ਪੰਜਾਬ ਪੰਜ ਦਰਿਆਵਾਂ ਦੇ ਖ਼ਿੱਤੇ ਦਾ ਅੱਜ ਦਾ ਨਾਂ ਹੈ। ਦੁਨੀਆਂ ਦੀਆਂ ਪਹਿਲੀਆਂ ਸੱਭਿਅਤਾਵਾਂ ਵਿੱਚੋਂ ਇੱਕ ਸੱਭਿਅਤਾ ਦਾ ਜਨਮ ਇਸ ਧਰਤੀ ਉੱਤੇ ਹੋਇਆ। ਇਤਿਹਾਸ ਵਿੱਚ ਪੰਜਾਬ ਦੇ ਨਾਂ ਬਦਲਦੇ ਰਹੇ ਹਨ। ਪੰਜਾਬੀ ਸੱਭਿਆਚਾਰ ਦੇ ਪ੍ਰਭਾਵ ਵਾਲਾ ਇਲਾਕਾ ਵੀ ਬਦਲਦਾ ਰਿਹਾ। ਪੰਜਾਬ ਦੇ ਦਰਿਆਵਾਂ ਦੇ ਵਹਾਅ ਵੀ ਬਦਲਦੇ ਰਹੇ ਹਨ। ਬਦਲਾਅ ਅਟੱਲ ਸੱਚਾਈ ਹੈ। ਜਿਵੇਂ ਪੰਜਾਬ ਦੇ ਦਰਿਆਵਾਂ ਦੇ ਵਹਾਣ ਬਦਲਣ ਤੋਂ ਬਾਅਦ ਦਰਿਆ ਨਹੀਂ ਬਦਲੇ ਉਸੇ ਤਰਾਂ ਪੰਜਾਬ ਦੇ ਨਾਂ ਬਦਲਣ ਨਾਲ ਪੰਜਾਬੀ ਸੱਭਿਅਤਾ ਨਹੀਂ ਬਦਲੀ। ਹਜਾਰਾਂ ਸਾਲ ਤੋਂ ਸਾਡੇ ਦਰਿਆ ਲਗਾਤਾਰ ਵਹਿ ਰਹੇ ਹਨ ਅਤੇ ਪੰਜਾਬੀ ਸੱਭਿਅਤਾ ਵੀ ਲਗਾਤਾਰ ਵਿਕਾਸ (evolution) ਕਰ ਰਹੀ ਹੈ।
ਨਾਂ ਦੀ ਕਿਉਂ ਤੇ ਕਿੱਥੇ ਲੋੜ ਪੈਂਦੀ ਹੈ
ਪੰਜਾਬ ਦੇ ਨਾਂਵਾਂ ਦੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਵਿਚਾਰਨਾ ਜ਼ਰੂਰੀ ਹੈ ਕਿ ਖਿੱਤੇ ਦੇ ਨਾਂ ਦੀ ਲੋੜ ਕਿਉਂ ਪੈਂਦੀ ਹੈ। ਹੜੱਪਾ ਸੱਭਿਅਤਾ ਵੇਲੇ ਉੱਤਰੀ ਪੰਜਾਬ ਦੀਆਂ ਪਹਾੜੀਆਂ ਤੋਂ ਲੈ ਕੇ ਸਿੰਧ ਦੇ ਸਮੁੰਦਰ ਤੱਕ ਦੁਨੀਆਂ ਦੀ 10% ਆਬਾਦੀ ਵੱਸਦੀ ਸੀ। 5000 ਸਾਲ ਪਹਿਲਾਂ ਮੌਜੂਦਾ ਪੰਜਾਬ ਅਤੇ ਸਿੰਧ ਦੁਨੀਆਂ ਦਾ ਸੱਭ ਤੋਂ ਸੰਘਣੀ ਆਬਾਦੀ ਵਾਲਾ ਖਿੱਤਾ ਸੀ। ਪਰ ਸ਼ੁਰੂਆਤ ਤੋਂ ਲੈਕੇ ਖ਼ਤਮ ਹੋਣ ਤੱਕ ਦੇ ਸਿਰਫ 7-8 ਸ਼ਹਿਰ ਹੀ ਲੱਭੇ ਹਨ। ਮਤਲਬ ਕਿ ਬਹੁਤੀ ਆਬਾਦੀ ਪਿੰਡਾਂ ਵਿੱਚ ਹੀ ਰਹਿੰਦੀ ਸੀ। 5000 ਸਾਲ ਬਾਅਦ ਅੱਜ ਵੀ ਇਸੇ ਤਰਾਂ ਹੀ ਹੈ। ਸੋਚਣਾ ਬਣਦਾ ਹੈ ਕਿ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪੰਜਾਬ ਦੇ ਨਾਂ ਦੀ ਆਮ ਜੀਵਨ ਵਿਹਾਰ ਵਿੱਚ ਲੋੜ ਨਹੀਂ ਪੈਂਦੀ। ਨਾਂ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਕਿਸੇ ਬਾਹਰਲੇ ਖਿੱਤੇ ਦੇ ਲੋਕਾਂ ਨਾਲ ਵਾਹ ਵਾਸਤਾ ਪੈਂਦਾ। ਪੰਜਾਬੀ ਜਦੋਂ ਦੂਜੇ ਪੰਜਾਬੀ ਨਾਲ ਗੱਲਬਾਤ ਕਰਦੇ ਨੇ ਤਾਂ ਮਾਲਵਾ, ਪੋਠੋਹਾਰ, ਹਿੰਦਕੋ ਜਾਂ ਪੁਆਧੀ ਨਾਲ ਸਰ ਜਾਂਦਾ। ਪਰ ਚੀਨੀ, ਜਪਾਨੀ, ਅਮਰੀਕੀ ਨਾਲ ਮਾਲਵੇ ਜਾਂ ਪੋਠੋਹਾਰ ਦੀ ਗੱਲ ਨਹੀਂ ਹੁੰਦੀ, ਉਦੋਂ ਪੰਜਾਬ ਨਾਂ ਵਰਤਿਆ ਜਾਂਦਾ।
ਪਿੰਡਾਂ ਵਾਲੇ ਇੱਕ ਦੂਜੇ ਨੂੰ ਨਹੀਂ ਦੱਸਦੇ ਕਿ ਉਹ ਪੰਜਾਬੀ ਹਨ। ਪਰ ਵਪਾਰੀਆਂ, ਧਾਰਮਿਕ ਅਤੇ ਵਿੱਦਿਅਕ ਖੇਤਰ ਦੇ ਲੋਕਾਂ ਅਤੇ ਬਾਹਰੋਂ ਆਏ ਯਾਤਰੀ ਨਾਲ ਵਾਹਵਾਸਤੇ ਵੇਲੇ ਵੱਡੇ ਖਿੱਤੇ ਦੇ ਸੰਯੁਕਤ ਨਾਂ ਦੀ ਲੋੜ ਪੈਂਦੀ ਹੈ। ਵੱਡੇ ਖਿੱਤੇ ਦੀ ਬੋਲੀ, ਸੱਭਿਆਚਾਰ, ਖੁਰਾਕ ਅਤੇ ਪਹਿਰਾਵਾ ਇੱਕੋ ਜਿਹਾ ਹੋਣ ਕਾਰਨ ਬਿਨਾਂ ਬਹੁਤੀ ਡੂੰਘੀ ਵਿਚਾਰ ਦੇ ਲੋਕ ਆਪ ਹੀ ਸਾਂਝੀ ਪਹਿਚਾਣ ਨੂੰ ਹਾਮੀ ਭਰ ਦਿੰਦੇ ਨੇ।
ਅੱਜ ਮਨੁੱਖਤਾ ਇੱਕ ਦੂਜੇ ਨੂੰ ਇਹ ਨਹੀਂ ਦੱਸਦੀ ਕਿ ਉਹ ਧਰਤੀ ਉੱਪਗ੍ਰਹਿ ਤੋਂ ਹਨ। ਪਰ ਜੇ ਭਵਿੱਖ ਵਿੱਚ ਕੋਈ ਹੋਰ ਧਰਤੀ ਲੱਭ ਗਈ ਤਾਂ ਇਹ ਵੀ ਵਰਤੋਂ ਵਿੱਚ ਆ ਜਾਵੇਗਾ। ਨਾਂ ਵਰਤਣ ਦੀ ਲੋੜ ਸਮਝਣ ਨਾਲ ਵੱਖ ਵੱਖ ਨਾਂਵਾਂ ਦੇ ਵਿਸ਼ਲੇਸ਼ਣ ਵਿੱਚ ਸੌਖ ਹੋ ਜਾਵੇਗੀ। ਇਹ ਵੀ ਜਾਨਣਾ ਜ਼ਰੂਰੀ ਹੈ ਕਿ ਨਾਂ ਕਿੱਥੇ ਵਰਤਿਆ ਗਿਆ, ਕਿਸ ਮਕਸਦ ਲਈ ਵਰਤਿਆ ਗਿਆ। ਇਸ ਤੋਂ ਇਹ ਵੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਨਾਂ ਵਾਕਿਆ ਹੀ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਸੀ ਜਾਂ ਸੰਕੇਤਕ ਤੌਰ ਤੇ ਕੋਈ ਹੋਰ ਸੰਦੇਸ਼ ਲਈ ਵਰਤੇ ਗਏ ਹੋਣਗੇ। ਪੁਰਾਤਨ ਪੰਜਾਬ ਦੇ ਨਾਂਵਾਂ ਦੇ ਵੀ ਇਲਾਕੇ ਵੱਖੋ ਵੱਖਰੇ ਹੋ ਸਕਦੇ ਨੇ। ਵੱਡੇ ਖਿੱਤੇ ਦੇ ਨਾਂ ਵੀ ਹਨ, ਕਈਆਂ ਵਿੱਚ ਅੱਜ ਦੇ ਪੰਜਾਬ ਤੋਂ ਬਾਹਰੀ ਇਲਾਕੇ ਵੀ ਹਨ ਅਤੇ ਕਈ ਪੰਜਾਬ ਵਿਚਲੇ ਛੋਟੇ ਖਿੱਤੇ ਵੀ ਹਨ।
ਪਿਛਲੇ 5000 ਸਾਲ ਵਿੱਚ ਵਰਤੇ ਗਏ ਪੰਜਾਬ ਦੇ ਨਾਂਵਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
- ਰਾਜਨੀਤਕ ਅਤੇ ਵਪਾਰਕ ਸੰਬੰਧਾਂ ਤੋਂ ਮਿਲਦੇ ਨਾਂ
- ਵਿਦੇਸ਼ੀ ਯਾਤਰੀਆਂ ਤੋਂ ਮਿਲਦੇ ਨਾਂ
- ਧਾਰਮਕ ਵਿਸ਼ਿਆਂ ਨਾਲ ਸਬੰਧਤ ਨਾਂ
ਜ਼ਰੂਰੀ ਸੁਨੇਹਾ: ਨਾਂਵਾਂ ਦੀ ਇਹ ਲਿਸਟ ਨਾ ਸੰਪੂਰਨ ਹੈ, ਨਾ ਹੀ ਆਖਰੀ ਨਹੀਂ ਹੈ। 7000 ਸਾਲ ਵਿੱਚ ਹੋਰ ਵੀ ਬਹੁਤ ਨਾਂ ਵਰਤੇ ਗਏ ਹੋਣਗੇ ਅਤੇ ਪੰਜਾਬੀਆਂ ਨੂੰ ਖੋਜ ਜਾਰੀ ਰੱਖਣੀ ਚਾਹੀਦੀ ਹੈ।
Meluhha

ਪੁਰਾਤਨ ਥੇਹ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਸੱਭ ਤੋਂ ਪੁਰਾਣਾ ਨਾਂ ਮਲੂਹਾ ਹੈ। ਸਾਨੂੰ ਇਹ ਨਾਂ ਮੈਸੋਪਟਾਮੀਆ ਦੀਆਂ ਸੁਮੇਰ ਅਤੇ ਆਕਾਡ ਸੱਭਿਅਤਾਵਾਂ ਵਿੱਚੋਂ ਪਤਾ ਲੱਗਦਾ ਹੈ। ਅੱਜ ਦੇ ਇਰਾਕ, ਓਮਾਨ ਅਤੇ ਮਿਸਰ ਵਿੱਚ 18 ਤਖ਼ਤੀਆਂ, ਮੋਹਰਾਂ ਉੱਤੇ ਪੰਜਾਬ ਦਾ ਨਾਂ ਮਲੂਹਾ ਲਿਖਿਆ ਮਿਲਿਆ ਹੈ। ਇਹ ਨਾਂ ਸਾਰੇ ਸਿੰਧ ਦਰਿਆਈ ਖਿੱਤੇ (ਪੰਜਾਬ, ਸਿੰਧ, ਅਤੇ ਨੇੜਲੇ ਬਲੋਚਿਸਤਾਨ, ਗੁਜਰਾਤ ਅਤੇ ਰਾਜਸਥਾਨ) ਦੇ ਇਲਾਕਿਆਂ ਲਈ ਵਰਤਿਆ ਗਿਆ ਜਾਪਦਾ ਹੈ।
ਮਲੂਹਾ ਨਾਂ ਮਲਾਹਾਂ (ਬੇੜੀ ਚਲਾਉਣ ਵਾਲਿਆਂ) ਤੋਂ ਬਣਿਆ ਸੀ। ਮਲੂਹਾ ਦੇ ਸਬੂਤ 4400 ਸਾਲ ਤੋਂ ਲੈਕੇ 2600 ਸਾਲ ਸਾਲ ਪਹਿਲਾਂ ਤੱਕ ਮਿਲਦੇ ਹਨ। 2600 ਸਾਲ ਪਹਿਲਾਂ ਮਲੂਹਾ ਨਾਂ ਆਖਰੀ ਵਾਰ ਅਸੁਰ ਬੇਨੀਪਾਲ ਨਾਂ ਦੇ ਰਾਜੇ ਦੀ ਲਿਖਤ ਵਿੱਚ ਮਿਲਦਾ ਹੈ। ਇਸ ਤੋਂ ਬਾਅਦ ਆਰੀਆਈ ਭਾਸ਼ਾ ਦੇ ਜੋਰ ਫੜਨ ਬਾਅਦ ਮਲੂਹਾ ਨਾਂ ਅਲੋਪ ਹੋ ਜਾਂਦਾ ਹੈ ਅਤੇ ਹਿੰਦ ਸ਼ੁਰੂ ਹੋ ਜਾਂਦਾ ਹੈ। ਮਲੂਹਾ ਦੇਸ਼ ਦੇ ਨਾਂ ਵਜੋਂ ਤਾਂ ਖਤਮ ਹੋ ਗਿਆ ਪਰ ਭਾਸ਼ਾ ਵਿੱਚ ਵਿਕਾਸ ਕਰਕੇ ਪੰਜਾਬ ਵਿੱਚ ਵੱਸਣ ਵਾਲੇ ਲੋਕਾਂ ਦੇ ਨਾਂ ਵਜੋਂ ਚੱਲਦਾ ਰਿਹਾ। ਮਲੇਸ਼ ਸ਼ਬਦ ਮਲੂਹ ਦਾ ਹੀ ਵਿਕਸਿਤ ਰੂਪ ਹੈ। ਸੰਸਕ੍ਰਿਤ ਅਤੇ ਪਾਲੀ ਦੇ ਗ੍ਰੰਥਾਂ ਵਿੱਚ ਨਾਂ ਅਤੇ ਨਾਂ ਦੇ ਮਤਲਬ ਦੇ ਵਿਕਾਸ ਦੀ ਕਹਾਣੀ ਦਰਜ ਹੈ।
ਦਿਲਚਸਪ ਤੱਥ ਹੈ ਕਿ ਮਲੂਹਾ ਦਾ ਪੂਰਾ ਨਾਂ ਮਲੂਹਾ-ਕੀ ਲਿਖਿਆ ਮਿਲਦਾ ਹੈ। ਜਿੱਥੇ ਪੰਜਾਬ ਵਿੱਚ ਅੱਜ ਤੱਕ ਬੇੜੀ ਚਲਾਉਣ ਵਾਲੇ ਨੂੰ 3000 ਸਾਲ ਪਹਿਲਾਂ ਵਾਂਗ ਮਲਾਹ ਹੀ ਕਿਹਾ ਜਾਂਦਾ ਹੈ, ਉਥੇ ਹਾਲੇ ਵੀ ਬਹੁਤ ਸਾਰੇ ਪਿੰਡਾਂ ਦੇ ਨਾਂ ਵੀ ‘ਕੀ’ ਨਾਲ ਖਤਮ ਹੁੰਦੇ ਮਿਲ ਜਾਂਦੇ ਹਨ। ਜਿਵੇਂ ਡਰੌਲੀ ਭਾਈ ਕੀ, ਪੱਤੋ ਕੀ, ਮਾੜੀ ਕੰਬੋਕੀ, ਨਾਨੋਕੀ, ਭਾਈ ਕੀ ਆਦਿ।
ਮਲੂਹਾ ਵਾਰੇ ਸਰੋਤ ਅਤੇ ਪੂਰਾ ਵਿਸਥਾਰ ਇਥੇ ਕਲਿੱਕ ਕਰਕੇ ਪੜ੍ਹੋ
Hindush, Hind, Hindustan

ਹਿੰਦ, ਹਿੰਦੂ ਅਤੇ ਇੰਡੀਆ ਸ਼ੁਰੂਆਤ ਵਿੱਚ ਕੇਵਲ ਪੰਜਾਬ ਦੇ ਹੀ ਪੁਰਾਣੇ ਨਾਂ ਹਨ। ਪਹਿਲੀਆਂ ਵਿੱਚ ਇਹ ਸਾਰੇ ਉਪਮਹਾਂਦੀਪ ਲਈ ਨਹੀਂ ਵਰਤੇ ਗਏ। ਪੁਰਾਤਨ ਗਰੀਕ, ਪਾਰਸੀ (Persian) ਇਤਿਹਾਸ ਵਿੱਚ ਜਿੱਥੇ ਵੀ ਹਿੰਦੂਸ, ਹਿੰਦ ਜਾਂ Indos ਸ਼ਬਦ ਆਉਂਦੇ ਹਨ ਓਹ ਅੱਜ ਦੇ ਭਾਰਤ ਜਾਂ ਇੰਡੀਆ ਨਹੀਂ, ਕੇਵਲ ਪੰਜਾਬ ਹਨ। ਇਹ ਪਰਸ਼ੀਅਨ ਰਾਜ ਦੇ ਸੂਬੇ ਦਾ ਨਾਂ ਵੀ ਸੀ। ਲਿਖਣ ਵਾਲੇ ਪੁਰਾਣੇ ਪੰਜਾਬ ਦੀ ਗੱਲ ਕਰ ਰਹੇ ਹੁੰਦੇ ਹਨ ਨਾ ਕਿ ਅਜੋਕੇ ਨਕਸ਼ੇ ਵਾਲੇ ਭਾਰਤ ਦੀ। ਸਮੇਂ ਦੇ ਵਹਾਅ ਨਾਲ ਹਿੰਦ ਨਾਂ ਸਾਰੇ ਖਿੱਤੇ ਲਈ ਵੀ ਵਰਤਿਆ ਗਿਆ। ਕਿਉਕਿ, ਸ਼ਾਇਦ, ਉਪਮਹਾਂਦੀਪ ਦੇ ਬਾਕੀ ਇਲਾਕੇ ਆਪਣਾ ਨਾਂ ਹਿੰਦ ਦੇ ਬਰਾਬਰ ਸਥਾਪਤ ਨਾ ਕਰ ਸਕੇ ਅਤੇ ਵੱਡਾ ਇਲਾਕਾ ਪੰਜਾਬੀ ਨਾਂ ਦੀ ਬੁੱਕਲ ਵਿੱਚ ਹੀ ਜਾਣਿਆ ਜਾਣ ਲੱਗਾ।

ਪਾਰਸੀਆਂ ਦੇ ਤਿੰਨ ਪ੍ਰਾਂਤ (ਕਸ਼ੱਥਰਾ) ਸਿੰਧ ਦਰਿਆ ਦੁਆਲੇ ਪੈਂਦੇ ਸਨ। ਕਾਬਲ ਵਾਦੀ ਤੋਂ ਲੈ ਕੇ ਥੱਲੇ ਪਛੌਰ ਤਖਸ਼ਿਲਾ ਤੱਕ ਦਾ ਇਲਾਕਾ ਗੰਧਾਰ ਸੀ, ਮੌਜੂਦਾ ਪੰਜਾਬ ਦਾ ਨਾਂ ਹਿੰਦੂਸ ਸੀ ਅਤੇ ਹੇਠਲੇ ਅੱਜ ਦੇ ਸਿੰਧ ਵਾਲੇ ਇਲਾਕੇ ਦਾ ਨਾਂ ਸਤਾਗਊਆ ਸੀ। ਈਰਾਨ ਦੇ ਪੁਰਾਤਨ ਸ਼ਹਿਰ Persepolis ਜਾਂ ਪਾਰਸਾ ਦੇ ਖੰਡਰਾਂ ਵਿੱਚੋਂ ਪਾਰਸੀ ਰਿਕਾਰਡ ਦੀਆਂ 30,000 ਫੱਟੀਆਂ ਲੱਭੀਆਂ ਹਨ। ਇਨਾਂ ਵਿੱਚ ਹਿੰਦੋਸ਼ ਦਾ ਸਤਾਗਊਆ ਅਤੇ ਗੰਧਾਰ ਨਾਲੋਂ ਕਿਤੇ ਵੱਧ ਜਿਕਰ ਮਿਲਦਾ ਹੈ। (see Persepolis Fortification tablets) ਮਤਲਬ ਕਿ ਅੱਜ ਦੇ ਪੰਜਾਬ ਵਾਲਾ ਇਲਾਕਾ ਦੂਜਿਆਂ ਨਾਲੋਂ ਵੱਧ ਪ੍ਰਭਾਵਸ਼ਾਲੀ ਸੀ।
ਸਿੰਧ ਦਰਿਆ ਦੇ ਵਿਚਕਾਰਲੇ ਸਮਤਲ (ਪੰਜਾਬੀ) ਇਲਾਕੇ ਨੂੰ ਹੀ ਗਰੀਕ/ਯੂਨਾਨੀ ਲੋਕਾਂ ਨੇ ਇੰਡੋਸ ਲਿਖਿਆ ਜੋ ਕਿ ਪਰਸ਼ੀਅਨਾਂ ਦੇ ਹਿੰਦੂਸ ਦਾ ਹੀ ਉਲਥਾ ਸੀ। ਇਤਿਹਾਸ ਵਿੱਚ ਇਥੋਂ ਹਿੰਦ ਅਤੇ ਇੰਡੀਆ ਸ਼ਬਦਾਂ ਦੀ ਸ਼ੁਰੂਆਤ ਹੁੰਦੀ ਹੈ। ਤਰੀਕਾਂ ਅਤੇ ਸਮਾਂ ਕਾਲ ਨਾਲ ਇਤਿਹਾਸ ਲਿਖਣ ਦੀ ਪਿਰਤ ਪਾਉਣ ਵਾਲੇ ਹੈਰੋਡੋਟਸ Herodotus ਨੇ ਪਾਰਸੀ ਰਾਜ ਦੇ ਟੈਕਸ ਇਕੱਤਰ ਕਰਨ ਵਾਰੇ ਵਿਸਥਾਰ ਨਾਲ ਲਿਖਿਆ ਹੈ। ਇਸ ਤੋਂ ਹਿੰਦੂਸ (ਹਿੰਦ) ਦੇ ਇਲਾਕੇ ਵਾਰੇ ਪਤਾ ਲੱਗਦਾ ਹੈ। Herodotus ਸ਼ਹਿਨਸ਼ਾਹ ਯਰਕਸੀਜ (ਕਸ਼ਰਸ਼ਾ, Xerxes the Great) ਦੇ ਰਾਜ ਵਿੱਚ ਟੈਕਸ ਇਕੱਠਾ ਕਰਨ ਦੇ ਵਿਸਥਾਰ ਵਿੱਚ ਸਿੰਧ ਦਰਿਆ ਉਤੇ ਤਿੰਨ ਸੂਬੇ ਹੋਣ ਦੀ ਗੱਲ ਕਰਦਾ ਹੈ। ਟੈਕਸ ਲੈਣ ਵਾਲਿਆਂ ਦੀ ਜਾਣਕਾਰੀ ਤੋਂ ਬਾਕੀਆਂ ਨਾਲੋਂ ਵੱਧ ਭਰੋਸੇਯੋਗ ਹੁੰਦੀ ਹੈ। ਪਰਸ਼ੀਅਨ ਸਬੂਤਾਂ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਿੰਧ ਦਰਿਆ ਦੇ ਪੂਰਬ ਵੱਲ ਦੇ ਸਾਰੇ ਇਲਾਕੇ ਨੂੰ ਹਿੰਦ ਨਹੀਂ ਕਹਿੰਦੇ ਸਨ।

643 BCE ਵਿੱਚ ਆਖਰੀ ਵਾਰ ਅਸੁਰ ਬੈਨੀਪਾਲ ਦੀ ਲਿਖਤ ਵਿੱਚ ਮਲੂਹਾ ਨਾਂ ਆਉਂਦਾ ਹੈ। ਇਸ ਤੋਂ ਬਾਅਦ ਵੱਡੀ ਰਾਜਨੀਤਿਕ ਤਬਦੀਲੀ ਆਉਦੀਂ ਹੈ। ਈਰਾਕ-ਈਰਾਨ ਵੱਲ ਮੱਧ ਏਸ਼ੀਆ ਤੋਂ ਆਏ ਆਰੀਆ ਕਬੀਲੇ ਹਾਕਾਮਨੀਸ਼ (Achaemenian) ਦਾ ਰਾਜ ਹੋ ਜਾਂਦਾ ਹੈ। ਈਸਾ ਤੋਂ 500 ਸਾਲ ਪਹਿਲਾਂ ਪਾਰਸੀ ਰਾਜੇ ਦਾਰੀਅਸ (ਦਾਰਾਇਵਹੂਸ) ਦੇ ਭਾਗਾਸਤਾਨ (Bahishtun) ਸ਼ਿਲਾਲੇਖ ਵਿੱਚ ਪਹਿਲੀ ਵਾਰ ‘ਹਿੰਦੂਸ’ (𐏃𐎡𐎯𐎢𐏁, H-i-du-u-š) ਨਾਂ ਲਿਖਿਆ ਮਿਲਦਾ ਹੈ। ਦਿਲਚਸਪ ਤੱਥ ਹੈ ਕਿ ਆਰੀਆਵਾਂ ਦੀ ਲਿੱਪੀ ਵਿੱਚ ਸਿੰਧ ਦਰਿਆ ਦੇ ਉਤਰੀ ਖਿੱਤੇ ਦਾ ਨਾਂ ਗੰਧਾਰ ਹੈ ਪਰ ਉਧਰ ਦੀ ਪੁਰਾਣੀ ਆਕਾਡ ਲਿੱਪੀ ਵਿੱਚ Para-uparisaina ਮਤਲਬ ਕਿ (ਹਿੰਦੂਕੁਸ਼ ਦੇ) ਪਾਰਲਾ ਇਲਾਕਾ। ਭਾਗਾਸਤਾਨ (Bahishtun) ਸ਼ਿਲਾਲੇਖ ਤੋਂ ਪਤਾ ਲੱਗਦਾ ਕਿ ਆਰੀਆਵਾ ਦੇ ਜੋਰ ਫੜਨ ਨਾਲ ਕੇਵਲ ਪੰਜਾਬ ਦਾ ਨਾਂ ਹੀ ਮਲੂਹਾ ਤੋਂ ਹਿੰਦ ਨਹੀਂ ਹੋਇਆ ਪਰਾਉਪਰੀਸੈਨਾ ਵੀ ਗੰਧਾਰ ਜਾਣਿਆ ਜਾਣ ਲੱਗਾ।
ਜਾਣਕਾਰੀ ਹਿੱਤ: ਇਸਲਾਮ ਤੋਂ ਪਹਿਲਾਂ ਵਾਲੇ ਪਰਸ਼ੀਅਨ (ਉਜਬੇਕਿਸਤਾਨ ਤੋਂ ਲੈਕੇ ਈਰਾਕ ਤੱਕ) ਅੱਗ, ਪਾਣੀ, ਹਵਾ ਨੂੰ ਪਵਿੱਤਰ ਮੰਨਣ ਵਾਲੇ ਅਤੇ ਇੰਦਰ, ਵਰੁਨ, ਮਿੱਤਰਾ ਵਰਗੇ ਦੇਵਤਿਆਂ ਦੇ ਪੁਜਾਰੀ ਸਨ। ਇੰਨਾਂ ਦੇਵਤਿਆਂ ਤੋਂ ਉੱਪਰ ਅਹੂਰਾ ਮਾਜਦਾ (ਅਸੁਰ ਮਹਾਨ) ਨੂੰ ਰੱਬ ਮੰਨਦੇ ਸਨ। ਪੱਛਮ ਵੱਲ ਦੇ ਪਾਰਸੀ ਆਪਣੇ ਆਪ ਨੂੰ ਅਸੁਰ ਵੀ ਅਖਵਾਉਂਦੇ ਸਨ। ਅਸੁਰ ਅਤੇ ਦੇਵ ਨੂੰ ਅੱਜ ਦੇ ਸਮੇਂ ਵਿੱਚ ਆਰੀਆਵਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਾਂਗ ਵੀ ਦੇਖਿਆ ਜਾ ਸਕਦਾ ਹੈ। ਬੇਦਾਂ ਵਾਲੇ ਦੇਵ ਸਨ, ਪਰ ਬੇਦਿਕ ਦੇਵਤਿਆਂ ਦੇ ਉਪਰ ਦੀ ਸਰਬਵਿਆਪੀ ਰੱਬ ਅਹੂਰਾ ਮਾਜਦਾ (ਅਸੁਰ ਮਹਾਨ) ਨੂੰ ਮੰਨਣ ਵਾਲੇ ਅਸੁਰ ਅਖਵਾਏ।
ਇਥੇ ਇਹ ਚਰਚਾ ਕਰਨੀ ਵੀ ਜਰੂਰੀ ਹੈ ਕਿ ਈਰਾਨੀ (ਆਰੀਆਈ) ਲੋਕਾਂ ਨੂੰ ਸੱਸਾ ਬੋਲਣ ਵਿੱਚ ਕੋਈ ਤਖਲੀਫ ਨਹੀਂ ਸੀ। ਉਨਾਂ ਦੀ ਰਾਜਧਾਨੀ ਦਾ ਨਾਂ ਸੂਸਾ ਸੀ, ਜਿਸ ਵਿੱਚ ਦੋ ਸੱਸੇ ਆਉਦੇਂ ਸਨ। ਇਸ ਵਿਸ਼ੇ ਦਾ ਵਿਸਥਾਰ ਇਸ ਲਿੰਕ ਉਤੇ ਪੜਿਆ ਜਾ ਸਕਦਾ ਹੈ। ਹਾਹਾ ਅਤੇ ਸੱਸਾ ਦਾ ਅਦਲਾਬਦਲੀ ਅਤੇ ਪੰਜਾਬੀ ਪੜੋ
ਸ਼ਹਿਨਸ਼ਾਹ ਦਾਰਾ ਤੋਂ ਬਾਅਦ ਯਰਕਸੀਜ (ਕਸ਼ਰਸ਼ਾ) ਦੇ ਮਕਬਰੇ ਉਤੇ ਵੀ ਸਿੰਧ ਦਰਿਆ ਦੇ ਤਿੰਨਾਂ ਸੂਬਿਆਂ ਦੇ ਫੌਜੀ ਦੇਖੇ ਜਾ ਸਕਦੇ ਹਨ। ਹਾਕਾਮਨੀਸ਼ ਸਾਮਰਾਜ ਤੋਂ 700-800 ਸਾਲ ਬਾਅਦ ਸਾਸਾਨੀ ਸਾਮਰਾਜ ਦੇ ਈਰਾਨੀ ਰਾਜੇ ਸ਼ਾਪੁਰ ਨੇ ਆਪਣੇ ਕਾਬਾ-ਏ-ਯਰਧੂਸ਼ਟ (Ka’ba-ye Zartosht) ਸ਼ਿਲਾਲੇਖ ਵਿੱਚ ਪੰਜਾਬ ਦਾ ਨਾਂ ਹਿੰਦੀਸਤਾਨ (hndstn) ਦਰਜ ਕੀਤਾ ਹੈ। ਸ਼ਾਪੁਰ ਪਹਿਲੇ ਦੇ ਸਮੇਂ ਪੰਜਾਬ ਨੂੰ ਪੂਰਾ ਹਿੰਦੋਸਤਾਨ ਲਿਖਿਆ ਮਿਲਦਾ ਹੈ। ਇਥੇ ਸਾਰੇ ਸਮਤਲ ਇਲਾਕੇ ਦਾ ਨਾਂ ਹਿੰਦੀਸਤਾਨ ਹੈ, ਜਿਸ ਉਤੇ ਰਾਜ ਦਾ ਜਿਕਰ ਰੋਮਨ ਦਸਤਾਵੇਜ ਵੀ ਕਰਦਾ ਹਨ ਅਤੇ ਬਾਕੀ ਭਾਰਤ ਉਤੇ ਸ਼ਾਪੁਰ ਦਾ ਕਦੇ ਰਾਜ ਨਹੀਂ ਰਿਹਾ। ਸ਼ਾਪੁਰ ਪੰਜਾਬ ਦੇ ਸਾਰੇ ਪਹਾੜੀ ਇਲਾਕੇ ਦਾ ਨਾਂ ਕੁਸ਼ਾਨਸ਼ਾਹ ਲਿਖਿਆ ਹੈ। ਲੱਗਦਾ ਹੈ ਇਥੋਂ ਟੈਕਸ ਇਕੱਤਰ ਕਰਨ ਵਾਲੇ ਕੁਸ਼ਾਨ ਹੋਣਗੇ ਤਾਂ ਉਸ ਨੇ ਰਾਜ ਦਾ ਨਾਂ ਹੀ ਕੁਸ਼ਾਣਸ਼ਾਹ ਲਿਖ ਦਿੱਤਾ।
ਧਿਆਨਯੋਗ ਗੱਲ ਹੈ ਕਿ ਈਰਾਨ ਵਿੱਚ ਸਤਾਨ (ਹਿੰਦੀਸਤਾਨ) ਮਿਲਦਾ ਹੈ ਪਰ ਰਾਜਸਥਾਨ ਵਿੱਚ ਸਥਾਨ ਹੈ। ਪਰ ਦੇਵ ਗ੍ਰੰਥ ਬੇਦਾਂ ਵਿੱਚ ਸਤਾਨ ਵਰਤਿਆ ਗਿਆ ਅਤੇ ਅਸੁਰ ਗ੍ਰੰਥ ਜੇਂਦ ਅਵੇਸਤਾ ਵਿੱਚ ਤੱਤੇ ਦੀ ਥਾਂ ਥੱਥਾ ਹੈ ਅਤੇ ਸਥਾਨ ਵਰਤਿਆ ਗਿਆ ਹੈ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਕਿ ਬੋਲੀ ਦੇ ਤੌਰ ਤੇ ਅਸੁਰ ਅਤੇ ਦੇਵ ਬਹੁਤੇ ਵੱਖਰੇ ਨਹੀਂ ਸਨ। ਬੇਦਾਂ ਵਿੱਚ ਮਿਤਰਾ ਦੇਵਤਾ ਹੈ, ਮੱਥਰਾ ਸ਼ਹਿਰ ਵਿੱਚ ਥੱਥਾ ਹੈ ਪਰ ਉਥੇ ਰਾਜ ਕਰਨ ਵਾਲਾ ਮਿੱਤਰਾ ਸਾਮਰਾਜ ਹੈ। ਜਦੋਂ ਕਿ ਅਸੁਰਾ ਦੇ ਗ੍ਰੰਥ ਜੇਂਦ ਅਵੇਸਤਾ ਵਿੱਚ ਮਿੱਤਰਾ ਨੂੰ ਮਿਥਰਾ ਲਿਖਿਆ ਗਿਆ ਹੈ। ਕੋਈ ਮਾਹਰ ਕਾਰਨ ਨਹੀਂ ਦੱਸਦਾ ਕਿ ਗ੍ਰੰਥਾ ਦੇ ਹਿਸਾਬ ਨਾਲ ਮਥਰਾ ਦਾ ਨਾਂ ਮਿਤਰਾ ਕਿਉ ਨਹੀਂ ਹੈ। ਵਿਸਥਾਰ ਪੜੋ
- https://parthiansources.com/texts/skz/skz-3/
- https://en.wikipedia.org/wiki/Hindush#cite_note-9
- https://www.iranicaonline.org/articles/achaemenid-satrapies 6.5
Malwa ਮਾਲਵਾ
ਪੰਜਾਬ ਅੰਦਰ ਮਾਲਵਾ ਇੱਕੋ ਇੱਕ ਨਾਂ ਹੈ ਜਿਸ ਦੀ 2300 ਸਾਲ ਤੋਂ ਲਗਾਤਾਰ ਵਰਤੋਂ ਦੇ ਦਾ ਜ਼ਿਕਰ ਮਿਲਦਾ ਹੈ, ਹੋ ਸਕਦਾ ਹੈ ਕਿ ਇਸ ਤੋਂ ਵੀ ਪੁਰਾਣਾ ਹੋਵੇ। ਮਾਲਵਾ ਦੇ ਸਿੱਕੇ ਮਿਲਦੇ ਹਨ, ਇਤਿਹਾਸ ਹੈ। ਜਿਸ ਦੇ ਰਾਜਿਆਂ, ਲੋਕਾਂ ਅਤੇ ਸ਼ਹਿਰਾਂ ਵਾਰੇ ਪਤਾ ਲੱਗਦਾ। ਮਾਲਵੇ ਦੇ ਸਿੱਕੇ, ਪੱਥਰੀਲੇਖ ਅੱਜ ਵੀ ਦੇਖੇ, ਛੂਹੇ ਤੇ ਪਰਖੇ ਜਾ ਸਕਦੇ ਹਨ। ਭਾਰਤ ਵਿੱਚ ਪੁਰਾਤਨ ਗਣ ਸੰਘਾਂ ਦਾ ਜਿਕਰ ਮਿਲਦਾ ਹੈ। ਇਕੋ ਇਕ ਮਾਲਵ ਗਣ ਹੈ, ਜਿਸ ਦੇ ਸਿੱਕਿਆਂ ਉਤੇ ਮਾਲਵ ਗਣ ਲਿਖਿਆ ਮਿਲਦਾ ਹੈ।
ਮਾਲਵੇ ਦਾ ਇਤਿਹਾਸ ਲਿੰਕ
ਥੇਹਖੋਜੀ ਮਾਹਰਾਂ ਨੇ ਪੰਜਾਬ ਦਾ ਪਹਿਲਾ ਨਾਂ ਮਲੂਹਾ ਲਿਖਿਆ ਲੱਭਿਆ ਹੈ। ਮਲੂਹੇ ਤੋਂ ਮਾਲਵੇ ਤੱਕ ਦਾ ਸ਼ਬਦੀ ਸਫਰ ਸਮਝਿਆ ਜਾ ਸਕਦਾ ਹੈ। ਮਲੂਹਾ ਤੇ ਮਾਲਵਾ ਦਾ ਇਤਿਹਾਸ ਦਸਤਾਵੇਜ਼ ਹੈ ਅਤੇ ਲਗਾਤਾਰਤਾ ਵੀ ਸਿੱਧ ਹੁੰਦੀ ਹੈ। ਇਹ ਕੋਈ ਮੂੰਹ-ਜਬਾਨੀ ਯਾਦ ਰੱਖਿਆ ਗੱਲਾਂ ਨਹੀਂ ਸਗੋਂ ਥੇਹਗਿਆਨ (archaeology) ਦੇ ਸਬੂਤਾਂ ਤੇ ਅਧਾਰਤ ਤੱਥ ਹਨ। ਮਲਵੀਆਂ ਦੇ ਇਤਿਹਾਸ ਤੋਂ ਪੁਰਾਣੇ ਪੰਜਾਬੀਆਂ ਵਲੋਂ ਭਾਰਤ ਦੇ ਕਈ ਹਿੱਸਿਆਂ ਵਿੱਚ ਸੱਭਿਅਤਾ ਫੈਲਾਉਣ ਦਾ ਵੀ ਪਤਾ ਲੱਗਦਾ।
ਮਾਲਵਾ ਇੱਕ ਇਤਿਹਾਸਕ ਨਾਂ ਹੈ। ਇਸ ਉੱਤੇ ਬਹੁ ਪੱਖੀ ਖੋਜ ਹੋ ਚੁੱਕੀ ਹੈ ਅਤੇ ਬਹੁਤ ਕੁੱਝ ਲਿਖਿਆ ਗਿਆ ਹੈ। ਇਸ ਲੇਖ ਵਿੱਚ DC Sircar ਅਤੇ AC Banerji ਵੱਲੋਂ ਲਿਖੇ ਨੂੰ ਆਧਾਰ ਬਣਾਵਾਂਗੇ। ਹੋਰ ਵਿਸਥਾਰ ਲਈ ਉਨਾਂ ਦੀਆਂ ਲਿਖਤਾਂ ਤੁਸੀਂ ਆਪ ਵੀ ਪੜ੍ਹ ਸਕਦੇ ਹੋ। ਮਾਲਬ ਦੇ ਮਲੀ ਜਾਂ ਮੱਲ ਮਲੂਹਾ ਦੇ ਵਾਰਸ ਵੀ ਸਨ। ਜਦੋਂ ਇਹ ਪੰਜਾਬ ਵਿਚੋਂ ਬਾਕੀ ਭਾਰਤ ਵਿੱਚ ਫੈਲੇ ਤਾਂ ਆਪਣੇ ਨਾਲ ਪੰਜਾਬ ਦਾ ਕਲੰਡਰ ਵੀ ਲੈ ਗਏ। ਜਿਸ ਨੂੰ ਪੰਜਾਬ ਵਿੱਚ Azes ਕਲੰਡਰ ਕਿਹਾ ਗਿਆ, ਪਰ ਅੱਜ ਬਿਕਰਮੀ ਕਲੰਡਰ ਕਹਾਉਦਾਂ। ਮਾਲਵਾ ਨੇ ਉਸ ਨੂੰ ਕੱਤਾ ਕਿਹਾ, ਕਈਆਂ ਨੇ ਉਸ ਨੂੰ ਮਾਲਵ ਕਲੰਡਰ ਵੀ ਕਿਹਾ।
ਮਾਲਵ ਦੇਸ਼ ਦਾ ਪਹਿਲਾ ਇਤਿਹਾਸਕ ਜ਼ਿਕਰ ਸਿਕੰਦਰ ਨਾਲ ਲਿਖਾਰੀਆਂ ਨੇ 2351 ਸਾਲ ਪਹਿਲਾਂ 326 BCE ਵਿੱਚ ਕੀਤਾ। ਚੰਗਾ ਕਿਹਾ ਜਾਵੇ ਜਾਂ ਮਾੜਾ ਪਰ ਸਿਕੰਦਰ ਦੇ ਹਮਲੇ ਕਾਰਨ ਅੱਜ ਸਾਨੂੰ 2300 ਸਾਲ ਪੁਰਾਣੇ ਪੰਜਾਬ ਦੇ ਇਤਿਹਾਸ ਵਾਰੇ ਬਾਕੀ ਸਾਰੇ ਦੌਰਾਂ ਨਾਲੋਂ ਵੱਧ ਪਤਾ ਲੱਗਦਾ ਹੈ। ਗਰੀਕ ਕਾਲ ਦੇ 300-400 ਸਾਲ ਦਾ ਪ੍ਰਾਪਤ ਇਤਿਹਾਸ ਅਗਲੇ ਹਜ਼ਾਰ ਸਾਲ ਨਾਲੋਂ ਵੀ ਵੱਧ ਹੈ। ਗਰੀਕਾਂ ਨੇ ਪੰਜਾਬ ਦੇ ਕਬੀਲਿਆਂ, ਉਨਾਂ ਦੇ ਰਹਿਣ ਸਹਿਣ, ਰਾਜ-ਪ੍ਰਬੰਧ, ਦਿੱਖ ਆਦਿ ਬਾਰੇ ਕਾਫੀ ਵਿਸਥਾਰ ਦਿੱਤਾ ਹੈ।
