ਪ੍ਰਾਚੀਨ ਫ਼ਾਰਸੀ ਸ਼ਿਲਾਲੇਖ ਵਿੱਚ ਗੌਤਮ ਬੁੱਧ
ਪੰਜਾਬ ਦੇ ਪੱਛਮ, ਪਰਸ਼ੀਆ (ਈਰਾਨ) ਵਿੱਚ ਸਿਧਾਰਥ, ਗੌਤਮ (ਬੁੱਧ) ਦਾ ਬਾਬਲ (Babylon) ਦੇ ਥੇਹਾਂ ਵਿੱਚ ਜ਼ਿਕਰ ਹੋਣ ਦਾ ਅੰਦੇਸ਼ਾ ਕੀਤਾ ਗਿਆ ਹੈ। ਚੌਥੇ ਫ਼ਾਰਸੀ (Persian) ਬਾਦਸ਼ਾਹ ਦਾਰਾ ਮਹਾਨ (Darius the Great) ਦੀ 2600 ਸਾਲ ਪੁਰਾਣੀ ਰਾਜਧਾਨੀ ਪਾਰਸਾ (Perspolis) ਵਿਖੇ ਮਿਲੀਆਂ ਪਰਿਵਾਰਕ ਮੋਹਰਾਂ ਸ਼ਿਲਾਲੇਖ ਅਤੇ ਰਿਕਾਰਡਾਂ ਨੂੰ ਗੌਤਮ ਅਤੇ ਉਸਦੇ ਪਿਤਾ ਸੁਧੋਦਨ ਗੌਤਮ ਦੇ ਨਾਵਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਨੋਟਃ ਹੇਠਲਾ ਲੇਖ ਹਾਰਵੇ ਕ੍ਰਾਫਟ ਦੀ ਕਿਤਾਬ ‘ਦਿ ਬੁੱਧ ਫਰਾਮ ਬੈਬੀਲੋਨ: ਦਿ ਲੌਸਟ ਹਿਸਟਰੀ ਐਂਡ ਕੌਸਮਿਕ ਵਿਜ਼ਨ ਆਫ ਸਿਧਾਰਥ ਗੌਤਮ’ ਦੇ ਇੱਕ ਹਿੱਸੇ ਦਾ ਉਲਥਾ ਹੈ। ਯਾਦ ਰਹੇ ਕਿ ਇਤਿਹਾਸਕਾਰੀ ਵਿੱਚ ਕਿਆਸਰਾਈ (hypothesis) ਦਾ ਵੱਡਾ ਹਿੱਸਾ ਹੁੰਦਾ ਹੈ। ਕੁੱਝ ਸਬੂਤ ਸਿੱਧੇ ਮਿਲ ਜਾਂਦੇ ਹਨ, ਜਿਵੇਂ ਪੰਜਾਬ ਦਾ ਪਹਿਲਾਂ ਨਾਂ ਮਲੂਹਾ ਲਿਖਿਆ ਲੱਭ ਗਿਆ, ਪਰ ਬਹੁਤ ਹਿੱਸੇ ਇਤਿਹਾਸਕਾਰਾਂ ਦੀ ਕਲਪਣਾ ਹੁੰਦਾ ਹੈ। ਕਲਪਨਾ ਕਈ ਹੋਰ ਅਸਿੱਧੇ ਖਿਆਲਾਂ ਨੂੰ ਜੋੜ ਕੇ ਸਾਬਤ ਕੀਤੀ ਜਾਂਦੀ ਹੈ, ਜਿਵੇਂ ਰਾਜਾ ਦੇਵਾਨਾਮਪਿਆ ਦੇ ਸਤੰਭਾਂ ਨੂੰ ਅਸ਼ੋਕ (ਅਸੋਕ) ਦੇ ਸਤੰਭ ਸਮਝਿਆ ਜਾਂਦਾ ਹੈ। ਇਸੇ ਤਰੀਕੇ ਈਰਾਨ ਦੀਆਂ ਲੱਭਤਾਂ ਨੂੰ ਅਸਿੱਧੇ ਤਰੀਕੇ ਗੌਤਮ ਬੁੱਧ ਅਤੇ ਉਸ ਦੇ ਪਰਿਵਾਰ ਨਾਲ ਜੋੜਿਆ ਗਿਆ ਹੈ। ਇਤਿਹਾਸਕਾਰੀ ਵਿੱਚ ਇਹ ਵਿਚਾਰ ਵਿਵਾਦਤ ਹਨ। ਹੇਠਲਾ ਲੇਖ ਪੰਜਾਬੀ ਪਾਠਕਾਂ ਦੀ ਇਤਿਹਾਸ ਵਾਰੇ ਸਮਝ ਵਧਾਉਣ ਲਈ ਉਲਥਾ ਕੀਤਾ ਜਾ ਰਿਹਾ ਹੈ। ਹੋ ਸਕਦਾ ਭਵਿੱਖ ਵਿੱਚ ਹੋਰ ਸਬੂਤ ਲੱਭਣ ਤੋਂ ਬਾਅਦ ਇਹ ਤੱਥ ਬਣ ਜਾਵੇ ਜਾਂ ਇਸ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਜਾਵੇ।
Persepolis Fortification Tablets ਵਿੱਚ ਸਿਧਾਰਤ ਗੌਤਮ ਦਾ ਜ਼ਿਕਰ
ਈਰਾਨ ਦੀ ਪ੍ਰਾਚੀਨ ਰਾਜਧਾਨੀ ਪਾਰਸਾ (Perspolis) ਵਿੱਚੋਂ ਲੱਭੀਆਂ ਮਿੱਟੀ ਦੀਆਂ ਫੱਟੀਆਂ (tablets) ਵਿੱਚੋਂ ਫ਼ਾਰਸੀ ਬਾਦਸ਼ਾਹਤ ਅਧੀਨ ਆਉਂਦੇ ਕਈ ਸ਼ਾਹੀ ਪਰਿਵਾਰਾਂ ਅਤੇ ਮਹੱਤਵਪੂਰਨ ਸ਼ਖਸੀਅਤਾਂ ਦੀ ਪਛਾਣ ਕੀਤੀ ਗਈ ਹੈ। ਓਸ ਵੇਲੇ ਦੇ ਬਾਦਸ਼ਾਹ ਦਾਰਾ (Darius 1) ਦੀ ਸਰਪਰਸਤੀ ਵਿੱਚ ਆਉਂਦੇ ਸ਼ਾਹੀ ਪਰਿਵਾਰਾਂ ਵਿੱਚੋਂ ਇੱਕ ਗੌਤਮ (ਸਾਕਾ, Scythian) ਰਾਜ ਘਰਾਣਾ ਵੀ ਹੈ।
