ਪੰਜਾਬ ਦੇ ਪੁਰਾਤਨ ਕਿੱਸੇ
ਪੰਜਾਬ ਦੇ ਪੁਰਾਤਨ ਇਤਿਹਾਸਕ ਤੱਥਾਂ ਤੋਂ ਇਹ ਤਹਿ ਹੋ ਜਾਂਦਾ ਹੈ ਕਿ ਪੁਰਾਤਨ ਪੰਜਾਬ ਮੱਧ-ਪੂਰਬ (Middle east) ਦੀਆਂ ਮੈਸੋਪਟਾਮੀਆ, ਮਿਸਰ (Egypt) ਦੀਆਂ ਪੁਰਾਤਨ ਸੱਭਿਅਤਾਵਾਂ ਨਾਲ ਪੂਰਾ ਸੰਪਰਕ ਵਿੱਚ ਸੀ। ਸੁਮੇਰ (ਓਮਾਨ) ਅਤੇ ਆਕਾਡ (ਈਰਾਕ) ਤੋਂ ਪੰਜਾਬ ਦਾ ਸੱਭ ਤੋਂ ਪੁਰਾਣਾ ਨਾਂ “ ਮਲੂਹਾ “ ਪਤਾ ਲੱਗਦਾ ਹੈ। ਪੰਜਾਬ ਦੇ ਲੋਕ ਮੌਜੂਦਾ ਓਮਾਨ, ਇਰਾਕ ਅਤੇ ਮਿਸਰ (Egypt) ਤੱਕ ਵਪਾਰ ਕਰਨ ਜਾਂਦੇ ਸਨ। ਉੱਥੋਂ ਲਿਆਂਦਾ ਟਾਰ ਹੜੱਪਾ ਅਤੇ ਮੋਇਨਜੋਦੜੋ ਵਿੱਚ ਪਾਣੀ ਦੀਆਂ ਨਾਲ਼ੀਆਂ ਸੀਲ ਕਰਨ ਲਈ ਵਰਤਿਆ ਗਿਆ ਲੱਭਦਾ ਹੈ।
ਇਹ ਸਾਂਝ ਇਥੇ ਤੱਕ ਸੀ ਕਿ ਪੰਜਾਬ ਦਾ ਜ਼ਿਕਰ ਤਾਂਬਾ ਯੁੱਗ ਦੀਆਂ ਪੱਛਮੀ ਸੱਭਿਅਤਾਵਾਂ ਦੇ ਕਿੱਸੇ ਕਹਾਣੀਆਂ ਵਿੱਚ ਵੀ ਆਉਂਦਾ ਹੈ। ਇੰਨਾ ਕਿੱਸਿਆਂ ਦਾ ਪੰਜਾਬ ਵਿੱਚ ਕਿਤੇ ਜ਼ਿਕਰ ਨਹੀਂ ਸੁਣਿਆ। ਦੁੱਖ ਦੀ ਗੱਲ ਹੈ ਕਿ ਪੰਜਾਬੀ ਲੋਕ ਮਿਸਰ, ਚੀਨ, ਮੈਸੋਪਟਾਮੀਆਂ, ਦੱਖਣੀ ਅਮਰੀਕੀ ਪੁਰਾਤਨ ਸੱਭਿਅਤਾਵਾਂ ਵਾਰੇ ਬਹੁਤ ਕੁੱਝ ਜਾਣਦੇ ਹਨ, ਪਰ ਆਪਣੀ ਪੰਜਾਬੀ ਸੱਭਿਅਤਾ ਵਾਰੇ ਬਿਲਕੁੱਲ ਬੇਖ਼ਬਰ ਹਨ। ਪੁਰਾਤਨ ਪੰਜਾਬ ਵਿੱਚ ਸਾਡੇ ਹੀ ਪੁਰਖੇ ਵੱਸਦੇ ਸਨ। ਜਨੈਟਿਕ ਸਾਇੰਸ ਦੱਸਦੀ ਹੈ ਕਿ ਸਾਡੇ ਵਿੱਚ ਉਨਾਂ ਦਾ ਖੂਨ ਵਗ ਰਿਹਾ ਹੈ। ਇਹ ਇਤਿਹਾਸ ਨਾਲ ਇੱਕ ਤਰੀਕੇ ਨਾਲ ਸਾਡੇ ਪ੍ਰਿਵਾਰਾਂ ਦਾ ਹੀ ਇਤਿਹਾਸ ਹੈ। ਭਾਵੇਂ ਇਹ ਕਿੱਸੇ ਮਿਥਿਹਾਸ ਹੀ ਹਨ, ਪਰ ਇੰਨਾਂ ਕਿੱਸਿਆਂ ਦਾ ਪੰਜਾਬ ਤੋਂ ਹਜਾਰਾਂ ਮੀਲ ਦੂਰ ਲੱਭਣਾ ਅਤੇ ਉੱਥੇ ਦੀ ਲੋਕ ਧਾਰਾ ਦਾ ਹਿੱਸਾ ਹੋਣਾ ਯਕੀਨਨ ਇਤਿਹਾਸ ਤੱਥ ਹੈ।
2300 ਸਾਲ ਪਹਿਲਾਂ ਸਿਕੰਦਰ ਦੇ ਪੰਜਾਬ ਉੱਤੇ ਹਮਲਾ ਕਰਨ ਦੇ ਫੈਸਲੇ ਵਿੱਚ ਉਸ ਸਮੇਂ ਦੇ ਪੱਛਮੀ ਸਮਾਜ (ਪੰਜਾਬ ਦੇ ਪੱਛਮ) ਵਿੱਚ ਮਸ਼ਹੂਰ ਹੇਠਲੇ ਤਿੰਨ ਕਿੱਸਿਆਂ ਦਾ ਵੀ ਹੱਥ ਹੈ। ਸਿਕੰਦਰ ਦਾ ਗੁਰੂ Aristotle ਸੀ। ਜਿਸ ਨੇ ਉਸ ਨੂੰ ਇਤਿਹਾਸ, ਸਾਇੰਸ ਅਤੇ ਭੂਗੋਲ ਆਦਿ ਸਿਖਾਇਆ। ਸਿਕੰਦਰ ਨੂੰ ਬਚਪਨ ਤੋਂ ਹੀ ਉਸ ਸਮੇਂ ਦੀ ਸੱਭਿਅਕ ਦੁਨੀਆਂ ਵਾਰੇ ਗਿਆਨ ਦਿੱਤਾ ਗਿਆ ਸੀ।ਉਹ ਅਜਿਹੇ ਕਿੱਸੇ ਸੁੱਣ-ਸੁੱਣ ਹੀ ਜਵਾਨ ਹੋਇਆ ਸੀ। ਅੱਜ ਵੀ ਸਾਡੇ ਕੋਲ ਇਹ ਕਿੱਸੇ ਗਰੀਕ ਵਿਦਵਾਨ Herodotus, Diodorus Siculus, Strabo ਅਤੇ Plutarch ਦੀਆਂ ਲਿਖਤਾਂ ਕਰਕੇ ਪਹੁੰਚੇ ਹਨ। ਨਹੀਂ ਤਾਂ ਇਹ ਵੀ ਅਤੀਤ ਵਿੱਚ ਗੁਆਚ ਜਾਣੇ ਸਨ।
Egyptian king Osiris invasion of Punjab

ਸੱਭ ਤੋਂ ਪੁਰਾਣਾ ਕਿੱਸਾ ਮਿਸਰ ਦੇ ਦੇਵਤੇ ਓਸਾਇਰਸ Osiris (2686–2181 BC) ਦਾ ਹੈ। ਜਿਸ ਨੂੰ ਮਿਸਰ ਦਾ ਰਾਜਾ ਵੀ ਕਿਹਾ ਜਾਂਦਾ ਹੈ। ਥੇਹ ਖੋਜਾਂ (archaeology) ਵਿਚੋਂ Osiris ਵਾਰੇ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਹ ਹੜੱਪਾ ਸੱਭਿਅਤਾ ਦੇ ਸੁਨਹਿਰੀ ਦੌਰ (mature Harappan phase) ਵੇਲੇ ਮਿਸਰ (Egypt) ਦਾ ਰਾਜਾ ਸੀ। Cairo, Egypt ਦਾ ਇੱਕ ਨਾਂ ਮਿਸਰਾ ਵੀ ਹੈ। ਬਾਹਮਣੀ ਪੁਰਾਣਕ ਗ੍ਰੰਥਾਂ ਵਿੱਚ ਮਿਸਰਾਸਥਾਨ ਨਾਂ ਦਾ ਜ਼ਿਕਰ ਹੈ। ਗਰੀਕ ਵਿੱਚ ਮਿਸਰ ਨੂੰ Menes ਲਿਖਿਆ ਗਿਆ ਹੈ। ਮਿਥਿਹਾਸ ਵਿੱਚ ਇੱਥੋਂ ਦਾ Osiris ਨਾਂ ਦਾ ਰਾਜਾ ਦੁਨੀਆਂ ਦਾ ਪਹਿਲਾ ਸੁਤੰਤਰ ਰਾਜਾ ਕਿਹਾ ਗਿਆ ਹੈ। Herodotus, Diodorus, Siculus, Strabo ਸਾਰਿਆਂ ਨੇ ਲਿਖਿਆ ਕਿ ਉਨਾਂ ਨੇ ਓਸਾਇਰਸ ਵਾਰੇ ਜਾਣਕਾਰੀ ਮਿਸਰ ਦੇ ਪੁਜਾਰੀਆਂ ਤੋਂ ਇਕੱਠੀ ਕੀਤੀ ਹੈ। ਪੜਨ-ਲਿਖਣ, ਹਿਸਾਬ-ਕਿਤਾਬ ਰੱਖਣ ਦਾ ਕੰਮ ਪੁਜਾਰੀ ਹੀ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਓਸਾਇਰਸ ਨੇ ਅਰਬਾਂ ਦੇ ਇਲਾਕੇ ਅਤੇ ਇਥੋਪੀਆ ਜਿੱਤਣ ਤੋਂ ਬਾਅਦ ਪੂਰਬ ਵੱਲ ਕੂਚ ਕੀਤਾ ਅਤੇ ਪੰਜਾਬ ਉਤੇ ਜਿੱਤ ਹਾਸਲ ਕੀਤੀ। ਪੰਜਾਬ ਜਿੱਤਣ ਤੋਂ ਬਾਅਦ ਓਸਾਇਰਸ ਦੇ ਇੱਕ ਪੁੱਤ ਮੂਸੇ (Muses) ਨੇ ਇੱਥੇ ਦੇ ਲੋਕਾਂ ਨੂੰ ਸੰਗੀਤ ਵਿੱਦਿਆ ਦਿੱਤੀ, ਦੂਜੇ ਪੁੱਤ ਮਾਰੂ (Maro) ਨੇ ਅੰਗੂਰ ਦੀ ਖੇਤੀ ਅਤੇ ਸ਼ਰਾਬ ਬਣਾਉਣੀ ਸਿਖਾਈ।
Herodotus ਸੰਸਾਰ ਵਿੱਚ ਇਤਿਹਾਸ ਦੀ ਸਭ ਤੋਂ ਪਹਿਲੀ ਕਿਤਾਬ ਵਿੱਚ ਦੱਸਦਾ ਕਿ 2600 ਸਾਲ ਪਹਿਲਾਂ ਸੱਭਿਅਕ ਸਮਝੀ ਜਾਂਦੀ ਦੁਨੀਆਂ “ਹਿੰਦ-ਸਿੰਧ” (Hindush) ਉੱਤੇ ਪਰਸ਼ੀਅਨ ਰਾਜ ਨਾਲ ਹੀ ਮੁੱਕ ਜਾਂਦੀ ਹੈ। ਮਲੂਹਾ ਤੋਂ ਬਾਅਦ, ਸ਼ੁਰੂਆਤ ਵਿੱਚ ਹਿੰਦ-ਸਿੰਧ ਕੇਵਲ ਪੰਜਾਬ ਦੇ ਹੀ ਨਾਂ ਸਨ। ਪੁਰਾਣੇ ਸਬੰਧਾ ਅਤੇ ਰਾਜਨੀਤਿਕ ਮਹੱਤਤਾ ਕਾਰਨ ਹੀ ਓਧਰ ਪੰਜਾਬ ਦਾ ਹਰ ਪੁਰਾਤਨ ਯੁੱਗ ਵਿੱਚ ਮਿਲਦਾ ਹੈ।
Greek demi god Dionysius in Punjab

ਦੂਜਾ ਮਿਥਿਹਾਸਕ ਕਿੱਸਾ ਗਰੀਕ ਦੇਵਤੇ ਡਾਈਨਾਈਸਿਸ (Dionysius) ਦਾ ਹੈ। ਡਾਈਨਾਈਸਿਸ ਵੱਡੇ ਦੇਵਤੇ ਯੂਸ (Zeus) ਦਾ ਮੁੰਡਾ ਸੀ। ਗਰੀਕਾਂ ਦਾ ਮੰਨਣਾ ਸੀ ਕਿ ਉਸ ਨੇ ਹੀ ਦੁਨੀਆਂ ਨੂੰ ਅੰਗੂਰ ਦੀ ਖੇਤੀ ਅਤੇ ਸ਼ਰਾਬ ਬਣਾਉਣੀ ਸਿਖਾਈ। ਗਰੀਸ ਵਿੱਚ ਕਿੱਸਾ ਪ੍ਰਚੱਲਤ ਸੀ ਕਿ ਉਸ ਨੇ ਪੰਜਾਬ ਉੱਤੇ ਚੜਾਈ ਕੀਤੀ। ਬਹੁਤ ਸਾਲ ਸੰਘਰਸ਼ ਚੱਲਦਾ ਰਿਹਾ ਪਰ ਕਿਸੇ ਦੀ ਵੀ ਜਿੱਤ-ਹਾਰ ਨਹੀਂ ਹੋਈ। ਆਖ਼ਰ ਵਿੱਚ ਇੱਕ ਦਿਨ ਡਾਈਨਾਈਸਿਸ ਨੇ ਦੇਖਿਆ ਕਿ ਪੰਜਾਬੀ ਫੌਜੀ ਲੜਾਈ ਤੋਂ ਬਾਅਦ ਝੀਲ ਕਿਨਾਰੇ ਬੈਠੇ ਹਨ। ਉਸ ਨੇ ਝੀਲ ਦੇ ਪਾਣੀ ਨੂੰ ਆਪਣੀ ਦੈਵੀ ਤਾਕਤ ਨਾਲ ਸ਼ਰਾਬ ਬਣਾ ਦਿੱਤਾ। ਥਿਆਹੇ ਪੰਜਾਬੀ ਫ਼ੌਜੀਆਂ ਨੇ ਪਾਣੀ ਦੇ ਭੁਲੇਖੇ ਝੀਲ ਵਿੱਚੋਂ ਸ਼ਰਾਬ ਪੀ ਲਈ। ਮਿੱਥ ਅਨੁਸਾਰ ਇਸ ਤਰਾਂ ਪਹਿਲੀ ਵਾਰ ਪੰਜਾਬ ਵਿੱਚ ਸ਼ਰਾਬ ਆਈ ਅਤੇ ਧੋਖੇ ਕਾਰਨ ਪੰਜਾਬੀਆਂ ਨੇ ਪਹਿਲੀ ਵਾਰ ਸ਼ਰਾਬ ਪੀਤੀ। ਸ਼ਰਾਬੀ ਪੰਜਾਬੀ ਫ਼ੌਜੀਆਂ ਨੂੰ ਲੋਰ ਵਿੱਚ ਨੀਂਦ ਆ ਗਈ ਅਤੇ ਡਾਈਨਾਈਸਿਸ ਨੇ ਉਹ ਕੈਦੀ ਬਣਾ ਲਏ ਅਤੇ ਜਿੱਤ ਗਿਆ। ਇਸ ਤੋਂ ਬਾਅਦ ਪੰਜਾਬੀਆਂ ਅਤੇ ਡਾਈਨਾਈਸਿਸ ਅਤੇ ਨਾਲ ਆਏ ਗ੍ਰੀਕਾਂ ਵਿੱਚ ਸਮਝੌਤਾ ਹੋ ਗਿਆ। ਫੇਰ ਡਾਈਨਾਈਸਿਸ ਨੇ ਪੰਜਾਬ ਵਿੱਚ ਗਰੀਸ ਤੋਂ ਕਣਕ ਅਤੇ ਅੰਗੂਰਾਂ ਦੀ ਖੇਤੀ ਬੀਅ ਲਿਆ ਕੇ ਸ਼ੁਰੂ ਕਰਵਾਈ। ਉਸ ਨੇ ਪੰਜਾਬੀਆਂ ਨੂੰ ਢੋਲ ਅਤੇ ਟੱਲੀਆਂ ਨਾਲ ਗਾਉਣਾ ਅਤੇ ਨੱਚਣਾ ਸਿਖਾਇਆ। ਗਰੀਕ ਮੰਨਦੇ ਸਨ ਕਿ ਪੰਜਾਬ ਅਤੇ ਭਾਰਤ ਵਿੱਚ ਟੱਲੀਆਂ ਉਨਾਂ ਦਾ ਦੇਵਤਾ ਹੀ ਲੈ ਕੇ ਆਇਆ ਹੈ। ਇਹ ਵੀ ਦੱਸਿਆ ਜਾਂਦਾ ਕਿ ਡਾਈਨਾਈਸਿਸ ਨੇ ਇਸ ਤੋਂ ਬਾਅਦ ਪੰਜਾਬੀਆਂ ਅਤੇ ਆਰੀਆਵਾਂ ਦੇ ਕਬੀਲੇ ਐਮਾਜੋਨ ਨੂੰ ਨਾਲ ਰਲ਼ਾ ਕੇ ਫੇਰ ਬਲਖ (ਅਫ਼ਗ਼ਾਨਿਸਤਾਨ) ਵੀ ਜਿੱਤਿਆ।
ਸਿਕੰਦਰ ਦੇ ਹਮਲੇ ਦੇ ਵੇਰਵਿਆਂ ਵਿੱਚ ਦਰਜ ਹੈ ਕਿ ਸਿਕੰਦਰ ਤੋਂ ਪਹਿਲਾਂ ਪੰਜਾਬ ਵਿੱਚ ਗਰੀਕ ਲੋਕ ਰਹਿ ਰਹੇ ਸਨ। ਅੱਜ ਦੇ ਬੰਨੂ ਸ਼ਹਿਰ (ਲਹਿੰਦਾ ਪੰਜਾਬ) ਨੇੜੇ ਉਸ ਦਾ Nysa ਨਾਂ ਦੇ ਗਰੀਕ ਲੋਕਾਂ ਨਾਲ ਟਾਕਰਾ ਹੋਇਆ। ਜਿਨਾਂ ਉਸ ਨੂੰ ਦੱਸਿਆ ਕਿ ਪਿਛਲੀਆਂ ਵਿੱਚ Dionysius ਦੇਵਤਾ ਉੱਨਾਂ ਨੂੰ ਪੰਜਾਬ ਵਸਾ ਕੇ ਗਿਆ ਸੀ। ਇਤਿਹਾਸਕਾਰ DC Sircar ਲਿਖਦਾ ਹੈ ਕਿ ਜਿਹਲਮ ਦਰਿਆ ਦੇ ਪੱਛਮੀ ਪਾਸੇ ਸਿਬੀਆ ਨਾਂ ਦਾ ਕਬੀਲਾ ਸੀ, ਉਹ ਵੀ ਗਰੀਕ ਦੇਵਤੇ ਹਰਕਲੀਸ ਅਤੇ ਡਾਈਨਾਈਸਿਸ ਨੂੰ ਆਪਣਾ ਇਸ਼ਟ ਮੰਨਦਾ ਸੀ। (ਪੂਰੀ ਕਿਤਾਬ ਪੜਨ ਲਈ ਇੱਥੇ ਕਲਿੱਕ ਕਰੋ)
