਕ ਉੱਤੇ ਪੜ੍ਹੋ

ਬੈਬੇਲੋਨ ਦੀਆਂ ਬੇਬੀਲੋਸ
ਤਾਂਬਾਯੁੱਗ ਵਿੱਚ ਇਕੱਲਾ ਮਲੂਹਾ ਦਾ ਨਾਂ ਹੀ ਬੇੜੀਆਂ, ਕਿਸ਼ਤੀਆਂ ਤੋਂ ਨਹੀਂ ਸੀ। Josephine Quinn ਆਪਣੀ ਕਿਤਾਬ “How the World Made the West” ਵਿੱਚ ਲਿਖਦੀ ਹੈ ਕਿ ਮੈਸੋਪਟਾਮੀਆਂ ਦੇ ਸ਼ਹਿਰ ਬੈਬੇਲੋਨ (Babylon) ਤੋਂ ਮਿਸਰ (Egypt) ਆਉਣ ਵਾਲੀਆਂ ਕਿਸ਼ਤੀਆਂ ਨੂੰ Byblos ਕਿਹਾ ਜਾਂਦਾ ਸੀ। Byblos ਨਾਂ ਬੈਬੀਲੋਨ ਤੋਂ ਜੋੜਿਆ ਗਿਆ ਸੀ। ‘Byblos ਅਤੇ Babylon’ ਨਾਂ ਵੀ ‘ਮਲੂਹਾ ਅਤੇ ਮਲਾਹ’ ਵਾਂਗ ਇੱਕੋ ਤਰਜ਼ ਉੱਤੇ ਇੱਕੋ ਸਮਾਂਕਾਲ ਵਿੱਚ ਹੋਏ ਹਨ।


ਮਲੂਹਾ ਤੋਂ ਮਲੇਛ
ਪੰਜਾਬੀਆਂ ਲਈ ਮਲੂਹਾ ਦੀ ਰੌਚਕਤਾ ਪੰਜਾਬ ਦੇ ਪਹਿਲੇ ਦਸਤਾਵੇਜ਼ੀ ਨਾਂ ਉੱਤੇ ਹੀ ਖਤਮ ਨਹੀਂ ਹੁੰਦੀ। 3700 ਕੁ ਸਾਲ ਪਹਿਲਾਂ ਮੱਧ ਏਸ਼ੀਆ ਵਿੱਚੋ ਆਰੀਆ ਕਬੀਲਿਆਂ ਨੇ ਪੰਜਾਬ ਅਤੇ ਈਰਾਨ ਵਿੱਚ ਪ੍ਰਵਾਸ ਕੀਤਾ। ਇੱਕ ਨਵੀਂ ਨਸਲ ਦੇ ਆਉਣ ਨਾਲ ਵੱਡੇ ਖਿੱਤੇ ਦੇ ਇਤਿਹਾਸ, ਬੋਲੀ ਅਤੇ ਸੱਭਿਆਚਾਰ ਵਿੱਚ ਤਬਦੀਲੀ ਆਈ। (ਆਰੀਆਵਾਂ ਵਾਰੇ ਵਿਸਥਾਰ ਇੱਥੇ ਕਲਿੱਕ ਕਰੋ) ਆਰੀਆਵਾਂ ਦੀ ਚੜ੍ਹਤ ਤੋਂ ਬਾਅਦ ਭਾਂਵੇਂ ਮਲੂਹਾ ਨਾਂ ਥੇਹਾਂ (archeology) ਵਿੱਚੋ ਗਾਇਬ ਹੋ ਗਿਆ। ਪਰ ਲੋਕ ਬੋਲੀ ਵਿੱਚ ਵਿਕਾਸ ਕਰਦਾ ਰਿਹਾ।
ਸੱਸਾ-ਸਿੰਧ ਅਤੇ ਹਾਹਾ-ਹਿੰਦ ਵਾਲੇ ਫ਼ਰਕ ਦੀ ਪਹਿਲਾਂ ਇੱਕ ਲੇਖ ਵਿੱਚ ਪੜਚੋਲ ਕੀਤੀ ਗਈ ਹੈ, ਜਿਹੜਾ ਇੱਥੇ ਪੜ੍ਹਿਆ ਜਾ ਸਕਦਾ। ਜੇ ਮਲੂਹਾ ਦੇ ‘ਹ’ ਹਾਹੇ ਨੂੰ ‘ਸ’ ਸੱਸੇ ਵਿੱਚ ਬਦਲ ਦਿੰਦੇ ਹਾਂ ਤਾਂ ਇਹ ਮਲੂਸਾ ਬਣ ਜਾਂਦਾ ਹੈ। ਪਿਆਦਸੀ (ਅਸੋਕ ਜਾਂ ਅਸ਼ੋਕ) ਦੇ ਸ਼ਿਲਾਲੇਖਾਂ ਵਿੱਚਲੀ ਪ੍ਰਾਕਰਿਤ ਭਾਸ਼ਾ ਤੋਂ ਬੋਲਚਾਲ ਦੀ ਬੋਲੀ ਵਾਰੇ ਪਤਾ ਲੱਗਦਾ ਕਿ ‘ਸ’ ਪੰਜਾਬ ਦੀ ਸਥਾਨਕ ਬੋਲੀ ਦੀ ਧੁੰਨੀ ਸੀ ਅਤੇ ਆਰੀਆਈ ਭਾਸ਼ਾ ਵਿੱਚ ‘ਸ’ ਸੱਸੇ ਨੂੰ ‘ਛ’ ਛੱਛੇ ਵਿੱਚ ਬਦਲ ਦਿੱਤਾ ਜਾਂਦਾ ਸੀ। ਪੰਜਾਬੀ ਦੇ ਉਚਾਰਨ ਵਿੱਚ ਅੱਜ ਵੀ ਦੇਸ਼ ਦਾ ਦੇਸ, ਸ਼ੀਸ਼ਾ ਦਾ ਸੀਸਾ, ਮੱਛੀ ਦਾ ਮੱਸੀ ਸੁਣਿਆ ਜਾ ਸਕਦਾ ਹੈ। ਸੈਂਕੜੇ-ਹਜ਼ਾਰਾਂ ਸਾਲ ਵਿੱਚ ਮਲੂਹਾ ਦਾ ਮਲੂਸਾ, ਮਲੂਸਾ ਤੋਂ ਫੇਰ ਮਲੇਛ-ਮਾਛੀ ਵਿਕਾਸ (evolve) ਹੋਇਆ।
ਮਲੂਹ ਤੋਂ ਮਲੇਛ ਬਣਨ ਵਾਰੇ ਪਹਿਲਾਂ ਮੈਸੋਪਟਾਮੀਆ ਸੱਭਿਅਤਾ ਦੇ ਮਾਹਰ C.J. Gadd (1960) ਨੇ ਵਿਸਥਾਰ ਨਾਲ ਲਿਖਿਆ। ਫੇਰ Asko Parpola (1977), Hansnan (1973) ਆਦਿ ਨੇ ਖੋਜ ਅੱਗੇ ਵਧਾਉਦਿਆਂ ਮਲੂਹ ਤੋਂ ਹੀ ਮਲੇਛ ਬਣਨ ਦੇ ਵਿਚਾਰ ਉਤੇ ਮੋਹਰ ਲਾਈ। ਇਥੇ ਪਾਠਕਾਂ ਨੂੰ ਜਰੂਰ ਜਾਣ ਲੈਣਾ ਚਾਹੀਦਾ ਹੈ ਕਿ Asko Parpola ਮਲੂਹਾ ਸ਼ਬਦ ਦਾ ਮੂਲ ਪੁਰਾਣੀ ਤਾਮਿਲ ਦੇ ਕਿਸੇ ਅਲੋਪ ਹੋ ਚੁੱਕੇ ਰੂਪ ਵਿਚੋਂ ਲੱਭ ਰਿਹਾ ਹੈ। ਸਾਰੇ ਲੇਖ ਵਿੱਚ ਵਾਰ ਵਾਰ hypothesis, maybe, suspected ਆਦਿ ਸ਼ਬਦ ਵਰਤ ਕੇ ਸੰਕੇਤ ਦਿੱਤੇ ਗਏ ਹਨ ਕਿ ਮਲੂਹਾ ਸ਼ਬਦ ਦਾ ਮੂਲ proto Dravidian ਬੋਲੀ ਵਿੱਚ ਸਿੱਧ ਨਹੀਂ ਹੁੰਦਾ,ਸਗੋਂ ਸਿਰਫ ਅੰਦਾਜ਼ਾ ਹੀ ਹੈ। ਪਰ ਬਾਕੀਆਂ ਵਾਂਗ Parpola ਮੰਨਦਾ ਹੈ ਕਿ ਮਲੇਛ ਸ਼ਬਦ ਦਾ ਮੂਲ ਸਾਮੀ (semitic languages) ਇੰਡੋ-ਯੂਰਪੀ ਜਾਂ ਆਰੀਆ ਬੋਲੀ ਵਿੱਚ ਨਹੀਂ ਹੈ। ਮਲੇਛ ਸ਼ਬਦ ਦਾ ਮੂਲ ਪੰਜਾਬ ਅਤੇ ਸਿੰਧ ਦੀ ਬੇਦਕ ਸੰਸਕ੍ਰਿਤ ਤੋਂ ਹਜ਼ਾਰਾਂ ਸਾਲ ਪਹਿਲਾਂ ਵਾਲੀ ਸਥਾਨਕ ਬੋਲੀ ਵਿੱਚੋਂ ਆ ਰਿਹਾ ਹੈ।
