Ancient History of Punjab

ਵੇਦਕ ਸੱਭਿਅਤਾ ਅਤੇ ਸਪਤਸਿੰਧੂ ਦੇ ਸਬੂਤ ਕਿੱਥੇ ਹਨ?

 

ਪੰਜਾਬ ਦੇ ਇਤਿਹਾਸ ਵਿੱਚ ਕਿਹਾ ਜਾਂਦਾ ਹੈ ਕਿ ਹੜੱਪਾ ਸੱਭਿਅਤਾ ਦੇ ਪਤਨ ਤੋਂ ਬਾਅਦ ਵੇਦਕ ਯੁੱਗ ਆਇਆ। ਸਾਨੂੰ ਹੜੱਪਾ ਸੱਭਿਅਤਾ ਦੇ ਥੇਹ ਲੱਭਦੇ ਹਨ। ਉਨਾਂ ਦੇ ਘਰ ਲੱਭਦੇ, ਘਰਾਂ ਵਿੱਚ ਭਾਂਡੇ-ਟੀਂਡੇ ਲੱਭਦੇ ਨੇ, ਉਨਾਂ ਨਾਲ ਵਪਾਰ ਦੇ ਸਬੂਤ ਮੈਸੋਪਟਾਮੀਆਂ (ਇਰਾਕ, ਓਮਾਨ) ਤੱਕ ਮਿਲਦੇ ਹਨ। ਇੱਥੋਂ ਤੱਕ ਕਿ 4000 ਸਾਲ ਪੁਰਾਣਾ,ਉਸ ਸਮੇਂ ਦਾ ਨਾਂ “ਮਲੂਹਾ” ਵੀ ਲਿਖਿਆ ਲੱਭ ਗਿਆ ਹੈ। ਇਸ ਤੋਂ ਵੀ ਅੱਗੇ ਉੱਤਰੀ ਇਰਾਕ ਦੀ ਅਕਾਡ ਸੱਭਿਅਤਾ ਦੇ ਰਾਜੇ ਨਾਰਾਮ ਸਿਨ ਵੱਲੋਂ ਮਲੂਹਾ ਦੇ ਰਾਜੇ ਦਾ ਲਿਖਵਾਇਆ ਅਧੂਰਾ ਨਾਂ ਵੀ ਮਿਲ ਚੁੱਕਾ ਹੈ। ਰਾਜੇ ਦੀ ਲਿਖਵਾਈ ਫੱਟੀ ਟੁੱਟੀ ਹੋਣ ਕਰਕੇ ਪੂਰਾ ਨਾਂ ਨਹੀਂ ਮਿਲਿਆ ਪਰ ਨਾਂ ਦਾ ਆਖਰੀ ਹਿੱਸਾ (..)ibra  ਹੈ।

ਹੜੱਪਾ ਦੀ ਵਿਸ਼ਾਲ ਸੱਭਿਅਤਾ ਜੇ ਵਾਕਿਆ ਹੀ ਅੱਗੇ ਚੱਲ ਕੇ ਵੇਦਕ ਸੱਭਿਅਤਾ ਹੋ ਗਈ ਸੀ ਤਾਂ ਸਾਨੂੰ ਹੜੱਪਾ ਵਾਲੇ ਪੁਰਖਿਆਂ ਵਾਂਗੂੰ ਆਰੀਆਵਾਂ ਦੇ ਠੀਪੇ (ਮੋਹਰਾਂ seals), ਘੋੜਿਆਂ ਤੇ ਰੱਥਾਂ ਨਾਲ ਸਬੰਧਤ ਚੀਜ਼ਾਂ, ਅੱਗ ਮੂਹਰੇ ਕਰਮਕਾਂਡ ਦੇ ਸਬੂਤ ਕਿਉਂ ਨਹੀਂ ਮਿਲਦੇ? ਮਾਹਰਾਂ ਨੇ ਸੱਭਿਆਚਾਰ ਨਿਸ਼ਾਨਦੇਹੀ ਨਾਲ ਹੜੱਪਾ ਵਾਲਿਆਂ ਦੇ ਓਮਾਨ ਅਤੇ ਅਫਗਾਨਿਸਤਾਨ ਵਿੱਚ ਵੀ ਪਿੰਡ ਪਛਾਣ ਲਏ ਹਨ। ਪਰ ਐਨਾਂ ਤਾਮਝਾਮ, ਕਿਤਾਬਾਂ, ਉਲਥੇ ਅਤੇ ਹੋਰ ਹੋਣ ਦੇ ਬਾਵਜੂਦ ਵੀ ਰਿੱਗਬੇਦਕਾਂ ਦਾ ਕਿਸੇ ਥੇਹ ਵਿੱਚੋਂ ਕੁੱਝ ਨਹੀਂ ਮਿਲਿਆ। ਜਿਸ ਸਮੇਂ ਵੇਦਕ ਸੱਭਿਅਤਾ ਹੋਣੀ ਚਾਹੀਦੀ ਹੈ ਉਸ ਸਮੇਂ ਦੇ ਥੇਹਾਂ ਵਿੱਚ ਹੜੱਪਾ ਦਾ ਹੀ ਵਿਕਾਸ ਕੀਤਾ ਹੋਇਆ ਰੂਪ ਮਿਲ ਰਿਹਾ ਹੈ। 

ਪੰਜਾਬ ਵਿੱਚ ਰਿੱਗਬੇਦ ਦਾ ਟਾਇਮ ਲਗਾਤਾਰ ਸੁੰਗੜ ਰਿਹਾ ਹੈ। ਸ਼ੁਰੂਆਤ ਵਿੱਚ ਮਾਹਰ 4000 ਸਾਲ ਪਹਿਲਾਂ ਸ਼ੁਰੂ ਹੋਇਆ ਦੱਸਦੇ ਸਨ। ਹੁੱਣ 3300 ਸਾਲ ਪਹਿਲਾਂ ਤੱਕ ਆ ਗਏ ਹਨ ਅਤੇ ਹਾਲੇ ਹੋਰ ਖਿਸਕ ਰਿਹਾ ਹੈ। ਪੰਜਾਬ ਦੇ ਪੱਛਮ, ਈਰਾਨ ਵਿੱਚ ਮਿਲਦੇ ਸਬੂਤਾਂ ਤੋਂ ਪਤਾ ਲੱਗਦਾ ਕਿ ਓਥੇ ਆਰੀਆ ਲੋਕ ਭਾਂਵੇ 3000 ਸਾਲ ਪਹਿਲਾਂ ਆਉਣ ਲੱਗ ਪਏ ਸਨ। ਪਰ ਉਨਾਂ ਦਾ ਸਮਾਜਿਕ ਤੇ ਰਾਜਸੀ ਪ੍ਰਭਾਵ 2600 ਸਾਲ ਪਹਿਲਾਂ ਹੀ ਸ਼ੁਰੂ ਹੋਇਆ ਅਤੇ ਸੌ ਸਾਲ ਵਿੱਚ ਹੀ ਉਨਾਂ ਦੀ ਪਹਿਚਾਣ ਦੇ ਸਬੂਤ ਮਿਲਦੇ ਹਨ। ਈਰਾਨੀ ਰਾਜੇ ਦਾਰੀਅਸ (ਦਾਰਾ) ਨੇ ਆਪਣੇ ਪੱਥਰੀ ਲੇਖ ਵਿੱਚ ਆਪਣੇ ਆਪ ਨੂੰ ਆਰੀਆ ਪੁੱਤਰ ਲਿਖਵਾਇਆ। ਆਰੀਆ ਸ਼ਬਦ ਸੰਸਕ੍ਰਿਤ ਦਾ ਹੈ। ਰਾਜੇ ਦਾਰੀਅਸ ਨੇ ਅਰੀਯਾ ਲਿਖਵਾਇਆ। ਪਾਲੀ ਅਤੇ ਮੱਧ ਫ਼ਾਰਸੀ, ਪਿਹਲਵੀ, ਵਿੱਚ ਵੀ ਰਾਜੇ ਦਾਰੀਅਸ ਵਾਲਾ ਅਰੀਯਾ ਸ਼ਬਦ ਹੀ ਹੈ। ਮਾਹਰ ਮੰਨਦੇ ਹਨ ਕਿ ਸ਼ੁਰੂ ਵਿੱਚ ਅਰੀਯਾ ਹੀ ਸੀ। ਕੀ ਪੰਜਾਬ ਵਿੱਚ ਵੀ ਇਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਭਾਂਵੇਂ ਆਰੀਆ ਲੋਕਾਂ ਦੇ ਟੋਲੇ 3500 ਕੁ ਸਾਲ ਪਹਿਲਾਂ ਆਉਣੇ ਸ਼ੁਰੂ ਹੋ ਗਏ ਸਨ, ਪਰ ਉਨਾਂ ਦਾ ਸਮਾਜਿਕ ਰੁਤਬਾ ਈਰਾਨ ਵਿੱਚ ਮਿਲਣ ਵਾਲੇ ਸਬੂਤਾਂ ਵਾਲੇ ਸਮੇਂ (500 BCE) ਵਾਲਾ ਹੀ ਲੱਗਦਾ ਹੈ। 

