ਮੋਹਿਨਜੋਦੜੋ ਦਾ ਕੜਿਆਂ ਵਾਲਾ ਭਾਈ
ਪੰਜਾਬ ਵਿੱਚ ਵੰਗਾਂ, ਕੜਿਆਂ, ਚੂੜੀਆਂ ਦੀ ਵਰਤੋਂ 6000 ਸਾਲ ਪਹਿਲਾਂ ਹੜੱਪਾ ਸੱਭਿਅਤਾ ਵੇਲੇ ਤੋਂ ਚੱਲੀ ਆ ਰਹੀ ਹੈ। ਹੜੱਪਾ ਜਾਂ ਸਿੰਧ ਦਰਿਆਈ ਸੱਭਿਅਤਾ ਮੌਜੂਦਾ ਪੰਜਾਬ ਅਤੇ ਸਿੰਧ ਦੀ ਧਰਤੀ ਦੀ ਸੱਭਿਅਤਾ ਹੈ। ਇੱਥੋਂ ਸ਼ੁਰੂ ਹੋ ਕੇ ਇਹ ਅੱਗੇ ਪੂਰਬ ਅਤੇ ਪੱਛਮ ਦੋਵੇਂ ਪਾਸੇ ਫੈਲੀ। ਹੜੱਪਾ, ਪੰਜਾਬ ਵਿੱਚ ਇਸ ਸੱਭਿਅਤਾ ਦੇ ਸੱਭ ਤੋਂ ਪੁਰਾਣੇ ਥੇਹ ਮਿਲੇ ਹਨ। ਉਸ ਤੋਂ ਪਹਿਲਾਂ ਵਾਲੇ ਵਸੇਬ (settlements) ਕਹੇ ਜਾਂਦੇ ਨੇ ਸੱਭਿਅਤਾ (civilization) ਨਹੀਂ।
ਸਾਰੀ ਦੁਨੀਆਂ ਵਿੱਚ ਬੰਦੇ ਦੀ ਬਾਂਹ ਉਤੇ ਕੜਾ (bracelet) ਹੋਣ ਦਾ ਪਹਿਲਾ ਸਬੂਤ ਮੋਹਿਨਜੋਦੜੋ (ਸਿੰਧ) ਦੇ ਖੰਡਰਾਂ ਵਿਚੋਂ ਮਿਲੀ ਮੋਹਰ (seal 420) ਤੋਂ ਮਿਲਦਾ ਹੈ। 1928 ਵਿੱਚ ਹੜੱਪਾ ਸੱਭਿਅਤਾ ਦੀ ਮੋਹਰ (seal) ਲੱਭੀ, ਜਿਸ ਵਿੱਚ ਇੱਕ ਬੰਦਾ ਕਈ ਜਾਨਵਰਾਂ ਵਿਚਾਲੇ ਚੌਂਕੜੀ ਮਾਰ ਕੇ ਬੈਠਾ ਹੈ। ਇਸ ਦੀ ਕਈ ਤਰਾਂ ਨਾਲ ਵਿਆਖਿਆ ਕੀਤੀ ਗਈ ਹੈ। ਅਫ਼ਸੋਸ ਹੈ ਕਿ ਸਾਰੀਆਂ ਵਿਆਖਿਆਵਾਂ ਵਿੱਚੋ ਉਹ ਧਰਤੀ ਦਾ ਸੱਭਿਆਚਾਰ ਗਾਇਬ ਹੈ ਜਿਸ ਉਤੇ ਇਹ ਸੱਭਿਅਤਾ ਵਿਕਸਿਤ ਹੋਈ ਅਤੇ ਫੈਲੀ। ਸਿੰਧ ਅਤੇ ਪੰਜਾਬ ਵਾਲੇ ਇਸ ਸੱਭਿਅਤਾ ਦੇ ਅਸਲ ਵਾਰਸ ਹਨ। ਕੋਈ ਇਸ ਵਿੱਚੋ ਆਪਣਾ ਧਰਮ ਲੱਭਦਾ ਹੈ ਤਾਂ ਕੋਈ ਆਪਣੇ ਰਾਸ਼ਟਰਵਾਦ ਦੀਆਂ ਨੀਹਾਂ ਪੱਕੀਆਂ ਕਰ ਰਿਹਾ ਹੈ। ਪੰਜਾਬੀ ਸੱਭਿਅਤਾ ਦੀ 6000 ਸਾਲ ਦੀ ਨਿਰੰਤਰਤਾ ਵਾਲੀ ਗੱਲ ਕਰਨ ਵਾਲੇ ਬਹੁਤ ਥੋੜੇ ਹਨ। ਕੋਈ ਵੀ ਸੱਭਿਅਤਾ ਆਪਣੇ ਆਪ ਵਿੱਚ ਕੁੱਝ ਨਹੀਂ ਹੁੰਦੀ। ਬੋਲੀ, ਪਦਾਰਥ, ਰਿਵਾਜ, ਕਲਾ, ਰਹਿਣ-ਸਹਿਣ ਆਦਿ ਅਨੇਕਾਂ ਵੰਨਗੀਆਂ ਦੇ ਸੁਮੇਲ ਨੂੰ ਸੱਭਿਅਤਾ ਕਹਿੰਦੇ ਹਨ। ਮੋਹਿਨਜੋਦੜੋ ਦਾ ਕੜਿਆਂ ਵਾਲਾ ਭਾਈ ਸਾਡੀ ਸੱਭਿਅਤਾ ਦੀ ਬਾਤ ਪਾ ਰਿਹਾ ਵੀ ਮਿਲਦੀ ਹੈ।
Seal 420 ਵਿੱਚ ਇੱਕ ਬੰਦਾ ਪ੍ਹੀੜੇ ਉੱਤੇ ਚੌਂਕੜੀ ਮਾਰ ਕੇ ਬੈਠਾ ਹੈ। ਉਸ ਦੇ ਲੱਕ ਉੱਤੇ ਕਮਰਕੱਸੇ ਵਾਂਗ ਕੱਪੜਾ ਬੰਨ੍ਹਿਆ ਹੋਇਆ ਹੈ। ਹੱਥਾਂ ਵਿੱਚ ਕੜੇ ਪਾਏ ਹੋਏ ਨੇ। ਆਲੇ-ਦੁਆਲੇ ਕਈ ਜੰਗਲੀ ਜਾਨਵਰ ਹਨ। ਜਾਨਵਰਾਂ ਵਿੱਚ ਇੱਕ ਮੱਝ ਹੈ, ਜਿਸ ਨੂੰ ਜੰਗਲੀ ਮੱਝ ਸਮਝਿਆ ਜਾਂਦਾ ਕਿਉਕਿ ਬਾਕੀ ਪਸ਼ੂ ਜੰਗਲੀ ਹਨ।
ਮੋਹਰ ਵਿੱਚ ਮੱਝ ਦਾ ਹੋਣਾ ਖ਼ਾਸ ਧਿਆਨ ਮੰਗਦਾ। ਪੰਜਾਬ ਅਤੇ ਸਿੰਧ ਵਿੱਚ ਮੱਝ ਸਾਰੇ ਪਸ਼ੂਆਂ ਵਿੱਚੋਂ ਵੱਧ ਪਸੰਦ ਕੀਤੀ ਜਾਂਦੀ ਹੈ। ਮੱਝਾਂ ਦੀ ਮਾਲਕੀ ਨੂੰ ਮਾਲ ਕਹਿੰਦੇ ਨੇ, ਮਾਲ ਦਾ ਅਰਥ ਸਰਮਾਇਆ ਹੁੰਦਾ। ਭੇਡਾਂ ਬੱਕਰੀਆਂ ਦੇ ਵੱਗ ਚਾਰਦੇ ਨੇ, ਪਰ ਮੱਝਾ ਚਾਰਨ ਨੂੰ ‘ਮਾਲ’ ਚਾਰਨਾ ਆਖਿਆ ਜਾਂਦਾ ਹੈ। ਗੁਰੂ ਨਾਨਕ ਦੀ ਸਾਖੀ ਵਿੱਚ ਮੱਝਾ ਹਨ। ਰਾਂਝਾ ਮੱਝਾ ਚਾਰਦਾ ਮਹਿਂਪਾਲ ਅਖਵਾਇਆ। ਮੱਝਾਂ ਮਾਣ ਨਾਲ ਕੁੜੀਆਂ ਦੇ ਦਾਜ਼ ਵਿੱਚ ਦਿੱਤੀਆਂ ਜਾਂਦੀਆਂ ਨੇ। ਲੋਕ ਖੇਡਾਂ ਕਬੱਡੀ-ਭਲਵਾਨੀ ਵਿੱਚ ਮੱਝ ਦਾ ਇਨਾਮ ਰੱਖਿਆ ਜਾਂਦਾ। 2024 ਵਿੱਚ ਲਹਿੰਦੇ ਪੰਜਾਬ ਦੇ ਅਰਸ਼ਦ ਨਦੀਮ ਨੇ ਨੇਜਾ ਸੁੱਟਣ ਵਿੱਚ ਉਲੰਪਕ ਸੋਨੇ ਦਾ ਤਮਗਾ ਜਿੱਤਿਆ ਤਾਂ ਉਸ ਦੇ ਸੁਹਰੇ ਨੇ ਉਸ ਨੂੰ ਖੁਸ਼ੀ ਵਿੱਚ ਮੱਝ ਦਿੱਤੀ। ਗ਼ੈਰ ਪੰਜਾਬੀਆਂ ਨੇ ਇਸ ਦਾ ਮਖੌਲ ਬਣਾਇਆ। ਪਰ ਉਹ ਪੰਜਾਬੀ ਵਿਰਸੇ ਨੂੰ ਕੀ ਜਾਨਣ। 5000 ਸਾਲ ਪੁਰਾਣੀ ਮੋਹਰ ਵਿੱਚ ਵੀ ਮੱਝ ਆ ਰਹੀ ਹੈ। ਮੈਸੋਪਟਾਮੀਆ ਅਤੇ ਸੁਮੇਰ ਵਿੱਚ ਮਿਲੀਆਂ ਲਿਖਤਾਂ ਵਿੱਚ ਵੀ ਮਲੂਹਾ (ਪੰਜਾਬ ਦਾ ਪਹਿਲਾ ਦਸਤਾਵੇਜ਼ੀ ਨਾਂ) ਦੀਆਂ ਮੱਝਾਂ ਦਾ ਜ਼ਿਕਰ ਹੈ।
ਪੰਜਾਬੀ ਬਹੁਤ ਕਾਰਨਾਂ ਕਰਕੇ ਜਾਂ ਬਿਨਾਂ ਕਿਸੇ ਕਾਰਨ ਵੀ ਚੌਂਕੜੀ ਮਾਰ ਕੇ ਬਹਿ ਜਾਂਦੇ ਨੇ। ਜੇ ਕਿਸੇ ਪੰਜਾਬੀ ਜਾਂ ਸਿੰਧੀ ਨੂੰ ਕੋਈ ਪੁੱਛੇ ਕਿ ਚੌਕੜਾ ਮਾਰ ਕੇ ਕਿਉਂ ਬੈਠਾਂ ਤਾਂ ਸਹਿਜੇ ਹੀ ਜਵਾਬ ਮਿਲੂ ਕਿ “ਇਸ ਵਿੱਚ ਪੁੱਛਣ ਵਾਲੀ ਕੀ ਗੱਲ ਆ, ਸਾਰੇ ਬਹਿੰਦੇ ਨੇ”। ਪਰ ਯੂਨੀਵਰਸਿਟੀਆਂ ਵਿੱਚ ਬੈਠਣ ਵਾਲੇ ਮਾਹਿਰਾਂ ਨੇ ਚੌਂਕੜੀ ਦਾ ਮਤਲਬ ਕੇਵਲ ਯੋਗ ਆਸਣ ਜਾਂ ਧਾਰਮਕ ਵਿਧੀ ਹੀ ਕੱਢਿਆ ਹੈ। ਸ਼ਾਇਦ ਪੰਜਾਬੀ ਵਿਰਸੇ ਵਿੱਚੋਂ ਗੱਲ ਕਰਨ ਨਾਲ ਵਿਸ਼ਾ ਸੰਨਸਨੀਖੇਜ਼ ਨਹੀਂ ਬਣਦਾ।