ਗ੍ਰੀਕ ਮਿਥਿਹਾਸ ਵਿੱਚ ਡਾਈਨਾਈਸਿਸ ਦਾ ਦੂਜਾ ਜਨਮ ਮੇਰੂ ਪਰਬਤ ਉੱਤੇ ਦੱਸਿਆ ਗਿਆ। Dionysius ਦੂਵਿਜ (ਸੰਸਕ੍ਰਿਤ ਵਿੱਚ ਦੂਹਰਾ ਜੰਮਿਆ) ਸੀ। ਗਰੀਕਾਂ ਨੇ ਮੇਰੂ ਪਰਬਤ ਦੇ ਨਾਂ ਦਾ ਮੂਲ ਪੱਟ (thigh) ਦੇ ਗਰੀਕ ਸ਼ਬਦ ਮੇਰੋਸ (Greek: mēros, μηρός) ਤੋਂ ਦੱਸਿਆ ਹੈ। ਕਿਉਂਕਿ ਡਾਈਨਾਈਸਿਸ ਦਾ ਜਨਮ Zeus ਦੇ ਪੱਟ ਵਿੱਚੋਂ ਹੋਇਆ ਸੀ। Zeus ਗਰੀਕਾਂ ਵਿੱਚ ਇੰਦਰ ਦੇਵਤੇ ਦਾ ਨਾਂ ਸੀ। ਮੇਰੂ ਪਰਬਤ ਦਾ ਭਾਰਤੀ ਉਪਮਹਾਂਦੀਪ ਦੀ ਫਿਲਾਸਫੀ ਵਿੱਚ ਬਹੁਤ ਜ਼ਿਕਰ ਆਉਂਦਾ ਹੈ। ਪਹਿਲੀ ਸਦੀ ਦੇ ਗਰੀਕ ਭੂਗੋਲ ਸ਼ਾਸ਼ਤਰੀ Strabo ਨੇ ਆਪਣੀ ਕਾਬਲ ਅਤੇ ਪੱਛਮੀ ਪੰਜਾਬ ਦੀ ਫੇਰੀ ਦੇ ਵੇਰਵੇ ਵਿੱਚ ਦੱਸਿਆ ਕਿ ਉਸ ਨੇ ਪਹਾੜਾਂ ਵਿੱਚ ਬਹੁਤ ਸਾਧੂ ਡਾਈਨਾਈਸਿਸ ਦਾ ਜਪ-ਤਪ ਕਰਦੇ ਦੇਖੇ ਹਨ। ਉਸ ਅਨੁਸਾਰ ਜਪੀਆਂ-ਤਪੀਆਂ ਦੀ ਮਾਨਤਾ ਗਰੀਕ ਡਾਈਨਾਈਸਿਸ ਦੇ ਰੋਮਨ ਰੂਪ Bacchanalian ਵਾਲੀ ਸੀ। ਗਰੀਕ ਲਿਖਤਾਂ ਮੁਤਾਬਕ ਉਹ ਡਾਈਨਾਈਸਿਸ ਦੇ ਪੰਜਾਬ ਨਾਲ ਸੰਬੰਧਾਂ ਨੂੰ ਸੱਚ ਮੰਨਦੇ ਸਨ।
ਇਸ ਤੋਂ ਪਤਾ ਲੱਗਦਾ ਕਿ 2800 ਸਾਲ ਪੁਰਾਣੇ ਹੋਮਰ ਦੇ ਕਿੱਸਿਆਂ ਤੋਂ ਲੈ ਕੇ 1900 ਸਾਲ ਪਹਿਲਾਂ ਤੱਕ ਸਟਰੇਬੋ ਤੱਕ ਪੰਜਾਬ ਅਤੇ ਡਾਈਨਾਈਸਿਸ (Dionysius) ਦਾ ਸਾਥ ਮੁੱਖਧਾਰਾ ਵਿੱਚ ਪ੍ਰਚੱਲਤ ਰਿਹਾ ਹੈ। ਤਖਸਿਲਾ ਦੇ ਖੰਡਰਾਂ ਵਿੱਚੋਂ ਵੀ ਡਾਈਨਾਈਸਿਸ ਦੀਆਂ 1800 ਪੁਰਾਣੀਆਂ ਕੁਸ਼ਾਣ ਰਾਜ ਵੇਲੇ ਦੀਆਂ ਕਲਾ ਕਿਰਤਾਂ ਲੱਭਿਆਂ ਹਨ।
ਪੱਛਮ ਵਿੱਚ ਓਸਾਇਰਸ Osiris ਅਤੇ ਡਾਈਨਾਈਸਿਸ (Dionysius) ਦੀ ਮਾਨਤਾ ਅਤੇ ਮਿੱਥ ਇਕੋ-ਜਿਹੀ ਹੋਣ ਕਰਕੇ ਡਾਈਨਾਈਸਿਸ ਨੂੰ ਓਸਾਇਰਸ ਦਾ ਹੀ ਨਵਾਂ ਰੂਪ ਵੀ ਸਮਝਿਆ ਜਾਂਦਾ ਹੈ। ਮੈਸੋਪਟਾਮੀਆਂ ਦੇ ਬਹੁਤ ਸਾਰੇ ਦੇਵਤੇ, ਧਰਮ, ਰਿਵਾਜ, ਕਿੱਸੇ ਗਰੀਕ ਲੋਕਾਂ ਨੇ ਅਪਨਾਏ ਸਨ।
Dionysus’ Invasion of India Before Alexander the Great
Assyrian Queen Semiramis’ defeat in Panjab

ਪੰਜਾਬ ਨਾਲ ਸਬੰਧਤ ਤੀਜਾ ਕਿੱਸਾ ਇਤਿਹਾਸਕ ਪਾਤਰ ਨਾਲ ਸਬੰਧਤ ਹੈ। ਜਿਹੜਾ ਜੇ ਅਸਲ ਵਿੱਚ ਨਾ ਵੀ ਵਾਪਰਿਆ ਹੋਇਆ ਤਾਂ ਵੀ 2800 ਸਾਲ ਪਹਿਲਾਂ ਪੰਜਾਬ ਦੀ ਉਸ ਸਮੇਂ ਦੇ ਮੱਧ-ਪੂਰਬੀ (middle east) ਸਮਾਜ ਵਿੱਚ ਹੁੰਦੀ ਚਰਚਾ ਨੂੰ ਜ਼ਰੂਰ ਉਜਾਗਰ ਕਰਦਾ ਹੈ।
ਕਿੱਸਾ ਅਸੀਰੀਆ (ਅੱਜ ਦਾ Iraq, Iran, Kuwait, Syria, and Turkey) ਦੀ ਰਾਣੀ ਸੈਮੀਰਾਮੀ ਦੇ ਪੰਜਾਬ ਉੱਤੇ ਹਮਲੇ ਦਾ ਹੈ। ਇਸ ਕਿੱਸੇ ਨੂੰ ਵੀ Herodotus, Diodorus Siculus, ਅਤੇ Plutarch ਨੇ ਕਲਮਬੰਧ ਕੀਤਾ। ਉਸ ਸਮੇਂ ਮਿਸਰ ਵਿੱਚ ਮਸ਼ਹੂਰ ਸੀ ਕਿ ਸੱਭਿਅਕ ਸੰਸਾਰ ਦੇ ਪੂਰਬੀ ਖੂੰਜੇ ਵਿੱਚ ਇੱਕ ਵੱਡਾ ਦੇਸ਼ ਹੈ ਜਿੱਥੇ ਹਰ ਖੇਤ ਵਿੱਚ ਦਰਿਆਈ ਪਾਣੀ ਜਾਂਦਾ ਹੈ, ਸਾਲ ਵਿੱਚ ਦੋ ਫਸਲਾਂ ਹੁੰਦੀਆਂ ਹਨ, ਅਤੇ ਕਦੇ ਕਾਲ ਨਹੀਂ ਪਿਆ। ਉਥੋਂ ਇਹ ਸਿਫਤਾਂ ਰਾਣੀ ਸੈਮੀਰਾਮੀ ਦੇ ਕੰਨੀ ਪੈ ਗਈਆਂ। ਉਨਾਂ ਨੇ ਉਸ ਵੇਲੇ ਪੰਜਾਬ ਦੇ ਰਾਜੇ ਦਾ ਨਾਂ ਸਟਾਬ੍ਰੋਬੇਟ Stabrobates ਦੱਸਿਆ। ਜਿਸ ਕੋਲ ਅਣਗਿਣਤ ਫੌਜ, ਹਾਥੀ ਅਤੇ ਹਥਿਆਰ ਸਨ। ਰਾਣੀ ਸੈਮੀਰਾਮੀ ਦੇ ਇਸ ਕਿੱਸੇ ਦਾ Homer ਦੇ ਮਹਾਂਕਵਿ ਵਿੱਚ ਵੀ ਜ਼ਿਕਰ ਹੈ।ਇਤਿਹਾਸਕਾਰ Diodorus ਅਤੇ ਮਹਾਂਕਵੀ ਹੋਮਰ ਦੋਵੇਂ ਸਹਿਮਤ ਹਨ ਕਿ ਸੈਮੀਆਮੀ ਨੇ ਪੰਜਾਬ ਦੀ ਖੁਸ਼ਹਾਲੀ ਸੁੱਣ ਕੇ ਲਾਲਚ ਵੱਸ ਪੰਜਾਬ ਉੱਤੇ ਹਮਲਾ ਕੀਤਾ ਜਦੋਂ ਕਿ ਪੁਰਾਤਨ ਪੰਜਾਬੀਆਂ ਨੇ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਸੀ।