ਵੱਖ-ਵੱਖ ਖੋਜਾ ਤੋਂ ਸਾਬਤ ਹੁੰਦਾ ਹੈ ਕਿ ਮੌਜੂਦਾ ਪੰਜਾਬ ਦੀ ਧਰਤੀ ਲਈ ਸੱਭ ਤੋਂ ਪਹਿਲਾਂ “ਮਲੂਹਾ” ਨਾਂ ਵਰਤਿਆ ਗਿਆ ਸੀ। ਆਰੀਆਵਾਂ ਦੇ ਆਉਣ ਤੋਂ ਬਾਅਦ ਰਾਜਨੀਤਕ ਨਾਂ ਹਿੰਦ ਜਾਂ ਸਿੰਧ ਹੋਇਆ। ਪਰ ਮਲੂਹਾ ਨਾਂ ਖਤਮ ਨਹੀਂ ਹੋਇਆ। ਮਲੂਹਾ ਦੇਸ ਦੀ ਧਰਤੀ ਉਤੇ ਵਸਣ ਵਾਲਿਆਂ ਲਈ ਮਲੂਹ ਦਾ ਹੀ ਵਿਕਾਸ ਕੀਤਾ ਰੂਪ ਮਲੇਛ ਅੱਜ ਤੱਕ ਵਰਤਿਆ ਜਾ ਰਿਹਾ ਹੈ।
ਮਲੇਸ਼ ਸ਼ਬਦ ਦਾ ਮੂਲ ਇੰਡੋ-ਯੂਰਪੀ (ਆਰੀਆਈ) ਭਾਸ਼ਾ ਵਿੱਚ ਨਹੀਂ ਹੈ। ਕਿਸੇ ਵੀ ਮੁਢਲੀ ਇੰਡੋ-ਯੂਰਪੀ (ਬੇਦਕ ਸੰਸਕ੍ਰਿਤ, ਗ੍ਰੀਕ, ਪਰਸ਼ੀਅਨ, ਮਿਤਾਨੀ ਆਦਿ) ਵਿੱਚ ਮਲੇਸ਼ ਜਾਂ ਇਸ ਨਾਲ ਰਲਦਾ ਕੋਈ ਸ਼ਬਦ ਨਹੀਂ ਮਿਲਦਾ। ਮਲੇਸ਼ ਪੰਜਾਬ-ਸਿੰਧ ਦਾ ਸਥਾਨਕ ਸ਼ਬਦ ਹੈ, ਅਤੇ ਇਸਦਾ ਮੂਲ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਦੀ ਭਾਸ਼ਾ ਵਿੱਚ ਹੈ (Parpola 214-215)। ਪਹਿਲਾਂ ਵਾਲੀ ਭਾਸ਼ਾ ਤੋਂ ਮਤਲਬ ਹੈ ਕਿ ਪੰਜਾਬੀ ਦਾ ਪੁਰਾਤਨ ਰੂਪ। ਕਿਉਕਿ 3700 ਸਾਲ ਪਹਿਲਾਂ ਭਾਰਤੀ ਉਪਮਹਾਂਦੀਪ ਵਿੱਚ ਆਰੀਆਵਾ ਦਾ ਪਹਿਲਾ ਵਾਹ-ਵਾਸਤਾ ਪੁਰਾਤਨ ਪੰਜਾਬੀਆਂ ਨਾਲ ਹੀ ਪਿਆ ਸੀ। ਰਿੱਗਬੇਦ ਵਿੱਚ ਪੰਜਾਬ ਦੇ ਦਰਿਆਵਾਂ ਜ਼ਿਕਰ ਵਾਰ ਵਾਰ ਹੈ, ਪਰ ਜਮਨਾ ਦਾ ਜ਼ਿਕਰ ਦੋ ਵਾਰ ਅਤੇ ਗੰਗਾ ਦਾ ਕੇਵਲ ਇੱਕ ਵਾਰ। ਭਾਰਤ ਦੇ ਹੋਰ ਕਿਸੇ ਦਰਿਆ ਦਾ ਜ਼ਿਕਰ ਨਹੀਂ। ਸਮੇਂ ਦੇ ਵਹਾਅ ਨਾਲ ਜਿਵੇਂ ਰਿੱਗਬੇਦਕ ਕਬੀਲੇ ਪੰਜਾਬ ਦੇ ਲੋਕਾਂ ਨਾਲ ਰਚੇ ਮਿੱਚੇ ਉਵੇਂ ਹੀ ਸਥਾਨਕ ਭਾਸ਼ਾ ਅਤੇ ਬੋਲੀ ਦੀਆਂ ਧੁੰਨੀਆਂ ਆਰੀਆ ਭਾਸ਼ਾ ਵਿੱਚ ਰਲਦੇ ਗਏ।
