ਹਿੰਦੀ ਬੋਲੀ ਕਿਵੇਂ ਜੰਮੀ
ਹਿੰਦੀ ਅਤੇ ਹਿੰਦੀ ਥੋਪਣ ਦੀ ਚਰਚਾ ਚੱਲਦੀ ਹੀ ਰਹਿੰਦੀ ਹੈ। ਬਹੁਤੀ ਚਰਚਾ ਹਿੰਦੀ ਦੇ ਇਤਿਹਾਸਕ ਪਿਛੋਕੜ ਜਾਨਣ ਤੋਂ ਬਿਨਾਂ ਕਰੀ ਜਾਂਦੀ ਹੈ। ਹਿੰਦੀ ਦਾ ਇਤਿਹਾਸ ਅਸਲ ਵਿੱਚ ਫ਼ਾਰਸੀ ਨਾਲ ਸ਼ੁਰੂ ਹੁੰਦਾ ਹੈ। ਜੇ ਫ਼ਾਰਸੀ ਨਾ ਆਉਂਦੀ ਤਾਂ ਹਿੰਦੀ ਵੀ ਨਹੀਂ ਜੰਮਣੀ ਸੀ। ਫ਼ਾਰਸੀ ਤਾਂ ਕੀ ਅੰਗਰੇਜ ਦੇ ਆਉਣ ਤੱਕ ਹਿੰਦੀ ਕੋਈ ਬੋਲੀ ਨਹੀਂ ਸੀ। ਇਸ ਤੋਂ ਵੀ ਵੱਧ, 19ਵੀਂ ਸਦੀ ਦੇ ਆਖ਼ਰੀ ਚੱਪੇ ਤੱਕ ਹਿੰਦੀ ਬੋਲੀ ਵਾਰੇ ਅੰਗਰੇਜ਼ਾਂ ਅਤੇ ਅੰਗਰੇਜ਼ਾਂ ਦੇ ਬਾਬੂਆਂ ਤੋਂ ਬਿਨਾਂ ਬਹੁਤ ਹੀ ਘੱਟ ਲੋਕ ਜਾਣਦੇ ਸਨ। ਹਿੰਦੀ ਸਾਹਿਤ ਦਾ ਪਿਤਾਮਾ ਭਾਰਤੇਂਦਰ ਹਰੀਸਚੰਦਰ ਤਾਂ ਜੰਮਿਆ ਹੀ 1850 ਵਿੱਚ ਸੀ।
ਭਾਰਤੀ ਉੱਪਮਹਾਂਦੀਪ ਵਿੱਚ ਫ਼ਾਰਸੀ
ਦਿੱਲੀ ਦੇ ਅਫਗਾਨੀ, ਤੁਰਕ, ਉਜਬੇਕ, ਪਸ਼ਤੂਨ ਹਾਕਮਾਂ ਵਿੱਚੋਂ ਕਿਸੇ ਨੇ ਵੀ ਫ਼ਾਰਸੀ ਤੋਂ ਬਿਨਾਂ ਆਪਣੀ ਮਾਤ ਭਾਸ਼ਾ ਨੂੰ ਸਰਕਾਰੀ ਭਾਸ਼ਾ ਨਹੀਂ ਬਣਾਇਆ। ਕਿਉਂਕਿ ਉਸ ਸਮੇਂ ਫ਼ਾਰਸੀ ਅੰਗਰੇਜ਼ੀ ਵਾਂਗ ਸੀ। ਪਹੀਏ ਦੀ ਵਾਰ ਵਾਰ ਖੋਜ ਕਰਨ ਦੀ ਲੋੜ ਨਹੀਂ ਹੁੰਦੀ। ਫ਼ਾਰਸੀ ਭਾਸ਼ਾ ਵਪਾਰ, ਸੰਪਰਕ, ਗਿਆਨ ਅਤੇ ਰੁਤਬੇ ਦੀ ਭਾਸ਼ਾ ਸਥਾਪਤ ਹੋ ਚੁੱਕੀ ਸੀ। ਪਿਛਲੀਆਂ ਵਿੱਚ ਭਾਸ਼ਾਈ ਕੱਟੜਤਾ ਨਹੀਂ ਸੀ। ਦਰਬਾਰੀ ਲੋਕ ਆਪਣਾ ਕੰਮ ਫ਼ਾਰਸੀ ਕਰਦੇ ਰਹਿੰਦੇ ਸੀ ਅਤੇ ਲੋਕ ਆਪਣੀ ਬੋਲੀ, ਲਿਪੀ ਆਜ਼ਾਦੀ ਨਾਲ ਵਰਤਦੇ ਸੀ। ਜਜ਼ਬਾਤੀ ਲੋਕ ਅਕਸਰ ਹੀ ਕਹਿ ਦੇਣਗੇ ਕਿ ਰਣਜੀਤ ਸਿੰਘ ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਨਹੀਂ ਬਣਾਇਆ। ਪਰ ਉਹ ਵੀਹਵੀਂ ਸਦੀ ਦੀ ਸੋਚ ਅਠਾਰ੍ਹਵੀਂ ਸਦੀ ਉੱਤੇ ਥੋਪ ਰਹੇ ਹੁੰਦੇ ਨੇ। ਉਹ ਇਹ ਪੁਰਾਣੇ ਸਮੇਂ ਦੇ ਸਮਾਜਿਕ, ਵਪਾਰਕ, ਰਾਜਨੀਤਕ ਅਤੇ ਅਕਾਦਮਿਕ ਹਾਲਾਤ ਨੂੰ ਨਾਸਮਝੇ ਜਾਂ ਅੱਖੋਪਰੋਖੇ ਕਰ ਕੇ ਕਹਿ ਰਹੇ ਹੁੰਦੇ ਨੇ।