https://www.livius.org/sources/about/persepolis-fortification-tablets/
ਦਸਤਾਵੇਜ਼ ਲੱਭਣ ਦੀ ਕਹਾਣੀ
2600 ਸਾਲ ਪਹਿਲਾਂ ਪਾਰਸਾ (Perspolis) ਸ਼ਹਿਰ ਈਰਾਨੀ (Persian) ਹਕਸਮਨੀ ਸਾਮਰਾਜ ਦੀ ਰਾਜਧਾਨੀ ਸੀ। 2300 ਸਾਲ ਪਹਿਲਾਂ (300 BCE) ਸਿਕੰਦਰ ਨੇ ਈਰਾਨੀ ਬਾਦਸ਼ਾਹਤ ਨੂੰ ਹਰਾ ਕੇ ਪਾਰਸਾ ਉੱਤੇ ਕਬਜ਼ਾ ਕਰ ਲਿਆ ਸੀ। ਸਿਕੰਦਰ ਜਿੱਤ ਤੋਂ ਬਾਅਦ ਰਾਤ ਨੂੰ ਸ਼ਾਹੀ ਮਹਿਲ ਵਿੱਚ ਜਸ਼ਨ ਮਨਾ ਰਿਹਾ ਸੀ ਤਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਿਕੰਦਰ ਨੂੰ ਕਿਸੇ ਨੇ ਤਾਅਨਾ ਮਾਰ ਦਿੱਤਾ ਕਿ ਪਾਰਸੀ (ਈਰਾਨੀ) ਰਾਜੇ ਖਸ਼ਾਏਰਸ਼ਾ (Khshayarsha, Xerxes) ਨੇ ਗਰੀਕ ਸ਼ਹਿਰ ਏਥਨਜ਼ ਜਿੱਤਣ ਤੋਂ ਬਾਅਦ ਸਾੜ ਦਿੱਤਾ ਸੀ ਤੇ ਉਹ ਬਦਲਾ ਲੈਣ ਦੀ ਥਾਂ ਗੁਲਸ਼ੁਰੇ ਉਡਾ ਰਿਹਾ ਹੈ। ਮਿਹਣਾ ਸੁੱਣ ਕੇ ਸਿਕੰਦਰ ਦੇ ਅੱਗ ਲੱਗ ਗਈ ਤੇ ਉਸ ਨੇ ਮਹਿਲ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਦੇਖੋ-ਦੇਖੀ ਸ਼ਰਾਬੀ ਗਰੀਕ ਫੌਜੀਆਂ ਨੇ ਵੀ ਸ਼ਹਿਰ ਸਾੜਨਾ ਸ਼ੁਰੂ ਕਰ ਦਿੱਤਾ। ਅੱਗ ਵਿੱਚ ਬਹੁਤ ਕੀਮਤੀ ਸਮਾਨ ਤੇ ਦਸਤਾਵੇਜ ਵੀ ਸੜ ਗਏ। ਦੱਸਦੇ ਨੇ ਕਿ ਪਾਰਸੀ (ਈਰਾਨੀ) ਇਤਿਹਾਸ, ਧਾਰਮਕ ਕਿਤਾਬ ਜੇਂਦ ਅਵੇਸਤਾ ਦੀ ਸੋਨੇ ਨਾਲ ਲਿਖੀ ਹੋਈ ਇਕਲੋਤੀ ਪੋਥੀ ਵੀ ਖਤਮ ਹੋ ਗਈ।
ਕਈ ਵਾਰ ਇਤਿਹਾਸ ਬਹੁਤ ਨਾਟਕੀ ਹੁੰਦਾ ਹੈ। ਪਾਰਸਾ ਦੀ ਅੱਗ ਵਿੱਚ ਬਹੁਤ ਕੁਝ ਸੜ ਗਿਆ, ਪਰ ਮਿੱਟੀ ਦੀਆਂ ਫੱਟੀਆਂ ਉਤੇ ਉਕਰਿਆ (inscribed) ਬਹੁਤ ਸਾਰਾ ਰਿਕਾਰਡ ਮਲਬੇ ਵਿੱਚ ਦੱਬਣ ਤੋਂ ਬਾਅਦ ਅਮਰ ਹੋ ਗਿਆ। 2200 ਸਾਲ ਬਾਅਦ ਯੂਰਪੀ ਖੋਜੀਆਂ ਨੂੰ ਪਾਰਸਾ ਦੇ ਖੰਡਰਾਂ ਵਿੱਚੋਂ ਹਜਾਰਾਂ ਫੱਟੀਆਂ ਲੱਭ ਲਈਆਂ, ਜਿਨਾਂ ਨੂੰ ਸਿਕੰਦਰ ਵੇਲੇ ਤੋਂ ਧੁੱਪ ਦੀ ਕਿਰਨ ਤੱਕ ਨਹੀਂ ਲੱਗੀ ਸੀ। ਹਜਾਰਾਂ ਸਾਲ ਬਾਅਦ ਉੱਨੀਵੀਂ ਸਦੀ ਵਿੱਚ ਮਾਹਰਾਂ ਨੇ ਲੱਭੀਆਂ ਫੱਟੀਆਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਜ ਇਹ ਬੇਸ਼ਕੀਮਤੀ ਰਿਕਾਰਡ Persepolis Fortification Tablets ਨਾਂ ਨਾਲ ਜਾਣਿਆ ਜਾਂਦਾ ਹੈ। ਵੀਹ ਤੋਂ ਪੱਚੀ ਹਜਾਰ ਦੀ ਗਿਣਤੀ ਦੀਆਂ ਫੱਟੀਆਂ Elimite, Aramaic, Phrygian, Old Persian, ਤੇ Greek ਵਿੱਚ ਲਿਖੀਆਂ ਹੋਈਆਂ ਹਨ।