ਪੱਛਮੀ ਪੰਜਾਬ ਵਿੱਚ ਤਖਸਿਲਾ (ਸਰਾਏ ਖੋਲਾ), ਪੂਰਬੀ ਪੰਜਾਬ ਵਿੱਚ ਧਲੇਵਾਂ (ਮਾਨਸਾ) ਅਤੇ ਮੋਇਨਜੋਦੜੋ ਵਰਗੇ ਹੜੱਪਾ ਦੇ ਵਸੇਬ ਈਸਾ ਬਾਅਦ ਬੋਧੀ ਯੁੱਗ ਤੱਕ ਲਗਾਤਾਰ ਵੱਸਦੇ ਰਹੇ ਨੇ। ਪਰ ਕਿਸੇ ਵੀ ਥਾਂ ਤੋਂ ਪ੍ਰਤੱਖ ਵੇਦਕ ਸਬੂਤ ਨਹੀਂ ਮਿਲੇ। ਪ੍ਰਚੱਲਿਤ ਪ੍ਰਚਾਰ ਦੇ ਉਲਟ ਇਸ ਤੱਥ ਦਾ ਸਾਰੇ ਮਾਹਿਰਾਂ ਨੂੰ ਪਤਾ ਹੈ ਕਿ ਵੇਦਕ ਯੁੱਗ ਦਾ ਕੋਈ ਸਬੂਤ ਨਹੀਂ ਹੈ। ਪਰ ਪੰਜਾਬ ਦੇ ਲੋਕਾਂ ਤੋਂ ਇਹ ਤੱਥ ਲੁਕਾ ਕੇ ਰੱਖਿਆ ਗਿਆ ਹੈ। ਵੇਦਕਾਂ ਦੀ ਬੋਲੀ ਦੇ ਸਬੂਤ ਤਾਂ ਹੋਰ ਵੀ ਬਹੁਤ ਬਾਅਦ ਮਿਲਣੇ ਸ਼ੁਰੂ ਹੁੰਦੇ ਨੇ।