ਲੱਕ ਉਤੇ ਕੱਪੜਾ ਬੰਨਣਾ ਅੱਜ਼ ਵੀ ਪੰਜਾਬੀਆ ਦੇ ਸੁਭਾਅ ਵਿੱਚ ਹੈ। ਕੰਮ ਕਰਦੇ ਵਖਤ, ਚੁਸਤੀ ਦਿਖਾਉਣ ਦੇ ਪ੍ਰਗਟਾਵੇ ਲਈ, ਲੋੜ ਵੇਲੇ ਲਈ ਕੋਲ ਵਾਧੂ ਕੱਪੜਾ ਰੱਖਣਾਂ ਆਦਿ ਅਨੇਕਾਂ ਕਾਰਨਾਂ ਕਰਕੇ ਕਮਰਕਸਾ ਬੰਨਿਆ ਹੋ ਸਕਦਾ ਹੈ। ਇੱਕੋ ਕੱਪੜੇ ਦਾ ਸਿਰ ਵਾਲਾ ਪਰਨਾ, ਤੇੜ ਧੋਤੀ ਅਤੇ ਕਮਰਕਸਾ ਬਣ ਜਾਂਦਾ। ਸਾਡੇ ਲਈ Seal 420 ਸੰਕੇਤ ਹੈ ਕਿ 4800 ਸਾਲ ਪਹਿਲਾਂ ਵੀ ਸਾਡੇ ਪੁਰਖੇ ਅੱਜ ਵਾਂਗ ਹੀ ਲੱਕ ਦੁਆਲੇ ਕੱਪੜਾ ਬੰਨਦੇ ਸਨ।
ਤ੍ਰਾਸਦੀ ਹੈ ਕਿ ਜਿੱਥੇ ਦਿਮਾਗ਼ ਉੱਤੇ ਬੋਝ ਪਾਉਣ ਦੀ ਲੋੜ ਪਵੇ, ਉਸ ਖੋਜ ਨੂੰ ਲੋਕ-ਸੱਭਿਆਚਾਰ ਵਿੱਚ ਦੇਖਣ ਦੀ ਬਜਾਏ ਮਾਹਰ ਅਕਸਰ ਹੀ ਧਰਮ ਵਿੱਚੋ ਲੱਭਣ ਤੁਰ ਪੈਂਦੇ ਨੇ। ਕਿਉਂਕਿ ਧਰਮਾਂ ਅਤੇ ਰਾਜਿਆਂ ਦੀਆਂ ਕਿਤਾਬਾਂ ਮੁੱਲ ਮਿਲ ਜਾਂਦੀਆਂ ਨੇ ਅਤੇ ਉੱਥੋਂ ਜਾਣਕਾਰੀ ਇਕੱਠੀ ਕਰਨੀ ਸੌਖੀ ਹੈ। ਲੋਕ ਸੱਭਿਆਚਾਰ ਜਾਨਣ ਲਈ ਵੱਧ ਮਹਿਨਤ ਕਰਨੀ ਪੈਂਦੀ ਹੈ। ਹਜ਼ਾਰਾਂ ਸਾਲ ਤੋਂ ਲੋਕ ਵਿਰਸਾ, ਪੜ੍ਹੀ ਦਰ ਪੀੜ੍ਹੀ, ਅੱਜ ਤੱਕ ਬਿਨਾਂ ਕਿਤਾਬਾਂ ਆਇਆ ਹੈ। ਲੋਕ ਸੱਭਿਆਚਾਰ ਅਸਲ ਤੰਦਾਂ ਜੋੜ ਸਕਦਾ ਹੈ। ਸੱਭਿਅਤਾ ਦੀ ਨਿਰੰਤਰਤਾ ਲੋਕਾਂ ਵਿੱਚ ਹੈ ਨਾ ਕਿ ਧਾਰਮਿਕ ਕਿਤਾਬਾਂ ਵਿੱਚ। ਪੰਜਾਬੀ ਲੋਕਾਂ ਨੂੰ ਵੀ ਖ਼ਲਾਅ ਖਤਮ ਕਰਨ ਲਈ ਆਪਣਾ ਰਹਿਣ-ਸਹਿਣ ਕਲਮਬੰਧ ਕਰਨਾ ਚਾਹੀਦਾ ਹੈ।
