ਪੰਜਾਬੀ ਦਰਿਆਵਾਂ ਦੇ ਨਾਂ ਪੰਜਾਬੀ ਬੋਲੀ ਦੀ ਵਿਲੱਖਣਤਾ ਦੇ ਪ੍ਰਤੀਕ ਹਨ
ਰਾਵੀ ਸੋਹਣੀ ਪਈ ਵਗਦੀ, ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਿਆ ਖਿੱਚਦਾ, ਮੈਨੂੰ ਝਨਾਂ ’ਵਾਜ਼ਾਂ ਮਾਰਦਾ,
ਮੈਨੂੰ ਜੇਹਲਮ ਪਿਆਰਦਾ, ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ।
ਪ੍ਰੋ. ਪੂਰਨ ਸਿੰਘ ਨੂੰ ਉਪਰੋਕਤ ਬੰਧ ਲਿਖਣ ਵਾਲੇ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਉਹ ਦਰਿਆਵਾਂ ਦਾ ਜ਼ਿਕਰ ਕਰਨ ਵੇਲੇ ਪੰਜਾਬੀ ਬੋਲੀ ਦੀ ਕਿੰਨੀ ਮਹੱਤਵਪੂਰਨ ਵਿਸ਼ੇਸ਼ਤਾ ਕਲਮਬੰਧ ਕਰ ਰਹੇ ਹਨ।
ਪੰਜਾਬੀ ਭਾਸ਼ਾ ਦਾ ਇੱਕ ਮੁਢਲਾ ਗੁੱਣ ਹੈ ਕਿ ਪੰਜਾਬੀ ਸ਼ਬਦਾਂ ਵਿੱਚ ਗੁਆਂਢੀ ਭਾਸ਼ਾਵਾਂ ਮੁਕਾਬਲੇ ਅੜਕ, ਮੜਕ ਤੇ ਰੜਕ ਬਹੁਤ ਜਿਆਦਾ ਹੈ। ਪੰਜਾਬੀ ਵਿੱਚ ਪੁਲਿੰਗ (Masculin) ਨਾਂਵ-ਸ਼ਬਦਾਂ (noun) ਦੀ ਗਿਣਤੀ ਇਸਤਰੀ ਲਿੰਗ (Feminine) ਤੋਂ ਕਿਤੇ ਜਿਆਦਾ ਹੈ। ਉਦਾਹਰਣ ਵਜੋਂ ਪੰਜਾਬੀ ਦਵਾਈ (ਇ.ਲਿ.) ਨੂੰ ਦਾਰੂ ਪੁਲਿੰਗ (ਪੁ.) ਬੋਲਦੇ ਨੇ। ਜਵਾਕ, ਨਿਆਣਾ, ਇੰਝਾਣਾ ਸਹਿਜ-ਸੁਭਾਅ ਹੀ ਪੁਲਿੰਗ ਹਨ ਭਾਂਵੇ ਬਹੁਤੀਆਂ ਕੁੜੀਆਂ ਹੀ ਹੋਣ। ਸਰੀਰ ਦੇ 51 ਅੰਗਾਂ ਵਿੱਚੋਂ 30 ਪੁਲਿੰਗ ਹਨ।ਭਾਸ਼ਾ ਵਿਗਿਆਨੀ ਹਰਕੀਰਤ ਸਿੰਘ ਆਪਣੇ ਖੋਜ ਪੱਤਰ ਵਿੱਚ ਲਿਖਦੇ ਹਨ ਕਿ ਹਨੇਰੀ ਸ਼ਬਦ ਹੁੰਦੇ ਹੋਏ ਵੀ ਪੰਜਾਬੀ ਵਿੱਚ ਝੱਖੜ ਸ਼ਬਦ ਵਰਤਿਆ ਜਾਂਦਾ ਹੈ। ਹਿੰਦੀ ਦੀ ਬੈਲ ਗੱਡੀ ਪੰਜਾਬੀ ਵਿੱਚ ਬ੍ਹਲਦ ਗੱਡਾ ਹੋ ਜਾਂਦਾ ਹੈ। ਘਰਵਾਲੀ ਨੂੰ ਸੁਭਾਵਕ ਹੀ ਘਰ ਵਾਲੇ ਨਹੀਂ ਕਿਹਾ ਜਾਂਦਾ ਸਗੋਂ ਇਹ ਪੰਜਾਬੀ ਬੋਲੀ ਦਾ ਮੁਢਲਾ ਗੁਣ ਹੈ ਜੋ ਪੰਜਾਬੀ ਦੀ ਪੁਰਾਤਨਤਾ ਅਤੇ ਵਿਲੱਖਣਤਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੇ ਸਬੂਤ ਦੁਨੀਆਂ ਦੀਆਂ ਸੱਭ ਤੋਂ ਪੁਰਾਣੇ ਭਾਸ਼ਾਈ ਨਮੂਨਿਆਂ ਵਿੱਚ ਮਿਲਦੇ ਹਨ।
ਸੂਰਜ ਦੀ ਕੁੱਖੋਂ ਜਾਈਆਂ ਧੁੱਪਾਂ ਨੇ ਠਰਨਾ ਨਹੀਂ,
ਸਤਲੁਜ ਦੇ ਪਾਣੀ ਵਿੱਚੋਂ ਗ਼ੈਰਤ ਨੇ ਮਰਨਾ ਨਹੀਂ ।
ਲੰਘ ਆ ਜਾ ਪੱਤਣ ਝਨਾਂ ਦਾ, ਓ ਯਾਰ
ਸਿਰ ਸਦਕੇ ਮੈਂ ਜਾਵਾਂ ਤੇਰੇ ਨਾਂ, ਓ ਯਾਰ
ਲੰਘ ਆ ਜਾ ਪੱਤਣ ਝਨਾਂ ਦਾ ।
ਕਿਤੇ ਦਰਿਆ ਦੁੱਧ-ਪੁੱਤ ਦਿੰਦੇ ਨੇ, ਕਿਤੇ ਮਰਗਾਂ ਕਿਉਂਟਦੇ ਨੇ, ਕਿਤੇ ਪੂਜੇ ਜਾਂਦੇ ਨੇ। ਪਰ ਪੰਜਾਬ ਦੇ ਦਰਿਆ ਅਣਖਾਂ ਨਾਲ ਜੁੜੇ ਨੇ, ਲੋਕਨਾਚਾਂ ਦੇ ਨਾਇਕ ਦੇ, ਇਤਿਹਾਸ ਦੇ ਵਰਕਿਆਂ ਤੇ ਮਿਲਦੇ ਨੇ, ਪ੍ਰੇਮ ਕਿੱਸਿਆਂ ਦੇ ਸਿਰਜਣਹਾਰ ਨੇ। ਇਹ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਦੀ ਵਿਲੱਖਣਤਾ ਦੇ ਚਿੰਨ ਨੇ ਅਤੇ ਇਸ ਦੀ ਸੁਘੰਧ ਹਜ਼ਾਰਾਂ ਸਾਲ ਪਿੱਛੇ ਤੱਕ ਹੈ।
ਪੰਜਾਬ ਵਿੱਚ ਤਾਂਬਾ ਯੁੱਗ ਦੀ ਹੜੱਪਾ ਸੱਭਿਆਤਾ ਖਤਮ ਹੋਣ ਤੋਂ ਬਾਅਦ ਪੰਜਾਬ (ਅਤੇ ਭਾਰਤੀ ਉਪਮਹਾਂਦੀਪ) ਵਿੱਚ ਪਹਿਲੀ ਵਾਰ ਇੰਡੋ-ਯੂਰਪੀਅਨ ਭਾਸ਼ਾ ਲੈ ਕੇ ਆਉਣ ਵਾਲੇ ਆਰੀਆਵਾਂ ਦੇ ਗ੍ਰੰਥਾਂ ਵਿੱਚ ਵੀ ਇਹ ਗੁੱਣ ਦਰਜ਼ ਹੈ। ਦੇਵਾਂ ਦੇ ਰਿੱਗਬੇਦ ਅਤੇ ਅਸੁਰਾਂ ਦੇ ਜ਼ੇਦ-ਅਵੇਸਤਾ ਵਿੱਚ ਦਰਜ ਅਨੇਕਾਂ ਦਰਿਆਵਾਂ ਵਿੱਚ ਕੇਵਲ ਸਿੰਧ ਦਰਿਆ ਦੇ ਨਾਂ ਦੀ ਹੀ ਪੁਲਿੰਗ ਵਿੱਚ ਵਰਤੋਂ ਹੈ। ਹਾਰਵ੍ਰਡ ਯੂਨੀਵਰਸਿਟੀ ਦੇ ਪ੍ਰਸਿੱਧ ਵਿਦਵਾਨ ਮਾਈਕਲ ਵਿਟਜਲ (Michael Witzel) ਆਪਣੇ ਖੋਜ ਪੱਤਰ Water in Mythology ਵਿੱਚ ਲਿਖਦਾ ਹੈ ਕਿ ਪੁਰਾਤਨ ਇੰਡੋ-ਯੁਰਪੀਅਨ ਰਿਕਾਰਡ ਵਿੱਚ ਬਹੁਤ ਘੱਟ ਦਰਿਆਵਾਂ ਦੇ ਨਾਂ ਪੁਲਿੰਗ ਹਨ। ਭਾਰਤੀ ਉਪਮਹਾਂਦੀਪ ਵਿੱਚ ਸਿਰਫ ਸਿੰਧ ਦਰਿਆ ਦਾ ਹੀ ਪੁਲਿੰਗ ਨਾਂ ਨਾਲ ਜਿਕਰ ਹੈ। ਅੱਜ ਵੀ ਬ੍ਰਹਮਪੁਤਰ ਤੋਂ ਬਿਨਾਂ ਬਾਕੀ ਸਾਰੇ ਦਰਿਆਵਾਂ ਦਾ ਨਾਂ ਇਸਤਰੀ ਲਿੰਗ ਹੀ ਹੈ। ਹੋਰ ਬਹੁਤ ਸਾਰੀਆਂ ਵਿਲੱਖਣਤਾਵਾਂ ਦੇ ਨਾਲ-ਨਾਲ ਇਸ ਤੱਥ ਤੋਂ ਵੀ ਸਿੱਧ ਹੁੰਦਾ ਹੈ ਕਿ ਪੰਜਾਬੀ ਦੀਆਂ ਜੜਾਂ ਹੜੱਪਾ ਵਾਲੇ ਪੰਜਾਬ ਵਿੱਚ ਹੀ ਹਨ ਨਾ ਕਿ ਕਿਸੇ ਇੰਡੋ-ਯੂਰਪੀਅਨ ਬੇਦਕ ਸੰਸਕ੍ਰਿਤ ਭਾਸ਼ਾ ਵਿੱਚ।
Quote from “Water in Mythology”
“Indeed, almost all Indian rivers are regarded as female, with the major exception of the male Indus (Sindhu; Greek Indos), who has given his name to the sub- continent. Female river names, usually ending in a, are found throughout the regions of the Indo-European language family, from Iceland to Bengal: the Seine (Sequana), Thames (Tamesis), the Central European Elbe (Albis), Weser (Visara), Saale (Sala), Wistla/Weichsel (Vistula), and the Vltava/ Moldau (Czech Republic), Drava (Slove- nia; or Drau in Austria), Drina (Bosnia), Volga (Russia), and Gaṅgā/Ganges (India) are all feminine.” ( © 2015 by Michael Witzel doi:10.1162/DAED_a_00338 )
ਸਿੰਧ ਵਗਦਾ ਹੈ, ਜਿਹਲਮ ਵਗਦਾ ਹੈ, ਝਨਾਂ ਵਗਦਾ ਹੈ, ਬਿਆਸ ਵਗਦਾ ਹੈ, ਸਤਲੁੱਜ ਵਗਦਾ ਹੈ, ਬ੍ਰਹਮਪੁਤਰ ਵਗਦਾ ਹੈ।
ਰਾਵੀ ਵਗਦੀ ਹੈ, ਜਮਨਾ ਵਗਦੀ ਹੈ, ਗੰਗਾ ਵਗਦੀ ਹੈ, ਗੋਦਾਵਰੀ ਵਗਦੀ ਹੈ, ਨਰਮਦਾ ਵਗਦੀ ਹੈ, ਕਵੇਰੀ ਵਗਦੀ ਹੈ।
ਛੇ ਦਰਿਆਵਾਂ ਵਿੱਚੋਂ ਸਿਰਫ ਰਾਵੀ ਦਾ ਹੀ ਇਸਤਰੀਲਿੰਗ ਨਾਂ ਹੈ। ਜਦੋਂ ਕਿ ਬਾਕੀ ਦਰਿਆਵਾਂ ਬਹੁਤੇ ਨਾਂਵਾਂ ਦਾ ਜ਼ਿਕਰ ਇਸਤਰੀਲਿੰਗ ਵਿੱਚ ਹੈ। ਬ੍ਰਹਮਪੁੱਤਰ ਦਾ ਪੁਲਿੰਗ ਵਿੱਚ ਜ਼ਿਕਰ ਹੋਣ ਦਾ ਕਾਰਨ ਵੀ ਉਸ ਇਲਾਕੇ ਵਿੱਚ ਮੁੰਡਾ-ਖਾਸੀ ਭਾਸ਼ਾ ਦਾ ਪ੍ਰਭਾਵ ਹੋ ਸਕਦਾ ਹੈ। ਭਾਰਤੀ ਮਹਾਂਦੀਪ ਦੀਆਂ ਬਾਕੀ ਭਾਸ਼ਾਵਾਂ ਨਾਲੋਂ ਮੁੰਡਾ-ਖਾਸੀ ਪੰਜਾਬੀ ਨਾਲ ਸੱਭ ਤੋਂ ਵੱਧ ਮਿਲਦੀਆਂ ਹਨ। ਕਈ ਮਾਹਰ ਅੱਜ ਦੀ ਪੰਜਾਬੀ ਅਤੇ ਮੁੰਡਾ ਦੋਵੇਂ ਇਕੋ ਪੁਰਾਤਨ ਅਲੋਪ ਹੋ ਚੁੱਕੀ ਭਾਸ਼ਾ ਵਿੱਚੋਂ ਨਿਕਲਣ ਦੀ ਗੱਲ ਕਹਿ ਚੁੱਕੇ ਹਨ।