Harvard University ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਅਤੇ ਬੇਦਾਂ ਦੇ ਮਾਹਰ Micheal Witzel ਨੇ ਬੇਦਾਂ ਅਤੇ ਬੇਦਕ ਲੋਕਾਂ ਦੇ ਸਬੁਤ ਨਾ ਮਿਲਣ ਵਾਰੇ ਇਵੇਂ ਲਿਖਿਆ ਹੈ “None of the archaeologically identified post-Harappan cultures so far found, from Cemetery H, Sarai Kala III, the early Gandhara and Gomal Grave Cultures, does make a good fit for the culture of the speakers of Vedic: one would have to look for remains that include horse and chariot, primitive ritual pottery (handmade) and remnants of fire and Soma rituals with wooden implements, burials both with interment and cremation, and the general kit of cattle herders moving about in transhumance fashion on heavy wagons and having some barley cultivation on the side.” Paper title The Languages of Harappa, Feb. 17, 2000, Page 32

ਇਸ ਤੋਂ ਇਹ ਸਵਾਲ ਵੀ ਉਠਦਾ ਕਿ ਕੀ ਪੰਜਾਬ ਦਾ ਕਿਸੇ ਵੇਲੇ ਵਾਕਿਆ ਹੀ ਸਪਤ ਸਿੰਧ ਨਾਂ ਰਿਹਾ ਹੋਵੇਗਾ? ਸਾਨੂੰ ਮਲੂਹਾ ਵਾਂਗ ਨਾ ਤਾਂ ਇਹ ਕਿਤੇ ਲਿਖਿਆ ਮਿਲਿਆ ਹੈ। ਨਾ ਹੀ ਇਸ ਨਾਂ ਥੱਲੇ ਪੰਜਾਬ ਨਾਲ ਕਿਸੇ ਨੇ ਵਪਾਰ ਕੀਤਾ ਹੈ। ਨਾ ਹੀ ਕੋਈ ਸਿੱਕਾ, ਜਾਂ ਪੱਥਰੀ ਲਿਖਤ (ਸ਼ਿਲਾਲੇਖ) ਲੱਭਿਆ ਹੈ। ਜੇ ਪੰਜਾਬ ਦਾ ਇਹ ਵਾਕਿਆ ਹੀ ਨਾਂ ਸੀ ਤਾਂ ਵਰਤਿਆ ਕਿੱਥੇ ਗਿਆ, ਕਿਸ ਨੇ ਵਰਤਿਆ, ਕੀ ਉਸ ਵੇਲੇ ਦੇ ਪੰਜਾਬੀ ਆਪਣੇ ਆਪ ਨੂੰ ਸਪਤ ਸਿੰਧ ਦੇ ਵਾਸੀ ਦੱਸਦੇ ਵੀ ਹੋਣਗੇ। ਜੇ ਦੱਸਦੇ ਹੋਣਗੇ ਤਾਂ ਕਿਸ ਨੂੰ? 

ਨਾਂ ਰੱਖਣ ਅਤੇ ਵਰਤਣ ਦੇ ਕਾਰਨ ਹੁੰਦੇ ਹਨ। ਖਿੱਤੇ ਦਾ ਨਾਂ ਹਵਾ ਵਿੱਚੋਂ ਪੈਦਾ ਨਹੀਂ ਕਰ ਸਕਦੇ। ਨਾਂ ਜਾਂ ਤਾਂ ਟੈਕਸ ਇਕੱਠਾ ਕਰਨ, ਰਾਜ ਪ੍ਰਬੰਧ ਲਈ ਵਰਤੇ ਜਾਂਦੇ ਨੇ, ਜਾਂ ਵਪਾਰ ਵਿੱਚ ਨਾਂ ਦੀ ਜ਼ਰੂਰਤ ਪੈਂਦੀ ਹੈ। ਨਾਂ ਦਾ ਮਤਲਬ ਹੁੰਦਾ ਕਿ ਕਿਸੇ ਖਿੱਤੇ ਨੂੰ ਦੂਜੇ ਖਿੱਤੇ ਨਾਲੋਂ ਵੱਖਰਾ ਦਿਖਾਉਣਾ। ਦੱਸਣਾ ਹੁੰਦਾ ਹੈ ਕਿ ਇਹ ਸਮਾਨ ਫਲਾਣੇ ਥਾਂ ਤੋਂ ਬਣ ਕੇ ਆਇਆ ਜਾਂ ਫਲਾਣਾ ਰਾਜਾ ਇਸ ਇਲਾਕੇ ਤੋਂ ਟੈਕਸ ਲੈਦਾਂ ਹੈ ਜਾਂ ਉਸ ਇਲਾਕੇ ਤੇ ਰਾਜ ਕਰਦਾ ਹੈ। ਸਪਤਸਿੰਧ ਦਾ ਕਿਸੇ ਹੋਰ ਖਿੱਤੇ ਵੱਲੋਂ ਕੀਤਾ ਜ਼ਿਕਰ ਵੀ ਕਿਤੇ ਨਹੀਂ ਲੱਭਿਆ। 

