ਜੋ ਸੁੱਖ ਛੱਜੂ ਦੇ ਚੁਬਾਰੇ ਓਹ ਨਾ ਬਲਖ ਨਾ ਬੁਖਾਰੇ
ਇਹ ਅਖਾਣ ਪੰਜਾਬੀਆਂ ਦੇ ਸਾਦੇ ਅਤੇ ਬੇਪ੍ਰਵਾਹ ਸੁਭਾਅ ਕਰਕੇ ਮਸ਼ਹੂਰ ਹੋਈ ਹੋਊ। ਜਿਵੇਂ ਅੱਜ ਕਹਿ ਦਿੰਦੇ ਨੇ ਕਿ ਸਾਡੀ ਪਿੰਡ ਹੀ ਅਮਰੀਕਾ-ਕਨੇਡਾ
ਇਸ ਅਖਾਣ ਦਾ ਦੂਜਾ ਪਾਸਾ ਵੀ ਹੈ। ਛੱਜੂ ਦੇ ਚੁਬਾਰੇ ਦੀ ਬਲਖ ਤੇ ਬੁਖਾਰੇ ਦੇ ਸੁੱਖਾਂ ਨਾਲ ਤੁਲਣਾ ਕੀਤੀ ਗਈ ਹੈ। ਮਤਲਬ ਕਿ ਬਲਖ ਅਤੇ ਬੁਖਾਰੇ ਵਿੱਚ ਸੁੱਖ ਹੋਣਗੇ ਅਤੇ ਸੁੱਖਾਂ ਦੀ ਚਰਚਾ ਪੰਜਾਬ ਵਿੱਚ ਹੁੰਦੀ ਸੀ। ਦੇਖਣਾ ਬਣਦਾ ਕਿ ਬਲਖ ਬੁਖਾਰੇ ਵਿੱਚ ਅਜਿਹਾ ਕੀ ਸੀ ਅਤੇ ਪੰਜਾਬ ਨਾਲ ਕਿਵੇਂ ਦੇ ਸਬੰਧ ਰਹੇ ਨੇ। ਫ਼ਲ ਆਲੂ-ਬੁਖਾਰੇ ਦਾ ਤਾਂ ਨਾਂ ਸਿੱਧੇ ਹੀ ਬੁਖਾਰੇ ਤੋਂ ਹੀ ਹੈ। ਪਰ ਕੀ ਇਹ ਸਬੰਧ ਕੇਵਲ ਇਸਲਾਮਕ ਦੌਰ ਵਿੱਚ ਹੀ ਰਿਹਾ ਜਾਂ ਫੇਰ ਪਿੱਛੇ ਕਿੱਥੇ ਤੱਕ ਜਾਂਦਾ ?

ਬਲਖ, ਬੁਖਾਰਾ, ਕਾਸਗਰ, ਤਾਸ਼ਕੰਦ ਅਤੇ ਹੈਰਾਤ ਮਨੁੱਖੀ ਇਤਿਹਾਸਕ ਦੌਰ ਵਿੱਚ ਬਹੁਤ ਮਹੱਤਵਪੂਰਨ ਸ਼ਹਿਰ ਰਹੇ ਹਨ। ਕਜ਼ਾਕਿਸਤਾਨ, ਅਫਗਾਨਿਸਤਾਨ ਅਤੇ ਉਜਬੇਕਿਸਤਾਨ ਦੀ ਫਰਗਾਣਾ ਵਾਦੀ, ਅੰਮੂ ਦਰਿਆ, ਮੁਰਗਾਬ ਦਰਿਆ ਦੁਆਲੇ ਵਸੇ ਚਾਰ ਸ਼ਹਿਰ ਅਤੇ ਥੋੜਾ ਦੱਖਣ ਵਿੱਚ ਹੈਰਾਤ, ਦਾ ਇਤਿਹਾਸ, ਇਤਿਹਾਸ ਲਿਖਣ ਦੀ ਪ੍ਰੰਪਰਾ ਸ਼ੁਰੂ ਤੋਂ ਵੀ ਵੱਧ ਪੁਰਾਣਾ ਹੈ। ਤਾਸ਼ਕੰਦ ਤੁਰਾਨੀ (ਬਾਅਦ ਦੇ ਤੁਰਕ) ਰਿਹਾ ਹੈ। ਪਰ ਬਾਕੀ ਚਾਰੇ ਤੁਰਾਨੀ ਦੀ ਬਿਜਾਏ ਈਰਾਨੀ ਸਨ। ਈਰਾਨ ਅੱਜ ਭਾਵੇਂ ਇੱਕ ਦੇਸ਼ ਦਾ ਨਾਂ ਹੈ। ਪਰ ਅਸਲ ਵਿੱਚ ਇਹ ਆਰੀਆ ਸ਼ਬਦ ਲਈ ਪਹਿਲਵੀ ਭਾਸ਼ਾ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ, ਈਰਾਨ ਦਾ ਮਤਲਬ ਆਰੀਆ ਹੀ ਹੈ। 