ਚਾਰਾਂ ਬੇਦਾਂ ਵਿੱਚ ਮਲੇਸ਼ ਸ਼ਬਦ ਦਾ ਜ਼ਿਕਰ ਨਹੀਂ ਹੈ। ਮਲੇਸ਼ ਦਾ ਆਰੀਆ ਭਾਸ਼ਾ (ਸੰਸਕ੍ਰਿਤ) ਵਿੱਚ ਪਹਿਲਾ ਜ਼ਿਕਰ ਅਤਰੀਆ ਬ੍ਰਾਹਮਣਾ 7,8 ਵਿੱਚ ਹੋਇਆ ਹੈ। ਇੱਥੇ ਮਲੇਸ਼ ਸ਼ਬਦ ਦੀ ਵਰਤੋਂ ਗੈਰ-ਆਰੀਆਈ ਬੋਲੀ ਬੋਲਣ ਵਾਲੇ ਲੋਕਾਂ ਲਈ ਕੀਤੀ ਗਈ ਹੈ। ਪੁਰਾਤਨ ਗਰੀਕ ਵਿੱਚ ਮਲੇਛ ਦੇ ਬਰਾਬਰ ਦਾ barbaros ਸ਼ਬਦ ਰਿਹਾ ਹੈ। ਇਹ ਉਹ ਲੋਕਾਂ ਲਈ ਵਰਤਿਆ ਜਾਂਦਾ ਸੀ ਜਿੰਨਾਂ ਦੇ ਬੋਲ ਗਰੀਕਾਂ ਨੂੰ ਸੁਣਨ ਵਿੱਚ bar-bar (ਬਰ-ਬਰ) ਹੀ ਲੱਗਦੇ ਸੀ। Barbaros ਤੋਂ barbarian (ਜਾਲਮ, ਅਸੱਭਿਅਕ) ਸ਼ਬਦ ਬਣਿਆ। ਗਰੀਕ bar-bar ਦਾ ਪੰਜਾਬੀ ਵਿੱਚ ਸਮਾਨਾਰਥਕ ਸ਼ਬਦ ਬੁੜ-ਬੁੜ ਕਰਨਾ ਬਣਦਾ ਹੈ। ਜਿਵੇਂ barbaros ਤੋਂ barbarian (ਜਾਲਮ, ਅਸੱਭਿਅਕ) ਬਣਿਆਂ, ਉਸੇ ਤਰਾਂ ਸਮਾਂ ਪੈ ਕੇ ਸਮਝ ਨਾ ਪੈਣ ਵਾਲੀ ਬੋਲੀ ਬੋਲਣ ਵਾਲਿਆਂ ਲਈ ਵਰਤਿਆ ਗਿਆ ਮਲੇਸ਼ ਸ਼ਬਦ ਵੀ ਭਾਰਤੀ ਨਵੀਨ ਆਰੀਆਈ ਬੋਲੀਆਂ ਵਿੱਚ ਅਸੱਭਿਅਕ, ਝਗੜਾਲੂ, ਗੰਦਾ ਆਦਿ ਅਰਥਾਂ ਵਾਲਾ ਬਣ ਗਿਆ।
ਮਲੂਹਾ, ਮਲੇਸ਼ ਦਾ ਪੰਜਾਬ ਨਾਲ ਸਿੱਧਾ ਸਬੰਧ ਹੈ। ਬੋਧਾਯਾਨ ਧਰਮਸੂਤਰ ਦੇ 1.1.2.15-16 ਮੰਤਰਾਂ ਵਿੱਚ ਪੰਜਾਬ ਨੂੰ ਭਿੱਟਿਆ ਹੋਇਆ, ਅਸ਼ੁਧ ਦੱਸਿਆ ਗਿਆ ਹੈ। ਇਸੇ ਧਰਮਸੂਤਰ ਵਿੱਚ ਮਲੇਛ ਦੀ ਪ੍ਰਿਭਾਸ਼ਾ ਵੀ ਦਿੱਤੀ ਗਈ ਹੈ।
गोमांसखादको यस्तु विरुद्धं बहु भाषते ।
सर्वाचारविहीनश्च म्लेच्छ इत्यभिधीयते ॥
ਮਤਲਬ ਜੋ ਗਾਂ ਆਦਿ ਦਾ ਮਾਸ ਖਾਂਦੇ ਨੇ, ਗੈਰਆਰੀਆਈ (ਸੰਸਕ੍ਰਿਤ) ਭਾਸ਼ਾ ਬੋਲਦੇ ਨੇ ਉਹ ਮਲੇਸ਼ ਹਨ।
