ਸਿਆਹੀ ਫਾਰਸੀ ਸ਼ਬਦ ਸਿਆਹ ਤੋਂ ਬਣਿਆ। ਸ਼ਿਆਮ ਵੀ ਇਸੇ ਇੰਡੋ-ਯੂਰਪੀ ਭਾਸ਼ਾ ਸ਼੍ਰੇਣੀ ਦਾ ਸ਼ਬਦ ਹੈ। ਇਹ ਵੀ ਨਹੀਂ ਸਮਝਣਾ ਚਾਹੀਦਾ ਕਿ ਪੰਜਾਬ ਵਿੱਚ ਫਾਰਸੀ ਦਾ ਅਸਰ ਇਸਲਾਮ ਨਾਲ ਆਇਆ। ਇਸਲਾਮ ਤੋਂ ਪਹਿਲਾਂ ਅਸੁਰ ਆਰੀਆ ਜਿਵੇਂ ਮਾਜਦਾਈਨ, ਯੋਰੋਆਸਟਰੀਅਨ, ਮਾਨੀਵਾਦੀ ਆਦਿ ਨਾਲ ਪੰਜਾਬ ਦਾ ਮੇਲ ਸੀ। ਬੋਧੀਆਂ ਵੇਲੇ ਦਾ ਤਾਂ ਬਹੁਤ ਕੁੱਝ ਦਸਤਾਵੇਜ਼ ਹੈ।
ਸਿਆਹ ਕਾਲਾ ਹੁੰਦਾ। ਸਿਆਹੀ ਕਾਲੀ ink. ਫੇਰ ਲਾਲ ਕਾਲਖ, ਨੀਲੀ ਜਾਂ ਹਰੀ ਕਾਲਖ ਬੜੇ ਬੇਤੁੱਕੇ ਜਿਹੇ ਸ਼ਬਦ ਬਣ ਜਾਂਦੇ ਨੇ। ਜਿੰਨਾਂ ਦਾ ਮਤਲਬ ਲਾਲ ਕਾਲਖ ਜਾਂ ਨੀਲੀ ਕਾਲਖ ਨਿਕਲਦਾ।
ਗੁਰਬਾਣੀ ਵਿੱਚ ਗੁਰੂ ਨਾਨਕ ਵੱਲੋਂ ਦਰਜ ਹੈ
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
ਇੱਥੇ ਮਸੁ ਸ਼ਬਦ ਆਉਦਾਂ। ਪੰਜਾਬੀ ਸ਼ਬਦਕੋਸ਼ ਵਿੱਚ ink ਦਾ ਇੱਕ ਅਰਥ ਮੱਸ ਵੀ ਲਿਖਿਆ ਹੋਇਆ। ਇੱਕ ਹੋਰ ਸ਼ਬਦ ਮਸਵਾਣੀ ਦਵੈਤ inkpot ਲਈ ਵੀ ਵਰਤਿਆ ਜਾਂਦਾ ਰਿਹਾ ਹੈ।
ਅਜਿਹਾ ਲੱਗਦਾ ਕਿ ਸਮੇਂ ਦੇ ਚੱਕਰ ਵਿੱਚ ink ਲਈ ਪੰਜਾਬੀ ਦਾ ਮੂਲ ਸ਼ਬਦ ਮੱਸ ਗਾਇਬ ਹੋ ਗਿਆ ਹੈ। ਸਿਆਹੀ ਪ੍ਰਚੱਲਤ ਹੋ ਗਈ ਜੋ ਕਿ ਅਰਥੋਂ ਗਲਤ ਲੱਗਦਾ।
ਮੱਸ ਦੇ ਅਰਥ ਮੱਸਣਾ, ਮੱਥਣਾ, paint, paste, smudge ਆਦਿ ਵੀ ਬਣਦੇ ਨੇ।
ਮੱਸ ਵਿੱਚੋ ਹੀ ਮੱਸਿਆ, ਘੁਸਮੁੱਸਾ, ਘੁਸ-ਮਸਾਣ ਨਿਕਲਦੇ ਨੇ। ਜਿੰਨਾਂ ਦਾ ਅਰਥ ਹਨੇਰਾ, ਕਾਲਖ ਦਾ ਪਸਾਰਾ ਜਾਂ ਚਾਨਣ ਦੀ ਗੈਰਮਜੂਦਗੀ ਬਣਦਾ।
ਮਸਾਣ ਵੀ ਇਸੇ ਸ਼ਬਦ ਨਾਲ ਜਾ ਜੁੜਦਾ।
ਮਸ ਫੁੱਟਣੀ (ਮੁੱਛ) – ਦਾੜ੍ਹੀ/ਮੁੱਛਾਂ ਦੇ ਆਉਣ ਕਾਰਨ ਮੂੰਹ ‘ਤੇ ਜਵਾਨੀ ਦੀ ਲਖਾਇਕ ਕਾਲਖ ਉਭਰਨੀ
ਪੁਰਾਣੀਆਂ ਡਿਕਸ਼ਨਰੀਆਂ, ਸ਼ਬਦਕੋਸ਼ ਸਾਂਭਣੇ ਬਹੁਤ ਜ਼ਰੂਰੀ ਹਨ। ਵੱਖ ਵੱਖ ਲੇਖਕਾਂ, ਪਬਲੀਕੇਸ਼ਨਾਂ ਦੀਆਂ ਪੁਰਾਣੀਆਂ ਡਿਕਸ਼ਨਰੀਆਂ ਵਿੱਚ ਬਹੁਤ ਅਜਿਹੇ ਸ਼ਬਦ, ਅਰਥ ਹਨ ਜੋ ਨਵੀਆਂ ਵਿੱਚ ਨਹੀਂ ਮਿਲਦੇ। ਜਿੰਨੀਆਂ ਡਿਕਸ਼ਨਰੀਆਂ ਹੋ ਸਕਦੀਆਂ ਉਹ ਖਰੀਦ ਕੇ ਰੱਖੋ, ਵਰਤੋ। ਔਨਲਾਈਨ ਮਸਾਲਾ ਬਹੁਤ ਬੇਭਰੋਸਗੀ ਵਾਲਾ ਹੈ।