ਅਸੀਰੀਆ ਦੀ ਰਾਣੀ ਪੰਜਾਬ ਉੱਤੇ ਹਮਲੇ ਦੀ ਤਿਆਰੀ ਵਿੱਚ, ਪਹਿਲਾਂ ਬਹੁਤ ਸਾਰੀ ਫੌਜ ਨਾਲ ਬਲਖ (ਅਫਗਾਨਿਸਤਾਨ) ਆ ਪਹੁੰਚੀ। ਉੱਥੇ ਉਸ ਨੇ ਸਿੰਧ ਦਰਿਆ ਵਿੱਚ ਜੰਗੀ ਸਮਾਨ ਢ੍ਹੋਣ ਲਈ ਅਨੇਕਾਂ ਬੇੜੀਆਂ ਬਣਾਈਆਂ ਗਈਆਂ। ਪੰਜਾਬੀ ਰਾਜੇ ਸਟਾਬ੍ਰੋਬੇਟ ਦੇ ਹਾਥੀਆਂ ਦਾ ਮੁਕਾਬਲਾ ਕਰਨ ਲਈ ਤਿੰਨ ਲੱਖ ਸ੍ਹਾਨ ਵੱਢੇ ਗਏ। ਸ੍ਹਾਨਾਂ ਦਾ ਮੀਟ ਫ਼ੌਜ ਵਿੱਚ ਵੰਡ ਦਿੱਤਾ ਗਿਆ ਅਤੇ ਖੱਲ ਨੂੰ ਜੋੜ ਕੇ ਵੱਡੇ ਜਾਨਵਰ ਦਾ ਆਕਾਰ ਬਣਾ ਲਿਆ। ਜਿਸ ਨੂੰ ਊਠ ਅਤੇ ਸਵਾਰ ਉੱਤੇ ਦੀ ਪਾ ਕੇ ਹਾਥੀ ਨਾਲੋਂ ਵੀ ਵੱਡਾ ਢਾਂਚਾ ਖੜਾ ਕਰ ਦਿੱਤਾ। ਜੋ ਦੂਰੋਂ ਦੇਖਣ ਨੂੰ ਬਹੁਤ ਹੀ ਖਤਰਨਾਕ ਲੱਗਦਾ ਸੀ। Ctesias of Cnidus ਲਿਖਦਾ ਕਿ ਬਲਖ ਵਿੱਚ ਸੈਮੀਰਾਮੀ ਨੂੰ ਯੁੱਧ ਦੀ ਤਿਆਰੀ ਲਈ ਲਈ ਦੋ ਸਾਲ ਲੱਗੇ।
ਦੂਜੇ ਪਾਸੇ ਪੰਜਾਬ ਵਿੱਚ ਰਾਜੇ ਸਟਾਬ੍ਰੋਬੇਟ ਤੱਕ ਵੀ ਭਿਣਕ ਪਹੁੰਚ ਗਈ ਅਤੇ ਉਹ ਵੀ ਮੁਕਾਬਲੇ ਲਈ ਤਿਆਰੀ ਖਿੱਚਣ ਲੱਗ ਪਿਆ। ਉਸ ਨੇ ਕੰਢੀ ਇਲਾਕੇ ਵਿੱਚੋਂ ਦਿੱਬ੍ਹ (reed) ਵੱਢ ਕੇ ਹਜ਼ਾਰਾਂ ਬੇੜੀਆਂ ਤਿਆਰ ਕਰ ਲਈਆਂ। ਇਹ ਬੇੜੀਆਂ ਸੈਮੀਰਾਮੀ ਦੀਆਂ ਲੱਕੜ ਦੀਆਂ ਬੇੜੀਆਂ ਤੋਂ ਕਿਤੇ ਵੱਧ ਵਧੀਆ ਸਨ। ਪੰਜਾਬੀ ਫੌਜ ਨੇ ਅਸੀਰੀਆਈ ਫੌਜ ਸਿੰਧ ਦਰਿਆ ਦੇ ਦੂਜੇ ਪਾਰ ਹੀ ਰੋਕ ਲਈ। ਇਥੇ ਘਮਸਾਣ ਦੀ ਲੜਾਈ ਹੋਈ। ਜਦੋਂ ਪੰਜਾਬੀ ਘੋੜ ਸਵਾਰ ਹਮਲਾਵਰ ਹੋ ਕੇ ਅਸੀਰੀਅਨ ਬਨੌਟੀ ਹਾਥੀਆਂ ਕੋਲ ਗਏ ਤਾਂ ਘੋੜੇ ਸ੍ਹਾਨਾਂ ਦੇ ਚੰਮ ਹੇਠਲੇ ਬੋਤਿਆਂ ਦੇ ਮੁਸ਼ਕ ਤੋਂ ਘਬਰਾ ਗਏ, ਅਤੇ ਹਫੜਾਦਫੜੀ ਮੱਚ ਗਈ। ਪੰਜਾਬੀ ਫੌਜ ਯੁਗਤ ਲਾ ਕੇ ਪੂਰੀ ਤਰਾਂ ਲੜਾਈ ਦਾ ਮੈਦਾਨ ਛੱਡ ਸਿੰਧ ਦਰਿਆ ਦੇ ਦੂਜੇ ਪਾਸੇ ਆ ਗਏ। ਸੈਮੀਰਾਮੀ ਨੇ ਸਮਝਿਆ ਕਿ ਪੰਜਾਬੀ ਭੱਜ ਗਏ ਨੇ ਅਤੇ ਉਸ ਨੇ ਜੰਗ ਜਿੱਤ ਲਈ ਹੈ। ਉਹ ਵੀ ਰਹਿੰਦੀ ਖੂੰਦੀ ਫੌਜ ਦਬੱਲਣ ਲਈ ਬੇੜੀਆਂ ਦਾ ਪੁੱਲ ਬਣਾ ਕੇ ਦਰਿਆ ਪਾਰ ਆ ਗਈ।