ਹਕੂਮਤੀ ਤੌਰ ਉੱਤੇ ਭਾਰਤੀ ਉੱਪਮਹਾਂਦੀਪ ਵਿੱਚ ਫ਼ਾਰਸੀ ਗ਼ਜਨਵੀ ਨਾਲ 1000 ਸਾਲ ਪਹਿਲਾਂ ਦੀ ਪਹੁੰਚੀ ਸੀ। ਗ਼ਜਨਵੀ ਦੀ ਮਾਤ ਭਾਸ਼ਾ ਤੁਰਕ ਸੀ। ਪਰ ਜੇ ਮੁਲਤਾਨ, ਮੀਆਂਵਾਲੀ ਦੇ ਇਲਾਕੇ ਦੀ ਗੱਲ ਕਰੀਏ ਤਾਂ ਫ਼ਾਰਸੀ ਉਧਰ ਸਦਾ ਹੀ ਰਹੀ ਹੈ। ਇਸਲਾਮ ਤੋਂ ਪਹਿਲਾਂ ਪੱਛਮੀ ਪੰਜਾਬ ਦੇ ਕਈ ਹਿੱਸੇ ਫ਼ਾਰਸ ਦੇ ਖੁਰਾਸਾਨ ਸੂਬੇ ਦਾ ਹਿੱਸਾ ਵੀ ਬਣਦੇ ਰਹੇ ਨੇ ਅਤੇ ਕਈ ਵਾਰ ਖੁਰਾਸਾਨ ਦੇ ਹਿੱਸੇ ਵੀ ਪੰਜਾਬ ਬਣਦੇ ਰਹੇ ਸਨ। ਫ਼ਾਰਸੀ ਦਾ ਪੰਜਾਬ ਨਾਲ ਸਬੰਧ ਤਾਂ ਇਤਿਹਾਸਕ ਦੌਰ ਦੇ ਪਹਿਲੇ ਬਾਦਸ਼ਾਹ ਕੁਰੂ (Cyrus the Great 𐎤𐎢𐎽𐎢𐏁 Kūruš 600 – 530 BC) ਦੇ ਸਮੇਂ ਤੋਂ ਹੀ ਹੈ। ਉਸ ਦੇ ਧਾਰਮਿਕ ਗ੍ਰੰਥ ਦੀ ਅਵੇਸਤਾਈ ਭਾਸ਼ਾ ਰਿਗਬੇਦ ਦੀ ਬੇਦਕ ਭਾਸ਼ਾ ਦੀ ਭੈਣ ਸੀ। ਅਵੇਸਤਾਈ ਭਾਸ਼ਾ ਫ਼ਾਰਸੀ ਦੀ ਦਾਦੀ ਹੈ। ਕੁਰੂ ਪੱਛਮੀ ਪੰਜਾਬ ਦਾ ਵੀ ਰਾਜਾ ਸੀ। ਸਿਕੰਦਰ ਵੀ ਉਸੇ ਦੀ ਕਾਇਮ ਕੀਤੀ ਬਾਦਸ਼ਾਹਤ ਜਿੱਤਣ ਪਿੱਛੇ ਪੰਜਾਬ ਆਇਆ ਸੀ। ਪੱਛਮੀ ਪੰਜਾਬ ਦੇ ਚੌਧਰੀ ਲੋਕਾਂ ਲਈ ਫ਼ਾਰਸੀ ਨਵੀਂ ਨਹੀਂ ਸੀ। ਪਖਤੂਨੀ ਭਾਸ਼ਾ ਵੀ ਫ਼ਾਰਸੀ ਦਾ ਹੀ ਲਹਿਜਾ ਹੈ ਜੋ ਪੰਜਾਬ ਦੀ ਹੱਦ ਤੇ ਸੈਂਕੜੇ ਸਾਲ ਤੋਂ ਰਹੀ ਹੈ।
ਫ਼ਾਰਸੀ ਦਾ ਪੰਜਾਬ ਨਾਲ ਨਾਤਾ ਸੀ। ਪਰ ਗੰਗਾ-ਜਮਨਾ ਦੋਆਬ ਵਿੱਚ ਫ਼ਾਰਸੀ ਦੀ ਆਮਦ ਗਜਨਵੀ ਨਾਲ ਜਾਂ ਨੇੜੇਤੇੜੇ ਪੀਰਾਂ ਅਤੇ ਸੂਫ਼ੀਆਂ ਨਾਲ ਮੇਲਜੋਲ ਤੋਂ ਸ਼ੁਰੂ ਹੁੰਦੀ ਹੈ। ਲੋਧੀ, ਸੂਰੀ, ਖਿਲਜੀ, ਤੁਗਲਕ ਤੇ ਮੁਗਲਾਂ ਆਦਿ ਨੇ ਫ਼ਾਰਸੀ ਨੂੰ ਦਰਬਾਰੀ ਬੋਲੀ ਬਣਾਇਆ, ਭਾਵੇਂ ਇੰਨਾਂ ਦੀਆਂ ਮਾਂ ਬੋਲੀਆਂ ਹੋਰ ਸਨ। ਦਰਬਾਰਾਂ ਵਿੱਚ ਲਿਖਤ ਪੜ੍ਹਤ ਅਤੇ ਕਾਰਵਾਈ ਫ਼ਾਰਸੀ ਵਿੱਚ ਸੀ, ਜਿਵੇਂ ਅੱਜ ਅੰਗਰੇਜ਼ੀ ਚੱਲਦੀ ਹੈ ਪਰ ਲੋਕਾਈ ਦੀਆਂ ਆਪਣੀਆਂ ਆਪਣੀਆਂ ਬੋਲੀਆਂ ਸਨ। ਬ੍ਰਿਜ, ਕਨੌਜੀ, ਖੜੀਬੋਲੀ, ਅਵਧੀ ਵਰਤਣ ਤੇ ਕੋਈ ਪਬੰਦੀ ਨਹੀਂ ਸੀ। ਮੀਰਾਬਾਈ, ਤੁਲਸੀਦਾਸ, ਕਬੀਰ ਜੀ, ਰਵਿਦਾਸ ਜੀ, ਸੂਰਦਾਸ ਦਾਸ ਕੈਥੀ ਲਿਪੀ ਤੇ ਬ੍ਰਿਜ, ਅਵਧੀ ਬਿਨਾਂ ਰੋਕ-ਟੋਕ ਵਰਤ ਰਹੇ ਸਨ।