ਉਹ ਲਿਖਦੇ ਨੇ ਕਿ ਝਨਾਂ ਤੇ ਰਾਵੀ ਦੇ ਰਲੇਵੇਂ ਤੋਂ ਉੱਤਰ ਵਾਲੇ ਪਾਸੇ ਮਲੋਈ ਲੋਕ ਰਹਿੰਦੇ ਨੇ। ਗਰੀਕਾਂ ਨੇ ਇਸ ਕਬੀਲੇ ਦੇ ਮਲੋਈ, ਮਲੀ, ਮਾਲਵ (Malloi) ਨਾਂ ਵੀ ਵਰਤੇ ਹਨ। 2300 ਸਾਲ ਪਹਿਲਾਂ ਅੱਜ ਦਾ ਝੰਗ ਅਤੇ ਸਾਹੀਵਾਲ ਇਲਾਕਾ ਇੰਨਾਂ ਦਾ ਗੜ੍ਹ ਸੀ। ਇੰਨਾਂ ਦੀ ਰਾਜਧਾਨੀ ਜਾਂ ਮੁੱਖ ਸ਼ਹਿਰ ਮੁਲਤਾਨ ਜਾਂ ਉਸ ਨੇੜੇ ਸੀ, ਅਤੇ ਰਾਵੀ ਦੇ ਕੰਢਿਆ ਉੱਤੇ ਵੀ ਕਈ ਵੱਡੇ ਵਸੇਬ ਸਨ। ਮਾਲਵ ਲੋਕਾਂ ਦੇ ਨਾਲ ਹੀ ਬਹੁਤੇ ਥਾਂ ਕਸ਼ੂਦਕ ਕਬੀਲੇ (Ksudraka) ਦਾ ਵੀ ਜ਼ਿਕਰ ਆਉਂਦਾ। ਰੋਮਨ ਲਿਖਾਰੀ Curtius ਤੇ Diodorus ਨੇ ਕਸ਼ੂਦਕ ਦੀ ਥਾਂ ਸ਼ੂਦਰ ਨਾਲ ਮਿਲਦੇ ਜੁੜਦੇ ਸ਼ਬਦ Sudracae ਤੇ Syrakusoi ਵਰਤੇ ਹਨ। ਹਾਰਵਰਡ ਯੂਨੀਵਰਸਿਟੀ ਦਾ ਪ੍ਰਸਿੱਧ ਇਤਿਹਾਸਕਾਰ ਮਾਈਕਲ ਵਿਟਜਲ ਕਹਿੰਦਾ ਹੈ ਕਿ ਇਨਾਂ ਕਸ਼ੂਦਕਾਂ ਤੋਂ ਹੀ ਬਾਅਦ ਵਿੱਚ ਸ਼ੂਦਰ ਨਾਂ ਬਣਿਆ। ਪੰਜਾਬ ਵਿੱਚ ਸ਼ੂਦਰ ਇੱਕ ਕਬੀਲਾ ਸੀ, ਜੋ ਬਾਅਦ ਵਿੱਚ ਇੱਕ ਵੱਡੇ ਵਰਗ ਲਈ ਵਰਤਿਆ ਜਾਣ ਲੱਗਾ। ਕਸ਼ੂਦਕ ਕਬੀਲੇ ਦਾ ਇਲਾਕਾ ਮਾਲਬਾਂ ਦੇ (ਮੁਲਤਾਨ) ਦੱਖਣ ਤੋਂ ਲੈ ਕੇ ਅੱਜ ਦੇ ਸਿੰਧ ਸੂਬੇ ਦੇ ਉੱਤਰ ਤੱਕ ਸੀ। ਮਾਲਬਾ ਦੇ ਪੱਛਮ ਵਿੱਚ ਜਿਹਲਮ ਦੇ ਪੱਛਮੀ ਕੰਢੇ ਤੇ ਸਿਬੀਆ (Siboi) ਕਬੀਲਾ ਵਸਦਾ ਸੀ।
ਸਿਕੰਦਰ ਦਾ ਮਾਲਬਾਂ ਅਤੇ ਸ਼ੂਦਕਾਂ ਨੇ ਡੱਟ ਕੇ ਮੁਕਾਬਲਾ ਕੀਤਾ। ਜਦੋਂ ਕਿ ਸਿਬਿਆਂ ਨੇ ਆਪਣੇ ਤੌਰ ਤੇ ਇਕੱਲੇ ਜਿੰਨਾ ਹੋ ਸਕਿਆ ਉਨਾਂ ਰਾਹ ਡੱਕਿਆ। ਗਰੀਕਾਂ ਨੇ ਪੋਰਸ ਨੂੰ ਆਪਣੇ ਪ੍ਰੋਪੇਗੰਡੇ ਲਈ ਬਹੁਤ ਵਰਤਿਆ। ਰੋਮਨ ਇਤਿਹਾਸਕਾਰ ਜਸਟਿਨ ਲਿਖਦਾ ਹੈ ਕਿ ਇਤਿਹਾਸ ਪੜ੍ਹਨ ਤੇ ਇਵੇਂ ਲੱਗਦਾ ਕਿ ਸਿਕੰਦਰ ਭਗਤੀ ਹੋ ਰਹੀ ਹੈ ਇਤਿਹਾਸ ਨਹੀਂ ਲਿਖਿਆ ਗਿਆ। ਪੋਰਸ ਨੇ ਕੇਵਲ ਸਿਕੰਦਰ ਦੀ ਅਧੀਨਗੀ ਹੀ ਨਹੀਂ ਮੰਨੀ ਸਗੋਂ ਸਿਕੰਦਰ ਨਾਲ ਰਲ੍ਹ ਕੇ ਬਿਆਸ ਤੱਕ ਦਾ ਇਲਾਕਾ ਵੀ ਫ਼ਤਿਹ ਕਰਵਾਇਆ। ਦੂਜੇ ਪਾਸੇ ਮਲੀਆਂ (ਮਾਲਬਾਂ) ਤੇ ਕਸ਼ੂਦਕਾਂ ਨੇ ਮੁਲਤਾਨ ਵਿੱਚ ਸਿਕੰਦਰ ਦੀ ਐਨੀ ਬੁਰੀ ਹਾਲਤ ਕੀਤੀ ਕਿ ਉਸ ਦੀ ਫ਼ੌਜ ਨੂੰ ਕਈ ਦਿਨ ਯਕੀਨ ਨਹੀਂ ਆਇਆ ਕਿ ਸਿਕੰਦਰ ਬਚ ਗਿਆ ਹੈ ਮਰਿਆ ਨਹੀਂ। ਸਿਕੰਦਰ ਦੇ ਜਰਨੈਲਾਂ ਨੇ ਉਸ ਨੂੰ ਬੇੜੀ ਵਿੱਚ ਪਾ ਕੇ ਜਿਹਲਮ ਦਰਿਆ ਵਿੱਚ ਫੌਜ ਮੂਹਰੇ ਘੁਮਾਇਆ ਤਾਂ ਕਿ ਫ਼ੌਜ ਦਾ ਚਿੱਤ ਟਿਕ ਸਕੇ ਕਿ ਉਹ ਹਾਲੇ ਜਿਉਂਦਾ। ਸਿਕੰਦਰ ਤੋਂ ਲੜਾਈ ਹਾਰਨ ਤੋਂ ਬਾਅਦ ਵੀ ਮਾਲਬ ਤੇ ਕਸ਼ੂਦਕਾਂ ਨੇ ਗੁਰੀਲਾ ਜੰਗ ਜਾਰੀ ਰੱਖੀ ਅਤੇ ਸਿਕੰਦਰ ਦੀ ਅਧੀਨਗੀ ਨਹੀਂ ਮੰਨੀ।
ਸੰਸਕ੍ਰਿਤ ਦੇ ਲਿਖਾਰੀ ਪਾਨਣੀ ਨੇ ਪੰਜਾਬ ਦੇ ਕਿਸੇ ਕਬੀਲੇ ਦੇ ਨਾਂ ਦਾ ਤਾਂ ਜ਼ਿਕਰ ਨਹੀਂ ਕੀਤਾ ਪਰ ਸਲੋਕ V. 3. 114 ਵਿੱਚ ਦੱਸਿਆ ਕਿ ਪੰਜਾਬ (ਬਹੀਕ ਦੇਸ) ਵਿੱਚ ਤਲਵਾਰ ਦੀ ਧਾਰ ਤੇ ਜਿਊਣ ਵਾਲੇ ਖਾੜਕੂ ‘ਅਯੁਧਜੀਵੀ‘ ਕਬੀਲੇ ਵੱਸਦੇ ਨੇ। (tribes living by the profession of arms, âyudhajïvî samgha). ਪਤੰਜਲੀ (Patañjali IV. 1. 68) ਵੀ ਪੰਜਾਬ ਦੇ ਅਣਖੀ ਯੋਧੇ ਲੋਕਾਂ ਵਾਰੇ ਨਾਂ ਲਿਖੇ ਬਿਨਾਂ ਗੱਲ ਕਰਦਾ ਹੈ।
ਇਤਿਹਾਸਕਾਰ DC Sircar ਅਤੇ A.C. Banerji ਦੋਵੇਂ ਅਯੁਧਜੀਵੀ ਨੂੰ ਝਨਾਂ, ਜੇਹਲਮ ਤੇ ਰਾਵੀ ਇਲਾਕੇ ਵਿੱਚ ਵੱਸਣ ਵਾਲੇ ਮਾਲਬ ਤੇ ਸ਼ੂਦਕ ਮੰਨਦੇ ਨੇ। ਇਹ ਕਬੀਲੇ ਪੁਰਾਤਨ ਮਾਲਵੇ ਦੇ ਬਾਸ਼ਿੰਦੇ ਸਨ। A.C. Banerji ਲਿਖਦਾ ਕਿ ਮੁਲਤਾਨ ਹਾਰਨ ਤੋਂ ਬਾਅਦ 50,000 ਮਾਲਬ ਰਾਵੀ ਦੇ ਕੰਢਿਆਂ ਤੇ ਉੱਤਰ ਵੱਲ ਆ ਗਏ। ਸਿਕੰਦਰ ਵੇਲੇ ਜੇ ਕੋਈ ਮਾਲਵੇ ਦੀ ਗੱਲ ਕਰਦਾ ਹੋਊ ਤਾਂ ਉਹ ਮਾਲਵਾ ਅੱਜ ਦੇ ਮੁਲਤਾਨ ਤੇ ਸਾਹੀਵਾਲ ਵਿਚਾਲੇ ਵੱਸਦਾ ਸੀ। ਇਤਿਹਾਸ ਵਿੱਚਲੇ ਵੇਰਵਿਆਂ ਤੋਂ ਪੁਰਾਤਨ ਮਲਵਈਆਂ ਦੀ ਸਿਫਤ ਕਰੇ ਬਿਨਾਂ ਨਹੀਂ ਰਿਹਾ ਜਾ ਸਕਦਾ। ਇੰਨਾਂ ਨੇ ਪੋਰਸ ਵਾਂਗ ਨਾ ਤਾਂ ਸਿਕੰਦਰ ਦੀ ਈਨ ਮੰਨੀ, ਨਾ ਹੀ ਉਸ ਤੋਂ ਰਾਜ ਦੀ ਝਾਖ ਰੱਖੀ। ਉਹ ਲੋਕ ਅਣਖ ਲਈ ਲੜਦੇ ਰਹੇ। ਸ਼ਾਇਦ ਇਸੇ ਕਰਕੇ ਗਰੀਕਾਂ ਨੇ ਪੋਰਸ ਨੂੰ ਆਪਣੇ ਪ੍ਰੋਪੇਗੰਡੇ ਲਈ ਪੂਰਾ ਵਰਤਿਆ ਪਰ ਇੰਨਾਂ ਲੋਕਾਂ ਵਾਰੇ ਪੋਰਸ ਮੁਕਾਬਲੇ ਬਹੁਤ ਘੱਟ ਲਿਖਿਆ। ਜਨਰਲ ਕਨਿੰਗਹੈਮ ਅਨੁਸਾਰ ਮੁਲਤਾਨ, ਕੋਟ ਕਮਾਲੀਆ ਤੇ ਤਲੂੰਮਬਾ ਪੁਰਾਤਨ ਮਲਵਈਆਂ ਦੇ ਵੱਡੇ ਕੇਂਦਰ ਸਨ। ਮਲਵਈਆਂ ਦੀ ਵੱਡੀ ਆਬਾਦੀ ਝਨਾਂ ਦੇ ਕੰਢਿਆਂ ਤੇ ਵੱਸਦੀ ਸੀ ਅਤੇ ਰਵੀ ਦੁਆਲੇ ਵੀ ਬਹੁਤ ਪਿੰਡ ਸ਼ਹਿਰ ਸਨ।
ਮੌਰੀਆ ਕਾਲ ਵੇਲੇ ਵੀ ਦੱਸਦੇ ਹਨ ਕਿ ਪੰਜਾਬ ਵਿੱਚ ਬਗਾਵਤਾਂ ਹੁੰਦੀਆਂ ਰਹਿੰਦੀਆਂ ਸਨ। ਪਾਲੀ ਦੇ ਗ੍ਰੰਥ ਅਸ਼ੋਕਾਵਾਧਾਨ ਵਿੱਚ ਲਿਖਿਆ ਹੈ ਕਿ ਬਿਰਹੱਦਰ ਨੇ ਆਪਣੇ ਪੁੱਤ ਅਸ਼ੋਕ ਨੂੰ ਬਗਾਵਤ ਕਾਬੂ ਕਰਨ ਲਈ ਪੰਜਾਬ ਵਿੱਚ ਤਖਸਿਲਾ ਦਾ ਗਵਰਨਰ ਬਣਾ ਕੇ ਭੇਜਿਆ ਸੀ। ਉਹ ਬਗਾਵਤੀ ਵੀ ਪੰਜਾਬ ਦੇ ਲੱਜਪਾਲ ਪੁੱਤ ਮਾਲਬ ਤੇ ਕਸ਼ੂਦਕ ਲੋਕ ਹੀ ਹੋਣਗੇ।
ਈਸਾ ਬਾਅਦ ਪਹਿਲੀ ਸਦੀ ਵਿੱਚ ਪੱਛਮੀ ਪੰਜਾਬ ਦੇ ਲੋਕ ਸਤਲੁੱਜ ਦੇ ਪੂਰਬ ਵਿੱਚ ਵਸਣ ਦਾ ਅੰਦਾਜ਼ਾ ਲਾਇਆ ਜਾਂਦਾ ਹੈ। ਲੁਦੇਹਾਣੇ ਦੇ ਸਨੇਤ, ਖੋਕਰਾਕੋਟ ਰੋਹਤਕ, ਜੀਂਦ ਤੇ ਥਾਨੇਸਰ ਨੇੜਿਓਂ ਥੇਹਾਂ ਵਿੱਚੋ ਤੋਂ ਯੋਧਿਆ ਗਣ ਦੇ ਸਿੱਕੇ ਮਿਲੇ ਹਨ। ਯੋਧੇਗਣ ਦੇ ਥੇਹਾਂ ਵਿੱਚੋਂ ਬਹੁਤ ਸਬੂਤ ਮਿਲਦੇ ਹਨ। ਬ੍ਰਿਟਿਸ਼ ਮਿਉਜੀਅਮ ਦੀ ਵੈਬਸਾਇਟ ਦੱਸਦੀ ਹੈ ਕਿ ਬਹਾਵਲਪੁਰ ਤੋਂ ਕਾਂਗੜਾ, ਸਹਾਰਨਪੁਰ, ਸਿਰਸਾ, ਭਰਤਪੁਰ ਤੱਕ ਯੋਧੇਗਣ ਦਾ ਵਿਸ਼ਾਲ ਖੇਤਰ ਸੀ। ਪਾਨਣੀ ਸਲੋਕ IV.2.75 ਵਿੱਚ ਸੁਨੇਤ (ਲੁਦੇਹਾਣਾ) ਦਾ ਸੁਨੇਤਰਾ ਨਾਂ ਨਾਲ ਪ੍ਰਮੁੱਖ ਰਾਜਸੀ ਤਾਕਤ ਵਾਲੇ ਕੇਂਦਰ ਵਜੋਂ ਜ਼ਿਕਰ ਕਰਦਾ ਹੈ। ਇੰਨੇ ਵੱਡੇ ਖੇਤਰ ਤੇ ਕਾਬਜ਼ ਹੋਣ ਤੋਂ ਬਾਅਦ ਵੀ ਵੀ ਯੋਧੇਗਣ ਦੀ ਗਿਣਤੀ ਮਹਾਜਨਪਦ ਵਿੱਚ ਨਹੀਂ ਹੈ।