ਬੋਧੀ ਦਰਸ਼ਣ ਵਿੱਚ ਜੰਬੂਦੀਪ ਨਾਂ ਦਾ ਜ਼ਿਕਰ ਹੁੰਦਾ ਹੈ। ਇਹ ਨਾਂ ਇਕ ਸੰਦੇਸ਼ ਦੇਣ ਲਈ ਵਰਤਿਆ ਗਿਆ ਨਾਂ ਹੈ ਨਾ ਕਿ ਲੋਕ ਧਾਰਾ ਵਿੱਚ ਪ੍ਰਚੱਲਿਤ ਖਿੱਤੇ ਦਾ ਨਾਂ। ਜਿਵੇਂ ਬੇਗਮਪੁਰਾ ਇੱਕ ਖਾਸ ਖਿਆਲ ਨੂੰ ਪ੍ਰਗਟ ਕਰਦਾ ਹੈ। ਅੱਜ ਬਹੁਤ ਵਾਰ ਅਣਖੀਲਾ ਪੰਜਾਬ ਜਾਂ ਰੰਗਲਾ ਪੰਜਾਬ ਕਹਿ ਦਿੱਤਾ ਜਾਂਦਾ ਹੈ। ਅੱਜ ਤੋਂ ਦੋ-ਚਾਰ ਹਜ਼ਾਰ ਸਾਲ ਬਾਅਦ ਇਸ ਦਾ ਮਤਲਬ ਪੰਜਾਬ ਦਾ ਪੂਰਾ ਨਾਂ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਇਸ ਨਾਂ ਦਾ ਭਾਵਨਾਤਮਕ ਵਰਤੋਂ ਤੋਂ ਬਾਹਰ ਕੋਈ ਸਬੂਤ ਨਹੀਂ ਮਿਲਣਾ। 

ਪਾਰਸੀ (ਈਰਾਨੀ) ਰਾਜੇ ਦਾਰੀਅਸ (ਦਾਰਾ) ਦੇ ਬੈਹਿਸ਼ਤੂਨ ਸ਼ਿਲਾਲੇਖ ਵਿੱਚ ਪਹਿਲੀ ਵਾਰ ਪੰਜਾਬ ਦਾ ਨਾਂ ਹਿੰਦ (ਹਿੰਦੂਸ਼) ਆਉਂਦਾ ਹੈ। ਪੰਜਾਬ ਦੇ ਉਤਰ ਵਿੱਚ ਗੰਧਾਰ ਅਤੇ ਦੱਖਣ ਵਿੱਚ (ਸਿੰਧ ਸੂਬਾ) ਸਤਾਗਊਆ ਸੀ। ਉਸ ਨੇ ਸਿੰਧ ਦਰਿਆ ਉੱਤੇ ਤਿੰਨ ਰਾਜ ਦੱਸੇ ਹਨ। ਸਿੰਧ ਦੇ ਪੂਰਬ ਵਾਲਾ ਸਾਰਾ ਇਲਾਕਾ ਵੀ ਸਿੰਧੂ ਜਾਂ ਹਿੰਦੂ ਨਹੀਂ ਕਿਹਾ ਗਿਆ। ਹਿੰਦ (ਸਿੰਧ) ਕੇਵਲ ਅੱਜ ਦੇ ਪੰਜਾਬ ਦਾ ਨਾਂ ਸੀ। ਦਾਰੀਅਸ ਤੋਂ ਸਿਰਫ ਸਵਾ ਸੌ ਸਾਲ ਪਹਿਲਾਂ ਉੱਤਰੀ ਇਰਾਕ ਦਾ ਰਾਜਾ ਅਸੁਰਬੈਨੀਪਾਲ ਮਲੂਹਾ ਵਰਤ ਕੇ ਗਿਆ ਸੀ। ਮਤਲਬ ਕਿ ਸੌ ਸਾਲ ਵਿੱਚ ਆਰੀਆਵਾਂ ਨੇ ਪੰਜਾਬ ਦਾ ਨਾਂ ਮਲੂਹਾ ਤੋਂ ਸਿੱਧਾ ਹਿੰਦ ਕੀਤਾ ਨਾ ਕਿ ਵਿਚਾਲੇ ਸਪਤਸਿੰਧ ਜਾਂ ਹਪਤਹਿੰਦ ਵਾਲਾ ਦੌਰ ਆਇਆ।