ਉੜਦੂ ਦੀ ਸ਼ੁਰੂਆਤੀ ਕਹਾਣੀ
ਅਮੀਰ ਖੁਸਰੋ (1253-1325 AD) ਦੇ ਸਮੇਂ ਤੱਕ ਉੱੜਦੂ ਦਾ ਕੋਈ ਵਜੂਦ ਨਹੀਂ ਸੀ। ਉਹ ਤੁਰਕ ਖ਼ਾਨਦਾਨ ਵਿੱਚੋਂ ਆ ਰਿਹਾ, ਗੰਗਾਵਾਦੀ ਦਾ ਬਹੁਤ ਵੱਡਾ ਸਾਹਿਤਕਾਰ ਹੈ। ਜਿਸ ਦਾ ਰੁਤਬਾ ਸ਼ੈਕਸਪੀਅਰ ਵਰਗਿਆਂ ਬਰਾਬਰ ਬਣਦਾ। ਉਸ ਦੀਆਂ ਲਿਖਤਾਂ ਦਾ ਦਰਬਾਰੀ, ਸਾਹਿਤਕ ਖੇਤਰ ਵਿੱਚ ਵੱਡਾ ਪ੍ਰਭਾਵ ਪਿਆ। ਅਮੀਰ ਖੁਸਰੋ ਨੇ ਕਵਾਲੀ ਪ੍ਰੰਪਰਾ ਸ਼ੁਰੂ ਕੀਤੀ, ਸਿਤਾਰ ਨੂੰ ਅਧੁਨਿਕ ਤਕਨੀਕ ਦਿੱਤੀ ਜੋ ਅੱਜ ਤੱਕ ਚੱਲ ਰਹੀ ਹੈ। ਉਹ ਅਰਬੀ, ਫ਼ਾਰਸੀ, ਤੁਰਕੀ ਤੋਂ ਬਿਨਾਂ ਅਵਧੀ, ਬ੍ਰਿਜ, ਭੋਜਪੁਰੀ, ਖੜੀਬੋਲੀ ਦਾ ਮਾਹਰ ਸੀ। ਸਥਾਨਕ ਭਾਸ਼ਾਵਾਂ ਤੇ ਫ਼ਾਰਸੀ ਨੂੰ ਰਲਾਉਣ ਦਾ ਸਿਹਰਾ ਵੀ ਅਮੀਰ ਖੁਸਰੋ ਨੂੰ ਜਾਂਦਾ। ਉਦਾਹਰਣ ਦੇ ਤੌਰ ਤੇ ਹੇਠਾਂ ਉਸ ਦੀ ਮਸ਼ਹੂਰ ਕਵਾਲੀ ਹੈ, ਜਿਸ ਵਿੱਚ ਉਸ ਨੇ ਇੱਕ ਲਾਇਨ ਫ਼ਾਰਸੀ ਦੀ ਵਰਤੀ ਤੇ ਦੂਜੀ ਬ੍ਰਿਜ ਭਾਸ਼ਾ ਵਿੱਚ। ਇਸ ਸਮੇਂ ਤੱਕ ਉਹ ਸ਼ਬਦ ਰਲ੍ਹਗੱਲ ਨਹੀਂ ਕਰ ਰਿਹਾ ਸੀ, ਪਰ ਇੱਕ ਲਿਖਤ ਵਿੱਚ ਦੋ ਭਾਸ਼ਾਵਾਂ ਦੀ ਵਰਤੋਂ ਸ਼ੁਰੂ ਕਰ ਗਿਆ।

ਫ਼- ਫ਼ਾਰਸੀ, ਬ- ਬ੍ਰਿਜ
ਜ਼ਹਾਲ-ਏ-ਮਿਸਕੀਨ ਮਕੁਨ ਤਗਾਫ਼ੁਲ, (ਫ਼)
ਦੁਰਾਏ ਨੈਨਾ ਬਣਾਏ ਬਾਤੀਆਂ। (ਬ)
ਕਿ ਤਾਬ-ਏ-ਹਿਜ਼ਰਾਂ ਨਦਾਰਮ ਐ ਜਾਨ, (ਫ਼)
ਨਾ ਲੇਹੋ ਕਹੇ ਲਗਾਏ ਛਾਤੀਆਂ। (ਬ)
ਸਖੀ ਪਿਆ ਨੂੰ ਜੋ ਮੈਂ ਨਾ ਦੇਖਾਂ, (ਬ)
ਤਾਂ ਕਿਵੇਂ ਕਟਾਂ ਅੰਧੇਰੀ ਰਾਤੀਆਂ। (ਬ)
ਯਕਾਇਕ ਅਜ਼ ਦਿਲ ਦੋ ਚਸ਼ਮ-ਏ-ਜਾਦੂ, (ਫ਼)
ਬਸਦ ਫ਼ਰੇਬੰ ਬਬੁਰਦ ਤਸਕੀਨ। (ਫ਼)
ਕਿਸੇ ਪਰੀ ਹੈ ਜੋ ਜਾ ਸੁਣਾਵੇ, (ਬ)
ਪਿਆਰੇ ਪੀ ਨੂੰ ਸਾਡੀਆਂ ਬਾਤੀਆਂ। (ਬ)
ਜ਼ਹਾਲ-ਏ-ਮਿਸਕੀਨ ਮਕੁਨ ਤਗਾਫ਼ੁਲ ਸ਼ਾਇਰੀ
