ਤੁਸੀਂ ਆਪ ਤਹਿ ਕਰੋ
ਜਿੱਤ ਕੀ ਹੈ?
ਸੱਭ ਤੋਂ ਪਹਿਲਾਂ ਵਿਚਾਰਨਾ ਬਣਦਾ ਹੈ ਕਿ ਜਿੱਤ ਹੁੰਦੀ ਕੀ ਹੈ। ਜਿੱਤ ਦੇ ਇਕ ਅਰਥ ਵਿਅਕਤੀ ਜਾਂ ਸਮੂਹ ਦੀਆਂ ਕਦਰਾਂ ਕੀਮਤਾਂ, ਦ੍ਰਿਸ਼ਟੀਕੋਣਾਂ ਅਤੇ ਇੱਛਾਵਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਜਿੱਤ ਕਿਵੇਂ ਪ੍ਰਭਾਸ਼ਿਤ ਕਰਦੇ ਹਨ। ਇਕ ਸਿੱਧੇ-ਸਿੱਧੇ ਮੈਡਲ ਜਿੱਤ ਲੈਣਾ, ਜੰਗ ਵਿੱਚ ਦੁਸ਼ਮਣ ਨੂੰ ਖਦੇੜ ਦੇਣਾ ਹੈ। ਪਰ ਬਹੁਤ ਵਾਰ ਜਿੱਤ ਕਿਸੇ ਚੁਣੌਤੀ, ਟਕਰਾਅ ਜਾਂ ਮੁਕਾਬਲੇ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਨੂੰ ਵੀ ਮੰਨ ਲਿਆ ਜਾਂਦਾ ਹੈ। ਬਿਮਾਰੀ ਨਾਲ਼ ਚੜ੍ਹਦੀ ਕਲਾ ਨਾਲ ਲੜਨਾ, ਪਹਾੜ ਦੀ ਟੀਸੀ ਉੱਤੇ ਚੜ੍ਹਨਾ ਵੀ ਜਿੱਤ ਹੀ ਗਿਣਿਆ ਜਾਂਦਾ ਹੈ। ਸਾਡੀ ਸੱਭਿਅਤਾ ਵਿੱਚ ਦੁਸ਼ਮਣ ਦੀ ਈਨ ਨਾ ਮੰਨਣਾ ਅਤੇ ਮੌਤ ਨੂੰ ਲਾੜੀ ਵਿਆਉਣਾ, ਹੱਸ ਕੇ ਫਾਂਸੀ ਚੜ੍ਹਨਾ ਵੀ ਜਿੱਤ ਹੈ। ਜਿੱਤ ਹਮੇਸ਼ਾ Zero Sum ਗੇਮ ਨਹੀਂ ਹੁੰਦੀ। ਦੁੱਲਾ ਭੱਟੀ ਨਾਇਕ ਇਸ ਕਰਕੇ ਨਹੀਂ ਕਿ ਉਸ ਨੇ ਅਕਬਰ ਹਰਾ ਜਿੱਤਾ ਸੀ, ਸਗੋਂ ਇਸ ਕਰਕੇ ਹੈ ਕਿ ਅਕਬਰ ਉਸ ਦੇ ਫੌਲਾਦੀ ਇਰਾਦੇ ਨੂੰ ਤੋੜ ਨਹੀਂ ਸਕਿਆ।
Victory is not always winning but outlasting those against you.
ਯੂਰਪ ਵਿੱਚੋਂ ਨਿਕਲਣ ਵੇਲੇ ਸਿਕੰਦਰ ਦਾ ਉਦੇਸ਼ ਈਰਾਨੀ ਹਖਸਾਮਣੀ ਸਾਮਰਾਜ ਨੂੰ ਹਰਾਉਣਾ ਸੀ। ਪਰ ਜਿਉਂ ਜਿਉਂ ਉਹ ਏਸ਼ੀਆ ਵਿੱਚ ਅੱਗੇ ਵਧਿਆ ਤਾਂ ਨਵੀਆਂ ਮੁਸ਼ਕਲਾਂ ਸਾਹਮਣੇ , ਉਸ ਦਾ ਉਦੇਸ਼ ਵੀ ਬਦਲਦਾ ਰਿਹਾ ਅਤੇ ਜਿੱਤ ਦੇ ਮਾਈਨੇ ਵੀ ਬਦਲਦੇ ਰਹੇ। ਉਹ ਯੂਨਾਨੀ ਜਾਂ ਗਰੀਕ ਵਿਸ਼ਲੇਸ਼ਣਾਂ ਵਿੱਚ ਜੇਤੂ ਕੇਵਲ ਸ਼ੁਰੂਆਤੀ ਟੀਚਾ ਸਰ ਕਰਨ ਕਰਕੇ ਹੀ ਨਹੀਂ ਸਗੋਂ ਮਹਾਨ ਵੀ ਗਿਣਿਆ ਗਿਆ ਹੈ ਕਿਉਂਕਿ ਉਸ ਨੇ ਸ਼ੁਰੂਆਤੀ ਟੀਚੇ ਤੋਂ ਵੀ ਵੱਧ ਕੀਤਾ। ਸਿਕੰਦਰ ਨੇ ਸਫਲਤਾਪੂਰਵਕ ਸਾਬਕਾ ਹਕਸ਼ਾਮਨੀ (ਈਰਾਨੀ) ਸਾਮਰਾਜ ਖਤਮ ਕੀਤਾ ਅਤੇ ਈਰਾਨੀ ਸਾਮਰਾਜ ਅਧੀਨ ਸਾਰੇ ਖੇਤਰ ਉਤੇ ਨਿੱਜੀ ਗੇੜਾ ਮਾਰਕੇ ਆਪਣੀ ਜਿੱਤ ਦਾ ਦਾਅਵਾ ਕੀਤਾ।
ਜਦੋਂ ਸਿਕੰਦਰ ਪੰਜਾਬ ਆ ਹੀ ਵੜਿਆ, ਤਾਂ ਪੋਰਸ ਸਮੇਤ ਸਾਰੇ ਪੰਜਾਬੀ ਕਬੀਲਿਆਂ ਅਤੇ ਰਾਜਿਆਂ ਦਾ ਮਕਸਦ ਆਪਣੀ ਰੱਖਿਆ ਕਰਨਾ ਸੀ। ਆਪਦੇ ਲੋਕਾਂ, ਸੱਭਿਅਤਾ ਅਤੇ ਮਾਲ-ਸਰਮਾਇਆ ਦੀ ਹਿਫਾਜਤ ਕਰਨਾ ਜਾਂ ਆਪਣੀਆਂ ਕਦਰਾ-ਕੀਮਤਾਂ ਅਨੁਸਾਰ ਰਾਖੀ ਕਰਦਿਆਂ ਮਰਮਿੱਟ ਜਾਣਾ ਉਨਾਂ ਦਾ ਉਦੇਸ਼ ਸੀ। ਤਖਸਿਲਾ ਦੇ ਅੰਬੀ ਨੇ ਹਿਫਾਜਤ ਦਾ ਡਰਪੋਕ ਤਰੀਕਾ ਵਰਤਿਆ, ਮੁਲਤਾਨ ਦੇ ਮਲ਼ੀ ਲੜ-ਮਰ ਕੇ ਵੀ ਅੰਤ ਵਿੱਚ ਗੁਰੀਲਾ ਜੰਗ ਵਿੱਚ ਚਲੇ ਗਏ ਅਤੇ ਪੋਰਸ ਨੇ ਆਪਣਾ ਲੋਹਾ ਮਨਵਾ ਕੇ, ਸਮਝੌਤੇ ਦਾ ਰਾਹ ਚੁਣਿਆ। ਮਲ਼ੀਆਂ ਨੂੰ ਸਮਾਂ ਲੱਗਾ ਪਰ ਉਨਾਂ ਨੇ ਆਪਣਾ ਮਣਸ਼ਾ ਪੂਰਾ ਕੀਤਾ, ਪੋਰਸ ਨੇ ਵੀ ਆਪਣਾ ਮਾਨ-ਸਨਮਾਨ ਅਤੇ ਆਪਣੀ ਪ੍ਰਜਾ ਦੇ ਭਵਿੱਖ ਦੀ ਸੁਰੱਖਿਆ ਹਾਸਲ ਕੀਤੀ। ਸੂਰਵੀਰ ਦਾ ਕੰਮ ਕੇਵਲ ਬੜਕਾਂ ਮਾਰਨਾ ਹੀ ਨਹੀਂ ਹੁੰਦਾ, ਸਿਆਣਪ ਵੀ ਯੋਧਿਆਂ ਦਾ ਗਹਿਣਾ ਹੈ।
ਪ੍ਰਚੱਲਤ ਧਾਰਨਾ ਦੇ ਉਲਟ, ਸਿਕੰਦਰ ਦਾ ਦੁਨੀਆ ਜਿੱਤਣ ਦਾ ਕਦੇ ਵੀ ਮਣਸ਼ਾ ਨਹੀਂ ਸੀ। ਐਨਾ ਜਰੂਰ ਹੈ ਕਿ ਗਰੀਕਾਂ ਵਿੱਚ ਪ੍ਰਚੱਲਤ ਸੀ ਕਿ ਪਾਰਸੀ (Persian) ਸਾਮਰਾਜ ਦਾ ਸਾਰੀ ਸੱਭਿਅਕ ਦੁਨੀਆ ਉਤੇ ਰਾਜ ਹੈ। ਈਰਾਨੀ ਪਾਰਸੀਆਂ ਨੂੰ ਹਰਾਉਣ ਦਾ ਅਸਿੱਧਾ (ਸੰਕੇਤਕ, symbolic) ਮਤਲਬ ਸੀ ਕਿ ਉਨਾਂ ਨੇ ਸਾਰਾ ਸੰਸਾਰ ਜਿੱਤ ਲਿਆ, ਪਰ ਇਹ ਸ਼ਾਬਦਿਕ (literal) ਅਰਥਾਂ ਵਿੱਚ ਨਹੀਂ ਹੈ ਸੰਕੇਤਕ ਵਿਚਾਰ ਹੈ। ਦੂਜਾ, ਸਿਕੰਦਰ ਨੇ ਅੱਜ ਦੇ ਭਾਰਤ ਉਤੇ ਹਮਲਾ ਨਹੀਂ ਕੀਤਾ ਸੀ, ਨਾ ਹੀ ਇਸ ਦਾ ਉਸ ਸਮੇਂ ਦੇ ਰਾਜਨੀਤਿਕ ਅਤੇ ਆਰਥਕ ਹਾਲਾਤਾ ਅਨੁਸਾਰ ਕਿਸੇ ਵੀ ਤਰੀਕੇ ਦਾ ਤਰਕ ਬਣਦਾ ਹੈ।
ਸਿਕੰਦਰ ਦੇ ਪੰਜਾਬ ਉਤੇ ਹਮਲੇ ਦੇ ਕਾਰਨ ਇਸ ਤਰਾਂ ਹਨ:
- ਪੰਜਾਬ ਈਰਾਨੀ ਸਾਮਰਾਜ ਦਾ ਸੂਬਾ ਸੀ, ਸਿਕੰਦਰ ਈਰਾਨੀ ਸਾਮਰਾਜ ਜਿੱਤਣ ਨਿਕਲਿਆ ਸੀ।
- ਈਰਾਨੀ ਰਾਜ ਦੇ ਟੈਕਸ ਦਾ ਵੱਡਾ ਹਿੱਸਾ ਪੰਜਾਬ ਤੋਂ ਜਾਂਦਾ ਸੀ। ਉਹ ਰਾਜ ਦੇ ਪੂਰਬੀ ਹਿੱਸੇ, ਪੰਜਾਬ ਤੋਂ ਮਿਸਰ ਅਤੇ ਗਰੀਸ ਤੱਕ ਦਰਿਆਈ ਪਾਣੀਆ ਰਾਹੀਂ ਵਪਾਰ ਦਾ ਰਸਤਾ ਖੋਲਣਾ ਚਾਹੁੰਦਾ ਸੀ ਤਾਂ ਕਿ ਪੰਜਾਬ ਤੋਂ ਹੁੰਦੀ ਆਮਦਨ ਹੋਰ ਵਧਾਈ ਜਾ ਸਕੇ।
- ਪੰਜਾਬੀ ਲੋਕ ਗਰੀਸ ਵਿਰੁਧ ਈਰਾਨੀ ਸਾਮਰਾਜ ਦੀ 300 ਸਾਲ ਤੋਂ ਲੜਾਕਿਆਂ ਅਤੇ ਫੌਜੀ ਸਾਜੋ-ਸਾਮਾਨ ਨਾਲ ਮੱਦਦ ਕਰਦੇ ਰਹੇ ਸਨ। ਭਵਿੱਖ ਵਿੱਚ ਸਿਕੰਦਰ ਵਿਰੁਧ ਬਗਾਵਤ ਦੀ ਸੰਭਾਵਨਾ ਦੱਬਣ ਲਈ ਉਸ ਦਾ ਪੰਜਾਬ ਵਿੱਚ ਗੇੜਾ ਦੇਣਾ ਫੌਜੀ ਅਤੇ ਸਿਆਸੀ ਤੌਰ ਉਤੇ ਜਰੂਰੀ ਸੀ।
ਖਿਆਲ ਰੱਖਣਯੋਗ ਗੱਲ ਹੈ ਕਿ ਉਸ ਸਮੇਂ ਅੱਜ ਦੇ ਭਾਰਤ ਵਾਂਗ ਹੀ ਗਰੀਸ ਦਾ ਦੇਸ਼ ਵਾਂਗ ਖਿਆਲ ਨਹੀਂ ਸੀ। ਪੰਜਾਬ ਦਾ ਨਾਂ ਹਿੰਦ ਸੀ, ਅੱਜ ਦੇ ਸਿੰਧ ਦਾ ਨਾਂ ਸਤਾਗਊਆ ਅਤੇ ਉੱਤਰੀ ਪੰਜਾਬੀ ਤੋਂ ਕਾਬੁਲ ਤੱਕ ਦੇ ਇਲਾਕੇ ਗੰਧਾਰ ਨਾਂ ਨਾਲ ਜਾਣੇ ਜਾਂਦੇ ਸਨ। ਉਸੇ ਤਰਾਂ ਗਰੀਸ ਨਾਂ ਦਾ ਸੰਯੁਕਤ ਦੇਸ਼ ਜਾਂ ਖਿੱਤਾ ਨਹੀਂ ਸੀ। ਇਸ ਦੀ ਥਾਂ ਮੈਸੇਡੋਨੀਆ, ਸਪਾਰਟਾ, ਏਥਨਜ, ਆਇਓਨੀਆ ਆਦਿ ਕਈ ਖਿਤੇ ਸਨ, ਜਿਨਾਂ ਨੂੰ Metropolis ਕਿਹਾ ਜਾਂਦਾ ਸੀ। ਗਰੀਕਾਂ ਲਈ ਪੁਰਾਣੀ ਈਰਾਨੀ ਭਾਸ਼ਾ ਵਿੱਚ ਯੂਨਾਨੀ ਅਤੇ ਪੰਜਾਬੀ ਪ੍ਰਾਕ੍ਰਿਤ (ਗੰਧਾਰੀ) ਭਾਸ਼ਾ ਵਿੱਚ ਯਵਨ ਨਾਂ ਸ਼ਬਦ ਵਰਤਿਆ ਗਿਆ ਹੈ ਯਵਨ ਆਇਓਨੀਆ (Ionia) ਦਾ ਉਲਥਾ ਹੈ। ਯਵਨ (Ionia) ਅੱਜ ਦਾ ਸੀਰੀਆ, ਤੁਰਕੀ ਅਤੇ ਫਲਸਤੀਨ ਵਾਲਾ ਇਲਾਕਾ ਸੀ, ਨਾ ਕਿ ਅੱਜ ਦਾ ਗਰੀਸ। ਗਰੀਸ ਨਾਂ ਬਾਅਦ ਵਿੱਚ ਰੋਮਨ ਕਾਲ ਵੇਲੇ ਪ੍ਰਚੱਲਤ ਹੋਇਆ, ਉਵੇਂ ਹੀ ਹਿੰਦ, ਇੰਡੀਆ ਨਾਂ ਵੀ ਬਾਅਦ ਵਿੱਚ ਦੱਖਣ ਏਸ਼ੀਆ ਦੇ ਵੱਡੇ ਖਿੱਤੇ ਲਈ ਪ੍ਰਚੱਲਤ ਹੋਇਆ। ਸਿਕੰਦਰ ਆਪਣੇ ਆਪ ਨੂੰ ਮੈਸੇਡੋਨੀਆਈ Macedonian ਜਾਂ ਮਕਦੂਨੀਆ ਅਖਵਾਉਦਾ ਸੀ। ਪੁਰਾਤਨ ਮਕਦੂਨੀਆ ਅੱਜ ਉੱਤਰੀ ਗਰੀਸ ਅਤੇ ਅਲਬੇਨੀਆ ਵਿੱਚ ਪੈਂਦਾ ਹੈ।
ਪੰਜਾਬੀਆਂ ਨੇ ਮੈਸੇਡੋਨੀਆਈ, ਮਕਦੂਨੀਆ (ਯਵਨ, ਗਰੀਕ ਜਾਂ ਯੂਨਾਨ ਦਾ ਉਤਰੀ ਹਿੱਸਾ) ਧਾੜਵੀਆਂ ਨੂੰ ਸਖਤ ਟੱਕਰ ਦਿੱਤੀ। ਇਤਿਹਾਸ ਗਵਾਹ ਹੈ ਕਿ ਯੂਰਪ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਬਹੁਤ ਹੀ ਵੱਡੇ ਖਿੱਤੇ ਵਿੱਚ ਸਿਕੰਦਰ ਦੀਆਂ ਪੰਜ ਸਭ ਤੋਂ ਗਹਿਗੱਚ ਅਤੇ ਭਿਆਨਕ ਲੜਾਈਆਂ ਵਿੱਚੋਂ ਦੋ ਪੰਜਾਬ ਵਿੱਚ ਲੜੀਆਂ ਗਈਆਂ ਸਨ। ਉਸ ਦਾ ਜਿੰਨਾਂ ਨੁਕਸਾਨ ਸੀਰੀਆ, ਤੁਰਕੀ, ਮਿਸਰ, ਅਰਬ ਦੇਸ਼ਾਂ ਅਤੇ ਈਰਾਨ ਵਿੱਚ ਹੋਇਆ, ਉਨਾਂ ਇਕੱਲੇ ਪੰਜਾਬੀਆਂ ਨੇ ਕਰ ਦਿੱਤਾ। ਪੋਰਸ ਨਾਲ ਜਿਹਲਮ ਦਰਿਆ ਉਤੇ ਹੋਈ ਲੜਾਈ ਵਿੱਚ ਸਿਕੰਦਰ ਦਾ ਘੋੜਾ ਵਿੱਚ ਮਾਰਿਆ ਗਿਆ ਸੀ, ਅਤੇ ਮੁਲਤਾਨ ਦੇ ਮਲ਼ੀ ਅਤੇ ਸ਼ੂਦਕ ਪੰਜਾਬੀਆਂ ਨੇ ਸਿਕੰਦਰ ਦੇ ਮੌਤ ਦੇ ਦਰਵਾਜ਼ੇ ਨੂੰ ਹੱਥ ਲਵਾ ਦਿੱਤੇ। ਮਲ਼ੀਆਂ ਦੇ ਤੀਰ ਨਾਲ ਸਿਕੰਦਰ ਨੂੰ ਲਗਭਗ ਮਾਰਿਆ ਹੀ ਗਿਆ ਸੀ। ਸਿਕੰਦਰ ਦੇ ਬਾਡੀਗਾਰਡ ਉਸ ਨੂੰ ਖੂਨ ਦੇ ਛੱਪੜ ਵਿੱਚੋਂ ਚੱਕ ਕੇ ਲਿਆਏ। ਉਸ ਦੀ ਸੱਟ ਇੰਨੀ ਗੰਭੀਰ ਸਨ ਕਿ ਮੈਸੇਡੋਨੀਆ ਦੀ ਫੌਜ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਜਿਉਦਾਂ ਹੋ ਸਕਦਾ ਹੈ। ਯੂਨਾਨੀ ਫੌਜ ਨੂੰ ਭਰੋਸਾ ਦਿਵਾਉਣ ਲਈ ਸਿਕੰਦਰ ਨੂੰ ਬੇੜੀ ਵਿੱਚ ਇੱਕ ਮੰਜੇ ਉੱਤੇ ਬਿਠਾ ਕੇ ਦਰਿਆ ਵਿੱਚ ਗੇੜਾ ਕਢਵਾਇਆ ਗਿਆ ਤਾਂ ਕਿ ਫੌਜ ਆਪਣੀਆਂ ਅੱਖਾਂ ਨਾਲ ਦੇਖ ਸਕੇ ਕਿ ਉਹ ਜਿਊਂਦਾ ਹੈ। ਸ਼ੱਕ ਕੀਤਾ ਜਾਂਦਾ ਹੈ ਕਿ ਅੰਤ ਵਿੱਚ ਸਿਕੰਦਰ ਦੀ ਮੌਤ ਵਿੱਚ ਪੰਜਾਬੀ ਜ਼ਖ਼ਮ ਦੀ ਇਨਫੈਕਸ਼ਨ ਨੇ ਵੀ ਹਿੱਸਾ ਪਾਇਆ ਹੋਵੇ। ਪੰਜਾਬ ਵਿੱਚ ਹੋਏ ਨੁਕਸਾਨ ਦਾ ਨਤੀਜਾ ਇਹ ਹੈ ਕਿ ਅੱਜ ਦੁਨੀਆਂ ਦੇ ਇਤਿਹਾਸ ਵਿੱਚ ਸਿਕੰਦਰ ਦਾ ਜਿਕਰ ਪੋਰਸ ਅਤੇ ਪੰਜਾਬੀਆਂ ਬਿਨਾਂ ਅਧੂਰਾ ਹੈ। ਭਾਵਨਾਵਾਂ ਵਿੱਚ ਵਹਿਣ ਦੀ ਥਾਂ ਤੱਥਾਂ ਵਿੱਚੋਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਸਿਕੰਦਰ ਦੀ ਪੰਜਾਬ ਵਿੱਚ ਹਾਰ ਹੋਈ ਕਿ ਜਿੱਤ।
