ਬਨੇਰੇ ਉੱਤੇ ਕਾਂ ਅਤੇ 5000 ਸਾਲ ਪੁਰਾਣੀ ਪੰਜਾਬੀ ਸੱਭਿਅਤਾ
ਪੰਜਾਬੀ ਸੱਭਿਆਚਾਰ ਵਿੱਚ ਬਨੇਰੇ ਉੱਤੇ ਕਾਂ ਦਾ ਬੈਠਣਾ ਕਿਸੇ ਸਨੇਹੀ ਦੇ ਘਰ ਆਉਣ ਨਾਲ ਜੋੜ ਕੇ ਦੇਖਿਆ ਜਾਂਦਾ। ਕਦੇ ਭੈਣ ਆਪਣੇ ਵੀਰ ਦੀ ਉਡੀਕ ਵਿੱਚ ਬਨੇਰੇ ਉੱਤੇ ਕਾਂ ਲੋਚਦੀ ਹੈ, ਕਿਤੇ ਸੁਹਾਗਣ। ਡਾ. ਮੰਜੂਰ ਇਜਾਜ਼ ਅਨੁਸਾਰ ਕਾਂ ਦਾ ਬਨੇਰੇ ਤੇ ਬਹਿਣਾ ਅਤੇ ਔਂਸੀਆਂ ਪਾਉਣ ਦਾ ਸੰਬੰਧ ਪੰਜਾਬ ਦੀ ਹਿੱਕ ਉੱਤੇ 5000 ਸਾਲ ਪਹਿਲਾਂ ਵਿਕਸਿਤ ਹੋਈ ਹੜੱਪਾ ਸੱਭਿਅਤਾ ਨਾਲ ਜਾ ਜੁੜਦਾ ਹੈ। ਠੇਠ ਅਖਾਣਾਂ ਮਨੁੱਖੀ ਤਜਰਬੇ ਵਿੱਚੋਂ ਹੌਲੀ ਹੌਲੀ ਬਣਦੀਆਂ ਹਨ ਅਤੇ ਸਮੇਂ ਦੇ ਵਹਾਅ ਨਾਲ ਨਵੇਂ ਤਜਰਬਿਆਂ ਨਾਲ ਵੀ ਜੋੜ ਲਈਆਂ ਜਾਂਦੀਆਂ ਹਨ।
ਹੜੱਪਾ ਸੱਭਿਅਤਾ ਦੇ ਖੰਡਰਾਂ ਵਿੱਚੋਂ ਮਿੱਟੀ ਦੀਆਂ ਮੋਹਰਾਂ ਮਿਲੀਆਂ ਹਨ ਜਿੰਨ੍ਹਾਂ ਉੱਤੇ ਕਿਸ਼ਤੀ ਦੇ ਨਾਲ ਨਾਲ ਜਨੌਰ ਉੱਕਰੇ ਹੋਏ ਹਨ। ਇਹੋ ਜਿਹੀਆਂ ਪੁਰਾਤਨ ਪੰਜਾਬੀ ਮੋਹਰਾਂ ਸੁਮੇਰ ਅਤੇ ਮੈਸੋਪਟਾਮੀਆ ਵਿੱਚੋਂ ਵੀ ਮਿਲੀਆ ਹਨ। ਪੁਰਾਤਨ ਪੰਜਾਬ ਦੇ ਲੋਕਾਂ ਦਾ ਉਹਨਾਂ ਇਲਾਕਿਆਂ ਨਾਲ ਵਪਾਰ ਚੱਲਦਾ ਸੀ। ਇਹ ਉਹ ਸਮਾਂ ਸੀ ਜਦੋਂ ਲੋਕ ਸਿੰਧ, ਰਾਵੀ, ਸਤਲੁੱਜ, ਜਿਹਲਮ ਦੇ ਦਰਿਆਈ ਰਸਤੇ ਬੇੜੀਆਂ ਉੱਤੇ ਵਸਤਾਂ ਮੱਧ-ਪੱਛਮ ਏਸ਼ੀਆ ਵਿੱਚ ਵੇਚਦੇ ਸਨ। ਮਾਹਰਾਂ ਦਾ ਅੰਦਾਜ਼ਾ ਹੈ ਕਿ ਇਹ ਮੋਹਰਾਂ ਸਿੰਧ ਵਾਦੀ ਵਿੱਚੋਂ ਹੀ ਉੱਥੇ ਗਈਆਂ ਹੋਣਗੀਆਂ। ਮੈਸੋਪਟਾਮੀਆ ਵਿੱਚ Sargon of Agade (2300 BCE) ਦੀ ਲਿਖੀ ਪੱਟੀ ਮਿਲੀ ਹੈ ਕਿ ਉਸ ਨੇ ਮਲੂਹਾ (ਸਿੰਧ ਸੱਭਿਅਤਾ ਦਾ ਪੁਰਾਣਾ ਨਾਂ) ਦੇ ਬੇੜੇ ਬਣਾਏ ਹਨ। ਇੱਕ ਹੋਰ ਲਿਖਤ Gudea of Lagash ਦੀ ਲਿਖਤ ਲੱਭੀ ਹੈ ਜਿਸ ਵਿੱਚ ਦਰਜ ਹੈ ਕਿ ਮਲੂਹਾ ਤੋਂ ਲੱਕੜ ਆਈ ਹੈ। ਇਹ ਸਬੂਤ ਹਨ ਕਿ ਪੰਜਾਬ ਅਤੇ ਸਿੰਧ ਦਾ ਦਰਿਆਈ ਬੇੜਿਆਂ ਨਾਲ ਮੱਧ ਏਸ਼ੀਆ ਨਾਲ ਵਪਾਰ ਚੱਲਦਾ ਸੀ ਅਤੇ ਲੋਕ ਦੂਰ-ਦੁਰਾਡੇ ਜਾਂਦੇ ਰਹਿੰਦੇ ਸਨ।
ਇਤਿਹਾਸਕ ਯੁੱਗ ਵਿੱਚ ਵੀ ਮਲਾਹ ਆਪਣੇ ਪਾਣੀ ਦੇ ਜਹਾਜ਼ਾਂ ਵਿੱਚ ਜਨੌਰ-ਪੰਛੀ ਨਾਲ ਲੈ ਕੇ ਚੱਲਦੇ ਸਨ। ਸਮੁੰਦਰ ਵਿੱਚ ਬਹੁਤ ਵਾਰ ਨੰਗੀ ਅੱਖ ਨਾਲ ਖੁਸ਼ਕ ਧਰਤੀ ਨਹੀਂ ਦਿਸਦੀ। ਅਜਿਹੇ ਵਿੱਚ ਮਲਾਹ ਅਤੇ ਵਪਾਰੀ ਜਹਾਜ਼ਾਂ ਵਿੱਚੋਂ ਪੰਛੀ ਛੱਡ ਦਿੰਦੇ ਸਨ। ਪੰਛੀ ਉੱਚੇ ਉੱਡ ਕੇ ਧਰਤੀ ਲੱਭਣ ਵਿੱਚ ਸਮਰੱਥ ਹੁੰਦੇ ਹਨ, ਅਤੇ ਧਰਤੀ ਵੱਲ ਉੱਡ ਕੇ ਜਾਂਦੇ ਨੇ। ਜੇ ਧਰਤੀ ਨਾ ਲੱਭੇ ਤਾਂ ਦੋਬਾਰਾ ਜਹਾਜ ਉੱਤੇ ਮੁੜ ਆਉਂਦੇ ਨੇ। ਇਸੇ ਤਰੀਕੇ ਪੁਰਾਤਨ ਸਮਿਆਂ ਵਿੱਚ ਜਨੌਰਾਂ ਦੀ ਉਡਾਨ ਦੀ ਦਿਸ਼ਾ ਦੇਖ ਖੁਸ਼ਕ ਧਰਤੀ ਦਾ ਅੰਦਾਜ਼ਾ ਲੱਗ ਜਾਂਦਾ ਹੋਵੇਗਾ। ਪੰਛੀਆਂ ਦੇ ਜਹਾਜ਼ ਉੱਤੇ ਵਾਪਸ ਮੁੜਨ ਦਾ ਮਤਲਬ ਸੀ ਕਿ ਹਾਲੇ ਕੋਈ ਧਰਤੀ ਨੇੜੇ ਨਹੀਂ ਹੈ।
ਦੂਜੇ ਪਾਸੇ ਖੁਸ਼ਕ ਧਰਤੀ ਉੱਤੇ ਦਿਸ਼ਾ ਦੱਸਣ ਵਾਲੇ ਜਨੌਰਾਂ ਦੇ ਪਹੁੰਚਣ ਦਾ ਮਤਲਬ ਹੁੰਦਾ ਸੀ ਕਿ ਜਹਾਜ਼ ਨੇੜੇ ਹੀ ਹੈ ਅਤੇ ਉਨ੍ਹਾਂ ਦੇ ਪਿੰਡ ਜਾਂ ਸ਼ਹਿਰ ਵਿੱਚ ਪ੍ਰਾਹੁਣੇ ਆਉਣ ਵਾਲੇ ਹਨ। ਇਹ ਵੀ ਜੋ ਸਕਦਾ ਹੈ ਕਿ ਜਦੋਂ ਮਹੀਨਿਆਂ ਸਾਲਾਂ ਬਾਅਦ ਵਪਾਰੀ, ਮਲਾਹ, ਖੋਜੀ ਬੰਦੇ ਆਪਣੇ ਗਰਾਂ ਕੋਲ ਪਹੁੰਚਦੇ ਹੋਣ ਤਾਂ ਉਹ ਆਪਣੇ ਘਰ ਪਰਤਣ ਦੀ ਖੁਸ਼ੀ ਦਾ ਅਗਾਂਊ ਐਲਾਨ ਪੰਛੀ ਛੱਡ ਕੇ ਵੀ ਕਰਦੇ ਹੋਣ। ਅੱਗੇ ਘਰੇ ਬੈਠੀ ਮਾਂ, ਭੈਣ, ਘਰਵਾਲੀ ਲਈ ਪੰਛੀਆਂ ਦੇ ਆਉਣ ਦਾ ਮਤਲਬ ਉਡੀਕ ਦਾ ਖ਼ਾਤਮਾ ਹੀ ਬਣਦਾ ਹੈ। ਇਸੇ ਤਰਾਂ ਹੀ ਬਨੇਰੇ ਉੱਤੇ ਕਾਂ ਦਾ ਲੋਕਬੋਲੀ ਵਿੱਚ ਔਂਸੀਆਂ ਪਾਉਣ ਨਾਲ ਜੁੜਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪੰਛੀਆਂ ਵਿੱਚੋਂ ਕਾਂ ਸੱਭ ਤੋਂ ਵੱਧ ਚੁਸਤ ਅਤੇ ਸਿਆਣਾ ਮੰਨਿਆ ਗਿਆ ਹੈ। ਜਦੋਂ ਮਲਾਹ, ਯਾਤਰੀ ਅਤੇ ਵਪਾਰ ਦੇ ਕੀਮਤੀ ਸਮਾਨ ਦਾ ਸਵਾਲ ਹੋਵੇ ਤਾਂ ਯਕੀਨਨ ਪ੍ਰਾਚੀਨ ਲੋਕ ਆਪਣੇ ਨਾਲ ਕਾਂ ਹੀ ਲੈ ਕੇ ਜਾਂਦੇ ਹੋਣਗੇ। ਉੱਤਰ ਯੂਰਪੀ Viking ਕਬੀਲਿਆਂ ਅਤੇ ਜਪਾਨੀਆਂ ਵੱਲੋਂ ਕਬੂਤਰਾਂ ਦੇ ਨਾਲ-ਨਾਲ ਆਪਣੇ ਜਹਾਜ਼ਾਂ ਵਿੱਚ ਕਾਂ ਲੈ ਕੇ ਚੱਲਣ ਦੇ ਵੀ ਵੇਰਵੇ ਮਿਲਦੇ ਹਨ। ਬੇੜਿਆਂ ਉੱਤੇ ਕਾਂ ਪੁਰਾਣੀਆਂ ਵਿੱਚ ਆਮ ਵਰਤਾਰਾ ਰਿਹਾ ਹੈ।