3500 ਤੋਂ 4000 ਸਾਲ ਪਹਿਲਾਂ ਈਰਾਨ ਜਾਂ ਆਰੀਆ-ਵਾਏਜਾ (ਸੰਸਕ੍ਰਿਤ ਦਾ ਆਰੀਆ ਵਰਤ) ਇੰਨਾਂ ਪੰਜਾਂ ਸ਼ਹਿਰਾਂ ਦੁਆਲੇ ਹੀ ਸੀ।

ਵਿਸ਼ੇ ਦੀ ਸਰਲਤਾ ਲਈ ਦੱਸ ਦੇਈਏ ਕਿ ਬਾਹਮਣੀ ਸਾਹਿਤ ਦਾ ਆਰੀਆ-ਵਰਤ ਦੀ, ਬੇਦਾਂ ਤੋਂ ਬਹੁਤ ਬਾਅਦ ਵਿੱਚ, ਪੁਰਾਣਕ ਸਮੇਂ ਵੇਲੇ ਗੱਲ ਕੀਤੀ ਗਈ ਹੈ। ਆਰੀਆਨ-ਵਾਏਜਾ ਬੇਦਿਕ ਜਾਂ ਉਸ ਤੋਂ ਵੀ ਪੁਰਾਣਾ ਆਰੀਆਈ ਖਿਆਲੀ ਖਿੱਤਾ ਹੈ। ਆਰੀਆਨ-ਵਾਏਜਾ ਦਾ ਇਲਾਕਾ ਫਰਗਣਾ ਵਾਦੀ ਦੁਆਲੇ ਮੰਨਿਆ ਗਿਆ ਹੈ। ਈਰਾਨੀ ਅਤੇ ਤੁਰਾਨੀ ਆਰੀਆਵਾਂ ਦੇ ਦੋ ਧੜੇ ਸਨ। ਈਰਾਨੀ ਅਤੇ ਆਰੀਆ ਇਕ ਹੀ ਹੈ। ਆਰੀਆਵਾਂ ਵਿੱਚੋਂ ਅੱਗੇ ਦੋ ਧੜੇ ਦੇਵ ਅਤੇ ਅਸੁਰ ਹੋਏ। ਦੇਵ ਬੇਦਕ ਅਤੇ ਅਸੁਰ ਅਵੇਸਤਾਈ ਜਾਂ ਯਰਥੂਸ਼ਟਰੀ ਜਾਂ ਮਾਜ਼ਦਾਇਨ, ਅੰਗਰੇਜ਼ੀ ਵਿੱਚ Zoroastrian ਅਤੇ Mithraic ਕਰਕੇ ਜਾਣੇ ਜਾਂਦੇ ਹਨ। ਵਿਚਾਰਨਯੋਗ ਗੱਲ ਹੈ ਪਾਲੀ ਭਾਸ਼ਾ ਅਤੇ ਪਾਰਸੀ ਰਾਜੇ ਦਾਰਾ (ਦਾਰੀਅਸ) ਦੇ ਸ਼ਿਲਾਲੇਖ ਵਿੱਚ ਆਰੀਆ ਨੂੰ ਅਰੀਯਾ ਲਿਖਿਆ ਗਿਆ ਹੈ। ਸੰਸਕ੍ਰਿਤ ਜਾਂ ਅੱਜ ਦੇ ਆਰੀਆ ਵਰਗਾ ਸ਼ਬਦ ਥੇਹਲਿਖਤਾ ਵਿੱਚ ਨਹੀਂ ਮਿਲਦਾ। ਰਾਜੇ ਕਨਿਸ਼ਕ ਦੇ ਰਬਾਤਕ ਸ਼ਿਲਾਲੇਖ ਵਿੱਚ ਵੀ ਨਵੀਂ ਭਾਸ਼ਾ ਦਾ ਨਾਂ ਅਰੀਯੋ ਲਿਖਿਆ ਗਿਆ ਹੈ, ਜੋ ਕਿ ਆਰੀਆ ਨਾਲੋਂ ਅਰੀਯਾ ਨਾਲ ਵੱਧ ਮਿਲਦਾ ਹੈ। ਯਇਆ “ਯ” ਧੁੰਨ ਪੰਜਾਬੀ ਵਿੱਚ ਬਾਹਰੀ ਹੈ। ਇਸੇ ਕਰਕੇ ਬੋਲਚਾਲ ਦੀ ਭਾਸ਼ਾ ਵਿੱਚ ਅੱਜ ਵੀ ਪੰਜਾਬੀ ਵਿੱਚ ਯੱਕਾ ਨੂੰ ਜੱਕਾ ਹੀ ਬੋਲਦੇ ਹਨ। ਠੇਠ ਪੰਜਾਬੀ ਬੋਲੀ ਵਿੱਚ ਹੋਰ ਧੁੰਨਾਂ ਨਾਲ ਵੀ ਅਜਿਹਾ ਦੇਖਿਆ ਜਾ ਸਕਦਾ ਹੈ। ਵੇਦਾਂ ਨੂੰ ਵੀ ਪੰਜਾਬੀ ਵਿੱਚ ਬੇਦ ਕਿਹਾ ਜਾਂਦਾ, ਜਿਸ ਤੋਂ ਵੇਦੀ ਦੀ ਥਾਂ ਬੇਦੀ ਗੋਤ ਹੈ। ਹਾਰਵਰਡ ਤੋਂ ਸੰਸਕ੍ਰਿਤ ਦਾ ਮਾਹਿਰ Michael Witzel ਦੱਸਦਾ ਕਿ ਬੱਬਾ ਧੁੰਨ ਪੰਜਾਬ ਦੀ ਵਿਰਾਸਤੀ ਧੁੰਨ ਹੈ ਅਤੇ ਵਾਵਾ ਬਾਹਰਲਾ ਹੈ। ਬੇਦਾਂ ਦੇ ਵਿਆਸਪਾ ਨੂੰ ਪੰਜਾਬੀ ਬਿਆਸ ਦਰਿਆ ਸੱਦਦੇ ਨੇ।
ਆਰੀਆਵਾਂ ਦੇ ਪੰਜੇ ਸ਼ਹਿਰ ਜਾਂ ਇਲਾਕੇ ਦਸਤਾਵੇਜ਼ੀ ਇਤਿਹਾਸ ਦੇ 2700 ਸਾਲ ਵਿੱਚ ਬਹੁਤਾ ਸਮਾਂ ਫਿਲਾਸਫੀ, ਫੌਜੀ ਤਾਕਤ, ਸਾਇੰਸ, ਕਲਾ, ਵਪਾਰ ਦੇ ਮੁੱਖ ਕੇਂਦਰ ਰਹੇ ਨੇ। ਇੰਨਾਂ ਸ਼ਹਿਰਾਂ ਬਿਨਾਂ ਸਿਲਕ ਰੋਡ ਕੱਖ ਵੀ ਨਹੀਂ ਸੀ। ਇਸਲਾਮਕ ਦੌਰ ਵਿੱਚ ਇੰਨਾਂ ਸ਼ਹਿਰਾਂ ਦਾ ਬਹੁਤ ਜ਼ਿਕਰ ਹੁੰਦਾ ਹੈ। ਇਸਲਾਮ ਦਾ ਸੁਨਹਿਰੀ ਦੌਰ ਅਰਬਾਂ ਵਿੱਚ ਨਹੀਂ ਅਸਲ ਵਿੱਚ ਇੰਨਾਂ ਪੰਜਾਂ ਸ਼ਹਿਰਾਂ ਦੁਆਲੇ ਕੇਂਦਰਿਤ ਰਿਹਾ ਹੈ। ਖਗੋਲ ਵਿਗਿਆਨ, ਗਣਿਤ, ਕਾਵਿ ਸਾਹਿਤ, ਫਿਲਾਸਫੀ ਉੱਤੇ ਇੱਥੇ ਬਹੁਤ ਕੰਮ ਹੋਇਆ। ਚੀਨ ਤੋਂ ਬਾਰੂਦ ਅਤੇ ਕਾਗਜ ਬਣਾਉਣ ਦੀ ਵਿਧੀ ਲਿਆ ਕੇ ਇੱਥੇ ਹੀ ਅੱਗੇ ਵਿਕਸਿਤ ਕੀਤੀ ਗਈ ਅਤੇ ਇੱਥੋਂ ਹੀ ਸਾਰੀ ਦੁਨੀਆਂ ਵਿੱਚ ਫੈਲੀ।