ਗੌਤਮ ਘਰਾਣੇ ਦੇ ਸ਼ੱਕ ਦਾ ਵਿਸਥਾਰ
ਫ਼ਾਰਸੀ ਰਾਜਧਾਨੀ ਪਾਰਸ (ਪਰਸੇਪੋਲਿਸ) ਦੇ ਮਹੱਤਵਪੂਰਨ ਭੰਡਾਰ ਵਿੱਚੋਂ ਮਿਲੀਆਂ ਮੋਹਰਾਂ PFS 79, PFS 796 ਅਤੇ PF 250 ਦਾ ਵਿਸ਼ਲੇਸ਼ਣ, ਦ ਡਾਅਨ ਆਫ਼ ਰਿਲੀਜਨਜ਼ ਇਨ ਅਫਗਾਨਿਸਤਾਨ-ਸੀਸਤਾਨ-ਗੰਧਾਰ ਐਂਡ ਦਾ ਪਰਸਨਲ ਸੀਲਜ਼ ਆਫ਼ ਗੌਤਮ ਬੁੱਧ ਐਂਡ ਜ਼ੋਰੋਸਟਰ, ਮਿਥਰਾਸ ਰੀਡਰ: ਐਨ ਅਕਾਦਮਿਕ ਐਂਡ ਰਿਲੀਜੀਅਸ ਜਰਨਲ ਆਫ਼ ਗ੍ਰੀਕ, ਰੋਮਨ ਐਂਡ ਪਰਸ਼ੀਅਨ ਸਟੱਡੀਜ਼, ਭਾਗ III, ਲੰਡਨ, 2010, ਪੰਨਾ 62 ਵਿੱਚ ਪ੍ਰਕਾਸ਼ਿਤ ਹੋਇਆ ਸੀ। ਡਾ਼ ਰਣਜੀਤਪਾਲ ਦੀ ਵਿਆਖਿਆ ਅਨੁਸਾਰ ਇਨਾਂ ਵਿੱਚ ਗੌਤਮ ਪਰਿਵਾਰ ਦਾ ਜ਼ਿਕਰ ਕਿਹਾ ਗਿਆ ਹੈ। ਇਨਾਂ ਤਖ਼ਤੀਆਂ ਵਿੱਚ ਉਤਰੀ ਪੰਜਾਬ ਜਾਂ ਗੰਧਾਰ (ਪਿਸ਼ਾਵਰ) ਦੇ ਇਲਾਕੇ ਨਾਲ ਸਬੰਧਤ ‘ਗੌਤਮ’ ਨਾਂ ਦੇ ਸ਼ਾਹੀ ਪ੍ਰਿਵਾਰ ਦੀ ਪੁਰਾਤਨ ਈਰਾਨੀ ਰਾਜਧਾਨੀ ਨੂੰ ਟੈਕਸ ਅਤੇ ਹੋਰ ਲੈਣ-ਦੇਣ ਸਬੰਧਤ ਲਿਖਤ ਹੈ।

Persepolis Seal PFS 79 ਵਿੱਚ ਸ਼ਾਹੀ ਪਰਿਵਾਰ ਦਾ ਚਿੰਨ (Totem) ਹੈ। ਜਿਸ ਵਿੱਚ ਸਿਰ ਉਤੇ ਤਾਜ ਵਾਲੇ ਰਾਜੇ ਦੀ ਨੱਕਾਸ਼ੀ ਕੀਤੀ ਗਈ ਹੈ। ਰਾਜੇ ਦੇ ਦੋਵੇਂ ਪਾਸੇ ਖੰਭਾਂ ਵਾਲੇ ਸ਼ੇਰ ਦੇ ਸੰਕੇਤਕ ਚਿੰਨ ਸਨ। ਹੋਰ ਸੀਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮੋਹਰ ਇੱਕ ਸੂਰਜ ਪ੍ਰੰਪਰਾ ਦੇ ਸ਼੍ਰਮਣ ਸਿੱਧ ਦੀ ਹੈ। ਬ੍ਰਾਹਮਣ ਅਤੇ ਸ਼੍ਰਮਣ ਆਰੀਆਵਾਂ ਦੀਆਂ ਦੋ ਸੰਪਰਦਾਵਾਂ ਕਹੀਆਂ ਜਾ ਸਕਦੀਆਂ ਹਨ। ( ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਬ੍ਰਾਹਮਣਾਂ ਦਾ ਰਾਹ ਕਰਮਕਾਂਡ ਵਾਲਾ ਸੀ ਅਤੇ ਸ਼੍ਰਮਣ ਕੁਦਰਤ ਦੇ ਅਸੂਲਾਂ ਦੇ ਹਿਸਾਬ ਨਾਲ ਚੱਲਦੇ ਸਨ) ਕਈ ਹੋਰ ਮੋਹਰਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਅਧਾਰ ਬਣਾ ਕੇ ਫੱਟੀਆਂ ਉਤੇ ਲਿਖੇ ਸਿੱਦਅਰਤਾ ਨਾਂ ਨੂੰ ਅਰਥ ਸਿਧਾਰਥ ਪੜਿਆ ਗਿਆ ਹੈ। ਪੁਰਾਤਨ ਪਰਸ਼ੀਅਨ ਵਿੱਚ ਸਿੱਧ ਦਾ ਮਤਲਬ ਮੁਕਤੀਦਾਤਾ ਅਤੇ ਅਰਤਾ ਦਾ ਮਤਲਬ ਵਿਸ਼ਵਵਿਆਪੀ ਸੱਚ ਹੁੰਦਾ ਹੈ। Sedda Arta (Siddhartha), i.e., Siddha (Liberator of) and Arta (Universal Truth).