ਯੋਧੇ ਲੋਕਾਂ ਦੇ ਸਿਕਿਆਂ ਉਤੇ ਮਾਲਵ ਨਹੀਂ ਲਿਖਿਆ ਮਿਲਦਾ। ਪਰ B. Sahni ਅਤੇ R. Burn ਆਪਣੇ ਖੋਜ ਪੱਤਰਾਂ ਵਿੱਚ ਦੱਸਦੇ ਹਨ ਕਿ ਪਹਿਲੀ-ਦੂਜੀ ਸਦੀ ਦੇ ਸਤਲੁਜ ਦੇ ਪੂਰਬ ਵੱਲੋਂ ਲੱਭੇ ਯੋਧੇ ਲੋਕਾਂ ਦੇ ਸਿੱਕਿਆਂ ਅਤੇ ਬਾਅਦ ਵਿੱਚ ਮਾਲਬ ਗਣ ਦੇ ਸਿਕਿਆਂ ਵਿੱਚ ਫਰਕ ਨਹੀਂ ਹੈ। B. Sahni ਲਿਖਦਾ ਕਿ ਸਨੇਤ ਤੋਂ ਲੱਭੇ ਸਿਕਿਆਂ ਅਤੇ ਟਕਸਾਲ ਵਿਚ ਸਿਕੇ ਢਾਲਣ ਲਈ ਵਰਤੇ ਜਾਣ ਵਾਲੇ ਫਰਮੇ (coin moulds) ਉਤੇ ‘ਯੋਧਿਆਗਣਾ ਜੈ’ (Yaudheya-gana-sya-jaya) ਜੈਪੁਰ ਰਾਜ ਦੇ ਨਾਗਰਚਲ ਤੋਂ ਮਿਲੇ ‘ਮਾਲਬ ਗਣ ਜੈ’ ਇਕੋ ਤਰਜ ਦੇ ਹਨ। ਦੋਵਾਂ ਉਤੇ ਇਕੋ ਤਰਾਂ ਦੀ ਬ੍ਰਾਹਮੀ ਲਿਪੀ ਹੈ। ਥੇਹ ਸਬੂਤਾਂ (archeological evidence) ਤੋਂ ਕਹਿ ਸਕਦੇ ਹਾਂ ਕਿ ਹੜੱਪਾ ਵੇਲੇ ਤੋਂ ਪੱਛਮੀ ਪੰਜਾਬ (ਜੇਹਲਮ-ਝਨਾਂ-ਰਾਵੀ) ਵਿੱਚ ਵਸਦੇ ਮਲ਼ੀ, ਮਾਲਬ ਜਾਂ ਮਲਵਈਆਂ ਵਿੱਚੋਂ ਕਈ ਈਸਾ ਬਾਅਦ ਪਹਿਲੀ ਵਿੱਚ ਸਤਲੁਜ ਪਾਰ ਜਮਨਾ ਤੱਕ ਵਸ ਚੁੱਕੇ ਸਨ।
1860-70 ਨੇੜੇ ਅੰਗਰੇਜ਼ ਅਫਸਰ Carllyl ਨੇ ਰਾਜਪੂਤਾਨਾ ਦੇ ਨਾਗਰ ਵਿੱਚੋਂ ਮਾਲਵਾਂ ਦੇ 600 ਸਿੱਕੇ ਲੱਭੇ ਅਤੇ ਉਨਾਂ ਤੋਂ 40 ਮਾਲਵ ਰਾਜਿਆਂ ਦੇ ਨਾਂ ਵੀ ਪੜ੍ਹੇ। 1923 ਵਿੱਚ R. O. Douglas ਨੇ ਇਨਾਂ ਸਿੱਕਿਆਂ ਵਿੱਚੋਂ ਬਹੁਤ ਦਿਲਚਸਪ ਤੱਥ ਲੱਭਿਆ। ਜਿਵੇਂ ਅੱਜ as soon as possible ਨੂੰ ASAP ਲਿੱਖ ਦਿੰਦੇ ਨੇ, ਉਸੇ ਤਰਜ ਉਤੇ ਮਲਵੀਆਂ ਨੇ ਸਤਲੁਜ ਤੋਂ ਪਰੇ ਜਾ ਕੇ ਸਿਕਿਆਂ ਤੇ Magaja, Magojaya, Majupa, Mayojapa, Mapaya ਲਿਖਿਆ। ਇਹ Malwa Ganasya Jayah ਨੂੰ ਛੋਟੇ ਕਰਕੇ Ma Ga Ja ਬਣਾ ਦਿਤਾ। ਵਧੇਰੇ ਜਾਣਕਾਰੀ ਲਈ A.C. Banerji ਦੇ ਲੇਖ ਦਾ 224 ਪੰਨਾ ਪੜ੍ਹੀਆ ਜਾ ਸਕਦਾ ਹੈ। ਇਹ ਅੰਗਰੇਜ਼ੀ ਵਿੱਚ ਵਰਤੇ ਜਾਣ ਵਾਲੇ acronym ਵਿਧੀ ਦੀ ਦੁਨੀਆਂ ਵਿੱਚ ਪਹਿਲੀ ਉਦਾਹਰਣ ਹੈ।
ਜੇਹਲਮ-ਝਨਾਂ ਤੋਂ ਤੁਰ ਕੇ ਸਤਲੁਜ-ਜਮਨਾ ਦੁਆਬ ਤੋਂ ਬਾਅਦ ਪੁਰਾਤਨ ਪੰਜਾਬੀਆਂ ਨੇ ਮੱਧ ਪ੍ਰਦੇਸ ਵਾਲਾ ਮਾਲਵਾ ਵਸਾਇਆ। D.C. Sircar ਲਿਖਦਾ ਕਿ ਸਿਕੰਦਰ ਦੇ ਹਮਲੇ ਨੇ ਪੰਜਾਬ ਦਾ ਹੜੱਪਾ ਵੇਲੇ ਦਾ ਸਦੀਆਂ ਤੋਂ ਚੱਲਿਆ ਆ ਰਿਹਾ ਪਬੰਧ ਹਿਲਾ ਕੇ ਰੱਖ ਦਿਤਾ। ਇਸੇ ਹਿੱਲ-ਚੁੱਲ ਵਿੱਚੋਂ ਪੁਰਾਤਨ ਪੰਜਾਬੀ ਪੂਰਬ ਵੱਲ ਨਿਕਲੇ ਅਤੇ ਭਾਰਤੀ ਉਪਮਹਾਂਦੀਪ ਦਾ ਇਤਿਹਾਸਕ ਦੌਰ ਸ਼ੁਰੂ ਕੀਤਾ। ਜੋ ਸਹੀ ਵੀ ਹੈ, ਭਾਰਤ ਦਾ ਸਾਰਾ ਥੇਹ-ਵਿਗਿਆਨ (Archaeological evidence) ਸਿਕੰਦਰ ਆਉਣ ਤੋਂ ਬਾਅਦ ਵਾਲੇ ਸਮੇਂ ਦਾ ਹੈ।
Reference: IRANIANS & Greeks in ANCIENT PUNJAB ਸਫਾ 38
ਸਿਕੰਦਰ ਦੇ ਆਉਣ ਤੋਂ ਲੈ ਕੇ ਮੱਧ ਪ੍ਰਦੇਸ ਦੇ ਆਉਲੀਕਾਰ ਹਕੂਮਤ ਤੱਕ ਪੰਜਾਬ ਦੇ ਮਲਵਈਆਂ ਦਾ 800-900 ਸਾਲ ਦਾ ਇਤਿਹਾਸ ਹੈ। ਜਿਸ ਵਾਰੇ ਪੰਜਾਬੀ ਬਿਲਕੁਲ ਨਾਵਾਕਫ ਹਨ। ਸਿਰਫ ਇਨਾਂ ਹੀ ਨਹੀਂ ਕਿ ਮਲਵਈ ਸਨ, ਸਗੋਂ ਉਨਾਂ ਦੇ ਅਨੇਕਾਂ ਬਹਾਦਰੀ ਦੇ ਕਿੱਸੇ ਹਨ, ਉਨਾਂ ਤੋਂ ਪੰਜਾਬੀਆ ਦੇ ਪੂਰਬ ਵੱਲ ਸੱਭਿਅਤਾ ਫੈਲਾਉਣ ਦੇ ਸਬੂਤ ਵੀ ਮਿਲਦੇ ਹਨ।
ਭਾਰਤ ਵਿੱਚ ਚੱਲਦਾ ਬਿਕਰਮੀ ਕਲੰਡਰ ਪੁਰਾਤਨ ਪੰਜਾਬੀ ਮਲਵਈ ਹੀ ਪੰਜਾਬ ਤੋਂ ਲੈ ਕੇ ਗਏ ਸਨ। ਇਸ ਵਾਰੇ ਖੋਜ ਉੱਤੇ D. C. Sircar ਨੇ ਪੂਰੀ ਕਿਤਾਬ Ancient Malwa and Vikramaditya tradition ਲਿਖੀ ਹੈ। ਗੱਲ ਇਉਂ ਹੈ ਕਿ ਈਸਾ ਤੋਂ ਪਹਿਲੀਆਂ ਦੋ ਸਦੀਆਂ ਵਿੱਚ ਉੱਤਰੀ ਪੰਜਾਬ, ਤਖਸਿਲਾ, ਦੇ ਸਾਕਾ ਰਾਜਿਆਂ ਨੇ ਬੈਬੇਲੋਨ ਅਤੇ ਗਰੀਕ ਕਲੰਡਰ ਤੋਂ ਇੱਕ ਸਥਾਨਕ ਪੰਜਾਬੀ ਕਲੰਡਰ ਬਣਾਇਆ। ਜਿਸ ਦੇ ਸਬੂਤ ਇੱਕ ਅਸਥੀਆਂ ਵਾਲੇ ਕਲਸ਼ ਉੱਤੇ ਲਿਖੇ ਲੱਭੇ ਹਨ। ਮਾਹਿਰਾਂ ਨੇ ਇਸ ਕਲੰਡਰ ਦਾ ਨਾਂ Azes ਕਲੰਡਰ ਰੱਖਿਆ। ਪੰਜਾਬ ਦੇ ਪੁਰਾਤਨ ਮਲਵਈ ਇਹ ਕਲੰਡਰ ਆਪਣੇ ਨਾਲ ਪੂਰਬ ਵੱਲ ਵੀ ਲੈ ਗਏ। ਪੂਰਬੀ ਇਲਾਕਿਆਂ ਵਿੱਚ ਇਸ ਕਲੰਡਰ ਦਾ ਨਾਂ ਕ੍ਰੀਤਾ ਕਲੰਡਰ, ਮਾਲਵੀ ਕਲੰਡਰ ਆਦਿ ਮਸ਼ਹੂਰ ਹੋਇਆ। ਫੇਰ ਇਸੇ ਕਲੰਡਰ ਨੂੰ ਹੀ ਬਿਕਰਮੀ ਕਲੰਡਰ ਕਿਹਾ ਗਿਆ। ਮਾਲਵੀ ਜਾਂ ਬਿਕਰਮੀ ਕਲੰਡਰ ਅਤੇ Azes ਕਲੰਡਰ ਵਿੱਚ ਕੱਤੇ ਦੇ ਮਹੀਨੇ ਦਾ ਫਰਕ ਹੈ। ਕੱਤੇ ਨੂੰ ਬ੍ਰਾਹਮੀ ਲਿਪੀ ਤੇ ਪ੍ਰਕ੍ਰਿਤ ਭਾਸ਼ਾ ਵਿੱਚ ਕਰੀਤਾ ਲਿਖਿਆ ਗਿਆ ਹੈ। ਜੇ ਧੰਮ ਤੇ ਕੰਮ ਸ਼ਬਦਾਂ ਤੋਂ ਧਰਮ ਤੇ ਕਰਮ ਬਣਨ ਵਾਲਾ ਭਾਸ਼ਾਈ ਫਾਰਮੂਲਾ ਕਰੀਤਾ ਸ਼ਬਦ ਉੱਤੇ ਵਰਤਿਆ ਜਾਵੇ ਤਾਂ ਕਰੀਤਾ ਪੰਜਾਬੀ ਦਾ ਕੱਤਾ ਸ਼ਬਦ ਬਣਦਾ ਹੈ। ਪੰਜਾਬ ਵਿੱਚ ਇਸ ਨਵੇਂ ਵਿਕਸਤ ਕੀਤੇ ਮਹੀਨੇ ਦਾ ਨਾ ਅੱਜ ਵੀ ਕੱਤਾ ਹੈ ਅਤੇ ਬਿਕਰਮੀ ਕਲੰਡਰ ਦਾ ਸਫ਼ਰ ਪੰਜਾਬ ਦੇ Azes ਕਲੰਡਰ ਤੋਂ ਸ਼ੁਰੂ ਹੋ ਕੇ ਮਾਲਵਈਆਂ ਦੇ ਕੱਤੇ ਵਿਚਦੀ ਹੁੰਦਾ ਬਿਕਰਮੀ ਤੱਕ ਪਹੁੰਚਦਾ ਹੈ।
ਪੰਜਾਬ ਤੋਂ ਫੈਲੇ ਮਲਵਈਆਂ ਦੇ ਵਸਾਏ ਕਈ ਮਾਲਵਿਆਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਇੱਕ ਮਾਲਵਾ ਸਤਲੁੱਜ ਦੇ ਪੂਰਬ ਵਿੱਚ ਸੀ, ਜਿਸ ਵਿੱਚ ਰਾਜਪੂਤਾਨੇ ਦਾ ਵੱਡਾ ਖੇਤਰ ਆਉਂਦਾ ਸੀ। ਵਦੀਸ਼ਾ, ਉਜੈਨ (ਅਵੰਤੀ) ਅਜੌਕੇ ਗਵਾਲੀਅਰ, ਭੋਪਾਲ, ਇੰਦੋਰ ਆਦਿ ਇਤਿਹਾਸ ਵਿੱਚ ਮਾਲਵਾ ਦੇ ਮਸ਼ਹੂਰ ਇਲਾਕੇ ਰਹੇ ਹਨ। ਘੱਟ ਮਸ਼ਹੂਰ ਇਲਾਕਿਆਂ ਵਿੱਚ ਯੂਪੀ ਦਾ ਰਤਨਾਗਿਰੀ ਇਲਾਕੇ ਦਾ ਮਾਲਵਾ ਹੈ। ਚੀਨੀ ਯਾਤਰੀ ਹਿਊਂਸਾਂਗ ਮਾਹੀ ਦਰਿਆ ਤੋਂ ਲੈ ਕੇ ਗੁਜਰਾਤ ਦੇ ਖੈਰਾ, ਵਾਦਨਗਰ ਤੱਕ ਦੇ ਇਲਾਕੇ ਦਾ ਨਾਂ ਮਾਲਵਾ ਹੀ ਦੱਸਦਾ ਹੈ। ਤਿੱਬਤੀ ਭਿੱਖੂ ਤਾਰਾਨਾਥ ਪ੍ਰਿਆਗਰਾਜ (ਇਲਾਹਾਬਾਦ) ਨੂੰ ਮਾਲਵਾ ਇਲਾਕਾ ਦੱਸਦਾ ਹੈ। D C Sircar ਲਿਖਦਾ ਕਿ ਚਾਲੂਕਿਆ ਰਾਜਿਆਂ ਵੇਲੇ (1076-1127) ਮੱਧਭਾਰਤ ਤੋਂ ਹਿਮਾਲਿਆ ਤੱਕ ਸੱਤ ਮਾਲਵਿਆਂ ਦਾ ਜ਼ਿਕਰ ਹੁੰਦਾ ਹੈ। ਉਹ ਸੱਤ ਮਾਲਵੇ ਪੰਜਾਬ, ਰਾਜਸਥਾਨ, ਗੁਜਰਾਤ, ਫ਼ਤਿਹਪੁਰ, ਰਤਨਾਗਿਰੀ ਅਤੇ ਤਾਮਲਨਾਡੂ ਵਿੱਚ ਹੋਣ ਦਾ ਅੰਦਾਜ਼ਾ ਲਾਉਂਦਾ ਹੈ। ਵਿਸਥਾਰ ਲਈ: Ancient Malwa and Vikramaditya traditions ਕਿਤਾਬ ਪੜ੍ਹੀ ਜਾ ਸਕਦੀ ਹੈ।
