Ancient History of Punjab

ਚਿੰਤਨ ਦੀ ਭਾਸ਼ਾ ਅਤੇ ਪੰਜਾਬੀ

ਜੋਗਾ ਸਿੰਘ (ਡਾ.)

ਡਾ. ਮਨਮੋਹਨ ਪੰਜਾਬੀ ਦੇ ਇਕ ਵਿਦਵਾਨ ਲੇਖਕ ਹਨ। ਅਜੋਕੇ ਪ੍ਰਚੱਲਤ ਚਿੰਤਨ ਨਾਲ ਉਹਨਾਂ ਦੀ ਚੰਗੀ ਵਾਕਫ਼ੀਅਤ ਹੈ। ਆਪਣੇ ਚਿੰਤਨਮੁਖੀ ਸੁਭਾਅ ਅਨੁਸਾਰ ਚਿੰਤਨ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਉਹਨਾਂ ‘ਪੰਜਾਬੀ ਪਛਾਣ ਤੇ ਸੱਤਾ : ਭਾਸ਼ਾ ਦਾ ਰੋਲ’ (ਪੰਜਾਬੀ ਟ੍ਰਿਬਿਊਨ, 16 ਜਨਵਰੀ, 2011, ਪੰਨਾ 6)  ਲੇਖ ਲਿਖਿਆ ਹੈ। ਡਾ. ਮਨਮੋਹਨ ਨੇ ਆਪਣੇ ਲੇਖ ਵਿਚ ਪੰਜਾਬੀ ਭਾਸ਼ਾ ਬਾਰੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ ਜੋ ਕੋਈ ਨਵੀਂਆਂ ਤਾਂ ਨਹੀਂ ਹਨ ਪਰ ਕਿਉਂਕਿ ਇਹ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਮਾਜ ਦੇ ਜੀਵਨ ਲਈ ਵੱਡੀ ਮਹੱਤਾ ਰੱਖਦੀਆਂ ਹਨ ਇਸ ਲਈ ਇਹਨਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
ਮਨਮੋਹਨ ਪੰਜਾਬੀ ਭਾਸ਼ਾ ਦੀ ਸਰਦਾਰੀ ਪ੍ਰਤੀ ਬਹੁਤ ਚਿੰਤਾਤੁਰ ਲੱਗਦੇ ਹਨ। ਇਹ ਸਰਦਾਰੀ ਕਾਇਮ ਨਾ ਹੋਣ ਦੇ ਕਾਰਣ ਉਹ ਇਹ ਦੱਸਦੇ ਹਨ:
”ਪੰਜਾਬੀ ਭਾਸ਼ਾ ਸਭਿਆਚਾਰਕ ਭਾਵੁਕਤਾ ਦੀ ਭਾਸ਼ਾ ਤਾਂ ਹੈ, ਰੋਮਾਂਸ ਦਾ ਕਥਨ ਸਿਰਜ ਸਕਦੀ ਹੈ, ਗਿਆਨ ਦਾ ਪ੍ਰਵਚਨ ਸਿਰਜਣ ਦੇ ਸਮਰੱਥ ਨਹੀਂ”;
”ਇਸ ਰਾਹੀਂ ਚੇਤਨ ਸਿੱਖਿਆ ਪ੍ਰਾਪਤੀ/ਦੇਣੀ ਅੱਜ ਸੰਭਵ ਨਹੀਂ ਹੈ”;
”ਪੰਜਾਬੀ ਭਾਸ਼ਾ ਨਾਲ ਪਛਾਣ ਤਾਂ ਕਾਇਮ ਕੀਤੀ ਜਾ ਸਕਦੀ ਹੈ”, ਪਰ ”ਢਿੱਡ ਨਹੀਂ ਭਰਿਆ ਜਾ ਸਕਦਾ”। ਇਸ ਲਈ ਹਕੂਮਤ ਨਹੀਂ ਚਾਹੁੰਦੀ ਕਿ ਪੰਜਾਬੀ ਭਾਸ਼ਾ ਹਾਕਮੀਅਤ ਦੀ ਸਥਿਤੀ ਵਿਚ ਰਹੇ ਅਤੇ ਹਾਕਮੀ ਸੰਚਾਰ ਪ੍ਰਬੰਧ ਦਾ ਹਿੱਸਾ ਬਣੇ।”
ਮਨਮੋਹਨ ਵਰਗੇ ਸੂਝਵਾਨ ਲੇਖਕ ਦੀ ਕਲਮ ਤੋਂ ਇਹ ਟਿੱਪਣੀਆਂ ਪੜ੍ਹ ਕੇ ਭਾਰੀ ਹੈਰਾਨੀ ਹੋਈ ਹੈ। ਦੁਨੀਆਂ ਦੇ ਕਿਸੇ ਭਾਸ਼ਾ ਮਾਹਿਰ ਨੇ ਅਜਿਹੀ ਕੋਈ ਭਾਸ਼ਾਈ ਵੰਡ ਪੇਸ਼ ਨਹੀਂ ਕੀਤੀ ਜਿਸ ਅਨੁਸਾਰ ਕੋਈ ਭਾਸ਼ਾ ਕਿਸੇ ਖਾਸ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਸਮਰੱਥਾ ਰੱਖਦੀ ਹੋਵੇ ਤੇ ਕਿਸੇ ਦੂਜੇ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਸਮਰੱਥਾ ਨਾ ਰੱਖਦੀ ਹੋਵੇ। ਪੰਜਾਬੀ ਹੀ ਨਹੀਂ ਦੁਨੀਆਂ ਦੀ ਹਰੇਕ ਭਾਸ਼ਾ ਹਰੇਕ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੇ ਸਮਰੱਥ ਹੈ, ਕਿਉਂਕਿ ਕਿਸੇ ਤਰ੍ਹਾਂ ਦੇ ਵੀ ਪ੍ਰਵਚਨ ਸਿਰਜਣ ਲਈ ਜਿਸ ਮੂਲ ਭਾਸ਼ਾਈ ਸਮੱਗਰੀ ਦੀ ਲੋੜ ਹੁੰਦੀ ਹੈ ਉਸ ਸਮੱਗਰੀ ਪੱਖੋਂ ਹਰ ਭਾਸ਼ਾ ਇੱਕੋ ਜਿੰਨੀ ਅਮੀਰ ਹੈ। ਇਸ ਸਮੱਗਰੀ ਨੂੰ ਮੋਟੇ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ- ਵਿਆਕਰਣ ਅਤੇ ਸ਼ਬਦਾਵਲੀ। ਵਿਆਕਰਣ ਪੱਖੋਂ ਦੁਨੀਆਂ ਦੀ ਕੋਈ ਭਾਸ਼ਾ ਕਿਸੇ ਵੀ ਦੂਜੀ ਭਾਸ਼ਾ ਤੋਂ ਨਾ ਅਮੀਰ ਹੈ ਨਾ ਗ਼ਰੀਬ। ਜੇ ਰੂਪਾਂ ਦੀ ਬਹੁਤਾਤ ਨੂੰ ਅਮੀਰੀ ਸਮਝ ਹੀ ਲਿਆ ਜਾਵੇ ਤਾਂ ਫਿਰ ਗਿਆਨ ਦੀ ਅਖਾਉਤੀ ਸਭ ਤੋਂ ਵੱਧ ਅਮੀਰ ਭਾਸ਼ਾ ਅੰਗਰੇਜ਼ੀ ਹੀ ਗ਼ਰੀਬ ਭਾਸ਼ਾ ਹੈ। ਮਿਸਾਲ ਲਈ, ਅੰਗਰੇਜ਼ੀ ਦੇ ਕਿਰਿਆ ਰੂਪ ਦੇ ਵੱਧ ਤੋਂ ਵੱਧ ਪੰਜ ਰੂਪ ਬਣ ਸਕਦੇ ਹਨ (ਜਿਵੇਂ go ਦੇ go, went, gone, goes ਤੇ going)। ਪਰ ਪੰਜਾਬੀ ਵਿਚ ਵੇਖੋ – ਪੜ੍ਹ, ਪੜ੍ਹੋ, ਪੜ੍ਹੀਏ, ਪੜ੍ਹੇ, ਪੜ੍ਹਨ, ਪੜ੍ਹਦਾ, ਪੜ੍ਹਦੇ, ਪੜ੍ਹਦੀ, ਪੜ੍ਹਦੀਆਂ, ਪੜ੍ਹਾਂਗਾ, ਪੜ੍ਹਾਂਗੇ, ਪੜ੍ਹੇਗਾ, ਪੜ੍ਹੇਂਗਾ, ਪੜ੍ਹੋਗੇ, ਪੜ੍ਹਾਉਣ ਤੇ ਕਿੰਨੇ ਹੋਰ। ਹੁਣ ਹਿਸਾਬ ਲਾਓ ਕਿ ਵਿਆਕਰਣ ਪੱਖੋਂ ‘ਮਹਾਂਗਿਆਨਣੀ’ ਅੰਗਰੇਜ਼ੀ ਗ਼ਰੀਬ ਹੈ ਜਾਂ ‘ਮੂੜ੍ਹ’ ਪੰਜਾਬੀ।
ਪੰਜਾਬੀ ਅਤੇ ਅੰਗਰੇਜ਼ੀ ਦੀ ਵਿਆਕਰਣੀ ਅਮੀਰੀ-ਗਰੀਬੀ ਪਰਖਣ ਤੋਂ ਬਾਅਦ ਆਓ ਹੁਣ ਸ਼ਬਦਾਵਲੀ ‘ਤੇ ਵੀ ਝਾਤ ਮਾਰ ਲਈਏ। ਸ਼ਬਦਾਵਲੀ ਦੇ ਮੂਲ ਸਰੋਤਾਂ ਦੇ ਅਧਾਰ ‘ਤੇ ਵੀ ਸਾਰੀਆਂ ਭਾਸ਼ਾਵਾਂ ਇੱਕੋ ਜਿੰਨੀਆਂ ਹੀ ਅਮੀਰ ਜਾਂ ਗ਼ਰੀਬ ਹਨ ਕਿਉਂਕਿ ਵੱਖ-ਵੱਖ ਭਾਸ਼ਾਵਾਂ ਵਿਚ ਸ਼ਬਦਾਵਲੀ ਦੇ ਮੂਲ ਤੱਤਾਂ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ। ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਧਾਤੂਆਂ ਅਤੇ ਵਧੇਤਰਾਂ ਤੋਂ ਬਣੀ ਹੁੰਦੀ ਹੈ।