ਮਹਾਂਭਾਰਤ, ਰਮਾਇਣ ਅਤੇ ਪਾਲੀ ਗ੍ਰੰਥਾ ਵਿੱਚ ਵੀ ਮਲੇਸ਼ ਇਸੇ ਤਰਾਂ ਦਾ ਹੀ ਦੱਸਿਆ ਗਿਆ ਹੈ। ਮਹਾਂਭਾਰਤ ਦੇ ਕਰਨ ਪਰਬ 44- 31/32, 39/40/41 ਵਿੱਚ ਪੰਜਾਬ ਨੂੰ ਅਸ਼ੁੱਧ, ਭਿੱਟਿਆ ਹੋਇਆ ਇਲਾਕਾ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਪੰਜਾਬ ਦਾ ਪਾਣੀ ਪੀਣ ਵਾਲਾ ਕਦੇ ਸਵਰਗ ਨਹੀਂ ਜਾ ਸਕਦਾ। ਮਲੇਛ ਸੰਸਕ੍ਰਿਤ ਵਿੱਚ ਮਲੇਛਾ ਹੈ, ਪਾਲੀ ਵਿੱਚ ਮਲੱਖਾ, ਪ੍ਰਾਕ੍ਰਿਤ ਵਿੱਚ ਮਲੀਚ, ਸਿੰਧੀ ਵਿੱਚ ਮੀਲੀਸ, ਠੇਠ ਪੰਜਾਬੀ ਵਿੱਚ ਮਲੀਚ, ਅਤੇ ਪਹਾੜੀ ਵਿੱਚ ਮੀਲੀਚ ਕਿਹਾ ਗਿਆ ਹੈ।
ਮੱਝਾਂ ਦਾ ਦੇਸ ਮਲੂਹਾ
ਸੁਮੇਰ ਅਤੇ ਆਕਾਡ ਤੋਂ ਮਿਲੀਆਂ ਸੀਲਾਂ ਤੋਂ ਮਲੂਹਾ ਵਿੱਚ ਮੱਝਾਂ ਦਾ ਰ੍ਹੋਬਦਾਬ ਵੀ ਦਿਖਾਈ ਦਿੰਦਾ ਹੈ। ਇੱਕ ਸੀਲ ਵਿੱਚ ਦੋ ਬੰਦੇ ਮੱਝਾਂ ਨੂੰ ਪਾਣੀ ਪਿਆਂਉਦੇ ਦਿਖਦੇ ਹਨ। ਮੱਝਾਂ ਦਾ ਸਬੰਧ ਪੰਜਾਬ ਨਾਲ ਦੱਸਿਆ ਗਿਆ ਹੈ। ਇਹ ਮੱਝਾਂ ਪੰਜਾਬ ਜਾਂ ਸਿੰਧ ਤੋਂ ਸੁਮੇਰ ਦੇ ਰਾਜੇ ਨੂੰ ਤੋਹਫ਼ੇ ਵਿੱਚ ਦਿੱਤੀਆਂ ਗਈਆਂ ਸਮਝੀਆਂ ਜਾਂਦੀਆਂ ਹਨ। ਅੱਜ ਵੀ ਪੰਜਾਬ ਵਿੱਚ ਮੱਝ ਸਾਰੇ ਪਸ਼ੂਆਂ ਵਿੱਚੋਂ ਵੱਧ ਪਸੰਦ ਕੀਤਾ ਜਾਂਦਾ ਹੈ। ਮੱਝਾਂ ਨੂੰ ਮਾਲ (wealth) ਕਿਹਾ ਜਾਂਦਾ। ਆਰੀਆਵਾਂ ਲਈ ਗਾਂ ਦਾ ਦਰਜਾ ਪੂਜਣ ਯੋਗ ਸੀ। ਪਰ ਪੰਜਾਬ ਮੱਝਾਂ ਨਾਲੋਂ ਨਹੀਂ ਟੁੱਟ ਸਕਿਆ। ਰਾਂਝਾ ਮੱਝਾਂ ਚਾਰਦਾ ਜੋਗੀ ਹੋਇਆ। ਸਤਿਗੁਰ ਗੁਰੂ ਨਾਨਕ ਜੀ ਵੀ ਮੱਝਾਂ ਪਾਲਦੇ ਸਨ।
ਤਾਂਬਾ ਯੁੱਗ ਦੇ ਪੰਜਾਬ ਵਿੱਚ ਮੱਝ ਦਾ ਘਰੇਲੂਕਰਨ (domestication) ਹੋਇਆ। ਉਸ ਸਮੇਂ ਮੱਝਾਂ ਸਿੰਧ ਬੇਸਨ ਤੋਂ ਬਾਹਰ ਹੋਰ ਕਿਤੇ ਨਹੀਂ ਮਿਲਦੀਆਂ ਸਨ। ਮੱਝਾਂ ਦੇ ਸੱਭ ਤੋਂ ਪੁਰਾਣੇ ਪਿੰਜਰ ਹੜੱਪਾ ਵਿੱਚੋਂ ਮਿਲੇ ਹਨ। ਮੋਹਿਨਜੋਦੜੋ ਦੇ ਕੜਿਆਂ ਵਾਲੇ ਭਾਈ ਦੀ ਸੀਲ ਵਿੱਚ ਵੀ ਮੱਝ ਦਿਖਾਈ ਦਿੰਦੀ ਹੈ। ਮੱਝਾਂ ਦੁੱਧ ਅਤੇ ਮੀਟ ਲਈ ਪਾਲੀਆ ਜਾਂਦੀਆਂ ਸਨ। ਮੈਸੋਪਟਾਮੀਆਂ ਦੀਆਂ ਖੋਜਾਂ ਪੰਜਾਬ ਵਿੱਚ ਮੱਝਾਂ ਦੇ ਇਤਿਹਾਸ ਨੂੰ ਵੀ ਪੰਜਾਬ ਜਿੰਨਾਂ ਹੀ ਪੁਰਾਣਾ ਬਣਾ ਦਿੰਦੀਆਂ ਹਨ।
ਵਪਾਰਕ ਸੰਬੰਧਾਂ ਨਾਲ ਸੱਭਿਆਚ ਅਤੇ ਬੋਲੀ ਦਾ ਅਦਾਨ-ਪ੍ਰਦਾਨ ਵੀ ਕੁਦਰਤੀ ਹੋ ਜਾਂਦਾ। ਕੁੱਝ ਸੀਲਾਂ ਵਿੱਚ ਮਲੂਹਾ ਵਾਲਿਆਂ ਨਾਲ ਬੱਕਰੀ ਵੀ ਦਿਖਾਈ ਗਈ ਹੈ। ਆਕਾਡੀ (Acadian) ਬੋਲੀ ਵਿੱਚ ਬੱਕਰੀ ਨੂੰ ਮਲੱਖ ਕਹਿੰਦੇ ਸਨ। ਪੰਜਾਬੀ ਵਿੱਚ ਵੀ ਵਹਿਲੇ ਤੁਰੇ ਫਿਰਦੇ ਟੋਲਿਆਂ ਨੂੰ ਮਲੱਖ ਕਹਿ ਦਿੰਦੇ ਨੇ। ਉਦਾਹਰਣ ਤੌਰ ਤੇ “ ਦੇਖ ਕਿਵੇਂ ਮਲੱਖ ਕੌਲੇ ਕੱਛਦੀ ਫਿਰਦੀ ਆ”। ਸਾਬਤ ਕਰਨਾ ਔਖਾ ਪਰ ਹੋ ਸਕਦਾ ਕਿਸੇ ਸਮੇਂ ਬੱਕਰੀਆਂ ਦੇ ਵੱਗ ਨੂੰ ਮਲੱਖ ਹੀ ਕਿਹਾ ਜਾਂਦਾ ਹੋਵੇ ਅਤੇ ਸਮੇਂ ਦੇ ਫੇਰ ਨਾਲ ਬੱਕਰੀਆਂ ਚਾਰਨ ਦੇ ਖਾਸ ਕੰਮ ਤੋਂ ਆਮ ਬੋਲੀ ਦਾ ਸੰਕੇਤਕ ਅਖਾਣ ਬਣ ਗਿਆ ਹੋਵੇ।

ਸ਼ਬਦਾਂ ਦਾ ਇਤਿਹਾਸ ਹੁੰਦਾ ਹੈ, ਸ਼ਬਦਾਂ ਵਿੱਚ ਇਤਿਹਾਸ ਹੁੰਦਾ ਹੈ। ਮਲੂਹਾ ਦਾ ਇਤਿਹਾਸ ਹੈ, ਮਲੂਹਾ ਦਾ ਵਿਕਾਸ ਹੈ। ਮਲੂਹਾ ਵਿੱਚ 5000 ਸਾਲ ਦੀ ਕਹਾਣੀ ਹੈ। ਪੰਜਾਬੀਆਂ ਲਈ ਪੰਜਾਬ ਅਤੇ ਪੰਜਾਬੀ ਦਾ ਇਤਿਹਾਸ ਆਪਣੇ ਨਜ਼ਰੀਏ ਨਾਲ ਲਿਖਣਾ ਬਹੁਤ ਜ਼ਰੂਰੀ ਹੈ।
Behistun Inscription https://en.m.wikipedia.org/wiki/Behistun_Inscription
Darius Inscription reading Old Persian Inscription of Behistun Darius (Column 1 – Part 1) English/Français/Persian فارسى
A History of the “MELUHHA VILLAGES” in Mesopotamia
Baudhayana dharmasutra