ਸੀਲ ਵਿੱਚਲੇ ਜੁੜਵਾਂ ਰੱਖਿਅਕਾਂ ਦਾ ਸਰੀਰ ਸ਼ੇਰ ਦਾ ਹੈ, ਪਰ ਸਿਰ ਅਤੇ ਖੰਭ ਮਿਸਰ ਦੇ ਮਿਥਿਹਾਸਕ ਸੂਰਜੀ ਪੰਛੀ (Egyptian Sun-bearing falcon) ਦੇ ਹਨ। ਸ਼ੇਰ ਦਾ ਧੜ ਤੇ ਲੱਤਾਂ ਅਤੇ ਬਾਜ਼ ਦਾ ਸਿਰ ਤੇ ਖੰਭ ਵਾਲਾ ਸੰਕੇਤਕ ਚਿੰਨ (Falcon-gryphon motifs) ਸ਼੍ਰਮਣ ਸ਼ਮਨ ਦੀ ਇੱਕ ਜੋੜੀ ਨੂੰ ਦਰਸਾਉਂਦੇ ਸਨ। ਗੌਤਮ ਨਾਲ ਜੁੜੀ ਪਰਿਵਾਰਕ ਮੋਹਰ ਆਰੀਆ ਪਰੰਪਰਾ ਦੇ ਇੱਕ ਸ਼ਾਹੀ ਵਿਅਕਤੀ ਦਾ ਵਰਣਨ ਕਰਦੀ ਹੈ।
ਗੌਤਮ ਪਰਿਵਾਰ ਦਾ ਪਰਿਵਾਰਿਕ ਚਿੰਨ ਪਰਸ਼ੀਆ ਵਿੱਚ ਕੀ ਕਰ ਰਿਹਾ ਹੈ? ਕੀ ਸਿਧਾਰਥ ਗੌਤਮ ਫਾਰਸੀ ਸਾਮਰਾਜ ਨਾਲ ਜੁੜਿਆ ਹੋਇਆ ਸੀ?
Persepolis Fortification Tablets ਤੋਂ ਬਿਨਾਂ ਗੌਤਮ ਨਾਂ ਫਾਰਸੀ ਬਾਦਸ਼ਾਹ ਦਾਰਾ ਮਹਾਨ (ਦਾਰਾਏਵੌਸ਼) ਦੇ ਬਾਗਾਸਤਾਨ ਸ਼ਿਲਾਲੇਖ (Behistun Inscription) ਵਿੱਚ ਵੀ ਮਿਲਦਾ ਹੈ। ਇੱਥੇ ਅਸਲ ਵਿੱਚ ਗੌਤਾਮਾ ਦੀ ਥਾਂ ਗੌਮਾਤਾ ਲਿਖਿਆ ਗਿਆ ਹੈ। ਮਾਹਰ ਦੱਸਦੇ ਹਨ ਕਿ ਪੁਰਾਤਨ ਲਿਖਤਾਂ ਵਿੱਚ ਅਕਸਰ ਅੱਖਰ ਅੱਗੇ-ਪਿੱਛੇ ਕੀਤੇ ਮਿਲ ਜਾਂਦੇ ਹਨ। ਕਿਉਕਿ ਉਹ ਲਿਪਿਆਂ ਦਾ ਸ਼ੁਰੂਆਤੀ ਦੌਰ ਸੀ, ਹਾਲੇ ਲਿੱਪੀਆਂ ਅਤੇ ਲਿਖਣ ਦੇ ਅਸੂਲ ਪੂਰੇ ਪੱਕੇ ਨਹੀਂ ਹੋਏ ਸਨ। ਉਦਾਹਰਣ ਦੇ ਤੌਰ ਉੱਤੇ ਅਸ਼ੋਕ ਦੇ ਬ੍ਰਾਹਮੀ ਸ਼ਿਲਾਲੇਖਾਂ ਵਿੱਚ ਲਾਈਨਾਂ ਦੋਵੇਂ ਸੱਜਿਓ ਅਤੇ ਖੱਬਿਓ ਪਾਸਿਓਂ ਮਿਲ ਜਾਂਦੀਆਂ ਹਨ। ਟੋਪਰਾ ਸਤੰਭ ਉੱਤੇ ਹਰ ਦੂਜੀ ਲਾਈਨ ਪਹਿਲੀ ਲਾਇਨ ਖਤਮ ਹੋਣ ਵਾਲੇ ਪਾਸਿਓਂ ਸ਼ੁਰੂ ਹੁੰਦੀ ਹੈ।

ਫ਼ਾਰਸ ਵਿੱਚ ਪੈਂਤੀ ਸਾਲ ਰਾਜ ਕਰਨ ਵਾਲੇ ਸਮਰਾਟ ਦਾਰਾ ਮਹਾਨ (ਦਾਰਾਯਾਵੌਸ਼) ਨੇ ਬਾਗਾਸਤਾਨ ਦੇ ਸ਼ਿਲਾਲੇਖਾਂ ਵਿੱਚ ਸ਼ੇਖੀ ਮਾਰੀ ਹੈ ਕਿ ਅਸੁਰ ਆਰੀਆਵਾਂ (Zoroastrians) ਦੇ ਰੱਬ ਅਸੁਰ ਮਾਜ਼ਦਾ ( ਅਹੂਰਾ ਮਾਜ਼ਦਾ) ਨੇ ਉਸਨੂੰ “ਗੌਮਾਤਾ” ਨਾਮਕ ਫਰੇਬੀ ਤੋਂ (522 ਈਸਾ ਪੂਰਵ) ਗੱਦੀ ਲੈ ਲੈਣ ਲਈ ਚੁਣਿਆ ਹੈ। ਗੌਮਾਤਾ ਵਾਲਾ ਸ਼ਿਲਾਲੇਖ ਲਿਖਾਉਣ ਨੂੰ ਬਾਦਸ਼ਾਹ ਦਾਰਾ ਦੀ ਸਿਆਸੀ ਚਾਲ ਵੀ ਕਿਹਾ ਜਾ ਸਕਦਾ ਹੈ। ਦਾਰਾ ਆਪਣੇ ਤੋਂ ਪਹਿਲੇ ਬਾਦਸ਼ਾਹ ਕੰਬੂਜੀਆ (ਕੰਬੋਜਾ, 𐎣𐎲𐎢𐎪𐎡𐎹 Kambūjiya) ਦੇ ਥੋੜ੍ਹੇ ਸਮੇਂ ਦੇ ਰਾਜ ਵੇਲੇ ਚੱਲ ਰਹੇ ਧੋਖੇ, ਸਾਜ਼ਿਸ਼, ਕਤਲ ਅਤੇ ਰਾਜਸੱਤਾ ਹਥਿਆਉਣ ਦੇ ਸੰਘਰਸ਼ ਨੂੰ ਹਮਦਰਦੀ ਵਿੱਚ ਬਦਲਣਾ ਚਾਹੁੰਦਾ ਸੀ। ਉਹ “ਗੌਮਾਤਾ” ਨਾਮਕ ਵਿਅਕਤੀ ਨੂੰ ਇੱਕ ਮੌਕਾਪ੍ਰਸਤ ਵਜੋਂ ਦੱਸਦਾ ਹੈ। ਜਿਸਨੇ ਬਾਬਲ (Babylon) ਦੀ ਗੱਦੀ ‘ਤੇ ਗੈਰ-ਕਾਨੂੰਨੀ ਤੌਰ ‘ਤੇ ਕਬਜ਼ਾ ਕਰ ਲਿਆ ਸੀ, ਜਦੋਂ ਮੌਜੂਦਾ ਫ਼ਾਰਸੀ ਸਮਰਾਟ ਕੰਬੂਜੀਆ ਦੂਰ ਮਿਸਰ ਵਿੱਚ ਲਾਮ ਉੱਤੇ ਗਿਆ ਹੋਇਆ ਸੀ।
ਬਾਗਾਸਤਾਨ (Behistun Inscription) ਸ਼ਿਲਾਲੇਖ ਤਿੰਨ ਵੱਖ-ਵੱਖ ਭਾਸ਼ਾਵਾਂ: ਪੁਰਾਣੀ ਫ਼ਾਰਸੀ, ਏਲਾਮਾਈਟ ਬੇਬੀਲੋਨੀਅਨ (ਅੱਕਾਡੀਅਨ ਦਾ ਇੱਕ ਰੂਪ) ਭਾਸ਼ਾਵਾਂ ਅਤੇ ਪੁਰਾਤਨ ਕਿਊਨੀਫਾਰਮ ਲਿਪੀ (ਚਿੱਤਰ ਲਿੱਪੀ) ਵਿੱਚ ਲਿਖਵਾਇਆ ਗਿਆ ਸੀ। ਬਾਗਾਸਤਾਨ ਸ਼ਿਲਾਲੇਖ ਵਿੱਚਲਾ ਗੌਮਾਤਾ ਸ਼ਾਇਦ ਸਿਧਾਰਥ ਗੌਤਮ ਦਾ ਹੀ ਨਾਂ ਹੈ, ਜੋ ਬਾਅਦ ਵਿੱਚ ਬੁੱਧ ਬਣਿਆ ਸੀ। (ਯਾਦ ਰਹੇ ਕਿ ਬਿਹਾਰ, ਭਾਰਤ ਵਿੱਚ ਗੌਤਮ ਬੁੱਧ ਦਾ ਸਮਕਾਲੀ ਪੁਖਤਾ ਸਬੂਤ ਨਹੀਂ ਲੱਭਦਾ। ਬਹੁਤਾ ਇਤਿਹਾਸ ਕਿਆਸਰਾਈ (hypothesis) ਉੱਤੇ ਹੀ ਅਧਾਰਿਤ ਹੈ।)
ਇਹ ਸ਼ਿਲਾਲੇਖ “ਗੌਮਾਤਾ” ਨਾਂ ਨੂੰ ਇੱਕ ਧਾਰਮਿਕ ਸ਼ਖਸੀਅਤ ਹੋਣ ਦਾ ਹਵਾਲਾ ਵੀ ਦਿੰਦਾ ਹੈ। ਹਕਸ਼ਾਮਨੀ (Achaemenid) ਫ਼ਾਰਸੀ ਬਾਦਸ਼ਾਹ, ਦਾਰਾ ਮਹਾਨ, ਉਸ ਤੋਂ ਬਾਬਲ ਦਾ ਤੱਖਤ ਖੋਹਣ ਦੀ ਗੱਲ ਕਰਦਾ ਹੈ। ਦਾਰਾ (Darius 1) ਨੇ “ਗੌਮਾਤਾ” ਨੂੰ ਇੱਕ ਧੋਖੇਬਾਜ਼ ਅਤੇ ਗੈਰ-ਕਾਨੂੰਨੀ ਸ਼ਾਸਕ ਦੱਸਿਆ। ਦੂਜੇ ਪਾਸੇ ਇਹ ਵਿਰਤਾਂਤ ਉਸ ਦੇ ਹੀ ਦੱਸਣ ਮੁਤਾਬਕ ਇੱਕ ਉੱਚ ਸਿੱਖਿਆ ਪ੍ਰਾਪਤ ਅਤੇ ਹਰਮਨਪਿਆਰੇ ਆਗੂ “ਗੌਤਾਮਾ” ਦੇ ਮੇਚ ਦਾ ਨਹੀਂ ਜਾਪਦਾ। ਦਾਰਾ ਨੇ “ਗੌਤਾਮਾ” ਦੀ ਪਛਾਣ ਇੱਕ ਮਾਘਾ (ਅਸੁਰ ਆਰੀਆਵਾਂ ਦੇ ਵਿਦਵਾਦ) ਵਜੋਂ ਕੀਤੀ, ਅਤੇ ਵਿਅੰਗਮਈ ਢੰਗ ਨਾਲ ਉਸਨੂੰ ਤਾਰੇ ਗਿਨਣ ਵਾਲਾ “Stargazer” ਦੱਸਿਆ। ਜੇਕਰ “ਗੌਮਾਤਾ” l ਸਿਧਾਰਥ ਗੌਤਮ ਦਾ ਹੀ ਨਾਂ ਹੈ, ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਉਹ ਮਾਗੀ (ਮਾਘੀ) ਵਿਦਵਾਨਾਂ (ਬਾਹਮਣਾਂ) ਵਿੱਚ ਵੀ ਸਿਰਕੱਢਵਾਂ ਬੰਦਾ ਸੀ। ਇਸ ਤੋਂ ਇਲਾਵਾ, ਮਾਗੀ ਸੰਪਰਦਾ ਦਾ ਮੁੱਖ ਟਿਕਾਣਾ ਵੀ ਬਾਬਲ ਦੇ ਏਸਾਗੀਲਾ ਮੰਦਰ ਸਮੂਹ ਵਿੱਚ ਸੀ, ਜਿਨਾਂ ਵਿੱਚ ਜ਼ਿਗੁਰਾਤ ਟਿੱਲਾ (Ziggurat Towers) “House of the Raised Head” ਵੀ ਸੀ। “Stargazer” ਦਾ ਸੰਕੇਤ ਹੈ ਕਿ ਗੌਮਾਤਾ ਸੁਮੇਰ ਸੱਭਿਅਤਾ ਵੇਲੇ ਤੋਂ ਚੱਲੀ ਆ ਰਹੀ ਬਾਬਲ ਦੀ ਤਾਰਾ (ਖਗੋਲ) ਨਿਰੀਖਣਸ਼ਾਲਾ ਨਾਲ ਜੁੜਿਆ ਹੋਇਆ ਸੀ।
ਯਾਦ ਰਹੇ ਕਿ ਸੁਮੇਰ ਸੱਭਿਅਤਾ ਤੋਂ ਬਾਅਦ ਕਲੰਡਰ, ਤਾਰਿਆਂ ਦੀ ਸਥਿਤੀ ਤੋਂ ਮੌਸਮ, ਰੁੱਤਾਂ ਦੇ ਅੰਦਾਜੇ ਲਾਉਣੇ ਅਤੇ ਭਵਿੱਖ ਵਾਰੇ ਕਿਆਸਰਾਂਈਆਂ ਕਰਨ ਦਾ ਬਹੁਤਾ ਕੰਮ ਬਾਬਲ (Babylon) ਵਿੱਚ ਹੋਇਆ। ਬਾਬਲ ਦੇ ਮਾਘੀ ਵਿਦਵਾਨਾਂ (MAGI, Pers., magu– Baby. maguš, Gr. mágos [μάγος], Lat. magus) ਤੋਂ ਹੀ ਅੰਗਰੇਜ਼ੀ ਦਾ Magic ਸ਼ਬਦ ਬਣਿਆ ਹੈ। ਕਿਉਂਕਿ ਉੱਨਾਂ ਦੀ ਭਵਿੱਖਬਾਣੀ ਜਾਦੂ ਵਾਂਗ ਗਿਣੀ ਜਾਂਦੀ ਸੀ। ਬਾਬਲ ਦੇ ਹੀ ਇੱਕ ਕਲੰਡਰ ਨੂੰ ਸੁਧਾਰ ਕੇ ਤਖਸਿਲਾ, ਪੰਜਾਬ ਦੇ ਸਾਕਾ (Scythian) ਰਾਜਿਆਂ ਨੇ Azes ਕਲੰਡਰ ਬਣਾਇਆ, ਜਿਸ ਤੋਂ ਅੱਗੇ ਫੇਰ ਬਿਕਰਮੀ ਕਲੰਡਰ ਬਣਿਆ, ਜਿਹੜਾ ਅੱਜ ਤੱਕ ਵਰਤਿਆ ਜਾਂਦਾ ਹੈ।
ਕੀ ਰਹੱਸਮਈ ਰਾਜਾ “ਗੌਮਾਤਾ” ਸਿਧਾਰਥ ਗੌਤਮ ਹੋ ਸਕਦਾ ਹੈ?
“ਗੌਮਾਤਾ” ਨਾਮ ਗੌਤਮ ਦਾ ਇੱਕ ਰੂਪ ਜਾਪਦਾ ਹੈ, ਜੋ ਕਿ ਬੁੱਧ ਦੇ ਪਰਿਵਾਰ ਦਾ ਨਾਂ (ਗੋਤ) ਹੈ। ਪ੍ਰਾਚੀਨ ਬਹੁ-ਭਾਸ਼ਾਈ ਦੇਸ਼ ਬੇਬੀਲੋਨੀਆ ਵਿੱਚ, ਇੱਕੋ ਵਿਅਕਤੀ ਦੇ ਸ਼ਬਦਜੋੜ ਭਿੰਨਤਾ ਵਾਲੇ ਕਈ ਨਾਮ ਅਤੇ ਸਿਰਲੇਖ ਮਿਲਦੇ ਸਨ।

ਕੀ ਬੋਧੀ ਸਾਹਿਤ ਵਿੱਚ ਬੇਬੀਲੋਨੀਆਈ ਮਾਗੀ (ਮਾਘੀ) ਸੰਪਰਦਾ ਦੇ ਪ੍ਰਭਾਵਾਂ ਦਾ ਜ਼ਿਕਰ ਮਿਲਦਾ ਹੈ? ਕੀ ਅਸੀਂ ਬੋਧੀ ਗ੍ਰੰਥਾਂ ਵਿੱਚ ਮੇਸੋਪੋਟੇਮੀਆ ਦੇ ਹਵਾਲੇ ਲੱਭ ਸਕਦੇ ਹਾਂ?