ਅਕਸਰ ਲੋਕ ਗਾਥਾਵਾਂ ਸਮਾਜਿਕ ਵਰਤਾਰਿਆਂ ਵਿੱਚੋਂ ਹੀ ਨਿਕਲਦੀਆਂ ਹਨ। ਸਮੇਂ ਦੇ ਵਹਾਅ ਨਾਲ ਪੰਜਾਬ ਵਿੱਚੋਂ ਦਰਿਆਈ ਵਪਾਰ ਅਤੇ ਜਹਾਜ਼ਾਂ ਕਿਸ਼ਤੀਆਂ ਵਾਲਾ ਸੱਭਿਆਚਾਰ ਤਾਂ ਮੁੱਕ ਗਿਆ ਪਰ ਬੋਲਾਂ, ਲੋਕ ਗਾਥਾਵਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜਿਊਂਦਾ ਹੈ। ਪੰਜਾਬ ਦਾ ਮਾਛੀ ਕਬੀਲਾ ਮਲਾਹਾਂ ਦਾ ਹੀ ਸੀ। ਪੰਜਾਬੀ ਦਾ ਮਸ਼ਹੂਰ ਲੋਕ ਗੀਤ ਛੱਲਾ ਵੀ ਮਾਛੀ ਜੱਲ੍ਹੇ ਅਤੇ ਉਸ ਦੇ ਪੁੱਤ ਛੱਲੇ ਦੀ ਕਹਾਣੀ ਹੈ। ਮਲਾਹ, ਮਾਛੀ ਤੇ ਮਲੇਛ ਦਾ ਵੀ ਸ਼ਬਦੀ ਜੋੜ ਵੀ ਬਹੁਤਾ ਵੱਖਰਾ ਨਹੀਂ ਹੈ। ਆਰੀਆਵਾਂ ਦੇ ਆਉਣ ਤੋਂ ਬਾਅਦ ਪੰਜਾਬ ਦੇ ਸਥਾਪਤ ਕਬੀਲੇ ਅਰੀਆਵਾਂ ਨੇ ਨੀਵੇਂ ਹੀ ਗਿਣੇ। ਦੂਜੀ-ਤੀਜੀ ਸਦੀ ਵਿੱਚ ਉਚਾਰੇ ਗਏ ਗ੍ਰੰਥ ਬੋਧਾਯਾਨ ਧਰਮਸੂਤਰ ਦੇ ਸਲੋਕ 1-1-2-13 ਤੋਂ 15 ਤੱਕ ਵਿੱਚ ਤਾਂ ਸਾਰੇ ਪੰਜਾਬ ਅਤੇ ਸਿੰਧ ਨੂੰ ਹੀ ਭਿੱਟਿਆ ਹੋਇਆ ਦੇਸ਼ ਲਿਖਿਆ ਗਿਆ ਹੈ।
ਮਲੂਹਾ, ਮਲਾਹ, ਮਾਛੀ, ਮਲੇਸ਼ ਆਦਿ ਸ਼ਬਦਾਂ ਦੀ ਖੋਜ ਕਰਨੀ ਬਣਦੀ ਹੈ। ਹੜੱਪਾ ਦੀਆਂ ਬੇੜੀਆ ਹੜੱਪਾ ਦੇ ਵਾਰਸਾਂ ਨੂੰ ਵਾਜਾਂ ਮਾਰ ਰਹੀਆਂ ਨੇ ਕਿ ਆਓ ਆਪਣੇ ਵਿਰਾਸਤ ਅਤੇ ਇਤਿਹਾਸ ਦੀਆਂ ਬਾਗਾਂ ਆਪ ਫੜੋ। ਆਧੁਨਿਕ ਖੋਜਾਂ ਨਾਲ ਕਈ ਪਰਤਾਂ ਖੁੱਲ੍ਹ ਰਹੀਆਂ ਹਨ। ਲੋੜ ਹੈ ਕਿ ਪੰਜਾਬੀ ਆਪਣੇ ਇਤਿਹਾਸ ਅਤੇ ਅਤੀਤ ਦੇ ਪੁਰਖਿਆਂ ਦੀਆਂ ਲੱਭਤਾਂ ਦਾ ਆਪ ਨਿਰੀਖਣ ਕਰਨ ਅਤੇ ਆਪਣਾ ਬਿਰਤਾਂਤ ਆਪ ਸਿਰਜਣ।
ਸੁਮੇਰ ਅਤੇ ਮੈਸੋਪਟਾਮੀਆਂ ਵਿੱਚ ਸਿੰਧ ਵਾਦੀ ਦਾ ਨਾਂ ਮਲੂਹਾ ਲਿਖਿਆ ਮਿਲਿਆ ਹੈ। ਮਲੂਹਾ ਅਤੇ ਮਲਾਹ ਸ਼ਬਦ ਬਹੁਤ ਨੇੜੇ ਨੇ। ਸੁਮੇਰ ਅਤੇ ਮੈਸੋਪਟਾਮੀਆਂ ਵਿੱਚ ਦੋ ਥਾਂ ਮਲੂਹਾ ਦਾ ਨਾਂ ਬੇੜਿਆਂ ਨਾਲ ਲਿਖਿਆ ਮਿਲਿਆ ਹੈ। ਓਸ ਵੇਲੇ ਲੰਬੀ ਆਵਾਜਾਈ ਦਾ ਮੁੱਖ ਸਾਧਨ ਬੇੜੇ ਹੀ ਸਨ। ਇਹ ਵੀ ਹੋ ਸਕਦਾ ਕਿ ਕਿਸ਼ਤੀ ਚਾਲਕ ਮਲਾਹਾਂ ਕਰਕੇ ਹੀ ਉਨਾਂ ਪ੍ਰਦੇਸੀਆਂ ਦੀ ਧਰਤੀ ਨੂੰ ਸੁਮੇਰੀਆਂ ਨੇ ਮਲੂਹਾ ਨਾਂ ਦਿੱਤਾ ਹੋਵੇ। ਪਰ ਇਹ ਹੁੱਣ ਯਕੀਨ ਨਾਲ ਸਾਬਤ ਨਹੀਂ ਕੀਤਾ ਜਾ ਸਕਦਾ, ਪਰ ਸੰਭਾਵਨਾ ਪੂਰੀ ਹੈ। ਵਲੈਤ ਤੋਂ ਮੁੜਨ ਵਾਲਿਆਂ ਨੂੰ ਬਲੈਤੀ ਵੀ ਕੁੱਝ ਇਸੇ ਤਰੀਕੇ ਹੀ ਕਿਹਾ ਗਿਆ।
ਪੱਛਮ ਵਿੱਚ ਬੋਲੀਆਂ ਉੱਤੇ ਬਹੁਤ ਖੋਜ ਹੋ ਰਹੀ ਹੈ। 