ਗਰੀਕ ਲ਼ਿਖਤਾ ਤੋਂ ਪੰਜਾਬੀਆਂ ਲਈ ਮਾਣ ਕਰਨ ਲਈ ਕਈ ਤੱਥ ਮਿਲਦੇ ਹਨ, ਪਰ ਉਨ੍ਹਾਂ ਵਿੱਚ ਸਿਕੰਦਰ ਦਾ ਜਿੱਤਣਾ ਇੱਕ ਨਹੀਂ ਹੈ। ਅੱਗੇ ਦਿੱਤਾ ਵਿਸਥਾਰ ਪੜ੍ਹਨ ਤੋਂ ਬਾਅਦ ਤੁਸੀਂ ਆਪ ਫੈਸਲਾ ਕਰ ਸਕਦੇ ਹੋ।
ਪਹਿਲਾ ਤੱਥ:
ਸਿਕੰਦਰ ਦੀ ਪੰਜਾਬੀ ਮੁਹਿੰਮ ਸਮਕਾਲੀ ਦੇ ਸਰੋਤ ਕੇਵਲ ਯੂਨਾਨੀ ਲਿਖਾਰੀਆਂ ਤੋਂ ਮਿਲਦੇ ਹਨ। ਭਾਰਤੀ ਅਤੇ ਬਾਕੀ ਹੋਰ ਸਾਰੇ ਸਰੋਤ ਸਿਕੰਦਰ ਦੇ ਪੰਜਾਬ ਵਿੱਚ ਹੋਣ ਵਾਰੇ ਚੁੱਪ ਹਨ। ਇਹ ਗੱਲ ਖਾਸ ਧਿਆਨਯੋਗ ਹੈ ਕਿ “ਸਿਕੰਦਰ” ਨਾਮ ਪ੍ਰਾਚੀਨ ਸੰਸਕ੍ਰਿਤ ਜਾਂ ਪਾਲੀ ਸਾਹਿਤ ਵਿੱਚ ਕਿਤੇ ਵੀ ਨਹੀਂ ਮਿਲਦਾ।
ਯੂਨਾਨੀਆਂ ਤੋਂ ਬਿਨਾਂ ਪੋਰਸ ਅਤੇ ਸਿਕੰਦਰ ਦਾ ਵੇਰਵਾ 1300 ਸਾਲ ਬਾਅਦ ਫਿਰਦੋਸੀ ਦੇ ਫ਼ਾਰਸੀ ਮਹਾਕਾਵਿ ‘ਸ਼ਾਹਨਾਮੇ’ (1010 ਈਸਵੀ) ਅਤੇ 12ਵੀਂ ਸਦੀ ਦੇ ਕਵੀ ਨਿਜ਼ਾਮੀ ਗੰਜਵੀ ਦੇ ‘ਇਸਕੰਦਰ ਨਾਮਾ’ (Eskandar-nameh (Book of Alexander) ਵਿੱਚ ਮਿਲਦਾ ਹੈ। ਦੋਹਾਂ ਰਚਨਾਵਾਂ ਨੂੰ ਸਾਹਿਤਕ ਤੌਰ ‘ਤੇ ਮਿਥਿਹਾਸਕ ਤੇ ਰੁਮਾਂਚਕ ਮੰਨਿਆ ਜਾਂਦਾ ਹੈ, ਨਾ ਕਿ ਇਤਿਹਾਸਕ।ਵਰਨਣਯੋਗ ਹੈ ਕਿ ਫਾਰਸੀ ਦੀਆਂ ਦੋਵੇਂ ਰਚਨਾਵਾਂ ਵਿਚ ਪੋਰਸ ਨੂੰ ਇੱਕ ਫ਼ਾਰਸੀ-ਈਰਾਨੀ ਰਾਜੇ ਵਜੋਂ ਦਰਸਾਇਆ ਗਿਆ ਹੈ, ਉਨਾਂ ਤੋਂ ਵੱਖਰਾ ਬੇਗਾਨਾ ਨਹੀਂ ਦੱਸਿਆ ਗਿਆ।ਫਿਰਦੋਸੀ ਤਾਂ ਇਥੇ ਤੱਕ ਕਹਿਦਾ ਹੈ ਕਿ ਪੋਰਸ ਨੇ ਸਿਕੰਦਰ ਨੂੰ ਈਰਾਨੀ ਰਾਜੇ ਦਾਰੀਅਸ ਦੀ ਹਾਰ ਦਾ ਬਦਲਾ ਲੈਣ ਦੀ ਧਮਕੀ ਵੀ ਦਿੱਤੀ। ਦੋਵਾਂ ਰਚਨਾਵਾਂ ਵਿੱਚ ਪੋਰਸ ਦੀ ਵੀਰਤਾ ਦੀ ਸਿਫ਼ਤ ਕੀਤੀ ਗਈ ਹੈ, ਪਰ ਅੰਤ ਵਿੱਚ ਉਸਨੂੰ ਹਾਰਿਆ ਹੋਇਆ ਹੀ ਦਿਖਾਇਆ ਗਿਆ ਹੈ।
ਇਹ ਵੀ ਕਹਿਣਯੋਗ ਹੈ ਕਿ ਸਿਕੰਦਰ ਦੀ ਹਾਰ ਵਾਲੀ ਕਹਾਣੀ ਇੱਕ ਆਧੁਨਿਕ ਘੜਤ ਹੈ, ਜਿਹੜੀ ਕਿ ਪਿਛਲੇ ਸੌ ਸਾਲਾਂ ਵਿੱਚ ਹੀ ਖਿਆਲੀ ਤਿਕੜਮਬਾਹੀ ਵਿੱਚੋਂ ਨਿਕਲੀ ਹੈ। ਅੰਗਰੇਜ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਕਿਸੇ ਨੂੰ ਸਿਕੰਦਰ ਦਾ ਖਿਆਲ ਤੱਕ ਨਹੀਂ ਸੀ। ਪਾਠਕ ਹੈਰਾਨ ਹੋਣਗੇ ਕਿ 20 ਸਦੀਆਂ ਪਹਿਲਾਂ ਸਿਕੰਦਰ ਦੇ ਪੰਜਾਬ ਵਿੱਚ ਵਰਤੇ ਰਾਹਾਂ ਦੀ ਖੋਜ ਵਿੱਚ, ਉਨਾਂ ਰਾਹਾਂ ਉਤੇ ਸਫਰ ਕਰਨ ਵਾਲਾ ਬੰਦਾ ਪਹਿਲਾਂ ਯੂਰਪੀ ਬੰਦਾ ਅਮ੍ਰਿਤਸਰ ਦਾ ਬੁੱਚੜ ਮਾਈਕਲ ਉਡਵਾਇਰ ਸੀ। ਪੁਰਾਣੇ ਭਾਰਤੀ ਸਰੋਤਾਂ ਵਿੱਚ ਯੂਨਾਨੀ ਫੌਜ ਦੀ ਪੰਜਾਬ ਵਿੱਚ ਹਾਰ ਦਾ ਕੋਈ ਜਿਕਰ ਨਹੀਂ ਸੀ। ਇੱਥੇ ਤੱਕ ਕਿ ਈਰਾਨੀ ਲੋਕਾਂ ਵਿੱਚ ਅਰਬੀਆਂ ਦੀ ਮਾਰੋਮਾਰੀ ਵਿਰੁੱਧ ਸਵੈਮਾਣ ਖੜਾ ਕਰਨਾ ਵਾਲਾ ਅਤੇ ਫ਼ਾਰਸੀ ਬੋਲੀ ਬਚਾਉਣ ਦਾ ਮਾਣ ਪ੍ਰਾਪਤ ਸੰਸਾਰ ਪ੍ਰਸਿੱਧ ਕਵੀ ਫ੍ਰਿਦੋਸੀ ਵੀ ਪੋਰਸ ਦੀ ਜਿੱਤ ਵਾਰੇ ਕੋਈ ਗੱਲ ਨਹੀਂ ਕਰਦਾ।