ਗਣਿਤ ਪ੍ਰਣਾਲੀਆਂ, ਖਗੋਲ ਵਿਗਿਆਨ, ਅਤੇ ਮਿਥਿਹਾਸਕ ਸਾਹਿਤ ਦੀ ਸ਼ੁਰੂਆਤ ਸੁਮੇਰ, ਅਕਾਡ ਅਤੇ ਅਰਬੀ ਬੇਬੀਲੋਨੀਆ ਦੀ ਸੱਭਿਅਤਾ ਵਿੱਚ ਜ਼ਿਗੁਰਾਤ ਮੰਦਰਾਂ (Ziggurat temples) ਵਿੱਚ ਹੋਈ ਸੀ। ਮਾਗੀ (ਮਾਘੀ) ਪੁਜਾਰੀਆਂ ਨੇ ਬ੍ਰਹਿਮੰਡ ਦੇ ਬੁਨਿਆਦੀ ਢਾਂਚੇ ਦੇ ਗਿਆਨ ਦੀ ਖੋਜ ਨੂੰ ਅੱਗੇ ਵਧਾਇਆ। ਬੁੱਧ ਦੇ ਸਮੇਂ ਇਹ ਜਾਣਕਾਰੀ ਦਜਲਾ ਦਰਿਆ (Tigris River, Iraq) ਤੋਂ ਗੰਗਾ (ਭਾਰਤ) ਤੱਕ ਪਤਾ ਸੀ। ਬੋਧੀ ਸੂਤਰਾਂ ਵਿੱਚ ਇਸ ਸਬੰਧੀ ਵਧੇਰੇ ਖੋਜ ਕਰਨ ਨਾਲ ਪ੍ਰਚਲਿਤ ਵਿਚਾਰ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਕਿ ਬੁੱਧ ਧਰਮ ਦਾ ਜਨਮ ਅਤੇ ਵਿਕਾਸ ਸਿਰਫ਼ ਭਾਰਤ ਵਿੱਚ ਹੀ ਹੋਇਆ ਸੀ। ਹਾਲਾਂਕਿ ਸੂਤਰਾਂ ਦੀ ਮੌਖਿਕ ਵਿਰਾਸਤ ਨੂੰ ਬਾਅਦ ਵਿੱਚ ਭਾਰਤ ਵਿੱਚ ਇਕੱਠਾ ਅਤੇ ਦਰਜ ਕੀਤਾ ਗਿਆ ਸੀ।
ਬਾਦਸ਼ਾਹ ਦਾਰਾ ਦਾ ਸ਼ਿਲਾਲ਼ੇਖ ਦੱਸਦਾ ਹੈ ਕਿ ਦਿਆਲੂ, ਦਾਰਸ਼ਨਿਕ, ਖਗੋਲ ਗਿਆਨੀ ਵਜੋਂ ਵਰਣਿਤ “ਗੌਮਾਤਾ” ਨੇ ਗੁਲਾਮਾਂ ਲਈ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ, ਦਮਨਕਾਰੀ ਟੈਕਸਾਂ ਨੂੰ ਘਟਾ ਦਿੱਤਾ, ਅਤੇ ਗੁਆਂਢੀਆਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਬਾਬਲ (Babylon) ਸ਼ਹਿਰ ਬਹੁ-ਨਸਲੀ ਆਬਾਦੀ ਅਤੇ ਕਈ ਭਾਸ਼ਾਵਾਂ ਲਈ ਜਾਣਿਆ ਜਾਂਦਾ ਹੈ। ਗੌਮਾਤਾ ਦਾ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਉਦਾਰਤਾ ਪ੍ਰਤੀ ਝੁਕਾਅ “ਗੌਮਾਤਾ” ਅਤੇ ਗੌਤਾਮਾ ਇੱਕੋ ਹੀ ਵਿਅਕਤੀ ਹੋਣ ਦੀ ਕਿਆਸਰਾਈ ਦੀ ਹਮਾਇਤ ਕਰਦਾ ਹੈ।
ਗੌਮਾਤਾ ਵਾਲਾ ਸ਼ਿਲਾਲੇਖ ਸ਼ਾਹੀ ਹਕਸਾਮਨੀ ਪਰਿਵਾਰ ਦੇ ਵੰਸ਼, ਇੱਕ ਤਾਕਤਵਰ ਫੌਜੀ ਬਾਦਸ਼ਾਹ ਦਾਰਾ ( ਦਾਰਾਏਵੌਸ਼) ਨੇ “ਗੌਮਾਤਾ” ਦਾ ਤਖਤਾ ਪਲਟਣ ਨੂੰ ਜਾਇਜ਼ ਠਹਿਰਾਉਣ ਲਈ ਇੱਕ ਪ੍ਰਾਪੇਗੰਡਾ ਵਿਉਂਤ ਦਾ ਹਿੱਸਾ ਲੱਗਦਾ ਹੈ। ਉਸ ਨੇ ਆਪਣੇ ਜਨਤਕ ਸ਼ਿਲਾਲੇਖ ਵਿੱਚ ਆਪਣੇ ਸਾਥੀਆਂ ਨੂੰ ਗਵਾਹਾਂ ਵਜੋਂ ਦੱਸ ਕਿ ਕਿਹਾ ਹੈ ਕਿ ਉਸ ਨੇ ਈਰਾਨ ਦੇ ਤਖਤ ਤੇ ਕਬਜਾ ਕਰਨ ਵਾਲੇ ਧੋਖੇਬਾਜ਼ ਗੌਮਾਤਾ ਦਾ ਕਤਲ ਕਰ ਦਿੱਤਾ ਹੈ। ਪਰ ਉਸਦੀ ਕਹਾਣੀ ਧੋਖੇ, ਫਰੇਬ ਨਾਲ ਭਰੀ ਜਾਪਦੀ ਹੈ। ਇਸ ਘਟਨਾ ਪਿਛਲੀ ਅਸਲ ਕਹਾਣੀ ਹੁੱਣ ਤੱਕ ਇਤਿਹਾਸ ਵਿੱਚੋਂ ਗਾਇਬ ਰਹੀ। ਦਾਰਾ ਨੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਪ੍ਰਾਪੇਗੰਡਾ ਕਹਾਣੀ ਘੜੀ ਲੱਗਦੀ ਹੈ। ਪਰ ਜੋ ਅਸਲ ਵਿੱਚ ਹੋਇਆ, ਉਹ ਹਜ਼ਾਰਾਂ ਸਾਲਾਂ ਤੋਂ ਲੁਕਿਆ ਰਿਹਾ ਅਤੇ ਇਤਿਹਾਸਕਾਰ “ਗੌਮਾਤਾ” ਬਾਰੇ ਬਹੁਤ ਘੱਟ ਜਾਂ ਕੁਝ ਵੀ ਨਹੀਂ ਜਾਣ ਸਕੇ।