ਆਰੀਆਵਾਂ ਲਈ ਸੱਤ 7 ਦਾ ਅੰਕੜਾ ਪਵਿੱਤਰ ਰਿਹਾ ਹੈ। ਜਿਵੇਂ ਸਪਤ (ਸੱਤ) ਰਿਸ਼ੀ, ਸੱਤ ਫੇਰਿਆਂ ਦਾ ਵਿਆਹ, ਸੱਤ ਚਕਰਾ Seven Chakras (Energy Centers), ਸੱਤ ਲੋਕ Seven Lokas (Worlds) ਆਦਿ। ਰਿੱਗ ਬੇਦ ਵਿੱਚ ਸਪਤਸਿੰਧੂ ਨਾਂ ਦਾ ਭਗੋਲਿਕ ਖੇਤਰ ਨਾਲੋਂ ਸੱਤ 7 ਦੀ ਦਾਰਸ਼ਣਿਕ ਮਹੱਤਤਾ ਵਾਲੀ ਤਰਜ਼ ਉੱਤੇ ਬ੍ਰਹਿਮੰਡੀ ਤਾਕਤਾਂ ਦੇ ਸੰਕੇਤਕ ਰੂਪ (symbolism), ਅਧਿਆਤਮ, ਗਿਆਨ ਜਾਂ ਪ੍ਰਾਣਾਂ ਦੀਆਂ ਸੱਤ ਧਾਰਾਵਾਂ ਵਜੋਂ ਕਿਤੇ ਵੱਧ ਵਾਰ ਵਰਤਿਆ ਗਿਆ ਹੈ। 

ਸਪਤਸਿੰਧ ਦਾ ਪ੍ਰਚਾਰ ਬਹੁਤ ਹੈ, ਪਰ ਸਬੂਤ ਸਿਫ਼ਰ ਹਨ। ਸਪਤਸਿੰਧ ਵਰਤਣ ਵਾਲੇ ਆਰੀਆਵਾਂ ਦੇ ਵੀ ਸਬੂਤ ਨਹੀਂ ਮਿਲਦੇ। ਉਲਟਾ ਹੜੱਪਾ ਦਾ ਪਦਾਰਥੀ ਸੱਭਿਆਚਾਰ ਪੰਜਾਬ ਵਿੱਚ ਅੱਜ ਤੱਕ ਚੱਲ ਰਿਹਾ ਹੈ। ਜਿਸ ਨੂੰ ਕਿਹਾ ਜਾਂਦਾ ਕਿ ਉਹ ਆਰੀਆਵਾਂ ਨੇ ਖਤਮ ਕਰ ਦਿੱਤਾ।