ਦੂਜਾ ਤੱਥ:
ਸਿਕੰਦਰ ਦੇ ਪੋਰਸ ਨੂੰ ਆਪਣਾ ਰਾਜ ਵਾਪਸ ਦੇਣ ਨੂੰ ਦਲੀਲ ਵਜੋਂ ਵਰਤਿਆ ਜਾਂਦਾ ਹੈ ਕਿ ਪੋਰਸ ਜਰੂਰ ਜਿੱਤਿਆ ਹੋਵੇਗਾ, ਤਾਂ ਹੀਂ ਉਹ ਲੜਾਈ ਤੋਂ ਬਾਅਦ ਵੀ ਰਾਜਾ ਰਿਹਾ। ਪਰ 2400 ਸਾਲ ਪਹਿਲਾਂ ਹਾਰੇ ਰਾਜੇ ਨੂੰ ਰਾਜ ਵਾਪਸ ਦੇਣਾ ਕੋਈ ਨਿਵੇਕਲਾ ਕੰਮ ਨਹੀਂ ਸੀ, ਬਲਕਿ ਉਨ੍ਹਾਂ ਦਿਨਾਂ ਵਿੱਚ ਇਹ ਬਹੁਤ ਆਮ ਵਰਤਾਰਾ ਸੀ। ਪੁਰਾਣੇ ਇਤਿਹਾਸ ਨੂੰ ਅੱਜ ਦੇ ਸਮਾਜਿਕ ਅਤੇ ਰਾਜਨੀਤਿਕ ਸ਼ੀਸ਼ਿਆਂ ਵਿੱਚ ਦੀ ਦੇਖ ਕੇ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਪੋਰਸ ਵਰਗਾ ਵਿਵਹਾਰ ਸਿਕੰਦਰ ਪਹਿਲਾਂ ਕਈ ਵਾਰ ਕਰ ਚੁੱਕਾ ਸੀ।
- ਸਿਕੰਦਰ ਨੇ ਫਾਰਸ (ਈਰਾਨੀ) ਬਾਦਸ਼ਾਹ ਵੱਲੋਂ ਥਾਪੇ ਹੋਏ ਸਪਾਰਡਾ (ਤੁਰਕੀ) (Sardis, Turkey) ਦੇ ਹੁਕਮਰਾਨ ਮਿਥਰੀ Mithrenes ਨੂੰ ਉਸਦਾ ਰਾਜ ਵਾਪਸ ਦਿੱਤਾ ਸੀ। ਮਿਥਰੀ ਨੇ ਸਿਕੰਦਰ ਵਿਰੁਧ ਈਰਾਨੀਆਂ ਦੇ ਪਹਿਲੇ ਯੁੱਧ Battle of the Granicus ਦੀ ਅਗਵਾਈ ਕੀਤੀ ਸੀ। ਜੰਗ ਹਾਰਨ ਤੋਂ ਬਾਅਦ ਸਿਕੰਦਰ ਨੇ ਆਪਣੇ ਜਰਨੈਲ ਨੂੰ ਰਾਜ ਦੇਣ ਦੀ ਥਾਂ ਮਿਥਰੀ ਦੀਆਂ ਸਿਫਤਾਂ ਕਰਕੇ ਉਸੇ ਨੂੰ ਰਾਜ ਵਾਪਸ ਕੀਤਾ। ਜਿਵੇਂ ਸਿਕੰਦਰ ਨਾਲ ਸਮਝੌਤੇ ਤੋਂ ਬਾਅਦ ਪੋਰਸ ਨੇ ਯੂਨਾਨੀਆਂ ਦੀ ਬਾਕੀ ਪੰਜਾਬ ਜਿੱਤਣ ਵਿੱਚ ਮੱਦਦ ਕੀਤੀ ਉਸੇ ਤਰਾਂ ਮਿਥਰੀ Mithrenes ਨੇ ਵੀ ਸਿਕੰਦਰ ਤੋਂ ਰਾਜ ਲੈਣ ਤੋਂ ਬਾਅਦ ਅਗਲੇ ਯੁੱਧਾਂ ਵਿੱਚ ਉਸ ਦੇ ਮੋਢੇ ਨਾਲ ਮੋਢਾ ਰਲਾ ਈਰਾਨੀਆਂ ਦੇ ਵਿਰੁੱਧ ਲੜਿਆ।
- ਮਾਯੇਅਸ Mazaeus ਨੂੰ ਸਿਕੰਦਰ ਨੇ ਦੂਜੀ ਵੱਡੀ ਜੰਗ ਹਾਰਨ ਤੋਂ ਬਾਅਦ ਬਾਬਲ ਜਾਂ ਬੈਬੀਲੋਨ (Babylon) ਦੀ ਗੱਦੀ ਵਾਪਸ ਦਿੱਤੀ। ਮਾਯੇਅਸ Mazaeus ਉਸ ਸਮੇਂ ਫਾਰਸ (ਈਰਾਨੀ) ਦੇ ਸਮਰਾਟ ਦਾਰਿਅਸ ਤੀਜੇ ਤੋਂ ਬਾਅਦ ਦੂਜਾ ਸਭ ਤੋਂ ਤਾਕਤਵਰ ਈਰਾਨੀ ਸੀ। ਉਹ ਬਾਦਸ਼ਾਹ ਦਾਰਾ (ਦਾਰੀਅਸ Darius III 𐎭𐎠𐎼𐎹𐎺𐎢𐏁) ਦੀ ਧੀ ਦਾ ਮੰਗੇਤਰ ਅਤੇ ਬਾਦਸ਼ਾਹ ਦਾਰਾ ਤੋਂ ਬਾਅਦ ਈਰਾਨ ਦੀ ਗੱਦੀ ਦਾ ਦਾਅਵੇਦਾਰ ਵੀ ਸੀ। ਉਹ ਸਿਕੰਦਰ ਅਤੇ ਦਾਰੀਅਸ ਵਿਚਾਲੇ ਮੁੱਖ ਲੜਾਈ, ਗੋਗਾਮੇਲਾ (Battle of Gaugamela) ਦਾ ਸੈਨਾਪਤੀ ਵੀ ਸੀ। ਲੜਾਈ ਹਾਰਨ ਤੋਂ ਬਾਅਦ ਸਿਕੰਦਰ ਨੇ ਉਸ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਫਾਰਸ ਦੀ ਰਾਜਧਾਨੀ ਬਾਬਲ (Babylon) ਦਾ ਗਵਰਨਰ ਬਣਾ ਦਿੱਤਾ ਸੀ।