ਇਸਲਾਮਿਕ ਦੌਰ ਉੱਤੇ ਬਹੁਤ ਗੱਲ ਹੋ ਜਾਂਦੀ ਹੈ ਪਰ ਉਸ ਤੋਂ ਪਹਿਲੇ ਸਮੇਂ ਵਾਰੇ ਪੰਜਾਬੀ ਕਾਫ਼ੀ ਬੇਖ਼ਬਰ ਹਨ। ਜੇ ਦੇਖਿਆ ਜਾਵੇ ਤਾਂ ਪਿਛਲੇ 3000 ਸਾਲ ਤੋਂ ਬਲਖ-ਬੁਖ਼ਾਰਾ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਅਤੇ ਪੰਜਾਬ ਵੀ ਉਨਾਂ ਨੂੰ ਪ੍ਰਭਾਵਿਤ ਕਰਦਾ ਰਿਹਾ। ਫਲ ਆਲੂਬੁਖਰਾ ਜਦੋਂ ਪੰਜਾਬ ਆਇਆ ਹੋਵੇਗਾ ਤਾਂ ਨਵਾਂ ਨਾਂ ਰੱਖਣ ਦੀ ਬਿਜਾਏ ਨਾਂ ਆਲੂ-ਬੁਖਾਰਾ ਹੀ ਹੋ ਗਿਆ। ਦੱਸਦੇ ਨੇ ਕਿ ਬਾਬਰ ਨੇ ਆਪਣੀ ਜੀਵਨੀ ਬਾਬਰਨਾਮਾ ਵਿੱਚ ਲਿਖਿਆ ਕਿ ਉਹ ਪੰਜਾਬ ਵਿੱਚ ਸਮਰਕੰਦ ਦੇ ਖਰਬੂਜੇ ਦੇਖ ਕੇ ਬਹੁਤ ਹੈਰਾਨ ਹੋਇਆ। ਕਿਸੇ ਚੀਨੀ ਯਾਤਰੀ ਨੇ ਲਿਖਿਆ ਕਿ ਹਰਸ਼ਾਛੀਨਾ ਪੱਟੀ ਵਿੱਚ ਕਨਿਸ਼ਕ ਰਾਜੇ ਨੇ ਕਾਸਗਰ ਇਲਾਕੇ ਦੇ ਕੈਦੀ ਵਸਾਏ ਸਨ ਅਤੇ ਹੁਣ ਉਨਾਂ ਕਰਕੇ ਉੱਥੋਂ ਦੀਆਂ ਤਾਸ਼ਪਾਤੀਆਂ ਪੰਜਾਬ ਦੇ ਮਾਝੇ ਇਲਾਕੇ ਵਿੱਚ ਹੁੰਦੀਆਂ ਨੇ।
ਗੱਲ ਕੀ ਆਰੀਆਵਾਂ ਤੋਂ ਸ਼ੁਰੂ ਹੋ ਕੇ, ਸਿਕੰਦਰ, ਗਰੀਕ, ਸਾਕਾ, ਪਹਿਲਵੀ, ਕੁਸ਼ਾਣ, ਹੂਣ, ਮੰਗੋਲ, ਤੁਰਕ, ਮੁਗਲ ਬਹੁਤ ਕਬੀਲੇ ਫਰਗਾਣਾ ਵਾਦੀ ਤੋਂ ਹੀ ਆਉਂਦੇ ਰਹੇ ਨੇ। ਬੋਧੀ ਸਮੇਂ ਵਿੱਚ ਪੰਜਾਬ ਦੀ ਖਰੋਸ਼ਤੀ ਲਿਪੀ ਅਤੇ ਗੰਧਾਰੀ ਪ੍ਰਾਕ੍ਰਿਤ ਬੋਲੀ (ਪੁਰਾਤਨ ਪੰਜਾਬੀ) ਦੇ ਓਧਰ ਬਹੁਤ ਸਬੂਤ ਮਿਲੇ ਹਨ। ਪੰਜਾਬ ਦਾ ਬਲਖ-ਬੁਖਾਰੇ ਨਾਲ ਪੁਰਾਤਨ ਸਮੇਂ ਤੋਂ ਲੈਣ-ਦੇਣ ਚੱਲਦਾ ਰਿਹਾ ਹੈ। ਇਸ ਕਰਕੇ ਇਨਾਂ ਸ਼ਹਿਰਾਂ ਦਾ ਇਤਿਹਾਸ ਪੰਜਾਬੀ ਪਾਠਕ ਲਈ ਦਿਲਚਸਪ ਹੈ।
ਬੁਖਾਰਾ