ਅਮੀਰ ਖੁਸਰੋ ਤੋਂ ਬਾਅਦ ਉੱਚਵਰਗ (elites) ਅਤੇ ਸਾਹਿਤਕ ਲੋਕਾਂ ਦੇ ਇੱਕ ਵਰਗ ਵਿੱਚ ਬੋਲੀਆਂ ਨੂੰ ਵੱਖਰੇ ਰੱਖਣ ਵਾਲੀ ਰਵਾਇਤ ਟੁੱਟ ਗਈ ਅਤੇ ਗੱਲ ਵੱਧਦੀ ਵੱਧਦੀ ਅੱਜ ਦੀ ਹਿੰਗਲਿਸ਼ ਜਾਂ ਪਿੰਗਲਿਸ਼ ਵਾਲੇ ਚੱਕਰ ਤੱਕ ਪਹੁੰਚ ਗਈ। ਲਿਖਣ ਵਾਲੇ ਅਮੀਰ ਖੁਸਰੋ ਵਾਂਗੂੰ ਦੋ ਬੋਲੀਆਂ ਦੀ ਲਾਈਨਾਂ ਅਲੱਗ ਰੱਖਣ ਤੋਂ ਵੀ ਅੱਗੇ ਇੱਕੋ ਲਾਈਨ ਵਿੱਚ ਹੀ ਫ਼ਾਰਸੀ, ਬ੍ਰਿਜ, ਅਵਧੀ, ਦੱਖਣੀ ਦੇ ਸ਼ਬਦ ਵਰਤਣ ਲੱਗੇ। ਪਰ ਇਸ ਸਮੇਂ ਭਗਤੀ ਲਹਿਰ ਵਾਲੇ ਆਪਣੀਆਂ ਪਿਤਰੀ ਬੋਲੀਆਂ ਹੀ ਵਰਤ ਰਹੇ ਸਨ। ਉਹ ਫ਼ਾਰਸੀ ਤੇ ਅਮੀਰ ਖੁਸਰੋ ਦੇ ਤਜਰਬੇ ਤੋਂ ਪਰੇ ਸਨ।
16ਵੀਂ, 17ਵੀਂ ਸਦੀ ਤੱਕ ਵੀ ਉੜਦੂ ਨਾਂ ਨਹੀਂ ਸੀ। ਪਰ ਇਸ ਸਮੇਂ ਰੇਖ਼ਤਾ, ਤੇ ਰੇਖ਼ਤੀ ਨਾਂ ਜਰੂਰ ਵਰਤੇ ਗਏ। ਰੇਖ਼ਤਾ ਦਾ ਮਤਲਬ ਹੈ ਕਿ ਖਿਲਰੀ ਹੋਈ ਚੀਜ਼ ਇਕੱਠੀ ਕਰਨੀ। ਜਿਵੇਂ ਦੋ-ਚਾਰ ਸੁੱਕੀਆਂ ਦਾਲਾਂ ਡੁੱਲ ਜਾਣ ਤੇ ਫੇਰ ਹੂੰਝ ਕੇ ਇੱਕ ਬਣੀ ਨੂੰ ਰੇਖ਼ਤੀ ਦਾਲ ਵੀ ਕਹਿ ਸਕਦੇ ਹਾਂ। ਰੇਖ਼ਤਾ ਵਿੱਚ ਫ਼ਾਰਸੀ ਸ਼ਬਦਾਂ ਨਾਲ ਹੋਰ ਬੋਲੀਆਂ ਦੇ ਸ਼ਬਦਾਂ ਦੀ ਖਿਚੜੀ ਸੀ। ਰੇਖ਼ਤਾ, ਰੇਖ਼ਤੀ ਵਿੱਚ ਹਿੰਦੂ, ਮੁਸਲਮਾਨ ਦੋਵਾਂ ਦੇ ਸਾਹਿਤ ਲਿਖਿਆਂ। ਫ਼ਾਰਸੀ ਪਹਿਲਾਂ ਹੀ ਰੁਤਬੇ ਵਾਲੀ ਬੋਲੀ ਸੀ, ਹੁੱਣ ਇੱਕ ਨਵੀਂ ਖਿਚੜੀ ਬੋਲੀ ਵੀ ਰੁਤਬੇ ਵੱਲ ਵੱਧ ਰਹੀ ਸੀ। ਪਰ ਆਮ ਲੋਕਾਈ ਆਪਣੀਆਂ ਬੋਲੀਆਂ ਬੋਲ ਰਹੀ ਸੀ ਅਤੇ ਪਿੱਤਰੀ ਬੋਲੀਆਂ ਵੀ ਨਾਲ ਹੀ ਤਰੱਕੀ ਕਰ ਰਹੀਆਂ ਸਨ।
ਹਿੰਦੀ ਦਾ ਅੰਗਰੇਜ਼ੀ ਜਨਮ
18ਵੀਂ ਸਦੀ ਵਿੱਚ ਅੰਗਰੇਜ਼ ਬੰਗਾਲ ਪ੍ਰੈਜੀਡੈਂਸੀ ਵਿੱਚ ਸਥਿਰ ਹੋ ਚੁੱਕੇ ਸਨ। ਇੱਕ ਅੰਗਰੇਜ਼ ਅਫਸਰ John Borthwick Gilchrist (1759-1841) ਨੌਕਰੀ ਛੱਡ ਕੇ ਬੰਗਾਲ ਤੋਂ ਦਿੱਲੀ ਵਿਚਾਲੜਲੇ ਇਲਾਕੇ ਵਿੱਚ ਪੈਸੇ ਕਮਾਉਣ ਨੂੰ ਅੱਕੀ-ਪਰ੍ਹਾਹੀਂ ਹੱਥ ਪੱਲੇ ਮਾਰਦਾ ਫਿਰ ਰਿਹਾ ਸੀ। ਉਸ ਨੇ ਦੇਖਿਆ ਕਿ ਅੰਗਰੇਜ਼ ਅਫਸਰਾਂ ਨੂੰ ਫ਼ਾਰਸੀ ਸਿਖਾਈ ਜਾ ਰਹੀ ਹੈ, ਪਰ ਲੋਕਾਈ ਨਾ ਫ਼ਾਰਸੀ ਬੋਲਦੀ ਆ, ਨਾ ਹੀ ਸਮਝਦੀ ਆ। ਉਸ ਦਾ ਖਿਆਲ ਸੀ ਕਿ ਜੇ ਸਾਰੀਆਂ ਬੋਲੀਆਂ ਵਿੱਚੋਂ ਫ਼ਾਰਸੀ, ਅਰਬੀ, ਤੁਰਕੀ ਦੇ ਸ਼ਬਦ ਕੱਢ ਦਿੱਤੇ ਜਾਣ (purge) ਤਾਂ ਬਾਕੀ ਬਚਦੀ ਬੋਲੀ ਉਹ ਹੋਵੇਗੀ ਜੋ ਫ਼ਾਰਸੀ ਆਉਣ ਤੋਂ ਪਹਿਲਾਂ ਲੋਕ ਬੋਲਦੇ ਹੋਣਗੇ। ਉਸ ਦਾ ਖਿਆਲ ਸੀ ਕਿ ਪਹਿਲਾਂ ਇੱਕੋ ਬੋਲੀ ਸੀ ਜਿਸ ਵਿਚੋਂ ਬ੍ਰਿਜ, ਅਵਧੀ ਆਦਿ ਨਿਕਲੀਆਂ ਹਨ, ਅਤੇ ਉਹ ਬੋਲੀ ਪੁਨਰਸਰਜੀਤ ਕੀਤੀ ਜਾਣੀ ਚਾਹੀਦੀ ਹੈ। ਯੂਰਪ ਵਿੱਚ ਅਜਿਹਾ ਹੋ ਚੁੱਕਾ ਸੀ। 16ਵੀਂ, 17ਵੀਂ ਸਦੀ ਵਿੱਚ ਸਪੇਨ ਨੇ ਸਪੈਨਿਸ਼ ਬੋਲੀ ਵਿੱਚੋਂ ਅਰਬੀ ਦੇ ਸ਼ਬਦ ਕੱਢਣ ਦਾ ਕੰਮ ਕੀਤਾ ਸੀ। ਜਿਹੜੇ ਮੁਸਲਮਾਨੀ ਦੌਰ ਵਿੱਚ ਸਪੈਨਿਸ਼ ਬੋਲੀ ਵਿੱਚ ਰਲ਼ ਗਏ ਸਨ। Gilchrist ਨੇ ਇਹ ਵਿਚਾਰ ਈਸਟ ਇੰਡੀਆ ਕੰਪਨੀ ਮੂਹਰੇ ਰੱਖੇ ਅਤੇ ਉਨਾਂ ਨੇ ਪਸੰਦ ਕਰਕੇ ਗਿਲਕ੍ਰਿਸਟ ਨੂੰ ਕੰਮ ਸ਼ੁਰੂ ਕਰਨ ਲਈ ਥਾਂ ਅਤੇ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ।

1800 ਵਾਲੀ ਸਦੀ ਦੇ ਪਹਿਲੇ ਸਾਲਾਂ ਹੀ ਗਿਲਕ੍ਰਿਸਟ ਨੇ Oriental Seminary ਸ਼ੁਰੂ ਕਰ ਦਿੱਤੀ। ਇਸ ਦਾ ਸਥਾਨਕ ਨਾਂ “ਗਿਲਕ੍ਰਿਸਟ ਕਾ ਮਦਰੱਸਾ” ਸੀ। ਜੋ ਕਿ ਥੋੜੇ ਸਾਲਾਂ ਵਿੱਚ Fort William College ਬਣ ਗਿਆ। “ਗਿਲਕ੍ਰਿਸਟ ਕਾ ਮਦਰੱਸਾ” ਵਿੱਚ ਪੜ੍ਹਨ ਵਾਲਿਆਂ ਨੂੰ ਗਿਲਕ੍ਰਿਸਟ ਦੇ ਬੱਚੇ ਵੀ ਕਿਹਾ ਜਾਂਦਾ ਸੀ। ਇੱਥੇ ਬਿਸਬਾਸ (ਵਿਸਵਾਸ) ਵੀ ਪੜ੍ਹਨ ਜਾਂਦੇ ਸਨ। ਅੱਜ ਦਾ ਵਿਸ਼ਵਾਸ ਗੋਤ ਅੰਗਰੇਜ਼ ਦਾ ਦਿੱਤਾ ਹੋਇਆ ਹੈ। ਜਿਹੜਾ ਬੰਗਾਲ ਪ੍ਰੈਜ਼ੀਡੈਂਸੀ ਤੋਂ ਬਾਹਰ ਨਹੀਂ ਮਿਲਦਾ ਅਤੇ ਵਿਸਵਾਸ ਗੋਤ ਦੇ ਲੋਕ ਹਰ ਵਰਣ ਵਿੱਚ ਮਿਲਦੇ ਹਨ। ਅੰਗਰੇਜ਼ ਆਪਣੇ ਵਿਸ਼ਵਾਸਪਾਤਰ ਲੋਕਾਂ ਨੂੰ ਬਿਸਬਾਸ ਕਹਿੰਦੇ ਸਨ, ਮੂਹਰਿਓ ਅਗਲਿਆਂ ਉਸ ਨੂੰ ਪਹਿਚਾਣ ਹੀ ਬਣਾ ਲਿਆ। ਗਿਲਕ੍ਰਿਸਟ ਦੇ ਮਦਰੱਸੇ, Fort William College ਭਾਰਤੀ ਭਾਸ਼ਾ ਨੂੰ ਯੂਰਪੀ ਤਰੀਕੇ ਪੜ੍ਹਾਉਣ ਦਾ ਪਹਿਲਾ ਸਕੂਲ (institute) ਸੀ। ਬਾਅਦ ਵਿੱਚ ਹਰ ਭਾਸ਼ਾ ਦੇ ਸਕੂਲ, ਕਾਲਜ ਗਿਲਕ੍ਰਿਸਟ ਦੇ ਮਦਰੱਸੇ ਦੀ ਰੋਸ਼ਨੀ ਵਿੱਚ ਬਣੇ।
ਗਿਲਕ੍ਰਿਸਟ ਦੇ ਮਦਰੱਸੇ ਜਾਂ Fort William College ਕੱਲਕੱਤਾ ਵਾਰੇ ਕੁੱਝ ਪੱਖ ਧਿਆਨ ਦੇਣ ਵਾਲੇ ਹਨ। ਇੱਕ ਤਾਂ ਗਿਲਕ੍ਰਿਸਟ ਮੂਹਰੇ ਸਪੇਨ ਦਾ ਸ਼ਬਦ ਮਨਫੀ (word purging) ਕਰਨ ਵਾਲਾ ਸਾਂਚਾ (model) ਸੀ। ਜਿਸ ਨੂੰ ਸਪੇਨੀ ਮੋਹਤਬਰਾਂ (Spanish elite) ਨੇ ਯੂਰਪ ਵਿੱਚ ਬਹੁਤ ਹੀ ਸਫਲਤਾ ਵਾਂਗ ਪ੍ਰਚਾਰਿਆ ਸੀ। ਦੂਜਾ ਪੱਖ ਇਹ ਹੈ ਕਿ ਗਿਲਕ੍ਰਿਸਟ ਭਾਵੇਂ ਗੰਗਾ-ਜਮਨਾ ਵਿੱਚ ਘੁੰਮ ਕੇ ਲੋਕਾਈ ਦੀਆਂ ਬੋਲੀਆਂ ਵਾਲਾ ਸੱਚ ਜਾਣ ਗਿਆ ਸੀ, ਪਰ ਫੇਰ ਵੀ ਉਸ ਦੀ ਬੋਲੀਆਂ ਤੱਕ ਪਹੁੰਚ ਦਰਬਾਰੀ ਮੋਹਤਬਰਾਂ ਅਤੇ ਕਿਤਾਬਾਂ ਤੋਂ ਹੀ ਸੀ। ਇੱਕ ਅਜੀਬ ਜਿਹਾ ਸੱਚ ਹੈ ਕਿ ਮੋਹਤਬਰ (elite) ਕਿਸੇ ਥਾਂ ਦੇ ਵੀ ਹੋਣ ਉਹ ਆਪਸ ਵਿੱਚ ਬੜੀ ਹੈਰਾਨੀਕੁੰਨ ਤਰੀਕੇ ਸੰਬੰਧ ਬਣਾ ਲੈਂਦੇ ਨੇ, ਜਿੰਨਾਂ ਵਿੱਚ ਸਥਾਨਕ ਲੋਕਾਈ ਦਾ ਪੱਖ ਅਕਸਰ ਹੀ ਗਾਇਬ ਹੁੰਦਾ ਹੈ। ਇਹ ਅਲਬਿਰੂਨੀ ਸਮੇਂ ਵੀ ਹੋਇਆ। ਉਹ ਪੰਜਾਬ ਵਿੱਚ ਦਸ ਸਾਲ ਰਿਹਾ (ਭਾਰਤ ਵਿੱਚ ਨਹੀਂ), ਪਰ ਉੱਚਵਰਗ ਦੁਆਲੇ ਹੀ ਕੇਂਦਰਤ ਨਜ਼ਰ ਆਉਂਦਾ ਹੈ। ਪੰਜਾਬ ਦੇ ਜੋਗੀ, ਸਿੱਧ, ਨਾਥ, ਸਖੀਸਰਵਰੀ ਆਦਿ ਜਿਵੇਂ ਉਸ ਨੂੰ ਦਿਸੇ ਹੀ ਨਾ ਹੋਣ। ਅੱਜ ਵੀ ਇਹੀ ਹੋ ਰਿਹਾ ਗੈਰਪੰਜਾਬੀ ਹੜੱਪਾ ਸੱਭਿਅਤਾ ਉੱਤੇ ਕੰਮ ਕਰ ਰਹੇ ਹਨ ਪਰ ਖੋਜ ਪੰਜਾਬੀ ਜਾਂ ਸਿੰਧੀ ਸਮਾਜ ਨੂੰ ਮੂਹਰੇ ਰੱਖ ਕੇ ਕਰਨ ਦੀ ਥਾਂ ਕਿਤਾਬਾਂ ਤੇ ਯੂਨੀਵਰਸਿਟੀਆਂ ਦੇ ਈਲੀਟ ਅਨੁਸਾਰ ਹੀ ਹੋ ਰਹੀ ਹੈ।
