ਸਿਕੰਦਰ ਦਾ ਚਾਰਆਬ
ਸਿਕੰਦਰ ਨੂੰ ਪੰਜਾਬ ਦੇ ਸਿਰਫ਼ ਚਾਰ ਦਰਿਆਵਾਂ ਦਾ ਗਿਆਨ ਸੀ।
ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਵਾਰੇ ਗਰੀਕ, ਰੋਮਨ, ਪਾਰਸੀ, ਚੀਨੇ ਕਾਫ਼ੀ ਕੁੱਝ ਲਿਖ ਗਏ ਹਨ ਜਿਸ ਨੂੰ ਅਸੀਂ ਥੇਹ ਵਿਗਿਆਨ Archeology ਅਤੇ ਸਾਇੰਸ ਦੇ ਹੋਰ ਹਿੱਸਿਆਂ ਬਰਾਬਰ ਰੱਖ ਬਰਾਬਰ ਬਹੁਤ ਕੁੱਝ ਪ੍ਰਮਾਣਿਤ ਕਰ ਸਕਦੇ ਹਾਂ।
ਪੰਜਾਬ ਵਿੱਚ ਸਿਕੰਦਰ ਦੇ ਨਾਲ ਕਈ ਲਿਖਾਰੀ ਵੀ ਆਏ। ਉਨ੍ਹਾਂ ਦੀਆਂ ਲਿਖਤਾਂ ਤੋਂ 2500 ਸਾਲ ਪੁਰਾਣੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਾਰੇ ਬਹੁਤ ਕੁੱਝ ਪਤਾ ਲੱਗਦਾ ਹੈ। ਅਜੋਕੇ ਇਤਿਹਾਸਕਾਰ ਬਹੁਤ ਬੇਸ਼ਰਮੀ ਨਾਲ ਪੰਜਾਬ ਦਾ ਉਲਥਾ ਇੰਡਿਆ ਕਰ ਰਹੇ ਹਨ ਅਤੇ ਇਹ ਪ੍ਰਭਾਵ ਬਣਾ ਦਿੱਤਾ ਹੈ ਕਿ ਸਿਕੰਦਰ ਭਾਰਤ ਆਇਆ ਸੀ ਅਤੇ ਉਹ ਲੋਕ ਭਾਰਤ ਵਾਰੇ ਲਿਖ ਰਹੇ ਹਨ।
ਸਿਕੰਦਰ ਨਾਲ ਆਏ Demophilus, Aristobulus, Onesicritus, Nearchus, Ptolemy ਆਦਿ ਨੇ ਆਪਣੀਆਂ ਲਿਖਤਾਂ ਵਿੱਚ ਮਜੂਦਾ ਭਾਰਤ ਤਾਂ ਕੀ ਸਤਲੁੱਜ ਦਰਿਆ ਦਾ ਵੀ ਜ਼ਿਕਰ ਨਹੀਂ ਕੀਤਾ। ਉਸ ਸਮੇਂ ਦੇ ਯੂਨਾਨੀ ਪੰਜਾਬ ਦੇ ਵੱਡੇ ਵਹਿਣਾਂ ਵਿੱਚ ਵਗਣ ਵਾਲੇ ਦਰਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਦਿਸਦੇ ਹਨ। ਗਰੀਸ ਦਾ ਸੱਭ ਤੋਂ ਵੱਡਾ ਦਰਿਆ Achelous ਪੰਜਾਬੀ ਦਰਿਆਵਾਂ ਮੁਕਾਬਲੇ ਇੱਕ ਨਾਲ੍ਹਾ ਜਿਹਾ ਹੀ ਸੀ। ਉਨ੍ਹਾਂ ਅਚੰਬਤ ਹੋਇਆਂ ਪੰਜਾਬ ਦੇ ਚਾਰ ਸਮੁੰਦਰਾਂ ਵਾਂਗ ਵੱਡੇ ਅਤੇ ਝੀਲਾਂ ਵਰਗੇ ਸ਼ਾਂਤ ਦਰਿਆਵਾਂ ਦੇ ਬਹੁਤ ਵੇਰਵੇ ਦਿੱਤੇ ਹਨ।
ਯੂਨਾਨੀਆਂ ਲਈ ਬਿਆਸ ਦਰਿਆ ਸੱਭਿਅਕ ਦੁਨੀਆ ਦੀ ਹੱਦ ਸੀ। ਇਹ ਸਿਕੰਦਰ ਦੇ ਸਮਕਾਲੀ ਲਿਖਾਰੀਆਂ ਦੀਆਂ ਲਿਖਤਾਂ ਅਤੇ Herodotus ਦੇ ਪਰਸ਼ੀਅਨ ਸਾਮਰਾਜ ਵਿੱਚ ਹਿੰਦਸ (ਪੰਜਾਬ) ਅਤੇ ਸਤਾਗਈਆ (ਸਿੰਧ) ਸੂਬਿਆਂ ਦੇ ਟੈਕਸ ਰਿਕਾਰਡ ਨੋਟਸ ਵਿੱਚੋਂ ਵੀ ਪਤਾ ਲੱਗਦਾ। ਉਸ ਸਮੇਂ ਦੇ ਗ੍ਰੀਸ ਵਿੱਚ ਮਾਨਤਾ ਸੀ ਕਿ ਪਰਸ਼ੀਅਨ ਲੋਕਾਂ ਦੀ ਹੱਦ ਉੱਤੇ ਹੀ ਸੱਭਿਅਕ ਦੁਨੀਆ ਮੁੱਕ ਜਾਂਦੀ ਹੈ। ਉਨ੍ਹਾਂ ਦੀ ਅੱਜ ਦੇ ਭਾਰਤ ਵਿੱਚ ਕੋਈ ਦਿਲਚਸਪੀ ਨਹੀਂ ਸੀ।
ਯੂਨਾਨੀ ਫ਼ੌਜਾਂ ਦੀ ਅਗਲੀ ਕੂਚ ਅਤੇ ਸਥਾਨਕ ਤੱਥ ਇਕੱਠੇ ਕਰਨ ਦੀ ਮੁੱਖ ਜ਼ੁੰਮੇਵਾਰੀ Ptolemy son of Lagus ਨਾਂ ਦੇ ਜਰਨੈਲ ਦੀ ਸੀ। ਜੋ ਬਾਅਦ ਵਿੱਚ ਮਿਸਰ Egypt ਦਾ ਰਾਜਾ ਵੀ ਬਣਿਆ। ਉਸ ਵੱਲੋਂ ਜਿਹਲਮ ਅਤੇ ਝਨਾਅ ਦਰਿਆ ਦੀ ਮਿਣੀ ਚੌੜਾਈ ਅੱਜ ਪਹਾੜੀਆਂ ਵਿੱਚ ਉੱਤਰਨ ਸਾਰ ਦੀ ਮਿਣਤੀ ਨਾਲ ਹੈਰਾਨੀਜਨਕ ਮੇਲ ਖਾਂਦੀ ਹੈ। (ਚਾਰਟ ਨੱਥੀ ਹੈ)
ਯੂਨਾਨੀਆਂ ਦੀ ਬਿਆਸ ਤੋਂ ਪੂਰਬ ਵੱਲ ਦੇ ਇਲਾਕੇ ਵਾਰੇ ਬੇਪ੍ਰਵਾਹੀ ਇਸ ਤੋਂ ਵੀ ਪਤਾ ਲੱਗਦੀ ਹੈ ਕਿ ਉਹ ਬਿਆਸ ਅਤੇ ਸੱਤਲੁਜ ਦੇ ਰਲੇਵੇਂ ਤੋਂ ਅਗਲੇ ਵਹਾਅ ਨੂੰ ਵੀ ਬਿਆਸ ਵਾਲਾ ਨਾਂ Hyphasis ਹੀ ਦਿੱਤਾ। ਦਿਲਚਸਪ ਗੱਲ ਹੈ ਕਿ ਗਰੀਕਾਂ ਤੋਂ ਬਾਅਦ ਆਏ ਰੋਮਨਾਂ ਦਾ ਬਿਆਸ ਦਾ ਨਾਂ Bibasis ਅੱਜ ਦੇ ਨਾਂ ਨਾਲ ਬਹੁਤ ਰਲਦਾ ਹੈ। ਉਦੋਂ ਤੱਕ ਪੰਜਾਬ ਦੇ ਯੂਰਪ ਨਾਲ ਸੰਬੰਧ ਬਹੁਤ ਵੱਧ ਚੁੱਕੇ ਸਨ।