ਜੇਕਰ “ਗੌਮਾਤਾ” ਸੱਚਮੁੱਚ ਹੀ ਸਿਧਾਰਥ ਗੌਤਮ ਸੀ, ਤਾਂ ਇਹ ਕਤਲ ਝੂਠ ਹੋਣਾ ਚਾਹੀਦਾ ਹੈ, ਕਿਉਂਕਿ ਉਹ ਅੱਗੇ ਜਾ ਕੇ ਸਾਕਾਮੁਨੀ ਬੁੱਧ ਬਣਿਆ। ਜੇ ਹਿੰਦ-ਸਿੰਧ ਵਾਂਗ ਹ ਨੂੰ ਸ ਵਿੱਚ ਬਦਲ ਦੇਈਏ ਅਤੇ ਪੁਰਾਤਨ ਫਾਰਸੀ ਤੋਂ ਗੰਧਾਰੀ ਪ੍ਰਾਕ੍ਰਿਤ ਦੇ ਭਾਸ਼ਾ ਬਦਲੀ ਫਾਰਮੂਲੇ ਤੋਂ ਬਾਅਦ ਫਾਰਸੀ ਸਾਮਰਾਜ ਹਕਸ਼ਾਮਨੀ ਦਾ ਨਾਂ ਸਾਕਾਮੁਨੀ ਹੀ ਬਣਦਾ ਹੈ। ਸਾਕਾਮੁਨੀ ਗੌਤਮ ਜਾਂ ਹਕਸ਼ਾਮਨੀ ਗੌਮਾਤਾ ਦਾ ਭਾਸ਼ਾਈ ਸਬੰਧ ਵੀ ਹੈ। ਹਾਹਾ-ਸੱਸਾ ਦੀ ਅਦਲਾ-ਬਦਲੀ ਅਤੇ ਸਮਕਾਲੀ ਪੰਜਾਬੀ ਲਿੰਕਃ https://panjabhistory.com/hind-sindh/
ਬਾਦਸ਼ਾਹ ਦਾਰਾ ਨੇ ਜਾਂ ਤਾਂ “ਗੌਮਾਤਾ” ਦੇ ਨਾਮ ‘ਤੇ ਕਿਸੇ ਹੋਰ ਦਾ ਕਤਲ ਕਰ ਦਿੱਤਾ ਸੀ, ਜਾਂ ਫੇਰ ਦਾਰਾ ਨੇ ਚਤਰਾਈ ਨਾਲ ਇੱਕ ਸਿਆਸੀ ਵਿਉਂਤ ਲਾਈ ਤਾਂ ਜੋ ਅਸਲ ਵਿੱਚ ਵਾਰਦਾਤ ਲਕੋਈ ਜਾ ਸਕੇ। “ਧੋਖੇਬਾਜ਼ ਦੀ ਮੌਤ” ਨਾਂ ਵਾਲੇ ਵੱਡੇ ਸ਼ਿਲਾਲੇਖ ਨਾਲ ਨਵਾਂ ਬਾਦਸ਼ਾਹ “ਗੌਮਾਤਾ” ਦੇ ਹਮਾਇਤੀਆਂ ਨੂੰ ਇੱਕ ਸੁਨੇਹਾ ਵੀ ਦੇਣਾ ਚਾਹੁੰਦਾ ਸੀ ਕਿ ਉਹ ਬਗਾਵਤਾਂ ਬਰਦਾਸ਼ਤ ਨਹੀਂ ਕਰੇਗਾ ਅਤੇ ਲੋਕ ਪ੍ਰਸਿੱਧ ਆਗੂ ਦੀ ਵਾਪਸੀ ਦੀ ਵੀ ਉਮੀਦ ਵੀ ਖਤਮ ਕਰਨਾ ਚਾਹੁੰਦਾ ਸੀ। ਨਾਲ ਹੀ ਤਖ਼ਤਾ ਪਲਟ ਕੇ ਬਾਦਸ਼ਾਹ ਬਣਨ ਤੋਂ ਬਾਅਦ ਗਾਂਹਾਂ ਉੱਠਣ ਵਾਲੀ ਕੋਈ ਬਗਾਵਤ ਵੀ ਰੋਕਣਾ ਚਾਹੁੰਦਾ ਸੀ। ਇਸੇ ਸ਼ਿਲਾਲੇਖ ਵਿੱਚ ਦਾਰਾ ਨੇ ਇਹ ਵੀ ਲਿਖਵਾਇਆ ਕਿ ਉਹਦੇ ਰਾਜ ਦੇ ਪਹਿਲੇ ਸਾਲ ਵਿੱਚ ਲੋਕ ਨਾਇਕ “ਗੌਮਾਤਾ” ਤੋਂ ਪ੍ਰਭਾਵਤ 19 ਬਗਾਵਤਾਂ ਹੋਈਆਂ, ਜਿੰਨਾਂ ਨੂੰ ਕੁਚਲਣ ਲਈ ਇੱਕ ਸਾਲ ਲੱਗਿਆ।
ਉਪਰੋਕਤ ਲੇਖ ਹਾਰਵੇ ਕ੍ਰਾਫਟ ਦੁਆਰਾ ਲਿਖਿਆ ‘ਦਿ ਬੁੱਧ ਫਰਾਮ ਬੈਬੀਲੋਨ: ਦਿ ਲੌਸਟ ਹਿਸਟਰੀ ਐਂਡ ਕੌਸਮਿਕ ਵਿਜ਼ਨ ਆਫ ਸਿਧਾਰਥ ਗੌਤਮ’ ਵਿੱਚੋਂ ਇੱਕ ਅੰਸ਼ ਦਾ ਉਲਥਾ ਹੈ।
The above article is Gurmukhi translation of an extract from ‘ The Buddha from Babylon: The Lost History and Cosmic Vision of Siddhartha Gautama ’ by Harvey Kraft
ਬਾਗਾਸਤਾਨ ਦੇ ਸ਼ਿਲਾਲੇਖ ਦਾ ਅੰਗਰੇਜੀ ਵਿੱਚ ਪੂਰਾ ਉਲਥਾ ਇਸ ਲਿੰਕ ਉਤੇ ਪੜ੍ਹਿਆ ਜਾ ਸਕਦਾ ਹੈ: https://www.worldhistory.org/Behistun_Inscription/
Featured image: ਬੋਧੀ ਮੂਰਤੀ ਕਲਾ ਦੀ ਤਸਵੀਰ ਵਿੱਚ ਇੱਕ ਬੁੱਧ ਨੂੰ ਇੱਕ ਗਹਿਣਿਆਂ ਨਾਲ ਸਜੇ ਰੁੱਖ ਹੇਠਾਂ “ਸ਼ੇਰ-ਸਿੰਘਾਸਣ” ‘ਤੇ ਬੈਠੇ ਦਿਖਾਇਆ ਗਿਆ ਹੈ, ਜਿਸਦੇ ਕੋਲ ਬ੍ਰਹਿਮੰਡੀ ਸਹਾਇਕ ਹਨ।