ਗਿਲਕ੍ਰਿਸਟ ਮੂਹਰੇ ਅਮੀਰ ਖੁਸਰੋ ਦੀ ਤਰਜ਼ ਵਾਲੀਆਂ ਲਿਖਤਾਂ ਦੇ ਕਿਤਾਬਚੇ ਸਨ ਅਤੇ ਫ਼ਾਰਸੀ-ਅਰਬੀ ਨਾਲ ਭਿੱਜੇ ਦਰਬਾਰੀ ਮੋਹਤਬਰ (elite) ਸਨ ਅਤੇ ਬਾਹਮਣੀ ਸੰਸਕ੍ਰਿਤ ਸੀ। ਪਿੰਡ-ਪਿੰਡ ਘੁੰਮਣ ਦੀ ਥਾਂ ਇੱਕੋ ਥਾਂ ਕਿਤਾਬਾਂ ਦੇ ਢੇਰ ਉਤੇ ਕੰਮ ਕਰਨਾ ਕਿਤੇ ਸੁਖਾਲਾ ਹੈ। ਅੱਜ ਵੀ ਇਵੇਂ ਹੋ ਰਿਹਾ। ਗਿਲਕ੍ਰਿਸਟ ਨੇ ਸਪੇਨ ਦੀ ਤਰਜ ਉੱਤੇ ਫ਼ਾਰਸੀ, ਅਰਬੀ, ਤੁਰਕ ਸ਼ਬਦ ਬਾਹਰ ਕੱਢ ਕੇ ਦਿੱਲੀ ਦਰਬਾਰ ਦੇ ਆਲੇ-ਦੁਆਲੇ ਦੀ ਬੋਲੀ ਖੜੀਬੋਲੀ ਦੇ ਫਰਮੇ (frame) ਉੱਤੇ ਨਵੀਂ ਬੋਲੀ ਖੜ ਦਿੱਤੀ। ਜੋ ਹੈ ਤਾਂ ਉੜਦੂ ਹੀ ਸੀ ਪਰ ਕੱਢੇ ਹੋਏ ਸ਼ਬਦਾਂ ਦੀ ਥਾਂ ਸੰਸਕ੍ਰਿਤ ਦੇ ਸ਼ਬਦ ਭਰੇ ਹੋਏ ਸਨ। ਉਹ ਅਵਧੀ, ਮਘਧੀ, ਬ੍ਰਿਜ ਦੇ ਵੀ ਸ਼ਬਦਾਂ ਸਕਦਾ ਸੀ ਪਰ ਪਾਏ ਨਹੀਂ ਕਿਉਂਕਿ ਅੰਗਰੇਜ਼ਾਂ ਲਈ ਫ਼ਾਰਸੀ ਦਾ ਰੁਤਬਾ ਸੀ, ਉੜਦੂ ਵੀ ਰੁਤਬੇ ਵਾਲੀ ਸੀ। ਮੂਹਰੇ ਅੰਗਰੇਜ਼ ਲਈ ਸੰਸਕ੍ਰਿਤ ਹੀ ਬਾਰਬਰ ਦੇ ਰੁਤਬੇ ਵਾਲੀ ਸੀ। ਦੂਜੇ ਉਸ ਸਮੇਂ ਅੰਗਰੇਜ਼ ਸਮਝਦੇ ਸੀ ਕਿ ਪਹਿਲਾਂ ਸਾਰੇ ਸੰਸਕ੍ਰਿਤ ਹੀ ਬੋਲਦੇ ਸੀ। ਇਸ ਕਰਕੇ ਅਰਬੀ ਫ਼ਾਰਸੀ ਤੋਂ ਪਹਿਲਾਂ ਵਾਲੀ ਬੋਲੀ ਵਿੱਚ ਕਾਫ਼ੀ ਸੰਸਕ੍ਰਿਤ ਹੋਣੀ ਜ਼ਰੂਰੀ ਹੈ।
ਗਿਲਕ੍ਰਿਸਟ ਨੇ ਆਪਣੀ ਨਵੀਂ ਬਣਾਈ ਭਾਸ਼ਾ ਦੀ ਪਹਿਲੀ ਡਿਕਸ਼ਨਰੀ ਵੀ ਲਿਖੀ। ਇਹ ਰੋਮਨ ਲੈਟਿਨ ਲਿਪੀ ਵਿੱਚ ਸੀ। ਅੱਜ ਦੇ ਹਿਸਾਬ ਨਾਲ ਸੋਸ਼ਲਮੀਡੀਆ ਵਾਲੀ ਲਿਪੀ ਦੀ ਪਹਿਲੀ ਕਿਤਾਬ। ਪੜ੍ਹਨ ਲਈ ਇੱਥੇ ਕਲਿਕ ਕਰੋ। 1200 ਤੋਂ ਵੱਧ ਸਫ਼ਿਆਂ ਦੇ ਇਸ ਸ਼ਬਦਕੋਸ਼ ਵਿੱਚ ਦੇਵਨਾਗਰੀ ਬਿਲਕੁਲ ਵੀ ਨਹੀਂ ਵਰਤੀ ਗਈ। ਉੜਦੂ ਵਾਲੀ ਪਰਸ਼ੋ-ਅਰਬੀ ਅਤੇ ਰੋਮਨ-ਲੈਟਿਨ ਦੋ ਹੀ ਲਿਪੀਆਂ ਹਨ। ਦੇਵਨਾਗਰੀ ਨੂੰ ਅੱਗੇ ਆਉਣ ਲਈ 100 ਸਾਲ ਹੋਰ ਲੱਗੇ। ਬਨਾਰਸ ਦੇ ਭਾਰਤੇਂਦਰ ਹਰੀਸਚੰਦਰ ਵਰਗਿਆਂ ਨੇ ਅੰਗਰੇਜ਼ਾਂ ਦੀ ਉੜਦੂ ਵਿੱਚੋਂ ਨਿਤਾਰੀ ਹਿੰਦੀ ਬੋਲੀ ਨੂੰ ਆਪਣੀ ਪਹਿਚਾਣ ਮੰਨ ਲਿਆ ਅਤੇ ਹਿੰਦੂ-ਹਿੰਦੀ-ਹਿੰਦੋਸਤਾਨ ਦਾ ਨਾਅਰਾ ਦਿੱਤਾ। 