2009 ਵਿੱਚ ਅਲੋਪ ਹੋ ਸਕਣ ਵਾਲੀਆਂ ਬੋਲੀਆਂ ਦੀ ਸੂਚੀ ਵਿੱਚ ਪੰਜਾਬੀ ਦਾ ਨਾਂ ਵੀ ਸੀ। ਉਥੇ ਇਹ ਵੀ ਦੱਸਿਆ ਗਿਆ ਸੀ ਕਿ ਬੋਲੀ ਵਿੱਚੋ ਠੇਠ ਸ਼ਬਦ ਅਤੇ ਲੋਕ-ਧਾਰਾ ਦੀਆਂ ਅਖਾਣਾਂ ਦਾ ਖਤਮ ਹੋਣਾ ਬੋਲੀ ਦੇ ਖਤਮ ਹੋਣ ਵੱਲ ਜਾਣ ਦੇ ਪਹਿਲੇ ਲੱਖਣ ਹੁੰਦੇ ਹਨ। ਜਦੋਂ ਸਥਾਨਕ ਰਵਾਇਤੀ ਅਖਾਣਾਂ ਦੀ ਥਾਂ ਬਾਹਰਲੀਆਂ ਅਖਾਣਾਂ ਲੈਣੀਆਂ ਸ਼ੁਰੂ ਕਰ ਦੇਣ ਤਾਂ ਬੋਲੀ ਖ਼ਾਤਮੇ ਵੱਲ ਹੋ ਤੁਰਦੀ ਹੈ। ਡਾ. ਮੰਜੂਰ ਇਜਾਜ਼ ਦਾ ਕਹਿਣ ਇਸੇ ਸਿਧਾਂਤ ਨੂੰ ਉਲਟਾ ਕਰਕੇ ਦੇਖਦਾ ਜਾਪਦਾ ਹੈ। ਉਹ ਕਹਿੰਦਾ ਹੈ ਕਿ 5000 ਸਾਲ ਪਹਿਲਾਂ ਹੜੱਪਾ ਦੀਆਂ ਬੇੜੀਆਂ ਵਿੱਚ ਉੱਡਦੇ ਜਨੌਰਾਂ ਦਾ ਅੱਜ ਦੀ ਅਖਾਣ ਨਾਲ ਸਿੱਧਾ ਸਬੰਧ ਜੁੜਦਾ ਹੈ। ਫੇਰ ਉਹ ਲੋਕਧਾਰਾ ਅਤੇ ਬੋਲੀ ਦੀ ਨਿਰੰਤਰਤਾ ਨਾਲ ਵੀ ਜੋੜਿਆ ਜਾ ਸਕਦਾ ਹੈ। ਅਸਿੱਧੇ ਤਰੀਕੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਹੜੱਪਾ ਦੇ ਘੁੱਗਵਸਣ ਵੇਲੇ ਅੱਜ ਦੀ ਪੰਜਾਬੀ ਦਾ ਹੀ ਕੋਈ ਰੂਪ ਬੋਲਿਆ ਜਾਂਦਾ ਹੋਵੇਗਾ, ਇਸੇ ਕਰਕੇ ਅੱਜ ਵੀ ਅਸੀਂ ਬਨੇਰੇ ਉੱਤੇ ਕਾਂ ਵੇਖਣ ਦਾ ਮਤਲਬ ਕੱਢਦੇ ਹਾਂ। ਡਾ. ਜਸਪਾਲ ਸਿੰਘ ਮੈਹਲ ਆਪਣੀ ਕਿਤਾਬ Punjabi Language Is 5500 Years Old ਵਿੱਚ ਅਜਿਹੇ ਅਸਿੱਧੇ ਇਸ਼ਾਰਿਆ ਨੂੰ ਅਧਾਰ ਬਣਾ ਕੇ ਸਾਬਤ ਕਰਦੇ ਹਨ ਕਿ ਪੰਜਾਬੀ ਦਾ ਮੂਲ 5500 ਪੁਰਾਣੀ ਹੜੱਪਾ ਸਭਿਅਤਾ ਵਿੱਚ ਹੈ।
ਰਮਨਦੀਪ ਸਿੰਘ