ਹੜੱਪਾ ਸੱਭਿਅਤਾ ਦਾ ਪਦਾਰਥੀ ਸਭਿਆਚਾਰ (material culture) ਪੰਜਾਬ ਵਿੱਚ ਮਸ਼ੀਨੀ ਯੁੱਗ ਸ਼ੁਰੂ ਹੋਣ ਤੱਕ ਚੱਲਦਾ ਰਿਹਾ ਹੈ। ਲਹਿੰਦੇ ਪੰਜਾਬ ਵਿੱਚ ਤਾਂ ਹਾਲੇ ਵੀ ਜਿਓਦਾਂ ਜਾਗਦਾ ਮਿਲ ਜਾਂਦਾ ਹੈ। ਕਮਰਿਆਂ ਦੇ ਬੀਹੀ-ਪਹੇ ਤੋਂ ਪਰੇ ਅਤੇ ਵਿਹੜੇ ਵਿੱਚ ਖੁੱਲਦੇ ਦਰਵਾਜ਼ਿਆਂ ਵਾਲੇ ਘਰਾਂ, ਰਸੋਈ ਮੂਹਰੇ ਓਟਾ, ਤੰਦੂਰ, ਘੜੇ, ਤੌੜੀਆਂ, ਚੱਪਣ, ਭੜੋਲੇ, ਦੀਵੇ, ਕੁਹਾੜੀਆਂ,ਘਰਾਂ ਵਿੱਚ ਦੇਸੀ ਮੁਰਗੇ, ਮੱਝਾਂ, ਤਿਲਾਂ ਦੀਆਂ ਪਿੰਨੀਆਂ, ਮਸਾਲੇ, ਗੱਡੇ, ਕਈ ਖੇਡਾਂ ਆਦਿ ਹੜੱਪਾ ਦੇ ਖੰਡਰਾਂ ਵਿੱਚ ਲੱਭਣ ਵਾਲੀਆਂ ਅਨੇਕਾਂ ਚੀਜ਼ਾਂ ਪੰਜਾਬ ਵਿੱਚ ਹਾਲੇ ਵੀ ਮਿਲ ਜਾਂਦੀਆਂ ਨੇ। ਪੰਜਾਬ ਵਿੱਚ ਹੜੱਪਾ ਸੱਭਿਅਤਾ ਦਾ material culture 5000-6000 ਸਾਲ ਤੋਂ ਨਿਰੰਤਰਤਾ ਨਾਲ ਚੱਲਦਾ ਆ ਰਿਹਾ ਹੈ। ਪੰਜਾਬ ਦੇ ਘੁਮਿਆਰਾਂ ਕਿਸੇ archaeologist ਦੀ ਕਿਤਾਬ ਨਹੀਂ ਪੜ੍ਹੀ ਪਰ ਉਹ ਹੜੱਪਾ ਵਰਗੇ ਹੀ ਘੜੇ ਬਣਾ ਰਹੇ ਹਨ। ਅਜਿਹਾ ਸੱਭਿਅਤਾ ਦੀ ਨਿਰੰਤਰਤਾ ਬਿਨਾਂ ਨਹੀਂ ਹੋ ਸਕਦਾ।
ਉਹ ਪ੍ਹੀੜੀ (stool) ਉਤੇ ਚੌਂਕੜੀ ਮਾਰ ਕੇ ਬੈਠਾ ਹੈ। ਪ੍ਹੀੜੇ-ਮੰਜੀਆਂ ਪੰਜਾਬੀ ਸੱਭਿਆਚਾਰ ਵਿੱਚ ਸਤਿਕਾਰ ਨਾਲ ਵੀ ਜੋੜੀਆਂ ਜਾਂਦੀਆਂ ਨੇ। ਸਿਆਣੇ, ਬਜ਼ੁਰਗਾਂ ਜਾਂ ਸਤਿਕਾਰਤ ਲੋਕਾਂ ਨੂੰ ਅੱਜ ਵੀ ਉੱਚੇ ਥਾਂ ਬਿਠਾਇਆ ਜਾਂਦਾ। ਹੁਣ ਕੁਰਸੀਆਂ,ਮੇਜ ਸੋਫ਼ੇ ਆ ਗਏ ਹਨ। ਪਰ ਮੰਜੀਆਂ, ਪ੍ਹੀੜੇ ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਹੋ ਸਕਦਾ ਹੈ ਕਿ ਮੋਹਰ ਵਿਚਲਾ ਭਾਈ ਕੋਈ ਚੰਗੀ ਮਾਨਤਾ ਵਾਲਾ ਫ਼ੱਕਰ ਬੰਦਾ ਹੋਵੇ। ਕੋਈ ਸੂਝਵਾਨ ਇਨਸਾਨ ਵੀ ਹੋ ਸਕਦਾ ਹੈ, ਜੋ ਉੱਚੇ ਥਾਂ ਬੈਠ ਕੇ ਸਿਆਣਪ ਦੀ ਗੱਲ ਕਰਦਾ ਦਰਸਾਇਆ ਹੋਵੇ। ਪੰਜਾਬ ਵਿੱਚ ਇੱਜ਼ਤ ਦੇਣ ਲਈ ਅੱਜ ਵੀ ਉੱਚੇ ਥਾਂ ਬਿਠਾਇਆ ਜਾਂਦਾ। ਘਰ ਵਿੱਚ ਆਏ ਗਏ ਲਈ ਰੰਗਲੇ ਪ੍ਹੀੜੇ ਰੱਖੇ ਜਾਂਦੇ ਸਨ। ਪੰਜਾਬੀ ਅਧਿਆਤਮਿਕਤਾ ਵਿੱਚ ਪ੍ਹੀੜੇ ਉੱਤੇ ਬਿਠਾਉਣ ਦੀ ਵੀ ਮਾਨਤਾ ਹੈ। ਪ੍ਹੀੜੇ ਉੱਤੇ ਚੌਂਕੜੀ ਮਾਰ ਕੇ ਬਹਿਣਾ ਸਿਹਜ-ਆਰਾਮ ਨਾਲ ਬਹਿ ਕੇ ਗੱਲ ਕੇ ਗੱਲ ਕਰਨ ਅਤੇ ਸੁੱਣਨ ਦਾ ਵੀ ਪ੍ਰਤੀਕ ਹੈ। ਜਦੋਂ ਪ੍ਹੀੜੇ ਨੂੰ stool ਲਿੱਖ ਦਿੱਤਾ ਜਾਂਦਾ ਤਾਂ ਪੜ੍ਹਨ ਵਾਲੇ ਦਾ ਖਿਆਲ ਕਿਸੇ ਹੋਰ ਪਾਸੇ ਹੋ ਉਠਦਾ। ਇਸ ਕਰਕੇ ਪੰਜਾਬ ਦਾ ਇਤਿਹਾਸ ਪੰਜਾਬੀਆਂ ਨੂੰ ਆਪ ਲਿਖਣਾਂ ਬਹੁਤ ਜ਼ਰੂਰੀ ਹੈ।
ਮੋਹਿਨਜੋਦੜੋ ਦੀ ਸੀਲ ਵਿੱਚ ਬੈਠੇ ਬੰਦੇ ਦੇ ਦੋਹਾਂ ਬਾਹਾਂ ਵਿੱਚ ਕੜੇ ਪਾਏ ਹੋਏ ਹਨ। ਬੰਦੇ ਕੜੇ ਪਾਉਂਦੇ ਨੇ, ਬੁੜੀਆਂ-ਕੁੜੀਆਂ ਬੰਗਾਂ। ਦੋਵਾਂ ਨੂੰ ਬਣਾਉਣ ਦੀ ਤਕਨੀਕ ਇੱਕ ਹੈ ਅਤੇ ਇਨਾਂ ਦੀ ਵਰਤੋਂ 6000 ਸਾਲ ਪਹਿਲਾਂ ਪੰਜਾਬ ਅਤੇ ਸਿੰਧ ਵਿੱਚ ਹੀ ਸ਼ੁਰੂ ਹੋਈ ਹੈ। ਇੱਥੋਂ ਦੇ ਬਣੇ ਕੜੇ, ਬੰਗਾਂ ਮਿਸਰ, ਸੁਮੇਰ, ਮੈਸੋਪਟਾਮੀਆਂ ਤੱਕ ਦੇ ਖੰਡਰਾਂ ਵਿੱਚ ਮਿਲਦੇ ਹਨ। ਅੱਜ ਭਾਰਤ ਵਿੱਚ ਬੰਦਿਆਂ ਦੇ ਕੜੇ ਪਾਉਣ ਦਾ ਰਿਵਾਜ ਨਹੀਂ ਹੈ। ਕੇਵਲ ਪੰਜਾਬ-ਸਿੰਧ ਅਤੇ ਲਾਗਲੇ ਇਲਾਕਿਆਂ ਵਿੱਚ ਹੀ ਕੜੇ ਪਾਏ ਜਾਂਦੇ ਨੇ। ਸ਼ਿੰਗਾਰ ਤੋਂ ਬਿਨਾਂ ਗਾਉਣ ਵਾਲੇ ਹੱਥਾਂ ਵਿੱਚਲੇ ਕੜੇ ਡੰਡੇ ਨਾਲ ਖੜਕਾ ਕੇ ਗਾਉਂਦੇ ਨੇ। ਇਹ ਵੀ ਹੋ ਸਕਦਾ ਹੈ ਕਿ ਸੀਲ ਵਿਚਲਾ ਬੰਦਾ ਮਸ਼ਹੂਰ ਗਾਉਣ ਵਾਲਾ ਜਾਂ ਮਰਾਸੀਆਂ ਦਾ ਪੁਰਖਾ ਹੋਵੇ। ਜੋਗੀ, ਫ਼ਕੀਰ ਬਾਹਾਂ ਉਤੇ ਕਈ ਕਿਸਮ ਦੇ ਕੜੇ ਪਾਉਂਦੇ ਨੇ। ਕੜੇ ਧਾਤ, ਸੰਖ, ਹਾਥੀ ਦੰਦ, ਲੱਕੜ, ਕੱਚ, ਜਾਂ ਮਿੱਟੀ ਕਈ ਕਿਸਮ ਦੇ ਬਣਦੇ ਰਹੇ ਨੇ। ਸਿੱਖਾਂ ਵਿੱਚ ਤਾਂ ਕੜੇ ਦਾ ਬਹੁਤ ਹੀ ਮਹੱਤਵਪੂਰਨ ਥਾਂ ਹੈ। ਪੰਜਾਬ ਵਿੱਚ ਕੜਿਆਂ ਦਾ ਇਤਿਹਾਸ 6000 ਸਾਲ ਪੁਰਾਣਾ ਹੈ, ਜਿਸ ਨੂੰ ਸਿੱਖ ਗੁਰੂਆਂ ਨੇ ਨਵਾਂ ਰੂਪ ਦਿੱਤਾ।
ਡੈਨਮਾਰਕ ਵਿੱਚ ਵੀ seal 420 ਵਰਗੀ ਹੀ ਮੂਰਤ ਲੱਭੀ ਹੈ। ਉਸ ਵਿੱਚ ਵੀ ਬੰਦਾ ਇਸੇ ਤਰਾਂ ਬੈਠਾ ਅਤੇ ਉਸ ਦੁਆਲੇ ਵੀ ਜਾਨਵਰ ਹਨ। ਉਸ ਦੇ ਸਿਰ ‘ਤੇ ਕੁੰਡੇ ਸਿੰਗਾਂ ਦੀ ਥਾਂ ਹਿਰਨ ਵਰਗੇ ਸਿੱਧੇ ਸਿੰਗ ਨੇ। ਮੋਹਿਨਜੋਦੜੋ ਵਾਲੇ ਨੇ ਆਪਣੇ ਇਲਾਕੇ ਅਨੁਸਾਰ ਸਿਰ ਉੱਤੇ ਝੋਟੇ ਦੇ ਸਿੰਗ ਲਾਏ ਨੇ, ਪਰ ਡੈਨਮਾਰਕ ਵਾਲੇ ਨੇ ਹਿਰਨ ਦੇ ਸਿੰਗ। ਇਨਸਾਨ ਕੁਦਰਤ ਵਿੱਚ ਰਹਿੰਦਾ ਰਿਹਾ ਹੈ ਤਾਂ ਜਾਨਵਰਾਂ ਨਾਲ ਦਿਸਣਾ ਵੱਡੀ ਗੱਲ ਨਹੀਂ। ਇਨਸਾਨ ਦਾ ਜਿਸ ਮਹੌਲ ਨਾਲ ਵਾਹ ਪੈਣਾ, ਕਲਾ ਵੀ ਉਸੇ ਤਰੀਕੇ ਦੀ ਬਣਨੀ ਹੈ। ਅੱਜ਼ ਦੇ ਸਮਾਜ ਦਾ ਜੰਗਲਾ ਨਾਲ ਵਾਹ-ਵਾਸਤੇ ਦਾ ਤਰੀਕਾ ਬਦਲ ਗਿਆ ਹੈ ਅਤੇ ਹੁੱਣ ਅਜਿਹਾ ਵਿਹਾਰ ਨਾ ਪੰਜਾਬ-ਸਿੰਧ ਵਿੱਚ ਮਿਲਦਾ ਨਾ ਹੀ ਡੈਨਮਾਰਕ ਵਿੱਚ। ਜਿੱਥੇ ਇਹ ਮੋਹਰ ਸਾਡੇ ਅੱਜ ਨੂੰ ਹਜ਼ਾਰਾਂ ਸਾਲ ਪੁਰਾਣੇ ਵਿਰਸੇ ਨਾਲ ਜੋੜਦੀ ਹੈ, ਉਥੇ ਗੁਆਚ ਚੁੱਕੇ ਪਿਛੋਕੜ ਵਿੱਚ ਵੀ ਝਾਤ ਹੈ।
ਪੁਰਾਤਨ ਇਤਿਹਾਸ ਕਿਆਸਰਾਈ hypotheses ਹੀ ਹੁੰਦਾ। ਜੇ ਕੁੱਝ ਲਿਖਿਆ ਮਿਲ ਜਾਵੇ ਤਾਂ ਯਕੀਨ ਨਾਲ ਕਿਹਾ ਜਾ ਸਕਦਾ ਨਹੀਂ ਤਾਂ ਅੰਦਾਜ਼ਾ ਹੀ ਰਹਿੰਦਾ ਹੈ। ਜੋ ਵੀ ਹੋਵੇ ਸਾਡੀ ਧਰਤੀ ਦੀ ਸੱਭਿਅਤਾ ਦੀ ਵਿਆਖਿਆ ਵਿੱਚ ਘੱਟੋ-ਘੱਟ ਸਾਡਾ ਸੱਭਿਆਚਾਰ ਜ਼ਰੂਰ ਹੋਣਾ ਚਾਹੀਦਾ ਹੈ। ਸਿਰ ਉੱਤੇ ਸਿੰਗਾਂ ਤੋਂ ਬਿਨਾਂ ਇਸ ਮੋਹਰ ਵਿਚਲੇ ਬਾਕੀ ਪ੍ਰਤੀਕ ਚਿੰਨ ਕਿਸੇ ਵੀ ਪੰਜਾਬੀ ਲਈ ਓਪਰੇ ਨਹੀਂ ਹਨ ਅਤੇ ਇੰਨੇ ਖਾਸ ਵੀ ਨਹੀਂ ਹਨ ਕਿ ਇਸ ਨੂੰ ਰੱਬੀ ਮੰਨਿਆ ਜਾਵੇ। ਪਰ ਯਕੀਨਨ ਇਹ ਪੰਜਾਬੀ ਸੱਭਿਅਤਾ ਦੀ ਨਿਰੰਤਰਤਾ ਦਾ ਨਮੂਨਾ ਹੈ।
————————————————————————