- ਸਿਕੰਦਰ ਮਿਸਰ (Egypt) ਦੇ ਰਾਜੇ ਅਰਾਸਮੇਸ Arasmes ਨੂੰ ਵੀ ਉਸ ਦਾ ਰਾਜ ਵਾਪਸ ਦੇ ਦਿੱਤਾ। ਅਰਸਮਿਸ ਕੇਵਲ ਮਿਸਰ ਦਾ ਰਾਜਾ ਹੀ ਨਹੀਂ ਸਗੋਂ ਉਹ ਈਰਾਨੀ ਸਾਮਰਾਜ ਦੇ ਬਾਨੀ ਦਾਰਾ ਮਹਾਨ, Darius 1 the great, ਦਾ ਪੋਤਾ ਅਤੇ ਹਖਸ਼ਾਮਨੀ ਰਾਜਕੁਮਾਰ ਵੀ ਸੀ।
- ਫਰਾਟਾਫਰਨ੍ਹਾ Phrataphernes (Fratafarnah) ਚੌਥਾ ਪ੍ਰਮੁੱਖ ਫ਼ਾਰਸੀ ਸੀ ਜਿਸਨੂੰ ਸਿਕੰਦਰ ਨੇ ਜੰਗ ਹਾਰਨ ਤੋਂ ਬਾਅਦ ਰਾਜ ਦਿੱਤਾ। ਬਾਦਸ਼ਾਹ ਦਾਰਿਅਸ ਤੀਜੇ ਦੇ ਅਧੀਨ ਉਹ ਪਾਰਥੀਆ ਅਤੇ ਹਰਕਾਨੀਆ ਦਾ ਸ਼ਾਸ਼ਕ ਰਿਹਾ ਸੀ। ਉਸਨੇ ਗੋਗਾਮੇਲਾ ਦਾ ਮੁੱਖ ਯੁੱਧ ਵਿੱਚ ਸਿਕੰਦਰ ਦੇ ਵਿਰੁੱਧ ਲੜਿਆ। ਫਾਰਸੀ ਬਾਦਸ਼ਾਹ ਦਾਰਾ ਤੀਜਾ ਇਸ ਯੁੱਧ ਵਿੱਚੋਂ ਜਾਨ ਬਚਾ ਕੇ ਭੱਜ ਗਿਆ ਸੀ। ਸਿਕੰਦਰ ਨੇ ਗੱਲਬਾਤ ਤੋਂ ਬਾਅਦ ਫਰਾਟਾਫਰਨ੍ਹਾ ਨੂੰ ਆਪਣੇ ਰਾਜ ਪਾਰਥੀਆ ਵਿੱਚ ਫਿਰ ਤੋਂ ਰਾਜਗੱਦੀ ਉਤੇ ਬਹਾਲ ਕਰ ਦਿੱਤਾ ਸੀ।
- ਸਿਕੰਦਰ ਬਲਖ ਅਤੇ ਸਮਰਕੰਦ ਦੇ ਇਕਾਲੇ ਵਿੱਚ ਦੋ ਸਾਲ ਲੜਦਾ ਰਿਹਾ। ਉਥੇ ਉਸ ਦਾ ਈਰਾਨੀ ਬਾਦਸ਼ਾਹ ਦਾਰਾ ਦੇ ਬਹੁਤ ਹੀ ਵਿਸ਼ਵਾਸ਼ਪਾਤਰ ਜਰਨੈਲ ਬੈਸੂਸ ਨੇ ਬਹੁਤ ਨੁਕਸਾਨ ਕੀਤਾ। ਗਰੀਕ ਲਿਖਾਰੀ ਦੱਸਦੇ ਹਨ ਕਿ ਬੈਸੂਸ ਦੀ ਅਗਵਾਈ ਵਿੱਚ ਪੰਜਾਬ ਦੇ ਲੋਕ ਵੀ ਬਾਦਸ਼ਾਹ ਦਾਰੀਅਸ ਤੀਜੇ ਲਈ ਗੋਗਾਮੇਲਾ ਦੇ ਮੈਦਾਨ ਵਿੱਚ ਲੜਨ ਗਏ ਸਨ। ਬੈਸੂਸ ਦਾ ਜਰਨੈਲ ਵਯਾਸ਼ਦ Oxyartes ( 𐎢𐎺𐎧𐏁𐎫𐎼) ਵੀ ਉਸ ਨਾਲ ਹੀ ਰਿਹਾ। ਸਿਕੰਦਰ ਨੇ ਦੋ ਸਾਲ ਵਿੱਚ ਆਪਦੇ ਹਜਾਰਾਂ ਸਾਥੀ ਮਰਵਾਕੇ ਵੀ ਸਮਰਕੰਦ ਦਾ ਰਾਜ ਇੱਕ ਆਰੀਆ ਵਯਾਸ਼ਦ Oxyartes ਨੂੰ ਦਿਤਾ। ਬਾਅਦ ਵਿੱਚ ਸਿਕੰਦਰ ਨੇ ਓਸ ਦੀ ਧੀ ਰੁਕਸਾਨਾ ਨਾਲ ਵਿਆਹ ਵੀ ਕਰਵਾਇਆ। ਜਿਸ ਦਾ ਉਸ ਦੇ ਯੂਨਾਨੀ ਜਰਨੈਲਾ ਨੇ ਬਹੁਤ ਵਿਰੋਧ ਵੀ ਕੀਤਾ ਅਤੇ ਮਸਲਾ ਫੌਜ ਵਿੱਚ ਬਗਾਵਤ ਤੱਕ ਵੀ ਪਹੁੰਚ ਗਿਆ ਸੀ।
ਤੀਜਾ ਤੱਥ:
ਪ੍ਰਾਪਤ ਸਰੋਤਾਂ ਤੋਂ ਪਤਾ ਲੱਗਦਾ ਕਿ ਸਿਕੰਦਰ ਨੇ ਪੰਜਾਬ ਦੇ ਸ਼ਾਸਨ ‘ਤੇ ਕਬਜ਼ਾ ਕਰ ਲਿਆ ਸੀ। ਕਈ ਹਵਾਲੇ ਮਿਲਦੇ ਹਨ ਕਿ ਸਥਾਨਕ ਵਸਨੀਕਾਂ ਨੇ ਉਸਨੂੰ ਇਲਾਕਿਆਂ ਦੀ ਜਾਣਕਾਰੀ ਦੇਣ ਅਤੇ ਰਸਤਾ ਦਿਖਾਉਣ ਵਿੱਚ ਮਦਦ ਕੀਤੀ।ਇੱਥੇ ਤੱਕ ਕਿ ਪੋਰਸ ਸਕੰਦਰ ਨੂੰ ਆਪਣੇ ਭਤੀਜੇ, ਜਿਸ ਦਾ ਨਾਂ ਵੀ ਪੋਰਸ ਹੀ ਸੀ, ਦੀ ਅਧੀਨਗੀ ਦਿਵਾਉਣ ਲਈ ਉਸ ਨਾਲ ਆਪ ਗਿਆ ਸੀ।
ਮੁਲਤਾਨ ਅਤੇ ਸਿੰਧ ਵੱਲ ਰਵਾਨਾ ਹੋਣ ਤੋਂ ਪਹਿਲਾਂ, ਉਸਨੇ ਉੱਤਰੀ ਪੰਜਾਬ (ਤਖਸਿਲਾ, ਪਛੌਰ) ਦੀ ਰਾਜਸੀ ਵਾਗਡੋਰ, ਸੂਬੇਦਾਰੀ, (Governor) ਆਪਦੇ ਜਰਨੈਲ ਪੀਥਨ Peithon ਨੂੰ ਦੇ ਕੇ ਗਿਆ ਅਤੇ ਇਕ ਯੂਨਾਨੀ ਯੂਡੇਮਸ Eudemus ਨੂੰ ਪੰਜਾਬ ਦੀ ਫੌਜੀਦਾਰੀ (commander) ਦੇ ਕੇ ਗਿਆ। ਸਕੰਦਰ ਵੱਲੋਂ ਕਈ ਫੌਜੀ ਛੌਣੀਆਂ ਬਣਾਉਣ ਅਤੇ ਫੌਜੀ ਤਾਇਨਾਤੀ ਛੱਡ ਕੇ ਜਾਣ ਦੇ ਵੇਰਵੇ ਵੀ ਹਨ।