1850 ਵਿੱਚ ਜੰਮੇ ਭਾਰਤੇਂਦਰ ਹਰੀਸਚੰਦਰ ਨੂੰ ਹਿੰਦੀ ਦਾ ਪਹਿਲਾ ਲੇਖਕ ਮੰਨਿਆ ਜਾਂਦਾ ਹੈ। ਭਾਰਤੇਂਦਰ ਹਰੀਸਚੰਦਰ ਅਤੇ ਹੋਰ ਕੱਟੜਵਾਦੀ ਲੋਕਾਂ ਦੇ ਸੰਘਰਸ਼ ਤੋਂ ਬਾਅਦ ਸੰਨ 1900 ਵਿੱਚ ਦੇਵਨਾਗਰੀ ਨੂੰ ਸਰਕਾਰੀ ਲਿਪੀ ਵਿੱਚ ਵੀ ਜੋੜ ਲਿਆ ਗਿਆ।
ਟਿੱਪਣੀ
1947 ਤੋਂ ਬਾਅਦ ਹਿੰਦੀ ਬੋਲੀ ਅਤੇ ਦੇਵਨਾਗਰੀ ਲਿਪੀ ਦਰਜ਼ਣਾਂ ਪੁਰਾਤਨ ਬੋਲੀਆਂ ਦੇ ਖਾਤਮੇ ਦਾ ਕਾਰਨ ਬਣੀ। ਧਾਰਮਿਕ ਰਾਸ਼ਟਰਵਾਦ ਵਿੱਚ ਅੰਨੇ ਹੋਏ ਲੋਕਾਂ ਨੇ ਦੇਵਨਾਗਰੀ ਪਿੱਛੇ ਕੈਥੀ, ਲੰਡੇ, ਸ਼ਰਾਦਾ, ਟਾਕਰੀ, ਮੋਦੀ ਆਦਿ ਦਰਜ਼ਣਾਂ ਲਿਪੀਆਂ ਅਤੇ ਭੋਜਪੁਰੀ, ਮੈਲ਼ੀ, ਅਵਧੀ, ਬ੍ਰਿਜ, ਬੁੰਦੇਲੀ, ਗੜਵਾਲੀ, ਮਗਧੀ, ਮਾਰਵਾੜੀ, ਮਾਲਵੀ, ਛੱਤੀਸਗੜੀ, ਸੰਥਾਲੀ, ਮੁੰਡੇਰੀ ਆਦਿ ਦਰਜ਼ਣਾਂ ਬੋਲੀਆਂ ਗਵਾ ਲਈਆਂ ਹਨ। ਅੰਗਰੇਜ਼ ਭਾਂਵੇ ਬਸਤੀਬਾਦੀ ਸਨ, ਪਰ 47 ਤੋਂ ਬਾਅਦ ਵਿੱਚ ਚੱਲੇ ਭਾਸ਼ਾਈ ਬਸਤੀਬਾਦ ਨੇ ਕਰੋੜਾਂ ਲੋਕਾਂ ਆਪਣੀ ਪਿੱਤਰੀ ਬੋਲੀਆਂ ਤੋਂ ਅਨਾਥ ਕਰ ਦਿੱਤੇ।
ਫਰੇਬ ਦੀਆਂ ਹੱਦਾਂ ਇਸ ਹੱਦ ਤੱਕ ਟੱਪੀਆਂ ਜਾ ਚੁੱਕੀਆਂ ਨੇ ਕਿ ਭਾਰਤ ਦੇ ਪੜ੍ਹੇ-ਲਿਖੇ ਲੋਕ, ਅਦਾਲਤਾਂ, ਕਾਲਜ, ਯੂਨੀਵਰਸਿਟੀਆਂ, ਅਖ਼ਬਾਰ ਤੱਕ ਬ੍ਰਿਜ ਅਤੇ ਅਵਧੀ ਨੂੰ ਹਿੰਦੀ ਦੀ ਉਪਬੋਲੀ ਕਹਿ ਰਹੇ ਨੇ। ਜਦੋਂ ਕਿ ਸੱਚਾਈ ਇਹ ਹੈ ਕਿ ਹਿੰਦੀ ਉੜਦੂ ਦੀ ਉਪਬੋਲੀ ਹੈ ਅਤੇ ਉੜਦੂ ਦੀਆਂ ਮਾਂਵਾਂ ਬ੍ਰਿਜ ਅਤੇ ਅਵਧੀ ਹਨ।
ਖੈਰ ਰੱਬ ਹਿੰਦੀ ਭਾਸ਼ੀਆਂ ਨੂੰ ਸੁਮੱਤ ਬਖਸ਼ੇ ਅਤੇ ਉਹ ਆਪਣਾ ਵਿਰਸਾ ਪਛਾਨਣ ਅਤੇ ਪੰਜਾਬੀ ਉੱਤੇ ਆਪਣੀ ਟੀਰੀ ਅੱਖ ਰੱਖਣੀ ਬੰਦ ਕਰਨ।
Links:
https://youtu.be/mZjIW7WQ0Ss?si=VxZaW4S68L-1Vixi
https://archive.org/details/in.ernet.dli.2015.94187/page/n63/mode/2up
https://panjabhistory.com/hindi_fraud/