https://archive.org/details/dli.ernet.476505/page/n62/mode/1up?view=theater
ਬਨੇਰੇ ਉੱਤੇ ਕਾਂ ਦੀ ਅਖੌਤ ਅਤੇ ਬੇੜੀਆਂ ਵਾਲਿਆਂ ਦਾ ਸਬੰਧ
Meluhha Interpreter and 17 other seals:
Mahabharata Karana Parav
- Indus Valley Civilization: Spanning modern-day Pakistan and northwest India, with major cities like Harappa and Mohenjo-daro near the Indus River.
- Bactria-Margiana Archaeological Complex (BMAC): Centered in modern-day Turkmenistan, Uzbekistan, and northern Afghanistan, along the Amu Darya River.
- Sumerians, Akkadians, Babylonians, and Assyrians: Located in Mesopotamia (modern-day Iraq), between the Tigris and Euphrates Rivers
- Sumerians: Southern Mesopotamia, cities like Ur and Uruk.
- Akkadians: Central Mesopotamia, centered in Akkad.
- Babylonians: Around Babylon in central Mesopotamia.
- Assyrians: Northern Mesopotamia, with cities like Ashur and Nineveh.
Connections:
These civilizations were linked by trade routes crossing the Iranian plateau and connecting Mesopotamia with the Indus Valley and Central Asia. Goods such as textiles, metals, and lapis lazuli were exchanged.