F.B.J. Kuiper ਆਪਣੀ ਕਿਤਾਬ Proto-Munda Words In Sanskrit ਵਿੱਚ ਲਿਖਦਾ ਕਿ ਉੱਤਰੀ ਭਾਰਤ ਦੀਆਂ ਅੱਜ ਦੀਆਂ ਇੰਡੋ-ਯੂਰਪੀ ਭਾਸ਼ਾਵਾਂ ਵਿੱਚ 40% ਮੁੰਡਾ ਭਾਸ਼ਾ ਦੇ ਸ਼ਬਦ ਹਨ। ਜਿੰਨਾਂ ਦੇ ਮੂਲ ਦਾ ਆਰੀਆਈ ਭਾਸ਼ਾਵਾਂ ਨਾਲ ਕੋਈ ਸਬੰਧ ਨਹੀਂ। ਉਲਟਾ ਇਹ ਸ਼ਬਦ ਸਥਾਨਕ ਭਾਸ਼ਾ ਵਿੱਚੋਂ ਆਰੀਆਈ ਸੰਸਕ੍ਰਿਤ ਵਿੱਚ ਗਏ ਹਨ। ਇਹ ਅਸੂਲ ਪਾਲੀ ਭਾਸ਼ਾ ਉੱਤੇ ਵੀ ਸੰਸਕ੍ਰਿਤ ਜਿੰਨਾਂ ਹੀ ਲਾਗੂ ਹੁੰਦਾ ਹੈ। ਪੰਜਾਬੀ ਉੱਤੇ ਸ਼ੁਰੂਆਤੀ ਮੁੰਡਾ ਭਾਸ਼ਾ ਦੇ ਅਸਰ ਹੋਣ ਦਾ ਕਾਰਨ ਇੱਕੋ ਹੋ ਸਕਦਾ ਹੈ ਕਿ ਜਦੋਂ ਆਰੀਆਈ ਲੋਕ ਪੰਜਾਬ ਵਿੱਚ ਆਉਣੇ ਸ਼ੁਰੂ ਹੋਏ ਉਸ ਸਮੇਂ ਪੰਜਾਬ ਦੀ ਭਾਸ਼ਾ ਮੁੰਡਾ ਦਾ ਹੀ ਕੋਈ ਪੁਰਾਤਨ ਰੂਪ ਸੀ। ਪੰਜਾਬ ਦੀ ਭਾਸ਼ਾ ਆਪਣਾ ਸੁਤੰਤਰ ਵਿਕਾਸ ਕਰਦੀ ਰਹੀ ਅਤੇ ਮੁੰਡਾ ਬੋਲਣ ਵਾਲੇ ਉੱਪਮਹਾਂਦੀਪ ਵਿੱਚ ਅੱਗੇ ਚਲੇ ਗਏ।ਉੱਥੇ ਮੁੰਡਾ ਦਾ ਆਪਣਾ ਵਿਕਾਸ ਹੋਇਆ। ਪਰ ਦੋਵੇਂ ਭਾਸ਼ਾਵਾਂ ਦਾ ਪੁਰਾਤਨ ਸਬੰਧ ਅੱਜ ਵੀ ਪ੍ਰਖਿਆ ਜਾ ਸਕਦਾ ਹੈ।ਮੁੰਡਾ ਭਾਸ਼ਾ ਦੇ ਕੁਦਰਤੀ ਸੁਭਾਅ ਦੇ ਪ੍ਰਭਾਵ ਹੇਠ ਹੀ ਸਿੰਧ ਦੀ ਤਰਜ਼ ਉੱਤੇ ਬ੍ਰਹਮਪੁੱਤਰ ਦਾ ਪੁਲਿੰਗ ਨਾਂ ਰੱਖਿਆ ਗਿਆ ਲਗਦਾ ਹੈ।