REFERENCES:
Yaudheya coins found along and east of Satluj river, From Kangra to Saharanpur
https://www.britishmuseum.org/collection/term/x114979
ਸਿੰਧ-ਹਿੰਦ ਦੇ ਉਚਾਰਨ ਦੀ ਭਿੰਨਤਾ ਵਿੱਚੋ ਲੱਭਦੇ ਪੁਰਾਤਨ ਪੰਜਾਬ ਅਤੇ ਪੰਜਾਬੀ ਦੇ ਰੌਚਕ ਤੱਥ
D C Sircar : Ancient Malwa And The Vikramaditya Tradition
Macedonian Intercalary Months and the Era of Azes
https://www.academia.edu/3561715/Macedonian_Intercalary_Months_and_the_Era_of_Azes?source=swp_share
Mo-la-p’o Author(s): R. Burn
https://www.jstor.org/stable/25210196
YAUDHEYA COIN MOULDS FROM SUNET, NEAR LUDHIANA IN THE SUTLEJ VALLEY
Author(s): B. SAHNI https://www.jstor.org/stable/24208677
ਇੰਦੂ, ਇੰਦੋਸ (Ἰνδός), ਇਡਿਆ (Ἰνδία)
ਈਰਾਨ ਦੇ ਪਾਰਸੀ ਰਾਜੇ ਦਾਰਾ (Darius I) ਨੇ 2500 ਸਾਲ ਪਹਿਲਾਂ (516 BCE) ਪੱਛਮੀ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਸੀ। ਦਾਰਾ ਨੇ ਆਪਣੇ ਗਰੀਕ ਅਹਿਲਕਾਰ Scylax of Caryanda ਨੂੰ ਆਪਣੇ ਰਾਜ ਦੀ ਪੂਰਬੀ ਹੱਦ (ਪੰਜਾਬ) ਤੋਂ ਪੱਛਮੀ ਹੱਦ (ਮਿਸਰ) ਨੂੰ ਦਰਿਆਈ-ਪਾਣੀ ਨਾਲ ਜੋੜਨ ਲਈ ਰਾਹ ਲੱਭਣ ਦੇ ਸਰਵੇ ਕਰਨ ਲਈ ਭੇਜਿਆ ਸੀ। ਸਕਾਈਲੈਕਸ ਪਹਿਲਾ ਗਰੀਕ ਇਤਿਹਾਸਕ ਵਿਅਕਤੀ ਹੈ ਜਿਹੜਾ 2500 ਤੋਂ 2600 ਸਾਲ ਪਹਿਲਾਂ ਪੱਛਮੀ ਪੰਜਾਬ ਦਾ ਨਿੱਜੀ ਦੌਰਾ ਕਰਕੇ ਪੂਰੀ ਵੇਰਵਾ ਲਿਖ ਕੇ ਲੈ ਜਾਂਦਾ ਹੈ। ਉਹ ਉਤਰ ਵਿੱਚ ਕਾਬਲ ਦਰਿਆ ਵਿੱਚ ਬੇੜੀ ਪਾਉਦਾ ਅਤੇ ਫੇਰ ਸਿੰਧ ਦਰਿਆ ਵਿੱਚ ਦੀ ਸਫਰ ਕਰਦਾ। ਉਸ ਦੇ ਸਫਰਨਾਮੇ ਤੋਂ ਪਤਾ ਲੱਗਦਾ ਕਿ ਗਰੀਕ ਲੋਕ ਪੰਜਾਬ ਲਈ ਇਦੋਸ ਸ਼ਬਦ ਵਰਤਦੇ ਸਨ। ਦਾਰਾ ਦੇ ਸ਼ਿਲਾਲੇਖ ਵਿੱਚ ਪੰਜਾਬ ਨੂੰ ਹਿੰਦ ਲਿਖਿਆ ਗਿਆ ਸੀ, ਪਰ ਫੇਰ ਵੀ ਉਸ ਨੇ ਇਦੋਸ ਲਿਖਿਆ। ਗਰੀਕ ਹਾਹਾ ਅਤੇ ਸੱਸਾ ਦੋਵੇਂ ਧੁੰਨਾਂ ਬੋਲ ਸਕਦੇ ਸਨ। ਇਹ ਨਹੀਂ ਕਿਹਾ ਜਾ ਸਕਦਾ ਕਿ ਇੰਦੋਸ ਵਿੱਚ ‘ੲ’ ਈਡੀ ਉਨਾਂ ਭਾਸ਼ਾਈ ਧੁੰਨ ਦੀ ਘਾਟ ਕਾਰਨੋ ਵਰਤੀ ਹੈ। ਗਰੀਕ ‘ਹ’ ਹਾਹਾ ਅਤੇ ‘ਸ’ ਸੱਸਾ ਦੋਵੇਂ ਬੋਲ ਸਕਦੇ ਸਨ। Herodotus, Hercules, Socrates, Sparta ਆਦਿ ਉਦਾਹਰਨਾ ਹਨ। (ਈੜੀ, ਹਾਹਾ ਅਤੇ ਸੱਸਾ ਵਾਰੇ ਵਿਸਥਾਰ ਇਥੇ ਪੜਿਆ ਜਾ ਸਕਦਾ ਹੈ) ਜੋ ਵੀ ਹੋਵੇ ਸਕਾਈਲੈਕਸ ਤੋਂ ਇੰਦੂ, ਇੰਦੋਸ, ਇੰਡੀਆ ਆਦਿ ਨਾਂਵਾਂ ਦੀ ਇਤਿਹਾਸਕ ਸ਼ੁਰੂਆਤ ਹੁੰਦੀ ਹੈ।
ਪੈਂਟਾਪੋਟੇਮੀਆ (Πενταποταμία)
ਪੰਜਾਬ ਲਈ ਪੈਂਟਾਪੋਟੇਮੀਆ (Πενταποταμία) ਨਾਂ ਰੋਮਨ ਯੁੱਗ ਵਿੱਚ ਵਰਤਿਆ ਗਿਆ ਹੈ। ਜਿਕਰਯੋਗ ਹੈ ਕਿ ਦਰਜ਼ਣਾਂ ਗਰੀਕ ਅਤੇ ਰੋਮਨ ਲਿਖਾਰੀਆਂ ਵਿੱਚੋਂ ਕੇਵਲ Arrian of Nicomedia (86–146 AD) ਅਤੇ Claudius Ptolemy (100–170 AD) ਨੇ ਹੀ ਪੈਂਟਾਪੋਟੇਮੀਆ ਦਾ ਜ਼ਿਕਰ ਕੀਤਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾਇਆ ਜਾ ਸਕਦਾ ਹੈ ਕਿ ਇਹ ਨਾਂ ਬਹੁਤਾ ਮਸ਼ਹੂਰ ਨਹੀਂ ਸੀ। ਉਨਾਂ ਨੇ ਇਹ ਨਾਂ ਕਿਸੇ ਪੰਜਾਬ ਵਰਗੇ ਸਥਾਨਕ ਨਾਂ ਦਾ ਹੀ ਉਲਥਾ ਕੀਤਾ ਹੋਵੇਗਾ ਕਿਉਕਿ ਬਾਹਰੀ ਲੋਕਾਂ ਨੂੰ ਨਾਂ ਨਾਲੋ ਦਿੱਤੀ ਜਾਣ ਵਾਲੀ ਜਾਣਕਾਰੀ ਨਾਲ ਵੱਧ ਵਾਹ-ਵਾਸਤਾ ਹੁੰਦਾ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ ਸਿਕੰਦਰ ਨਾਲ ਆਉਣ ਵਾਲੇ ਦਰਜਣ ਦੇ ਕਰੀਬ ਲਿਖਾਰੀਆਂ ਨੇ ਕਿਸੇ ਥਾਂ ਸਤਲੁਜ ਦਰਿਆ ਦਾ ਜਿਕਰ ਤੱਕ ਨਹੀਂ ਕੀਤਾ। ਸਤਲੁਜ ਦਾ ਜ਼ਿਕਰ ਪਹਿਲੀ ਵਾਰ ਸਿਕੰਦਰ ਤੋਂ 10 ਸਾਲ ਬਾਅਦ ਹੁੰਦਾ ਹੈ। ਜਿੱਥੇ ਦੱਸਿਆ ਗਿਆ ਹੈ ਕਿ ਸਿਲੂਕਸ ਨਿਕੇਟਰ ਨੇ ਸਤਲੁੱਜ ਦੇ ਪੂਰਬ ਵੱਲ ਸੂਹੀਆ ਟੋਲੀ ਭੇਜੀ। ਕਿਸੇ ਲਿਖਤ ਤੋਂ ਪਤਾ ਨਹੀਂ ਲੱਗਦਾ ਕਿ ਜੇ ਗਰੀਕਾਂ ਨੇ Penta ਪੰਜ ਕਿਹਾ ਸੀ ਤਾਂ ਉਸ ਵਿੱਚ ਕਿਹੜੇ ਪੰਜ ਦਰਿਆ ਗਿਣੇ ਗਏ ਸਨ। ਅੱਜ ਇਸ ਧਰਤੀ ਦਾ ਨਾਂ ਪੰਜਾਬ ਹੋਣ ਕਰਕੇ ਪੈਂਟਾਪੋਟਾਮੀਆ ਦਾ ਜ਼ਿਕਰ ਆਮ ਹੋ ਜਾਂਦਾ ਹੈ। ਜੇ ਟੱਕ ਦੇਸ਼ ਜਾਂ ਪੀਤੂ ਵਰਗਾ ਨਾਂ ਵੱਧ ਪ੍ਰਚੱਲਤ ਹੁੰਦਾ ਤਾਂ ਸ਼ਾਇਦ ਪੈਂਟਾਪੋਟਾਮੀਆ ਦੇ ਇੱਕਾ-ਦੁੱਕਾ ਜ਼ਿਕਰ ਨੂੰ ਵੀ ਕੋਈ ਬਹੁਤੀ ਮਹੱਤਤਾ ਨਾ ਹੁੰਦੀ।
Tetrapotamia of Alexander
The Gift of the Indus Hydrography of the Panjab in Ancient Greek sources
ਟੱਕ ਦੇਸ
ਉੱਤਰ-ਪੱਛਮੀ ਪੰਜਾਬ ਲਈ ਟੱਕ ਦੇਸ ਨਾਂ ਜ਼ਿਕਰ ਸੱਤਵੀਂ ਸਦੀ ਵਿੱਚ ਪਹਿਲੀ ਵਾਰ ਵਿੱਚ ਚੀਨੀ ਯਾਤਰੀ ਹਿਊਨਸਾਂਗ (631-643 ਈਸਵੀ) ਨੇ ਕੀਤਾ। ਉਹ ਕਾਬਲ-ਪਛੌਰ ਦੀਆਂ ਪਹਾੜੀਆ ਤੋਂ ਬਾਅਦ ਪੱਧਰੇ ਇਲਾਕੇ ਦਾ ਨਾਂ ਟੱਕ ਦੱਸਦਾ ਹੈ। ਯਕੀਨਨ ਉਸਨੇ ਇਹ ਨਾਂ ਸਥਾਨਕ ਲੋਕਾਂ ਤੋਂ ਹੀ ਸੁਣਿਆ ਹੋਵੇਗਾ। ਦੱਸਦੇ ਨੇ ਕਿ ਹਿਊਨਸਾਂਗ ਨੇ ਚੀਨੀ ਭਾਸ਼ਾ ਵਿੱਚ ਤੱਖ ਲਿਖਿਆ। ਚੀਨੀ ਲਿਪੀ ਵਿੱਚ ਤੱਤਾ ‘ਤ’ ਅਤੇ ਟੈਂਕਾ ‘ਟ’ ਲਈ ਇਕੋ ਤੱਤਾ ‘ਤ’ ਧੁੰਨ ਹੀ ਹੈ। ਟੱਕ, ਟਾਂਗ, ਤੱਖ, ਤਖਸਿਲਾ ਇੱਕੋ ਮੂਲ ਸ਼ਬਦ ਵਿੱਚੋਂ ਨਿਕਲਦੇ ਹਨ। ਅੰਗਰੇਜੀ ਲੇਖਕਾਂ ਨੇ ਰੋਮਨ ਲਿਪੀ ਵਿੱਚ ਤੱਤੇ ਅਤੇ ਟੈਂਕੇ ਲਈ T ਵਰਤੀ ਅਤੇ ਪੱਛਮ (ਅੰਗਰੇਜੀ) ਵਿੱਚ ਟੈਕਸਲਾ ਹੀ ਪ੍ਰਚੱਲਿਤ ਹੈ।
ਫਾਰਸੀ ਦੀ ਕਿਤਾਬ Táfak طافك ਵਿੱਚ ਸੁਲੇਮਾਨ (851 AD) ਨਾਂ ਦੇ ਵਪਾਰੀ, ਅਰਬੀ ਵਿੱਚ ਅਲ-ਮਸੂਦੀ (915 AD), ਅਤੇ ਤੇਰਵੀਂ ਸਦੀ ਦੀ ਕਿਤਾਬ ਚੱਚਨਾਮਾ ਵਿੱਚ ਵੀ ਪੰਜਾਬ ਦਾ ਨਾਂ ਟੱਕ ਦੇਸ਼ ਹੀ ਲਿਖਿਆ ਗਿਆ ਹੈ। ਇੰਨਾਂ ਲਿਖਤਾ ਤੋਂ ਪਤਾ ਲੱਗਦਾ ਕਿ ਟੱਕ ਦੇਸ ਦੀ ਰਾਜਧਾਨੀ ਸਿਆਲਕੋਟ ਸੀ। ਰਾਜਾ ਰਸਾਲੂ, ਰਾਜਾ ਸਲਬਾਨ ਵੇਲੇ ਵੀ ਟੱਕ ਦੇਸ ਨਾਂ ਹੀ ਵਰਤੋਂ ਵਿੱਚ ਸਮਝਿਆ ਜਾ ਰਿਹਾ ਹੈ।
ਟਾਕਰੀ ਲਿੱਪੀ ਦਾ ਨਾਂ ਵੀ ਟੱਕ ਦੇਸ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਪਹਾੜੀ ਖੇਤਰਾਂ ਵਿੱਚ ਟਾਕਰੀ ਲਿਪੀ 30-40 ਸਾਲ ਪਹਿਲਾਂ ਤੱਕ ਆਮ ਵਰਤੀ ਜਾਂਦੀ ਰਹੀ ਹੈ। ਪਰ ਹੁੱਣ ਦੇਵਨਾਗਰੀ ਨੇ ਇਸ ਦਾ ਖਾਤਮਾ ਕਰ ਦਿੱਤਾ ਹੈ। ਲੋਕ ਬੋਲੀਆਂ ਦਾ ਨਾਂ ਇਲਾਕੇ ਤੋਂ ਹੀ ਹੁੰਦਾ ਹੈ। ਬੋਲੀ ਤੋਂ ਲਿੱਪੀ ਦਾ ਨਾਂ ਵੀ ਬਣਦਾ। ਭਾਂਵੇ ਛੇਵੀਂ-ਸੱਤਵੀਂ ਸਦੀ ਤੱਕ ਤਖਸਿਲਾ ਜਾਂ ਟਕਸ਼ਿਲਾ ਸ਼ਹਿਰ ਖ਼ਤਮ ਹੋ ਚੁੱਕਾ ਸੀ ਪਰ ਇਹ ਨਾਂ ਇਲਾਕੇ, ਲਿਪੀ ਅਤੇ ਲੋਕਾਂ ਦੇ ਨਾਂ ਵਜੋਂ ਪ੍ਰਚੱਲਿਤ ਰਿਹਾ। ਸ਼ਾਇਦ ਟੱਕ ਦੇਸ ਦੇ ਵਾਸੀਆਂ ਨੂੰ ਟਾਂਕ, ਤੱਖੀ, ਤੱਖਰ ਆਦਿ ਵੀ ਕਹਿੰਦੇ ਹੋਣ।
Names from Religious literature
ਹੋਡੂ הֹדּוּ
ਹੋਡੂ הֹדּוּ ਨਾਂ ਹੀਬਰੂ ਬਾਈਬਲ ਦੇ Istar ਭਾਗ 1:1, 8:9 ਵਿੱਚ ਆਇਆ ਹੈ। ਲਿਖਿਆ ਗਿਆ ਹੈ ਕਿ ਪਰਸ਼ੀਅਨ (ਈਰਾਨੀ) ਰਾਜੇ ਖਸ਼ਾਯਾਰਸ਼ਾ Khshayarsha (خشایارشا) (ਗਰੀਕ ਵਿੱਚ Ahasuerus) ਦਾ ਰਾਜ ਹੋਡੂ (ਪੱਛਮੀ) ਪੰਜਾਬ ਤੋਂ ਲੈਕੇ ਕੁਸ਼ (ਇਥੋਪੀਆ) ਤੱਕ 127 ਸੂਬਿਆਂ ਵਿੱਚ ਹੈ। ਹੋਡੂ ਨਾਂ ਰਾਜਨੀਤਿਕ ਸੰਧਰਬ ਵਿੱਚ ਹੈ ਪਰ ਦਰਜ ਧਾਰਮਕ ਕਿਤਾਬ ਵਿੱਚ ਹੈ।
ਪਾਰਸੀਆਂ ਦੇ ਰਾਜ ਦਾ ਪੱਛਮ ਵਿੱਚ ਕੁੱਸ਼ (ਅਫਰੀਕਾ) ਵਿੱਚ ਆਖ਼ਰੀ ਸੂਬਾ ਸੀ। ਕੋਈ ਪੁਖਤਾ ਵੇਰਵਾ ਨਹੀਂ ਪਰ ਕੁੱਝ ਵਿਦਵਾਨ ਸ਼ੱਕ ਕਰਦੇ ਹਨ ਕਿ ਹਿੰਦੂ-ਕੁਸ਼ ਪਹਾੜੀ ਲੜੀ ਦਾ ਨਾਂ ਪਾਰਸੀ (ਈਰਾਨੀ) ਆਰੀਆਵਾਂ ਨੇ ਆਪਣੇ ਰਾਜ ਦੀ ਮਹਾਨਤਾ ਦੱਸਣ ਲਈ ਵੀ ਰੱਖਿਆ ਹੋ ਸਕਦਾ ਹੈ, ਕਿ ਹੋਡੂ (ਹਿੰਦ) ਤੋਂ ਕੁਸ਼ ਤੱਕ ਸਾਡਾ ਰਾਜ ਹੈ। ਪਰ ਹੋਰ ਵੇਰਵਿਆਂ ਦੀ ਘਾਟ ਕਾਰਨ ਇਸ ਕਿਆਸ ਨੂੰ ਬਹੁਤੀ ਮਾਨਤਾ ਨਹੀਂ ਹੈ। ਆਰੀਆਵਾਂ ਦਾ ਹਿੰਦੂਕੁਸ਼ ਪਹਾੜਾਂ ਅਤੇ ਅੰਮੂ, ਹੈਲਮੰਡ ਅਤੇ ਸਿੰਧ ਦਰਿਆਵਾਂ ਨਾਲ ਸ਼ੁਰੂ ਤੋਂ ਬਹੁਤ ਭਾਵਨਾਤਮਕ ਰਿਸ਼ਤਾ ਰਿਹਾ ਹੈ। ਅੱਜਕੱਲ ਭਾਰਤੀ ਲੋਕ ਪੁਰਾਤਨ ਨਾਂ ਜਿਵੇਂ ਹੋਡੂ, ਹਿੰਦ ਨੂੰ ਮੌਜੂਦਾ ਭਾਰਤ ਨਾਲ ਜੋੜ ਰਹੇ ਹਨ। ਜੋ ਸਹੀ ਨਹੀਂ, ਇਹ ਨਾਂ ਈਰਾਨੀ ਰਾਜ ਦੇ ਟੈਕਸ ਭਰ ਰਹੇ ਪੰਜਾਬ ਸੂਬੇ ਲਈ ਸਨ, ਮੌਜੂਦਾ ਭਾਰਤ ਦਾ ਕੋਈ ਇਲਾਕਾ ਈਰਾਨ ਦਾ ਸੂਬਾ ਨਹੀਂ ਰਿਹਾ ਹੈ।
ਸਪਤਸਿੰਧੂ , ਹਪਤਹਿੰਦੂ (هَپته هِندو) (𐬵𐬀𐬞𐬙𐬀 𐬵𐬌𐬧𐬛 )
ਸਪਤਸਿੰਧੂ ਅਤੇ ਹਪਤਹਿੰਦੂ ਨਾਂ ਆਰੀਆਵਾਂ ਦੇ ਦੋਵੇਂ ਪੁਰਾਣੇ ਗ੍ਰੰਥ ਰਿੱਗਬੇਦ ਅਤੇ ਜੇਂਦ-ਅਵੇਸਤਾ ਵਿੱਚ ਮਿਲਦੇ ਹਨ। ਦੋਵੇਂ ਗ੍ਰੰਥ ਇਕ ਦੂਜੇ ਦੇ ਪੂਰਕ ਹਨ। ਇਹ ਇਕੋ ਬੋਲੀ ਦੇ ਦੋ ਲਹਿਜਿਆਂ ਵਿੱਚ ਸਿਰਜੇ ਹਨ। ਇੱਕ ਦਾ ਬੇਦਿਕ ਭਾਸ਼ਾ ਅਤੇ ਦੂਜੀ ਨੂੰ ਅਵੇਸਤਾਈ ਭਾਸ਼ਾ ਨਾਂ ਹੈ। ਇਹ ਸ਼ੰਦ, ਸ਼ਲੋਕ ਦੀ ਬਣਤਰ ਤੋਂ ਲੈ ਕੇ ਗਾਇਤਰੀ ਮੰਤਰ, ਦੇਵਤਿਆਂ ਤੱਕ ਇਕੋ ਜਿਹੇ ਹਨ। ਕੁਝ ਸਲੋਕ ਤਾਂ ਬਿਲਕੁਲ ਹੀ ਇਕੋ ਨੇ। ਦੋਵਾਂ ਵਿਚਾਰਧਾਰਾਵਾਂ ਵਿੱਚ ਬੋਲ ਕੇ ਯਾਦ ਰੱਖਣ ਅਤੇ ਨਾ ਲਿਖਣ ਦੀ ਰਿਵਾਇਤ ਰਹੀ ਹੈ। ਦੋਵਾਂ ਵਿੱਚ ਪੰਜਾਬ ਦਾ ਭਰਪੂਰ ਜਿਕਰ ਹੈ। ਇੱਥੇ ਤੱਕ ਕਿ ਅਵੇਸਤਾ ਵਿੱਚ ਪੰਜਾਬ ਆਰੀਆਵਾਂ ਲਈ ਰੱਬ ਵੱਲੋਂ ਸਿਰਜਿਆਂ 16 ਧਰਤੀਆ ਵਿੱਚੋ ਇੱਕ ਹੈ। ਜੇਂਦ ਅਵੇਸਤਾ ਮੰਨਣ ਵਾਲੇ ਕਈ ਸਾਮਰਾਜ ਅਤੇ ਅਨੇਕਾਂ ਰਾਜਿਆਂ ਦੇ ਪੱਛਮੀ ਪੰਜਾਬ ਵਿੱਚ ਸਿੱਕੇ ਅਤੇ ਥੇਹ ਮਿਲਦੇ ਹਨ। ਪੰਜਾਬ ਦਾ ਮਸ਼ਹੂਰ ਪੁਰਾਤਨ ਸ਼ਹਿਰ ਟੈਕਸਲਾ ਵੀ ਅਵੇਸਤਾਈ ਸਾਮਰਾਜ ਹਾਕਾਮਨੀਸ਼ (Achaemenid) ਨੇ ਹੀ ਸ਼ੁਰੂ ਕੀਤਾ ਪ੍ਰਤੀਤ ਹੁੰਦਾ ਹੈ। ਟੈਕਸਲਾ ਵਿੱਚ ਅੱਜ ਵੀ ਅਵੇਸਤਾ ਵਾਲਿਆ ਦਾ ਜੰਦਿਆਲ ਮੰਦਰ ਦੇਖਿਆ ਜਾ ਸਕਦਾ ਹੈ।
ਅੱਜ ਦੇ ਰਿੱਗਵੇਦ ਵਾਲੇ ਸੱਤ ਦਰਿਆਵਾਂ ਨੂੰ ਸਿੰਧ ਤੋਂ ਸ਼ੁਰੂ ਕਰਕੇ ਲੁਪਤ ਸਰਸਵਤੀ ਤੱਕ ਦੱਸਦੇ ਹਨ। ਸਰਸਵਤੀ ਗੰਗਾ-ਜਮਨਾ ਦੇ ਮੇਲ ਵਿੱਚ ਤੀਜੀ ਗੁੱਪਤ ਨਦੀ ਵੀ ਦੱਸੀ ਜਾਂਦੀ ਹੈ। ਅਲਬਿਰੂਨੀ ਸਰਸਵਤੀ ਨਰਮਦਾ ਦੇ ਪੱਛਮ ਵਿੱਚ ਗੁਜਰਾਤ ਵਿੱਚ ਦੱਸਦਾ ਹੈ। ਪਰ ਅਵੇਸਤਾ ਵਿੱਚਲੇ ਵੇਰਵਿਆਂ ਤੋਂ ਸਿੱਧ ਹੋ ਜਾਂਦਾ ਕਿ ਹੈਲਮੰਡ ਹੀ ਆਰੀਆਵਾਂ ਦੀ ਅਸਲੀ ਸਰਸਵਤੀ ਹੈ। ਹਾਹਾ ਅਤੇ ਸੱਤੇ ਦੇ ਲਹਿਜਾ ਪ੍ਰਵਰਨਤ ਕਰਕੇ ਉੱਨਾਂ ਨੇ ਨਾਂ ਹਰਹਾਵਤੀ ਲਿਖਿਆ ਹੈ। ਹਰਹਾਵਤੀ ਦਾ ਇਲਾਕਾ ਈਰਾਨੀ ਹਾਕਾਮਨੀਸ਼ ਸਾਮਰਾਜ ਨੂੰ ਟੈਕਸ ਦੇਣ ਵਾਲੇ ਸੂਬੇ ਦਾ ਨਾਂ ਵੀ ਰਿਹਾ ਹੈ। ਅਵੇਸਤਾ ਵਾਲੇ ਸੱਤ ਦਰਿਆ ਕਾਬਲ ਦਰਿਆ ਤੋਂ ਸ਼ੁਰੂ ਕਰਦੇ ਹਨ ਅਤੇ ਸਤਲੁਜ ਤੱਕ ਆਉਦੇ ਹਨ। ਅਵੇਸਤਾ ਵਿੱਚ ਸਰਸਵਤੀ ਅੱਜ ਦਾ ਹੈਲਮੰਡ ਦਰਿਆ ਹੈ ਲੁਪਤ ਜਾਂ ਸੁੱਕ ਚੁੱਕਾ ਦਰਿਆ ਨਹੀਂ ਹੈ।