ਬੁਖਾਰੇ ਦਾ ਪੁਰਾਣਾ ਨਾਂ ਬਿਹਾਰ ਜਾਂ ਬਿਹਾਰਾ ਲੱਭਦਾ ਹੈ। ਕੁੱਝ ਵਿਦਵਾਨ ਕਹਿੰਦੇ ਹਨ ਕਿ (ਬੋਧੀ) ਵਿਹਾਰ ਨਾਂ ਬੁਖਾਰੇ ਦੇ ਬਿਹਾਰ ਵਾਲੇ ਨਾਮ ਤੋਂ ਹੀ ਸ਼ੁਰੂ ਹੋਇਆ ਹੋ ਸਕਦਾ ਹੈ। ਉੱਥੇ ਈਸਾ ਤੋਂ ਛੇ-ਸੱਤ ਸੌ ਸਾਲ ਪੁਰਾਣੇ ਥੇਹ ਮਿਲੇ ਹਨ, ਜਿਨਾਂ ਵਿੱਚ ਬੋਧੀ ਵਿਹਾਰਾਂ ਵਾਂਗ ਹੀ ਕਮਰੇ ਆਦਿ ਮਿਲੇ ਹਨ। ਪਰ ਇਹ ਪੱਕਾ ਪਤਾ ਨਹੀਂ ਲੱਗਦਾ ਕਿ ਉੱਥੇ ਕੀ ਹੁੰਦਾ ਰਿਹਾ ਹੋਵੇਗਾ, ਪਰ ਇਮਾਰਤਕਲਾ ਬਿਲਕੁੱਲ ਬੋਧੀ ਵਿਹਾਰਾਂ ਵਰਗੀ ਹੈ।ਸ਼ੁਰੁਆਤ ਵਿੱਚ ਤਾਂ ਨਹੀਂ ਪਰ ਬਾਅਦ ਵਿੱਚ ਬੁਖਾਰਾ ਸ਼ਹਿਰ ਬੁੱਧ ਮੱਤ ਅਤੇ ਅਸੁਰ ਆਰੀਆਵਾਂ ਦਾ ਵੱਡਾ ਕੇਂਦਰ ਬਣਿਆਂ ਜ਼ਰੂਰ ਲੱਭਦਾ ਹੈ।
ਬਲਖ
ਬਲਖ ਦਾ ਗਰੀਕ ਨਾਂ ਬੈਕਟਰੀਆ ਸੀ। ਸਿਕੰਦਰ ਤੋਂ ਪਹਿਲਾਂ ਆਰੀਆ ਲੋਕ ਇਸ ਨੂੰ ਯਾਰੀਆਸਪਾ ਕਹਿੰਦੇ ਸਨ। ਸੰਸਕ੍ਰਿਤ ਵਿੱਚ ਬਲੀਹੀਕਾ ਕਹਿੰਦੇ ਨੇ। ਇੰਡੋ-ਗਰੀਕ (Indus-Greek) ਲੋਕਾਂ ਨੇ ਇੱਥੇ ਵੱਡਾ ਸਾਮਰਾਜ ਖੜਾ ਕੀਤਾ। ਜਿੰਨਾਂ ਵਿੱਚੋ ਅੱਗੇ ਮਲਿੰਦ (Menander) ਹੋਇਆ। ਜਿਸ ਦੇ ਰਾਜ ਵੇਲੇ ਪੰਜਾਬ ਵਿੱਚ ਮਸ਼ਹੂਰ ਬੋਧੀ ਗ੍ਰੰਥ ਮਲਿੰਦ ਪੰਨਾ ਰਚਿਆ ਗਿਆ। ਦੱਸਦੇ ਨੇ ਕਿ ਮਲਿੰਦ ਵੇਲੇ ਸਿਆਲਕੋਟ ਸ਼ਾਨੋਸ਼ੋਖਤ ਵਿੱਚ ਗਰੀਸ ਦੇ ਏਥਨਜ ਸ਼ਹਿਰ ਨਾਲ ਖਹਿੰਦਾ ਸੀ।
ਗਰੀਕ ਦੱਸਦੇ ਨੇ ਕਿ ਪਰਸ਼ੀਅਨਾਂ ਨਾਲ ਵੱਡੀ ਅਤੇ ਆਖਰੀ ਗੋਗਾਮੇਲਾ ਯੁੱਧ ਵਿੱਚ ਪਹਾੜੀ ਪੰਜਾਬੀ ਬਲਖ ਦੇ ਜਰਨੈਲ ਬਸੂਸ ਨਾਲ ਜੰਗ ਦੇ ਮੈਦਾਨ ਵਿੱਚ ਸਕਿੰਦਰ ਗਰੀਕ ਵਿਰੁੱਧ ਲੜੇ। ਪਰਸ਼ੀਅਨ ਰਾਜਾ ਦਾਰੀਅਸ ਤੀਜਾ ਗੋਗਾਮੇਲਾ ਵਿੱਚੋਂ ਜਾਨ ਬਚਾ ਕੇ ਬਲਖ ਵੱਲ ਭੱਜਿਆ। ਉਸ ਦਾ ਪਿੱਛਾ ਕਰਦਾ ਕਰਦਾ ਸਿਕੰਦਰ ਬਲਖ ਵੱਲ ਆ ਗਿਆ। ਇੱਥੋਂ ਗਰੀਕ ਰਿਕਾਰਡ ਵਿੱਚੋਂ ਪਤਾ ਲੱਗਦਾ ਕਿ ਉਸ ਸਮੇਂ ਇਹ ਇਲਾਕਾ ਆਰੀਆਵਾਂ ਦੇ ਸਾਕਾ (Scythian) ਕਬੀਲੇ ਦੀ ਸ਼ਾਖਾ Massagetae (ਮਹਾਨ ਜੱਟ) ਅਧੀਨ ਸੀ। ਕਈ Massagetae ਨੂੰ ਅੱਜ ਜੱਟਾਂ ਦੇ ਪੁਰਖੇ ਵੀ ਦੱਸਦੇ ਹਨ। ਇੱਥੋਂ ਹੀ ਸਿਕੰਦਰ ਦੇ ਦਿਮਾਗ਼ ਵਿੱਚ ਪੰਜਾਬ ਉੱਤੇ ਹਮਲਾ ਕਰਨ ਦਾ ਫੁਰਨਾ ਆਇਆ। ਕਿਉਂਕਿ ਉਸ ਅੰਦਾਜ਼ਾ ਹੋ ਗਿਆ ਸੀ ਕਿ ਇਹ ਇੱਕੋ ਲੋਕ ਹਨ। ਦੋਬਾਰਾ ਇਕੱਠੇ ਹੋ ਕੇ ਉਸ ਨੂੰ ਕਦੇ ਵੀ ਤੰਗ ਕਰ ਸਕਦੇ ਹਨ।
ਕਾਸਗਰ
ਕਾਸਗਰ ਦਾ ਪੁਰਾਣਾ ਨਾਂ ਕਾਸੀ ਜਾਂ ਕਾਂਸ਼ੀ ਸੀ। ਜਿਵੇਂ ਜਿਵੇਂ ਆਰੀਆ ਲੋਕ ਫੈਲੇ ਉਵੇਂ ਉਵੇਂ ਉਨਾਂ ਆਪਣੇ ਪੁਰਾਣੇ ਨਾਂ ਵੀ ਨਾਲ ਲੈ ਕੇ ਗਏ ਅਤੇ ਵਰਤੇ। ਸਿਕੰਦਰ ਨਾਲ ਆਉਣ ਵਾਲੇ ਲਿਖਾਰੀਆਂ ਨੇ ਕਾਸਗਰ ਦਾ ਨਾਂ ਕਾਸੀ ਦੱਸਿਆ। ਹਿਊਨਸਾਂਗ ਆਪਣੇ ਸਫ਼ਰਨਾਮੇ ਵਿੱਚ ਇੱਕ ਦਿਲਚਸਪ ਗੱਲ ਦੱਸਦਾ ਕਿ ਕਾਸੀ ਵਿੱਚ ਬੋਧੀ ਇੱਕ ਸ਼ੋਭਾ ਯਾਤਰਾ ਕੱਢ ਰਹੇ ਸਨ। ਬੁੱਧ ਦੀ ਵੱਡੀ ਮੂਰਤੀ ਰੱਥ ਉੱਤੇ ਰੱਖੀ ਹੋਈ ਸੀ ਅਤੇ ਉਸ ਪਿੱਛੇ ਬੋਧੀਸੱਤਵ ਅਤੇ ਦੇਵ ਇਕੱਠੇ ਚੱਲ ਰਹੇ ਸਨ। ਉਸ ਨੇ ਹਿੰਦੂ, ਸਨਾਤਨੀ ਜਾਂ ਬੇਦਕ ਕਹਿਣ ਦੀ ਥਾਂ ਦੇਵ ਲਿਖਿਆ ਹੈ। ਮਤਲਬ ਕਿ ਉਸ ਸਮੇਂ ਤੱਕ ਵੀ ਅਸੁਰ ਅਤੇ ਦੇਵ ਨਾਂ ਵਰਤੇ ਜਾ ਰਹੇ ਸਨ।
ਸਮਰਕੰਦ
ਸਮਰਕੰਦ ਦਾ ਪੁਰਾਣਾ ਨਾਂ ਮਾਰਕੰਡੇ ਸੀ। ਬਾਹਮਣੀ ਸਾਹਿਤ ਵਿੱਚ ਵੀ ਇੱਕ ਮਾਰਕੰਡੇ ਪੁਰਾਣ ਹੈ। ਮਾਰਕੰਡੇ ਪੁਰਾਣ ਦੀ ਖਾਸੀਅਤ ਹੈ ਕਿ ਇਸ ਵਿੱਚ ਦੇਵੀਆਂ ਦੀ ਬਹੁਤ ਜ਼ਿਆਦਾ ਗੱਲ ਕੀਤੀ ਗਈ ਹੈ। ਜਦੋਂ ਕਿ ਮਹਾਭਾਰਤ, ਰਮਾਇਣ ਵਰਗੇ ਪੁਰਾਣਕ ਸਾਹਿਤ ਵਿੱਚ ਦੇਵੀਆਂ ਨਹੀਂ ਹਨ। ਦੇਵੀ ਉਸਤੱਤ ਮਾਰਕੰਡੇ ਦਾ ਅਸਿੱਧੇ ਤੌਰ ਉੱਤੇ ਸਮਰਕੰਦ ਅਤੇ ਫਰਗਣਾ ਵਾਦੀ ਵੱਲ ਸਬੰਧ ਹੋਣ ਦਾ ਇਸ਼ਾਰਾ ਕਰਦੇ ਨੇ। ਕਨਿਸ਼ਕ ਦੇ ਰਬਾਤਕ (ਬਾਗਰਾਮ, ਅਫ਼ਗਾਨਿਸਤਾਨ) ਵਿੱਚ ਮਿਲੇ ਪੱਥਰੀਲੇਖ (inscription) ਵਿੱਚ ਆਪਣੀ ਸਫਲਤਾ ਦਾ ਸਾਰਾ ਸਿਹਰਾ ਨਾਨਾ ਦੇਵੀ ਨੂੰ ਦਿੰਦਾ ਹੈ। ਨਾਨਾ ਦੇਵੀ ਹੀ ਪੰਜਾਬ ਅਤੇ ਉੱਤਰੀ ਭਾਰਤ ਦੀ ਨੈਣਾਦੇਵੀ ਹੈ। ਨੈਨੀਤਾਲ ਸ਼ਹਿਰ ਵੀ ਕੁਸ਼ਾਣਾਂ ਵੇਲੇ ਹੋਂਦ ਵਿੱਚ ਆਇਆ।
ਹੈਰਾਤ
ਹੈਰਾਤ ਦਾ ਵੀ ਪੁਰਾਤਨ ਆਰੀਆਵਾਂ ਵੇਲੇ ਤੋਂ ਪੰਜਾਬ ਨਾਲ ਸਬੰਧ ਰਿਹਾ ਹੈ। 500 BC ਦੇ ਪਾਰਸੀ ਪੱਥਰੀ ਲੇਖਾਂ ਵਿੱਚ ਹੈਰਾਤ ਦਾ ਨਾਂ ਆਰੀਆ ਲਿਖਿਆ ਮਿਲਦਾ ਹੈ। ਇਹ ਸ਼ਹਿਰ ਅਤੇ ਸੂਬਾ ਦੋਵਾਂ ਦਾ ਨਾਂ ਸੀ। ਇਸ ਕੋਲ ਦੀ ਲੰਘਦੇ ਦਰਿਆ ਨਦੀ ਦਾ ਨਾਂ ਹਰੀਓ ਸੀ। ਜੇ ਹ ਨੂੰ ਸ ਵਿੱਚ ਬਦਲ ਦੇਈਏ ਤਾਂ ਇਹ ਸਰੀਓ ਬਣ ਜਾਂਦਾ। ਯੂਪੀ ਦੇ ਸ਼ਹਿਰ ਅਯੋਧਿਆ ਵਿੱਚ ਰਮਾਇਣ ਅਨੁਸਾਰ ਵੀ ਇਸੇ ਨਾਂ ਦੀ ਸਰੀਓ ਨਦੀ ਵੱਗਦੀ ਸੀ। ਸਾਂਭਾ ਪੁਰਾਣ ਅਨੁਸਾਰ ਮੁਲਤਾਨ ਦੇ ਸੂਰਜ ਮੰਦਰ ਦੇ ਪੁਜਾਰੀ ਸਿਰਫ ਇਸੇ ਇਲਾਕੇ ਦੇ ਹੋ ਸਕਦੇ ਸਨ। ਇਸ ਪੁਰਾਣ ਮੁਤਾਬਕ ਅੱਜ ਦੇ ਸਾਰੇ ਸਾਕਾਦਵੀਪ ਬਹਾਮਣਾਂ ਦਾ ਮੂਲ ਹੈਰਾਤ ਹੀ ਹੈ।
ਦਿਲਚਸਪ ਤੱਥ ਹੈ ਕਿ ਜਦੋਂ ਸਿਕੰਦਰ ਪਾਰਸੀ ਸ਼ਹਿਨਸ਼ਾਹ ਦਾਰਾ ਤੀਜੇ ਦਾ ਪਿੱਛਾ ਕਰਦਾ ਹੈਰਾਤ ਪਹੁੰਚਿਆ ਤਾਂ ਉਸ ਦੀ ਭਿਣਕ ਹੈਰਾਤ ਨਾਲ ਲੱਗਦੇ ਸੂਬੇ ਹਰਹਾਵਤੀ (ਸਰਸਵਤੀ) (ਜੋ ਅਸਲ ਸਰਸਵਤੀ ਸੀ) ਦੇ ਸੂਬੇਦਾਰ ਨੂੰ ਲੱਗੀ ਤਾਂ ਉਹ ਪੰਜਾਬ ਵੱਲ ਭੱਜ ਕੇ ਆ ਗਿਆ। ਪੰਜਾਬ ਦੇ ਲੋਕ ਹਰਹਾਵਤੀ ਦੇ ਸੂਬੇਦਾਰ Barsaentes ਨਾਲ ਗੋਗਾਮੇਲਾ ਯੁੱਧ ਵਿੱਚ ਈਰਾਨੀਆਂ ਵੱਲੋਂ ਲੜਨ ਗਏ ਸਨ। ਗਰੀਕ ਲਿਖਦੇ ਨੇ ਕਿ ਪੰਜਾਬੀ ਮਾਰੋਮਾਰੀ ਕਰਦੇ ਗਰੀਕ ਤੰਬੂਆਂ ਤੱਕ ਪਹੁੰਚ ਗਏ ਅਤੇ ਲੁੱਟ ਦਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਚੁੱਕੇ ਸਨ ਜਦੋਂ ਉਨਾਂ ਨੂੰ ਪਤਾ ਲੱਗਾ ਕਿ ਦੂਜੇ ਪਾਸੇ ਸ਼ਹਿਨਸ਼ਾਹ ਦਾਰੀਅਸ (ਦਾਰਾ) ਮੈਦਾਨ ਛੱਡ ਕੇ ਭੱਜ ਗਿਆ ਹੈ। ਪੰਜਾਬੀ ਆਪਣੇ ਜਾਣੇ ਜੰਗ ਜਿੱਤੀ ਬੈਠੇ ਸਨ, ਪਰ ਮੈਦਾਨ ਦੇ ਦੂਜੇ ਪਾਸੇ ਦੇ ਹਾਲਾਤ ਤੋਂ ਬੇਖਬਰ ਅੰਤ ਵਿੱਚ ਬਹੁਤ ਨੁਕਸਾਨ ਕਰਵਾ ਕੇ ਮੁੜੇ।
ਤੁਰਕ ਤੇ ਤੁਰਾਨੀ ਕੌਣ ਹਨ https://panjabhistory.com/turk/
Barsaentes fled to the Indians https://en.m.wikipedia.org/wiki/Barsaentes
Arachōsíā, or Harauvatis https://en.m.wikipedia.org/wiki/Arachosia
AIRYANA VAEJA Aryan Homeland, Airyana Vaeja, in the Avesta. Aryan lands and Zoroastrianism.