ਬਹੁਤ ਵਾਰ ਦੁਹਰਾਇਆ ਜਾਂਦਾ ਹੈ ਕਿ ਸੰਸਕ੍ਰਿਤ ਪੰਜਾਬੀ ਦੀ ਮਾਂ ਹੈ, ਪੰਜਾਬੀ ਬੋਲੀ ਦਾ ਮੁੱਢ ਬੇਦਕ ਭਾਸ਼ਾ ਤੋਂ ਹੁੰਦਾ ਹੈ। ਪਰ ਕੁਝ ਸ਼ਬਦਾਂ ਦੀ ਸਮਾਨਤਾ ਤੋਂ ਬਿਨਾਂ ਵਿਆਕਰਨ,ਅਤੇ ਹੋਰ ਗੁਣਾਂ ਦੀ ਪੜਤਾਲ ਤੋਂ ਬਾਅਦ ਅਜਿਹਾ ਕੁਝ ਨਹੀਂ ਲੱਭਦਾ। 3500 ਸਾਲ ਪਹਿਲਾਂ ਆਰੀਆ ਲੋਕ ਪੰਜਾਬ ਵਿੱਚ ਨਵੀਂ ਬੋਲੀ ਲੈ ਕੇ ਆਏ।ਆਰੀਆਵਾਂ ਦੀ ਭਾਸ਼ਾ ਦੇ ਮੁਢਲੇ ਨਮੂਨੇ ਰਿੱਗਬੇਦ ਅਤੇ ਜ਼ੇਦ-ਅਵੇਸਤਾ ਵਿੱਚ ਮਿਲਦੇ ਹਨ। ਇੰਨਾਂ ਵਿੱਚ ਹੜੱਪਾ ਤੋਂ ਚੱਲੀ ਆ ਰਹੀ ਭਾਸ਼ਾ ਦਾ ਵੀ ਅਸਰ ਵੀ ਹੈ। ਅਸਰ ਜੋ ਕੀ ਅੱਗੇ ਚੱਲ ਕੇ ਕਲਾਸੀਕਲ ਸੰਸਕ੍ਰਿਤ ਵਿੱਚ ਹੋਰ ਦਿਸਦਾ ਹੈ ਅਤੇ ਸਮੇਂ ਦੇ ਵਹਾਅ ਨਾਲ ਜਿਵੇਂ ਕਬੀਲੇ ਆਪਸ ਵਿੱਚ ਰਲਦੇ ਗਏ ਦੋਵਾਂ ਦੀਆਂ ਭਾਸ਼ਾਵਾਂ ਦਾ ਰਲੇਵਾਂ ਵੀ ਵੱਧਦਾ ਗਿਆ। ਭਾਸ਼ਾ ਵਿਗਿਆਨੀ ਸੰਸਕ੍ਰਿਤ ਦੇ ਸਲੋਕ ਅਤੇ ਜ਼ੇਦ-ਅਵੇਸਤਾ ਵਿਚਲੀਆਂ ਗਾਥਾਵਾਂ ਦੀ ਆਪਸ ਵਿੱਚ ਪੁਰਾਤਨਤਾ ਲੱਭਣ ਲਈ (ਕਿਹੜਾ ਸਲੋਕ ਜਾਂ ਗਾਥਾ ਦੂਜੀਆਂ ਨਾਲੋਂ ਵੱਧ ਪੁਰਾਣੀ ਹੈ) ਇੱਕ ਵਿਧੀ ਇਹ ਵਰਤਦੇ ਹਨ ਕਿ ਟਵਰਗ ਧੁੰਨਾਂ (ਟ, ਠ, ਡ, ਢ, ਣ) ਦੀ ਵਰਤੋਂ ਗਿਣੀ ਜਾਂਦੀ ਹੈ। ਦੇਖਿਆ ਜਾਂਦਾ ਹੈ ਕਿ ਟਵਰਗ ਕਿੰਨਾ ਵਰਤਿਆ ਗਿਆ ਹੈ ਜਾਂ ਵਰਤਿਆ ਵੀ ਹੈ ਕਿ ਨਹੀਂ। ਜਿਹੜੇ ਸਲੋਕ ਜਾਂ ਗਾਥਾ ਵਿੱਚ ਟਵਰਗ ਵੱਧ ਹੈ ਉਹ ਨਵਾਂ ਗਿਣਿਆ ਜਾਂਦਾ। ਕਿਉਂਕਿ ਟਵਰਗ ਪੰਜਾਬ ਦੀ ਭਾਸ਼ਾ ਵਿੱਚ ਮੌਜੂਦ ਸੀ ਪਰ ਇੰਡੋ-ਯੂਰਪੀ ਭਾਸ਼ਾ ਵਿੱਚ ਨਹੀਂ।ਰਿੱਗਬੇਦ ਵਿੱਚ ਟ, ਠ, ਡ, ਢ, ਣ, ਝ ਤੋਂ ਸ਼ੁਰੂ ਹੁੰਦਾ ਇੱਕ ਵੀ ਸ਼ਬਦ ਨਹੀਂ ਹੈ।ਜ਼ੇਦ-ਅਵੇਸਤਾ ਵਿੱਚ ਲ ਤੋਂ ਵੀ ਸ਼ੁਰੂ ਹੁੰਦਾ ਕੋਈ ਸ਼ਬਦ ਨਹੀਂ ਹੈ।ਪੁਰਾਤਨ ਪੰਜਾਬੀ ਦੇ ਤਾਬਾਂ ਯੁੱਗ ਦੇ ਰੂਪ ਨਾਲ ਘਸਣ ਤੋਂ ਬਾਅਦ ਹੌਲੀ ਹੌਲੀ ਇਹ ਧੁੰਨੀਆਂ ਆਰੀਆਈ ਭਾਸ਼ਾ ਵਿੱਚ ਰਲਦੀਆ ਗਈਆਂ। ਇਸੇ ਕਰਕੇ ਵੱਧ ਟਵਰਗ ਵਾਲੀ ਭਾਸ਼ਾ ਨਾ-ਟਵਰਗ ਵਾਲੀ ਤੋਂ ਨਵੀਂ ਗਿਣੀ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਢੇਰ, ਡੰਡਾ, ਠੇਡਾ, ਟੱਪਣਾ, ਢੂਈ, ਝੋਟਾ ਆਦਿ ਸ਼ੈਕੜੇ ਸ਼ਬਦਾਂ ਦਾ ਸੰਸਕ੍ਰਿਤ ਵਿੱਚ ਕੋਈ ਮੂਲ ਨਹੀਂ। ਘੋੜਾ ਤੇ ਕੁੱਤਾ ਦੋਵੇਂ ਜਾਨਵਰ ਆਰੀਆਵਾਂ ਦੇ ਬਹੁਤ ਨੇੜੇ ਸਨ। ਇਨਾਂ ਦੇ ਬੇਦਕ ਭਾਸ਼ਾ ਵਿੱਚ ਨਾਂ ਅਸ਼ਵ ਤੇ ਸ਼ਵਾਨ ਹਨ, ਜੋ ਕਿ ਪੰਜਾਬੀ ਘੋੜਾ ਤੇ ਕੁੱਤਾ ਦੇ ਨੇੜੇ-ਤੇੜੇ ਵੀ ਨਹੀਂ ਹਨ।
ਵੱਖ ਵੱਖ ਪੱਖਾਂ ਦੀ ਪੜਚੋਲ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਪੰਜਾਬੀ ਬੋਲੀ ਦੀਆਂ ਜੜ੍ਹਾਂ ਦੁਨੀਆਂ ਦੀ ਸੱਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿੱਚੋਂ ਇੱਕ ਜਾਣੀ ਹੜੱਪਾ ਸੱਭਿਅਤਾ ਵਿੱਚ ਹਨ। ਡਾ. ਜਸਪਾਲ ਸਿੰਘ ਮੈਹਲ ਮੁਤਾਬਕ ਹੜੱਪਾ ਅਤੇ ਪੰਜਾਬ ਇੱਕੋ ਹੀ ਧਰਤੀ ਹਨ, ਕਿਉਂਕਿ ਇਹ ਇਕੋ ਧਰਤੀ ਹੈ। ਬੇਦਕ ਭਾਸ਼ਾ ਦੇ ਸੁਭਾਅ ਦੇ ਉਲਟ ਪੰਜਾਬੀ ਦਰਿਆਵਾਂ ਦੇ ਨਾਂ ਵੀ ਇਹੀ ਸਾਬਤ ਕਰਦੇ ਹਨ। ਸਾਰੇ ਆਂਢ-ਗੁਆਂਢ, ਅਤੇ ਦੱਖਣੀ ਭਾਸ਼ਾ ਦੇ ਸੁਭਾਅ ਦੇ ਉਲਟ ਪੰਜਾਬੀ ਦਰਿਆਵਾਂ ਦੇ ਪੁਲਿੰਗ ਨਾਂ ਪੰਜਾਬੀ ਬੋਲੀ ਦੀ ਨਿਰੰਤਰਤਾ ਦਾ ਵੀ ਸਬੂਤ ਹੈ।
ਰਮਨਦੀਪ ਸਿੰਘ