ਟਾਈਮਜ ਪ੍ਰੈੱਸ ਬੰਬੇ (1917) ਦੇ S 201-210 ਲੇਖ ਵਿੱਚ ਫਰੈਡਰਿਕ ਸਪੀਗਲ ਦੇ ਹਵਾਲੇ ਨਾਲ ਛਪਿਆ ਸੀ ਕਿ ਉਸ ਨੂੰ ਦੂਜੀ ਜਾਂ ਤੀਜੀ ਸਦੀ ਦਾ ਪਹਿਲਵੀ ਭਾਸ਼ਾ (ਮੱਧ ਫਾਰਸੀ) ਵਿੱਚ ਲਿਖਿਆ ਅਵੇਸਤਾ ਦਾ ਟੀਕਾ ਲੱਭਿਆ ਹੈ। ਜਿਸ ਵਿੱਚ ਲਿਖਣ ਵਾਲਾ ਆਪ ਹੀ ਸਵਾਲ ਕਰਕੇ ਆਪ ਹੀ ਜਵਾਬ ਦਿੰਦਾ ਹੈ ਕਿ ਪੰਜਾਬ ਵਿੱਚ ਦਰਿਆ ਤਾਂ ਪੰਜ ਜਾਂ ਛੇ ਬਣਦੇ ਹਨ ਪਰ ਸਾਡੀ ਧਾਰਮਿਕ ਕਿਤਾਬ ਵਿੱਚ ਸੱਤ ਕਿਉਂ ਲਿਖੇ ਹਨ। ਟੀਕਾ ਕਰਨ ਵਾਲੇ ਨੇ ਜਵਾਬ ਲਿਖਿਆ ਕਿ ਪੰਜਾਬ ਵਿੱਚ ਸੱਤ ਵੱਖ ਵੱਖ ਹਿੱਸੇ ਹਨ, ਜਿੱਥੇ ਵੱਖੋ-ਵੱਖਰੇ ਸੱਤ ਰਾਜ ਚੱਲਦੇ ਹਨ। ਇਸ ਕਰਕੇ ਹਪਤਹਿੰਦੂ ਕਿਹਾ ਜਾਂਦਾ। Reference ਇਹੀ ਗੱਲ ਗਰੀਕ ਇਤਿਹਾਸਕਾਰ Arrian (in Chapter II) ਵਿੱਚ ਵੀ ਲਿਖਦਾ ਹੈ ਕਿ ਸਿਕੰਦਰ ਪੰਜਾਬ ਛੱਡਣ ਤੋਂ ਪਹਿਲਾਂ ਪੋਰਸ ਨੂੰ ਪੰਜਾਬ ਦੇ ਸੱਤ ਰਾਜਿਆਂ ਅਤੇ 2੦੦੦ ਵਸੇਬਾਂ (ਪਿੰਡ, ਸ਼ਹਿਰ) ਦੇ ਉਪਰ ਦੀ ਰਾਜਾ ਬਣਾ ਕੇ ਗਿਆ ਸੀ। ਇਹ ਮਹੱਤਵਪੂਰਨ ਸੰਕੇਤ ਹਰ ਇਤਿਹਾਸਕਾਰ ਨੇ ਨਜਰਅੰਦਾਜ ਕੀਤਾ ਹੈ। ਇਹ ਇਕ ਅੰਦੇਸ਼ਾ ਹੈ ਕਿ ਸਪਤਸਿੰਧੂ ਜਾਂ ਹਪਤਹਿੰਦੂ ਪਿੱਛੇ ਸੱਤ ਦਰਿਆਵਾਂ ਦੀ ਥਾਂ ਸੱਤ ਛੋਟੇ ਖਿੱਤਿਆਂ ਦਾ ਹੋਣਾ ਵੀ ਇੱਕ ਕਾਰਨ ਹੋ ਸਕਦਾ ਹੈ।
ਸਪਤਸਿੰਧੂ ਪੰਜਾਬ ਦੇ ਸਾਰੇ ਨਾਵਾਂ ਨਾਲੋਂ ਵੱਧ ਪ੍ਰਚੱਲਤ ਨਾਂ ਹੈ। ਇਸ ਕਰਕੇ ਇਹ ਡੂੰਘਾ ਵਿਸ਼ਲੇਸ਼ਣ ਮੰਗਦਾ ਹੈ। ਰਿੱਗਬੇਦ ਵਿੱਚ ਸਪਤਸਿੰਧੂ ਦਾ ਜ਼ਿਕਰ ਹੈ, ਪਰ ਕਿਤੇ ਵੀ ਇਹ ਪ੍ਰਤੀਤ ਨਹੀਂ ਹੁੰਦਾ ਕਿ ਉਸ ਸਮੇਂ ਪੰਜਾਬ ਦੀ ਕੋਈ ਸੰਯੁਕਤ ਪਹਿਚਾਣ ਸੀ ਜਿਸ ਕਰਕੇ ਇਹ ਨਾਂ ਦੀ ਆਮ ਵਰਤੋਂ ਹੁੰਦੀ ਹੋਵੇ। ਰਿੱਗਬੇਦ ਵਿੱਚ ਦਸ ਰਾਜਿਆਂ ਦੀ ਲੜਾਈ ਦਾ ਜ਼ਿਕਰ ਹੈ, ਜਿਸ ਵਿੱਚ ਪੰਜਾਬ ਦੇ ਅੰਦਰੂਨੀ ਅਤੇ ਬਾਹਰੀ ਕਬੀਲੇ ਸ਼ਾਮਲ ਸਨ। ਉੱਥੇ ਸੰਯੁਕਤ ਪੰਜਾਬੀ ਇਕਾਈ ਬਚਾਉਣ ਜਾਂ ਵੱਡੇ ਖਿੱਤੇ ਦੇ ਹਿੱਤ ਬਚਾਉਣ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ। ਆਪਾਂ ਨੂੰ ਸਪਤਸਿੰਧੂ ਦਾ ਇੱਕ ਰਾਜਾ ਜਾਂ ਸਪਤਸਿੰਧੂ ਨਾਂ ਦੇ ਸਿੱਕੇ ਵੀ ਨਹੀਂ ਮਿਲਦੇ। ਕੋਈ ਸਾਂਝੀ ਰਾਜਧਾਨੀ ਜਾਂ ਸਾਂਝੀ ਪਹਿਚਾਣ ਵਾਲਾ ਸ਼ਹਿਰ ਵੀ ਨਹੀਂ ਹੈ। ਜਿਵੇਂ ਲੇਖ ਦੇ ਸ਼ੁਰੂ ਵਿੱਚ ਨਾਂ ਦੀ ਲੋੜ ਵਾਰੇ ਦੱਸਿਆ ਗਿਆ ਹੈ ਕਿ ਵੱਡੇ ਖਿੱਤੇ ਦੇ ਨਾਂ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਬਾਹਰੀ ਇਲਾਕਿਆਂ ਨਾਲ ਵਰਤ ਵਿਹਾਰ ਕਰਨਾ ਹੁੰਦਾ ਹੈ। ਪਿੰਡ ਵਿੱਚ ਲੋਕ ਇੱਕ ਦੂਜੇ ਨੂੰ ਨਹੀਂ ਦੱਸਦੇ ਕਿ ਸਾਡੇ ਪਿੰਡ ਦਾ ਨਾਂ ਕੀ ਹੈ। ਅੱਜ ਧਰਤੀ ਗ੍ਰਹਿ ਦੇ ਨਾਂ ਦੀ ਲੋੜ ਨਹੀਂ ਪੈਂਦੀ, ਪਰ ਜੇ ਕੋਈ ਬਾਹਰੀ ਧਰਤੀ ਉੱਤੇ ਜੀਵਨ ਲੱਭ ਗਿਆ ਤਾਂ ਧਰਤੀ, Earth, ਪ੍ਰਿਥਵੀ ਆਦਿ ਵੀ ਇੱਕ ਇਕਾਈ ਦੇ ਨਾਂ ਦੀ ਵਰਤੋਂ ਸ਼ੁਰੂ ਹੋ ਜਾਵੇਗੀ। ਇਸੇ ਤਰਾਂ ਬੇਦਾਂ ਅਤੇ ਅਵੇਸਤਾ ਵਿੱਚ ਸਪਤਸਿੰਧੂ ਅਤੇ ਹਪਤਹਿੰਦੂ ਨਾਂ ਦੀ ਵਰਤੋਂ ਵਾਰੇ ਕੋਈ ਬਹੁਤਾ ਵਿਸਥਾਰ ਨਹੀਂ ਮਿਲਦਾ। ਅਵੇਸਤਾ ਵਿੱਚ ਇਹ ਇਲਾਕਾ ਰੱਬੀ ਧਰਤੀਆਂ ਵਜੋਂ ਬਾਕੀ 15 ਮੁਕਾਬਲੇ ਦੱਸਿਆ ਗਿਆ ਹੈ। ਪਰ ਇਹ ਰਿੱਗਬੇਦ ਵਿੱਚ ਨਹੀਂ ਹੈ। ਸੋਚਣਾ ਬਣਦਾ ਹੈ ਕਿ ਰਿੱਗਬੇਦ ਵਾਲੇ ਸਪਤਸਿੰਧੂ ਨਾਂ ਕਿੱਥੇ ਵਰਤਦੇ ਹੋਣਗੇ ਜਦੋਂ ਸਪਤਸਿੰਧੂ ਨਾ ਤਾਂ ਰਾਜਨੀਤਿਕ ਇਕਾਈ ਹੈ ਅਤੇ ਨਾ ਹੀ ਇਲਾਕਾਈ। ਬੋਧੀ ਅਤੇ ਪੁਰਾਣਕ ਸਾਹਿਤ ਵਿੱਚ ਗਣ-ਸੰਘ ਦਾ ਜ਼ਿਕਰ ਹੈ, ਇੱਥੇ ਵੀ ਸਪਤ-ਸਿੰਧੂ ਦਾ ਜ਼ਿਕਰ ਨਹੀਂ। ਇਕੱਲੇ ਸਿੰਧੂ ਦਾ ਜ਼ਿਕਰ ਮਿਲਦਾ ਹੈ ਜਿਵੇਂ ਕਿ ਈਰਾਨੀ ਸ਼ਿਲਾਲੇਖਾਂ ਵਿੱਚ ਹਿੰਦੂ (ਹਿੰਦੂਸ਼) ਹੈ। ਕਿਸੇ ਪਾਸਿਉ ਇਹ ਸਪੱਸ਼ਟ ਨਹੀਂ ਹੁੰਦਾ ਕਿ ਇਹ ਨਾਂ ਦੀ ਵਰਤੋਂ ਕਿਵੇਂ ਅਤੇ ਕਿੱਥੇ ਹੁੰਦੀ ਹੋਵੇਗੀ ਜਾਂ ਇਹ ਕਦੇ ਕੋਈ ਪ੍ਰਚੱਲਤ ਨਾਂ ਵੀ ਸਨ।
ਪ੍ਰਾਪਤ ਦਸਤਾਵੇਜ਼ਾਂ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਸਪਤਸਿੰਧੂ ਜਾਂ ਹਪਤਹਿੰਦੂ ਕਦੇ ਬਹੁਤ ਪ੍ਰਚੱਲਤ ਨਾਂ ਰਿਹਾ ਹੋਵੇਗਾ। ਸਿਕੰਦਰ ਵੇਲੇ ਪੰਜਾਬ ਵਾਰੇ ਬਹੁਤ ਕੁਝ ਲਿਖਿਆ ਗਿਆ, ਉੱਨਾਂ ਨੇ ਵੀ ਸੱਤ ਦਰਿਆਵਾਂ ਦੀ ਧਰਤੀ ਹੋਣ ਵਾਰੇ ਕੋਈ ਇਸ਼ਾਰਾ ਨਹੀਂ ਦਿੱਤਾ। ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਤਿੰਨ ਦਾ ਨਾਂ ਬੇਦਾਂ ਨਾਲ ਨਹੀਂ ਰਲਦਾ। ਜਿਹਲਮ ਨੂੰ ਵਿਤਾਸਤਾ, ਰਾਵੀ ਨੂੰ ਪਰੂਸਨੀ, ਅਤੇ ਝਨਾਂ ਨੂੰ ਅਸਕੀਨੀ ਦੱਸਿਆ ਗਿਆ ਹੈ। ਮਾਹਰ ਇਸ ਵਾਰੇ ਗੱਲ ਨਹੀਂ ਕਰਦੇ ਕਿ ਇਹ ਨਾਂ ਕਦੋਂ ਬਦਲੇ। ਜਾਂ ਇਹ ਨਾਂ ਠੇਠ ਹਨ ਅਤੇ ਆਰੀਆਵਾਂ ਤੋਂ ਪਹਿਲਾਂ ਦੇ ਚੱਲੇ ਆਉਂਦੇ ਨੇ।
India in tlte Avesta oj the Parsis page 208
ਬਾਰਤਾ (ਭਾਰਤਾ, ਪੂਰਬੀ ਪੰਜਾਬ)
ਬਾਰਤਾ ਨਾਂ ਰਿੱਗਵੇਦ ਵਿੱਚ ਆਇਆ ਹੈ। ਇਹ ਨਾਂ ਰਾਵੀ ਦੇ ਪੂਰਬ, ਖਾਸਕਰ ਸਤਲੁਜ ਤੋਂ ਵੀ ਅੱਗੇ ਵੱਸਦੇ ਕਬੀਲੇ ਲਈ ਵਰਤਿਆ ਗਿਆ ਹੈ। ਬਾਰਤਾ ਕਬੀਲੇ ਦੇ ਇਲਾਕੇ ਦਾ ਨਾਂ ਵੀ ਬਾਰਤਾ ਹੀ ਦੱਸਿਆ ਗਿਆ ਹੈ। ਬਾਰਤਾ ਨਾਂ “ਬ” ਬੱਬੇ ਨਾਲ ਵਰਤਿਆ ਗਿਆ ਹੈ “ਭ” ਭੱਭੇ ਨਾਲ ਨਹੀਂ। ਅੱਜ ਦੇਸ਼ ਦਾ ਨਾਂ ਇੰਡੀਆ ਤੋਂ ਬਦਲਕੇ ਭਾਰਤ ਕੀਤਾ ਜਾ ਰਿਹਾ ਹੈ। ਅਸਲ ਵਿੱਚ ਪੱਛਮੀ ਪੰਜਾਬ ਦੇ ਇੱਕ ਪੁਰਾਣੇ ਨਾਂ ਤੋਂ ਬਦਲ ਕੇ ਪੂਰਬੀ ਪੰਜਾਬ ਦਾ ਹੀ ਨਾਂ ਵਰਤੋਂ ਜਾ ਰਿਹਾ ਹੈ। ਬਾਕੀ ਦੇਸ਼ ਦਾ ਇਸ ਨਵੇਂ ਨਾਂ ਨਾਲ ਵੀ ਇਤਿਹਾਸਕ ਸਬੰਧ ਨਹੀਂ, ਪਰ ਭਾਵਨਾਤਮਦ ਸਬੰਧ ਹੈ। ਜਿਵੇਂ ਸ਼ੁਰੂਆਤ ਵਿੱਚ ਬਾਰਤ ਇੱਕ ਛੋਟੇ ਖਿੱਤੇ ਦਾ ਨਾਂ ਸੀ ਉਸੇ ਤਰਾਂ ਬਾਕੀ ਖ਼ਿੱਤਿਆਂ ਦੇ ਵੀ ਆਪਣੇ ਆਪਣੇ ਨਾਂ ਸਨ। ਇੰਡੀਆ ਵੀ ਪਹਿਲਾਂ ਪੱਛਮੀ ਪੰਜਾਬ ਦਾ ਹੀ ਨਾਂ ਸੀ, ਬਾਅਦ ਵਿੱਚ ਵੱਡੇ ਇਲਾਕੇ ਲਈ ਵਰਤਿਆ ਜਾਣ ਲੱਗਾ।
ਦਿਲਚਸਪ ਗੱਲ ਹੈ ਕਿ ਰਾਵੀ ਦਰਿਆ ਉੱਤੇ ਬਾਰਤਾ ਕਬੀਲੇ ਦੀ ਲੜਾਈ ਦਸ ਰਾਜਿਆਂ ਦੀ ਲੜਾਈ ਦੇ ਨਾਂ ਨਾਲ ਰਿੱਗਬੇਦ ਅਤੇ ਜੇਂਦ ਅਵੇਸਤਾ ਵਿੱਚ ਦਰਜ ਹੈ। ਪੁਰਾਤਨ ਪੰਜਾਬ ਵਿੱਚ ਰਿੱਗਬੇਦਕ ਅਤੇ ਅਵੇਸਤਨ ਕਬੀਲਿਆਂ ਦੀ ਮੌਜੂਦਗੀ ਰਹੀ ਹੈ। ਦੋਵਾਂ ਗ੍ਰੰਥਾਂ ਵਿੱਚ ਦਸ ਰਾਜਿਆਂ ਦੀ ਲੜਾਈ ਜ਼ਿਕਰ ਹੈ। ਦੋਵੇਂ ਹੀ ਇਹ ਲੜਾਈ ਜਿਤਣ ਦਾ ਦਾਅਵਾ ਕਰਦੇ ਨੇ। ਦੋਵੇਂ ਮਹਾਂਰਿਸ਼ੀ ਵਸ਼ਿਸ਼ਟ ਨੂੰ ਆਪਣੇ ਵੱਲ ਦਾ ਦੱਸ ਰਹੇ ਹਨ।