ਪੰਜਾਬੀ ਦੱਤ ਬਾਹਮਣਾਂ ਦੀਆਂ 2200 ਸਾਲ ਪੁਰਾਣੀਆਂ ਤੰਦਾਂ ਅਤੇ, ਪੁਰਾਣੇ ਪੰਜਾਬ ਵਿੱਚ ਸ਼ੀਆ ਮੁਸਲਮਾਨ ਅਤੇ ਹਿੰਦੂ ਧਾਰਮਿਕ ਸਦਭਾਵਨਾ
ਵਾਹ ਦੱਤ ਸੁਲਤਾਨ,
ਹਿੰਦੂ ਧਰਮ, ਮੁਸਲਮਾਨ ਦਾ ਇਮਾਨ
ਅੱਧਾ ਹਿੰਦੂ, ਅੱਧਾ ਮੁਸਲਮਾਨ
ਪੰਜਾਬੀ (ਮੋਇਆਲ) ਦੱਤ ਬਾਹਮਣ, ਜਿੰਨਾ ਨੂੰ ਹੁਸੈਨੀ ਬ੍ਰਾਹਮਣ ਵੀ ਕਿਹਾ ਜਾਂਦਾ, ਇੱਕ ਵਿਲੱਖਣ ਪੰਜਾਬੀ ਹਿੰਦੂ ਬ੍ਰਾਹਮਣ ਭਾਈਚਾਰਾ ਹੈ। ਦੱਤ ਗੋਤ ਦੇ ਲੋਕ ਇਸ ਵਰਗ ਵਿੱਚ ਆਉਂਦੇ ਨੇ। ਸੁਨੀਲ ਦੱਤ ਇਸੇ ਭਾਈਚਾਰੇ ਵਿੱਚੋਂ ਹੈ।
ਦੱਤ ਭਾਈਚਾਰਾ ਜਾਂ ਕਬੀਲੇ ਦਾ ਮੁੱਢ ਮੁਲਤਾਨ ਤੇ ਝੰਗ ਵਿੱਚ ਮੰਨਿਆ ਜਾਂਦਾ ਹੈ ਅਤੇ ਲਹਿੰਦੇ ਪੰਜਾਬ ਦੇ ਹਜਾਰਾ ਤੇ ਪੀਰਪੰਚਾਲ ਵਿੱਚ ਵੱਡੀ ਗਿਣਤੀ ਵਿੱਚ ਵੱਸਦੇ ਰਹੇ ਨੇ। ਉਜਾੜੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਵੱਡੀ ਗਿਣਤੀ ਵਿੱਚ ਰਹਿ ਰਹੇ ਹਨ। ਦੱਤ ਸਮਾਜ ਵੈਸੇ ਮੋਇਆਲ ਬਾਹਮਣਾਂ ਵਿੱਚੋਂ ਹਨ। ਇੰਟਰਨੈਟ ਤੋਂ ਮਿਲਦੀ ਜਾਣਕਾਰੀ ਅਨੁਸਾਰ ਮੋਇਆਲ ਅੱਗੇ ਸਰਸਵਤ ਬਹਾਮਣਾ ਦਾ ਇੱਕ ਵਰਗ ਹੈ ਅਤੇ ਮੋਇਆਲ ਉਜਾੜੇ ਤੋਂ ਬਾਅਦ ਪੁਜਾਰੀ ਨਹੀਂ ਰਹੇ।
ਦੱਤ ਮੋਇਆਲ ਦੀ ਖਾਸੀਅਤ ਹੈ ਕਿ ਉਹ ਹਜ਼ਰਤ ਇਮਾਮ ਹੁਸੈਨ ਪ੍ਰਤੀ ਆਪਣੀ ਨਿਸ਼ਠਾ ਕਰਕੇ ਬਾਕੀ ਬਾਹਮਣਾਂ ਤੋਂ ਵੱਖਰੇ ਜਾਣੇ ਜਾਂਦੇ ਹਨ। ਭਾਈਚਾਰਕ ਰਿਵਾਇਤਾਂ ਅਨੁਸਾਰ, ਹੁਸੈਨੀ ਬ੍ਰਾਹਮਣਾਂ ਦੇ ਪੂਰਵਜ 680 ਈਸਵੀ ਵਿੱਚ ਕਰਬਲਾ ਦੀ ਜੰਗ ਵਿੱਚ ਇਮਾਮ ਹੁਸੈਨ ਦੀ ਸਹਾਇਤਾ ਲਈ ਪਹੁੰਚੇ ਸਨ। ਉਹ ਮੰਨਦੇ ਹਨ ਕਿ ਉਨ੍ਹਾਂ ਦੇ ਪੁਰਖਿਆਂ ਨੇ ਇਮਾਮ ਹੁਸੈਨ ਦੇ ਨਾਲ ਏਕਤਾ ਵਿਖਾਈ ਅਤੇ ਕੁਝ ਨੇ ਕਰਬਲਾ ਦੀ ਲੜਾਈ ਵਿੱਚ ਸ਼ਹੀਦੀ ਵੀ ਪ੍ਰਾਪਤ ਕੀਤੀ। ਇਨ੍ਹਾਂ ਦੀ ਇਹ ਕੁਰਬਾਨੀ ਅੱਜ ਵੀ ਯਾਦ ਕੀਤੀ ਜਾਂਦੀ ਹੈ। ਹੁਸੈਨੀ ਬ੍ਰਾਹਮਣਾਂ ਦੀ ਰਿਵਾਇਤ ਅਨੁਸਾਰ, ਉਨ੍ਹਾਂ ਦੇ ਪੂਰਵਜ — ਰਾਹਬਸਿੱਧ ਦੱਤ ਜਾਂ ਸਿੱਧਵਿਯੋਗ ਦੱਤ ਬ੍ਰਾਹਮਣ ਆਪਣੇ 7 ਪੁੱਤਰਾਂ ਅਤੇ ਹੋਰ ਸਾਥੀਆਂ ਸਮੇਤ ਇਮਾਮ ਹੁਸੈਨ ਦੀ ਮਦਦ ਲਈ ਕਰਬਲਾ ਪਹੁੰਚੇ ਸਨ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਮਾਨ ਅਤੇ ਇਨਸਾਫ ਲਈ ਆਪਣੀ ਜਾਨਾਂ ਦੀ ਕੁਰਬਾਨੀ ਦਿੱਤੀ। ਮਾਨਤਾ ਹੈ ਕਿ ਈਰਾਕ ਦਾ ਅਲਹਿਦੀਆ ਸ਼ਹਿਰ ਦੱਤਾਂ ਦੇ ਕਰਬਲਾ ਦੀ ਲੜਾਈ ਵੇਲੇ ਰਹਿਣ ਦੀ ਥਾਂ ਉੱਤੇ ਵਸਿਆ ਹੈ ਅਤੇ ਸ਼ਹਿਰ ਦਾ ਨਾਂ ਹਿੰਦ (ਪੰਜਾਬ) ਦੇ ਵਾਸੀਆਂ ਦੇ ਨਾਂ ਉੱਤੇ ਵਸਿਆ ਹੈ।
ਹੁਸੈਨੀ ਬ੍ਰਾਹਮਣ ਮੁਹਰਰਮ ਨੂੰ ਬਹੁਤ ਹੀ ਸ਼ਰਧਾ ਅਤੇ ਸੰਮਾਨ ਨਾਲ ਮਨਾਉਂਦੇ ਹਨ। ਇਹ ਉਹ ਮਹੀਨਾ ਹੈ ਜਿਸ ਦੌਰਾਨ ਕਰਬਲਾ ਦੀ ਘਟਨਾ ਵਾਪਰੀ ਸੀ।
- ਮੱਤਮ ਕਰਨਾ: ਬਹੁਤ ਸਾਰੇ ਹੁਸੈਨੀ ਬ੍ਰਾਹਮਣ ਮੁਹਰਰਮ ਦੇ ਦਿਨ ਮੱਤਮ ਕਰਦੇ ਹਨ — ਜਿਵੇਂ ਕਿ ਆਪਣੇ ਛਾਤੀ ਉੱਤੇ ਹੱਥ ਮਾਰ ਕੇ ਸ਼ੋਕ ਪ੍ਰਗਟਾਉਣਾ।