ਸਤਲੁੱਜ ਦਾ ਜ਼ਿਕਰ ਪਹਿਲੀ ਵਾਰ ਪੰਜਾਬ ਦੇ ਪਹਿਲੇ ਯੂਨਾਨੀ ਗਵਰਨਰ Seleucus Nicator I ਵੱਲੋਂ ਬਲਖ (ਮੌਜੂਦਾ ਅਫ਼ਗ਼ਾਨਿਸਤਾਨ) ਤੋਂ ਭੇਜੇ ਵਫ਼ਦ ਵੱਲੋਂ ਕੀਤਾ ਗਿਆ। ਇਸ ਪਟਵਾਰੀ ਨੁਮਾ ਵਫ਼ਦ ਨੂੰ ਪੂਰਬ ਵੱਲ ਭੇਜਣ ਦਾ ਕਾਰਨ ਵੀ ਬਹੁਤ ਦਿਲਚਸਪ ਹੈ ਜੋ ਹਰ ਭਾਰਤੀ ਇਤਿਹਾਸਕਾਰ ਅੱਜ ਤੱਕ ਲੁਕਾ ਰਿਹਾ ਹੈ।
ਗਰੀਕ ਰਾਵਲਪਿੰਡੀ ਕੋਲ ਮੋਰ ਪਹਾੜੀਆਂ ਵਿੱਚ ਵਸੇ ਮੋਰ ਕਬੀਲੇ ਦਾ ਜ਼ਿਕਰ ਕਰਦੇ ਹਨ। ਉਹ ਲਿਖਦੇ ਨੇ ਕਿ ਸਿਕੰਦਰ ਦੀ ਮੋਰ ਕਬੀਲੇ ਨੇ ਫ਼ੌਜੀ ਮੱਦਦ ਕੀਤੀ। ਇਸੇ ਕਬੀਲੇ ਦਾ ਇੱਕ Sandrakottos (ਚੰਦਰਗੁਪਤ) ਨਾਂ ਦਾ ਨੌਜਵਾਨ ਪੂਰਬ ਵਿੱਚ ਯੂਨਾਨੀਆਂ ਵਿਰੁੱਧ ਵਿਦਰੋਹ ਦੀ ਤਿਆਰੀ ਕਰ ਰਿਹਾ ਸੀ। Seleucus ਇਸ ਖਤਰੇ ਨੂੰ ਮਾਪਣ ਲਈ ਬਿਆਸ ਪਾਰ ਸੂਹੀਏ ਭੇਜਦਾ ਰਿਹਾ।
ਚੰਦਰਗੁੱਪਤ ਦੀ ਯੂਨਾਨੀ ਸੂਤਰਾਂ ਤੋਂ ਮਿਲਦੀ ਕਹਾਣੀ ਅੱਜ ਦੇ ਪ੍ਰਚੱਲਤ ਇਤਿਹਾਸ ਤੋਂ ਵੱਖਰੀ ਹੈ ਜੋ ਕਿ ਆਪਣੇ ਆਪ ਵਿੱਚ ਵਿਸਥਾਰ ਮੰਗਦੀ ਹੈ। ਮੁੱਕਦੀ ਗੱਲ ਕਿ ਸਿਕੰਦਰ ਨੇ ਨਾ ਭਾਰਤ ਉੱਤੇ ਹਮਲਾ ਕੀਤਾ ਸੀ, ਨਾ ਹੀ ਉਸ ਨੂੰ ਭਾਰਤ ਦੀ ਜਾਣਕਾਰੀ ਜਾਂ ਦਿਲਚਸਪੀ ਸੀ। ਗੰਗਾ, ਜਮਨਾ, ਨਰਮਦਾ ਤਾਂ ਕੀ ਸਿਕੰਦਰ ਦੇ ਸਮਕਾਲੀਆਂ ਨੇ ਸਤਲੁੱਜ ਤੱਕ ਦਾ ਜ਼ਿਕਰ ਨਹੀਂ ਕੀਤਾ।