ਗਰੀਕ ਲਿਖਾਰੀ Diodorus of Sicily ਦੱਸਦਾ ਕਿ ਸਿਕੰਦਰ ਦੀ ਬਾਬਲ (Babylon) ਵਿੱਚ ਮੌਤ ਤੋਂ ਬਾਅਦ ਯੂਡੇਮਸ Eudemus ਨੇ ਪੋਰਸ ਦਾ ਕਤਲ ਕਰ ਦਿੱਤਾ ਸੀ। ਸੂਬੇਦਾਰ ਪੀਥਨ Peithon ਦਾ ਕਤਲ ਸਿਕੰਦਰ ਦੇ ਸਿੰਧ ਵਿੱਚ ਹੁੰਦੇ ਹੋਏ ਹੀ ਹੋ ਗਿਆ ਸੀ। ਸ਼ੱਕ ਹੈ ਕਿ ਉਸ ਦਾ ਕਤਲ ਪੰਜਾਬ ਦੇ ਬਾਗੀਆਂ ਨੇ ਸਿਕੰਦਰ ਵੱਲੋਂ ਤਾਈਨਾਤ ਕੀਤੇ ਫੌਜੀਆਂ ਨਾਲ ਰਲ਼ ਕੇ ਕੀਤਾ ਹੋ ਸਕਦਾ ਹੈ। ਪੀਥਨ Peithon ਦੀ ਮੌਤ ਤੋਂ ਬਾਅਦ ਯੂਡੇਮਸ Eudemus ਫੌਜਦਾਰ ਤੋਂ ਸੂਬੇਦਾਰ ਬਣ ਗਿਆ ਅਤੇ ਉਹ ਸਿਕੰਦਰ ਵੱਲੋਂ ਪੋਰਸ ਨੂੰ ਬਖਸ਼ੀ ਤਾਕਤ ਤੋਂ ਖੁਸ਼ ਨਹੀਂ ਸੀ। ਇਸ ਕਰਕੇ ਉਸ ਨੇ ਸਿਕੰਦਰ ਮਰਨ ਤੋਂ ਬਾਅਦ ਪੋਰਸ ਦਾ ਕਤਲ ਕਰ ਦਿੱਤਾ।
ਜੇਕਰ ਪੋਰਸ ਨੇ ਜੰਗ ਜਿੱਤੀ ਹੈ ਤਾਂ ਫਿਰ ਇਹ ਸਵਾਲ ਉਠਦਾ ਹੈ ਕਿ ਉਸਨੇ ਸਿਕੰਦਰ ਨੂੰ ਆਪਣੀ ਧਰਤੀ ‘ਤੇ ਸ਼ਹਿਰ ਵਸਾਉਣ ਅਤੇ ਛੌਣੀਆਂ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ? ਇਤਿਹਾਸ ਵਿੱਚ ਪੰਜਾਬ ਦੇ ਯੂਨਾਨੀ ਸੂਬੇਦਾਰਾਂ ਤੇ ਫੌਜਦਾਰਾਂ ਦੇ ਨਾਂ ਕਿਉਂ ਆ ਰਹੇ ਹਨ?

ਚੌਥਾ ਤੱਥ:
ਸਿਕੰਦਰ ਦੀ ਪੰਜਾਬ ਉੱਤੇ ਚੜ੍ਹਾਈ ਤੋਂ 20 ਸਾਲ ਬਾਅਦ ਇਕ ਹੋਰ ਯੂਨਾਨੀ ਜਰਨੈਲ ਸਿਲੂਕਸ ਨਿਕੇਟਰ Seleucus I Nicator ਚੰਦਰਗੁਪਤ ਨਾਲ ਪੰਜਾਬ ਦਾ 500 ਹਾਥੀਆਂ ਵੱਟੇ ਸੌਦਾ ਕਰਦਾ ਹੈ। ਇਤਿਹਾਸ ਵਿੱਚ ਵਾਰ ਵਾਰ ਜਿਕਰ ਕਿਤਾ ਜਾਂਦਾ ਹੈ। ਸਿਲੂਕਸ ਨਿਕੇਟਰ ਦੀ ਚੰਦਰਗੁਪਤ ਨਾਲ ਲੜਾਈ ਹੋਈ ਅਤੇ ਉਸ ਨੇ 500 ਹਾਥੀ, ਆਪਣੀ ਧੀ ਹਲੈਨਾ ਅਤੇ ਆਪਣੇ ਰਾਜ ਦਾ ਕੰਧਾਰ ਤੱਕ ਦਾ ਰਾਜ ਚੰਦਰਗੁਪਤ ਨੂੰ ਦੇ ਕੇ ਸਮਝੌਤਾ ਕੀਤਾ। ਜੇ ਸਿਕੰਦਰ ਪੋਰਸ ਨੂੰ ਹਾਰ ਗਿਆ ਸੀ ਤਾਂ ਸੇਲੂਕਸ ਪੰਜਾਬ ਦਾ ਕੰਟਰੋਲ ਚੰਦਰਗੁਪਤ ਨੂੰ ਨਹੀਂ ਸੌਂਪ ਸਕਦਾ ਸੀ ਅਤੇ ਫੇਰ ਸਮਝੌਤੇ ਵਾਲੀ ਕਹਾਣੀ ਸਮਝਾਉਣੀ ਪਵੇਗੀ ਕਿ ਇਸ ਦਾ ਕੀ ਮਤਲਬ ਹੈ।
ਪੰਜਵਾਂ ਤੱਥ:
ਇਤਿਹਾਸ ਵਿੱਚ ਆਉਦਾ ਹੈ ਕਿ ਜੇਹਲਮ ਦੀ ਲੜਾਈ ਤੋਂ ਬਾਅਦ ਸਿਕੰਦਰ ਬਿਆਸ ਦਰਿਆ ਦੇ ਕੰਢੇ ਤੱਕ ਗਿਆ। ਬਿਆਸ ਕੰਢੇ ਉਸ ਨੇ ਆਪਦੇ ਰਾਜ ਦੀ ਸਭ ਤੋਂ ਪੂਰਬੀ ਹੱਦ ਅਤੇ ਸੱਭਿਅਕ ਸੰਸਾਰ ਦੇ ਅੰਤ ਨੂੰ ਦਰਸਾਉਣ ਲਈ 12 ਗਰੀਕ ਦੇਵਤਿਆਂ ਨੂੰ ਸਮਰਪਿਤ 12 ਸਤੰਭ ਖੜ੍ਹੇ ਕੀਤੇ ਗਏ ਹਨ। ਬਿਆਸ ਕੰਢੇ ਉਸ ਦੀ ਫੌਜ ਵਿੱਚ ਬਗਾਵਤ ਹੁੰਦੀ ਹੈ। ਇਥੇ ਦੀ ਹੀ ਇਕ ਨੰਦਾ ਰਾਜਿਆਂ ਤੋਂ ਯੂਨਾਨੀ ਫੌਜ ਦੇ ਡਰਨ ਵਾਲੀ ਕਹਾਣੀ ਵੀ ਹੈ। ਸਿਕੰਦਰ ਜੇਹਲਮ ਤੋਂ ਲੜਾਈ ਹਾਰ ਕੇ, ਮੌਨਸੂਨ ਦੇ ਮਹੀਨੇ ਬਿਆਸ ਦਰਿਆ ਤੱਕ ਲਾਮ ਲਸ਼ਕਰ ਨਾਲ ਆਉਦਾ ਹੈ। ਜੇ ਉਹ ਅਸਲ ਵਿੱਚ ਜੇਹਲਮ ਤੇ ਹੀ ਹਾਰ ਗਿਆ ਸੀ ਤਾਂ ਉਸ ਨੂੰ ਮੁੜਨਾ ਚਾਹੀਦਾ ਸੀ ਜਾਂ ਇਤਿਹਾਸ ਵਿੱਚ ਵੇਰਵੇ ਹੋਰ ਤਰਾਂ ਦੇ ਮਿਲਣੇ ਚਾਹੀਦੇ ਸਨ, ਨਾ ਕਿ ਇਕ ਜੇਤੂ ਵਰਗੇ ਜਿਹੜਾ ਅੱਗੇ ਦੀ ਅੱਗੇ ਵੱਧਦਾ ਜਾ ਰਿਹਾ ਹੈ।
ਨਿਚੋੜ:
ਪੋਰਸ ਦੀ ਜਿੱਤ ਦੇ ਆਲੇ-ਦੁਆਲੇ ਬਣਾਈ ਕਹਾਣੀ ਜੋਸ਼ੀਲੀ ਹੋ ਸਕਦੀ ਹੈ ਅਤੇ ਪੰਜਾਬੀਆਂ ਵਿੱਚ ਮਾਣ ਦੀ ਭਾਵਨਾ ਨੂੰ ਉਭਾਰ ਸਕਦੀ ਹੈ, ਪਰ ਇਹ ਠੋਸ ਤੱਥਾਂ ਉਤੇ ਟਿਕੀ ਹੋਈ ਨਹੀਂ ਹੈ। ਇਹ ਕਹਾਣੀ ਹੋਰ ਬਹੁਤ ਸਾਰੇ ਸਵਾਲ ਖੜੇ ਹੋਣ ਕਰਕੇ ਹਾਸੋਹੀਣੀ ਬਣ ਜਾਂਦੀ ਹੈ। ਜਿਸ ਨਾਲ ਪੰਜਾਬੀ ਯੋਧਿਆ ਦੀ ਬਹਾਦਰੀ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਬਿਨਾਂ ਸ਼ੱਕ ਇਤਿਹਾਸ ਵਿੱਚ ਪੋਰਸ ਦਾ ਬਹੁਤ ਮਾਣਮੱਤਾ ਥਾਂ ਹੈ। ਉਸ ਦੀ ਬਹਾਦਰੀ ਅਤੇ ਯੁਗਤ ਨੇ ਯੂਨਾਨੀਆ ਦੇ ਵੀ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ। ਸਿਕੰਦਰ ਦਾ ਜਿਕਰ ਪੋਰਸ ਬਿਨਾਂ ਅਧੂਰਾ ਹੈ। ਸਿਕੰਦਰ ਕਰਕੇ ਸਾਨੂੰ ਉਸ ਯੁੱਗ ਬਾਰੇ ਹੋਰ ਕਿਸੇ ਵੀ ਪੁਰਾਤਨ ਸਮੇਂ ਨਾਲੋਂ ਵਧੀਕ ਵਿਸਥਾਰਪੂਰਨ ਮਿਲਦੀ ਹੈ। ਪੰਜਾਬ ਦਾ ਇਤਿਹਾਸ ਬਹਾਦਰੀ ਦੀਆਂ ਬੇਸ਼ੁਮਾਰ ਉਦਾਹਰਣਾਂ ਨਾਲ ਭਰਿਆ ਹੋਇਆ ਹੈ। ਕਾਬਲ ਦੀਆਂ ਪਹਾੜੀਆਂ ਉਤਰਦੇ ਹੀ ਸਿਕੰਦਰ ਦਾ ਮੁਕਾਬਲਾ ਕਰਨ ਲਈ ਪੰਜਾਬ ਦੀਆ ਧੀਆਂ ਤੱਕ ਨੇ ਵੀ ਤਲਵਾਰਾਂ ਚੱਕ ਲਈਆਂ ਸਨ, ਜਿਸ ਦਾ ਸੱਤ ਸਦੀਆਂ ਬਾਅਦ ਰੋਮਨ ਲਿਖਾਰੀ ਜਸਟਿਨ ਵੀ ਜਿਕਰ ਕਰਦਾ ਹੈ। ਸਿਕੰਦਰ ਦੀ ਹਾਰ ਵਾਲੀ ਫਰਜੀ ਕਹਾਣੀ ਮਗਰ ਭੱਜਣ ਦੀ ਥਾਂ, ਸਾਨੂੰ ਪੰਜਾਬੀਆਂ ਵੱਲੋਂ ਵਿਖਾਈ ਗਈ ਅਸਾਧਾਰਣ ਬਹਾਦਰੀ ਦਾ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬੀਆਂ ਨੇ ਤਾਕਤਵਰ ਗਰੀਕ ਫੌਜਾਂ ਦਾ ਡਟ ਕੇ ਸਾਹਮਣਾ ਕੀਤਾ। ਉਸ ਫੌਜ ਵਿੱਚ ਪੰਜਾਬ ਤੋਂ ਲੈ ਕੇ ਯੂਨਾਨ ਤੱਕ ਦੇ ਹਰ ਨਸਲੀ ਪਿਛੋਕੜ ਵਾਲੇ ਯੋਧੇ ਸਨ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਕ ਪਾਸੇ ਇਕੱਲੇ ਪੰਜਾਬੀ ਸੀ ਅਤੇ ਮੂਹਰੇ ਉਸ ਸਮੇਂ ਦੀ ਬਾਕੀ ਦੁਨੀਆ ਦੀ ਸਾਂਝੀ ਫੌਜ। ਫਿਰ ਵੀ ਆਪਣੀ ਸਭਿਆਚਾਰ, ਇੱਜ਼ਤ ਅਤੇ ਇਤਿਹਾਸਕ ਮਹੱਤਤਾ ਨੂੰ ਬਰਕਰਾਰ ਰੱਖਿਆ ਅਤੇ ਦੁਸ਼ਮਣ ਯੂਨਾਨੀਆਂ ਦੀਆਂ ਕਿਤਾਬਾਂ ਵਿੱਚ ਵੀ ਇਜ਼ਤਦਾਰ ਥਾਂ ਹਾਸਲ ਕੀਤੀ। ਯੋਧਿਆਂ ਦੇ ਖੂਨ ਨਾਲ ਲਿਖਿਆ ਇਤਿਹਾਸ ਹਲਕਾ ਨਾ ਕਰੀਏ।