- ਤਾਜੀਆ ਲਿਜਾਣਾ: ਇਨ੍ਹਾਂ ਦੇ ਕਈ ਸਮੂਹ ਤਾਜੀਆ (ਇਮਾਮ ਹੂਸੈਨ ਦੀ ਕਬਰ ਦਾ ਪ੍ਰਤੀਕ) ਨੂੰ ਝਾਕੀਆਂ ਵਜੋਂ ਲਿਜਾ ਕੇ ਕਬਰਸਤਾਨ ਜਾਂ ਨਦੀ ਵਿੱਚ ਵਿਸਰਜਿਤ ਕਰਦੇ ਹਨ।
- ਸਾਕਾ ਕਰਬਲਾ ਦੀ ਕਥਾ: ਕਰਬਲਾ ਦੀ ਕਹਾਣੀ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸੁਣਾਈ ਜਾਂਦੀ ਹੈ, ਤਾਕਿ ਉਹ ਇਨਸਾਫ, ਬਲਿਦਾਨ ਅਤੇ ਸਚਾਈ ਦੀ ਮਹੱਤਤਾ ਨੂੰ ਸਮਝ ਸਕਣ।
ਮਹੱਤਵਪੂਰਣ ਪੱਖ ਹੈ ਕਿ ਦੱਤਾਂ ਦੀ ਕਹਾਣੀ ਵਿੱਚੋ ਅਰਬੀ ਹਮਲਾਵਰਾਂ ਅਤੇ ਮੁਹੰਮਦ ਸਾਹਿਬ ਦੀ ਹਮਾਇਤ ਦਾ ਪਤਾ ਲੱਗਦਾ ਹੈ। ਅਕਸਰ ਹੀ ਗੱਲ ਧਾੜਵੀ ਉੱਤੇ ਹਮਲਾਵਰ ਕਹਿ ਕੇ ਮੁੱਕਾ ਦਿੱਤੀ ਜਾਂਦੀ ਹੈ ਅਤੇ ਉਸ ਸਮੇਂ ਦੇ ਪੂਰੇ ਹਾਲਾਤ ਨਹੀਂ ਸਮਝੇ ਜਾਂਦੇ। ਬਿਨਕਾਸਮ ਦੇ ਸਿੰਧ ਉੱਤੇ ਹਮਲੇ ਵੇਲੇ ਬੋਧੀਆਂ, ਜੱਟਾਂ ਅਤੇ ਹੋਰ ਸਧਾਨਕ ਲੋਕਾਂ ਦੇ ਅਰਬੀਆਂ ਦੀ ਹਮਾਇਤ ਦਾ ਚੱਚਨਾਮਾ ਕਿਤਾਬ ਵਿੱਚੋਂ ਪਤਾ ਲੱਗਦਾ ਹੈ। ਉਸ ਵੇਲੇ ਪੰਜਾਬੀ ਸੱਭਿਆਚਾਰ ਦਾ ਪ੍ਰਭਾਵ ਕੰਧਾਰ, ਬਾਮੀਆਨ ਅਤੇ ਸਿੰਧ ਤੱਕ ਸੀ। ਸੱਭਿਆਚਾਰਕ ਅਤੇ ਤੌਰ ਉੱਤੇ ਲੋਕ ਇੱਕੋ ਜਿਹੇ ਹੀ ਸਨ। ਈਰਾਨ ਦੇ ਅਸੁਰ ਸਾਸਾਨੀ ਆਰੀਆ ਹੁਕਮਰਾਨਾਂ ਤੋਂ ਕਈ ਫਿਰਕੇ ਤੰਗ ਸਨ।
ਈਰਾਨ ਅੰਦਰਲੀਆਂ ਖੁੰਦਕਾਂ ਕਰਕੇ ਉੱਥੋਂ ਦੇ ਕਈ ਪਹਿਲਵੀ (Parthian) ਸੂਬੇਦਾਰਾਂ ਨੇ ਵੀ ਅਰਬੀਆਂ ਦੀ ਮੱਦਦ ਕੀਤੀ। ਮਾਜਦਾਈਨ ਪਾਰਸੀ (Persian) ਲੋਕਾਂ ਵਿੱਚ ਇੱਕ ਸਲਮਾਨ ਗੱਦਾਰ ਦੀ ਕਹਾਣੀ ਹੈ, ਜਿਸ ਨੂੰ ਇਸਲਾਮ ਵਿੱਚ ਇੱਜ਼ਤ ਦਿੱਤੀ ਜਾਂਦੀ ਹੈ। ਪਾਰਸੀ ਕਹਿੰਦੇ ਹਨ ਕਿ ਉਸ ਨੇ ਈਰਾਨੀਆਂ ਦੀ ਖ਼ਬਰ ਅਰਬਾਂ ਨੂੰ ਦਿੱਤੀ ਜਿਸ ਕਰਕੇ ਸੀਰੀਆ ਤੋਂ ਪੰਜਾਬ ਤੱਕ ਫੈਲਿਆ ਪਾਰਸੀ ਰਾਜ ਅਰਬੀਆਂ ਨੇ 10 ਸਾਲ ਵਿੱਚ ਖ਼ਤਮ ਕਰ ਦਿੱਤਾ।
ਪਿਹਲਵੀ ਲੋਕਾਂ ਦੀ ਅਰਬੀਆਂ ਨੂੰ ਮੱਦਦ ਦੀਆਂ ਕਹਾਣੀਆਂ ਵੀ ਹਨ। ਦਿਲਚਸਪੀ ਦੀ ਗੱਲ ਹੈ ਕਿ ਸਿਕੰਦਰ ਤੋਂ ਡੇਢ ਸੌਲ ਸਾਲ ਬਾਅਦ 165 BCE ਵਿੱਚ ਈਰਾਨੀ ਪਹਿਲਵੀ Parthian ਲੋਕਾਂ ਨੇ ਗਰੀਕਾਂ ਤੋਂ ਰਾਜ ਵਾਪਸ ਲਿਆ ਸੀ। ਉਹ ਆਰੀਆਵਾਂ ਦੀ ਪਿੱਤਰੀ ਧਰਤੀ ਫਰਗਾਣਾ ਵਾਦੀ ਤੋਂ ਉੱਠੇ ਸਨ। ਜਿੱਥੋ ਆਰੀਆ ਪੰਜਾਬ ਵੱਲ ਵੀ ਆਏ। ਉੱਨਾਂ ਪਹਿਲਵੀ ਲੋਕਾਂ ਦੇ ਪਹਿਲੇ ਰਾਜੇ ਦਾ ਨਾਂ ਵੀ ਦੱਤ ਸੀ। ਗਰੀਕ ਵਿੱਚ ਉਸ ਦਾ ਨਾਂ ਮਿਥਰਾ ਦਾਤੀ Miθra-dāta ਲਿਖਿਆ ਗਿਆ, ਪਹਿਲਵੀ ਵਿੱਚ ਨਾਂ ਮੇਹਰ ਦਾਦ ਹੈ, ਅਤੇ ਭਾਸ਼ਾ ਬਦਲੀ ਕਰਨ ਉੱਤੇ ਪੰਜਾਬੀ (ਗੰਧਾਰੀ) ਪ੍ਰਾਕ੍ਰਿਤ ਵਿੱਚ ਨਾਂ ਮਿਤਰਾ ਦੱਤ ਬਣਦਾ ਹੈ।
ਅੱਜ ਸ਼ਾਇਦ ਇਹ ਕਦੇ ਸਾਬਤ ਨਾ ਕੀਤਾ ਜਾ ਸਕੇ ਕਿ ਅਰਬੀਆਂ ਦੀ ਮੱਦਦ ਕਰਨ ਵਾਲੇ ਪਹਿਲਵੀਆਂ ਵਿੱਚ ਮਿਤਰਾ ਦੱਤ (Mithridates) ਦੇ ਕਬੀਲੇ ਦੇ ਦੱਤ ਵੀ ਸਨ ਜਾਂ ਨਹੀਂ। ਪਰ ਜਿਸ ਤਰੀਕੇ ਪਿਛਲੇ ਵੀਹ ਸਾਲਾਂ ਵਿੱਚ ਥੇਹ ਖੋਜਾਂ ਤੇਜ਼ ਹੋਈਆਂ ਨੇ ਹੋ ਸਕਦਾ ਕੁੱਝ ਲੱਭ ਸਕੇ ਅਤੇ ਪੰਜਾਬ ਦੇ ਦੱਤਾਂ ਦੀ ਮੌਖਿਕ ਕਹਾਣੀ ਦਾ ਜੋੜ ਕਿਸੇ ਹੋਰ ਪਾਸਿਓਂ ਜੁੜ ਜਾਵੇ।