ਹੁੱਣ ਤੱਕ ਪੰਜਾਬੀ ਰਾਜੇ ਸਟਾਬ੍ਰੋਬੇਟ ਨੂੰ ਬਨੌਟੀ ਹਾਥੀਆਂ ਵੀ ਪਤਾ ਲੱਗ ਗਿਆ ਸੀ। ਉਸ ਨੇ ਸੈਮੀਰਾਮੀ ਉੱਤੇ ਸਿੱਧੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਸੈਮੀਰਾਮੀ ਦੇ ਪਹਿਲਾਂ ਤੀਰ ਤੇ ਫੇਰ ਨੇਜ਼ਾ ਵੱਜਿਆ। ਉਹ ਡਰ ਕੇ ਭੱਜ ਨਿਕਲੀ। ਇਸ ਨਾਲ ਫੌਜ ਵਿੱਚ ਘਬਰਾਹਟ ਫੈਲ ਗਈ। ਸਾਰੇ ਪੁੱਲ ਵੱਲ ਭੱਜ ਨਿਕਲੇ। ਕਈ ਦਰਿਆ ਵਿੱਚ ਰੁੜ ਗਏ, ਕਈ ਪੰਜਾਬੀਆਂ ਨੇ ਮਾਰ ਦਿੱਤੇ। ਅਸੀਰੀਅਨ ਰਾਣੀ ਸੈਮੀਰਾਮੀ ਜਾਨ ਬਚਾ ਕੇ ਬਲਖ ਭੱਜ ਗਈ ਅਤੇ ਮੁੜਕੇ ਪੰਜਾਬ ਵੱਲ ਮੂੰਹ ਨਹੀਂ ਕੀਤਾ।
Semiramis’ campaign against the Indians
ਸਿਕੰਦਰ ਉਤੇ ਪ੍ਰਭਾਵ
ਸਮਰਕੰਦ (ਉਸ ਸਮੇਂ ਦਾ ਨਾਂ ਮਾਰਕੰਡੇ) ਵਿੱਚ ਸਿਕੰਦਰ ਨੂੰ ਦੱਸਿਆ ਗਿਆ ਕਿ ਈਰਾਨੀ ਸ਼ਹਿਨਸ਼ਾਹ ਕੁਰੂਸ਼ (ਸੰਸਕ੍ਰਿਤ ਕੁਰੂ, ਗਰੀਕ Cyrus) ਪੰਜਾਬ ਵਿੱਚੋਂ ਸੱਤ ਬੰਦਿਆਂ ਨਾਲ ਜਾਨ ਬਚਾ ਕੇ ਗਿਆ ਸੀ। ਇਸ ਘਟਣਾ ਵਾਰੇ ਹੋਰ ਬਹੁਤਾ ਨਹੀਂ ਪਤਾ ਲੱਗਦਾ। ਪਰ ਪੰਜਾਬ ਉਤੇ ਹਮਲੇ ਦੀ ਤਿਆਰੀ ਵੇਲੇ ਇਸ ਵਾਰੇ ਸਿਕੰਦਰ ਨੂੰ ਜਾਣਕਾਰੀ ਹੋਣ ਦਾ ਜਿਕਰ ਜਰੂਰ ਮਿਲਦਾ ਹੈ।
ਸਿਕੰਦਰ ਨੂੰ ਸੈਮੀਰਾਮੀ ਦੇ ਲੱਖਾਂ ਦੀ ਫੌਜ ਲੈ ਕੇ ਪੰਜਾਬ ਆਉਣ ਅਤੇ ਮਸਾਂ ਦਸ ਬੰਦਿਆਂ ਜਾਨ ਭਜਾ ਕੇ ਭੱਜਣ ਵਾਰੇ ਵੀ ਪਤਾ ਸੀ। ਸਿਕੰਦਰ ਆਪਣੇ ਆਪ ਨੂੰ ਯੂਸ (ਯਵਨਾ ਦਾ ਇੰਦਰ) ਦਾ ਪੁੱਤ ਸਮਝਦਾ ਸੀ। ਡਾਈਨਾਈਸਿਸ ਵੀ ਮਿਥਿਹਾਸ ਵਿੱਚ ਯੂਸ ਦਾ ਪੁੱਤ ਸੀ। ਸਿਕੰਦਰ ਦੇ ਪੰਜਾਬ ਉੱਤੇ ਹਮਲਾ ਕਰਨ ਦੇ ਫੈਸਲੇ ਵਿੱਚ ਆਪਣੇ ਤੋਂ ਪਹਿਲਾਂ ਵਾਲਿਆਂ ਦੀ ਬਰਾਬਰੀ ਅਤੇ ਉਨਾਂ ਤੋਂ ਵੀ ਵੱਡਾ ਬਣ ਕੇ ਦਿਖਾਉਣਾ ਵੀ ਇੱਕ ਕਾਰਨ ਸੀ। ਉਸ ਦੀ ਜਿੱਦ ਸੀ ਕਿ ਜੋ ਕੁਰੂਸ਼ ਅਤੇ ਸੈਮੀਰਾਮੀ ਨਹੀਂ ਕਰ ਸਕੇ ਉਹ ਜਰੂਰ ਕਰੇਗਾ।