ਮਿਸਾਲ ਲਈ ਅੰਗਰੇਜ਼ੀ ਦੇ ਸ਼ਬਦ digitilization ਨੂੰ ਲਿਆ ਜਾ ਸਕਦਾ ਹੈ। ਇਹ ਸ਼ਬਦ ਧਾਤੂ digit ਤੋਂ ਬਣਿਆ ਹੈ। (digit-digitilize-digitilization) ਸੋ ਜਿਸ ਭਾਸ਼ਾ ਕੋਲ ਵੀ digit ਦੇ ਤੁੱਲ ਸ਼ਬਦ ਹੈ ਉਸ ਤੋਂ ਅਗਲੇ ਦੋਹਾਂ ਸ਼ਬਦਾਂ ਦੇ ਤੁੱਲ ਸ਼ਬਦ ਸੌਖੇ ਹੀ ਬਣਾਏ ਜਾ ਸਕਦੇ ਹਨ (ਜਿਵੇਂ ਪੰਜਾਬੀ ਅੰਕ-ਅੰਕਾਉਣਾ-ਅੰਕੀਕਰਣ)। ਸੋ, ਹਰ ਭਾਸ਼ਾ ਕੋਲ ਉਹ ਮੂਲ ਸਮੱਗਰੀ ਹੈ ਜਿਸ ਦੇ ਅਧਾਰ ‘ਤੇ ਹਰ ਤਰ੍ਹਾਂ ਦਾ ਪ੍ਰਵਚਨ ਸਿਰਜਿਆ ਜਾ ਸਕਦਾ ਹੈ। ਸੋ, ਕੋਈ ਭਾਸ਼ਾ ”ਚਿੰਤਨ ਦੀ ਭਾਸ਼ਾ ਨਹੀਂ ਹੈ” ਕਹਿਣ ਦਾ ਮਤਲਬ ਤਾਂ ਬਲਕਿ ਇਹ ਕਹਿਣਾ ਹੈ ਕਿ ਉਸ ਭਾਸ਼ਾ ਦੇ ਬੁਲਾਰਿਆਂ ਦੇ ਸਿਰ ਵਿਚ ਦਿਮਾਗ ਨਹੀਂ ਬਣਿਆ। ਕਿਉਂਕਿ ਹਰ ਭਾਸ਼ਾ ਦਾ ਬੁਲਾਰਾ ਕਿਸੇ ਨਾ ਕਿਸੇ ਤਰ੍ਹਾਂ ਦਾ ਚਿੰਤਨ ਕਰਦਾ ਹੈ (ਭਾਵੇਂ ਉਹ ਇੱਕ ਦਿਨ ਵੀ ਸਕੂਲ ਨਾ ਗਿਆ ਹੋਵੇ)। ਬਹੁਤ ਅਨਪੜ੍ਹ ਪੰਜਾਬੀ ਬਹੁਤ ਅੰਗਰੇਜ਼ੀ ਪੜ੍ਹੇ ਪੰਜਾਬੀਆਂ ਨਾਲੋਂ ਬਿਹਤਰ ਚਿੰਤਨ ਕਰਦੇ ਹਨ।
ਪੰਜਾਬੀ ਭਾਸ਼ਾ ਵਿਚ ਤਾਂ ਮਹਾਨ ਚਿੰਤਨ ਦੇ ਬੜੇ ਲਿਖਤੀ ਸਬੂਤ ਵੀ ਹਨ। ਮਨਮੋਹਨ ਖੁਦ ਹੀ ਲਿਖਦੇ ਹਨ, ”ਆਦਿ ਗ੍ਰੰਥ ਤੇ ਮੱਧਕਾਲੀ ਸਾਹਿਤ ਵਿਚ ਵਿਕੋਲਿਤਰੇ ਰੂਪਾਂ ਤੋਂ ਇਲਾਵਾ ਕਦੀ ਵੀ ਪੰਜਾਬੀ ਗਿਆਨ ਦੀ ਭਾਸ਼ਾ ਨਹੀਂ ਬਣ ਸਕੀ।” ਸੋ, ਮਨਮੋਹਨ ਵੀ ਮੰਨਦਾ ਹੈ ਕਿ ਪੰਜਾਬੀ ਮੱਧਕਾਲ ਵਿਚ ਹੀ ਗਿਆਨ ਦੀ ਭਾਸ਼ਾ ਬਣ ਚੁੱਕੀ ਸੀ (ਜਦੋਂ ਅੰਗਰੇਜ਼ੀ ਹਾਲੇ ਅੱਖਾਂ ਖੋਲ੍ਹ ਰਹੀ ਸੀ) ਮੱਧਕਾਲ ਤੋਂ ਬਾਅਦ ਪੰਜਾਬੀ ਨੂੰ ਕਿਹੜਾ ਲਕਵਾ ਮਾਰ ਗਿਆ ਹੈ ਕਿ ਇਸ ਵਿਚ ਗਿਆਨ ਦਾ ਪ੍ਰਵਚਨ ਨਹੀਂ ਸਿਰਜਿਆ ਜਾ ਸਕਦਾ ? ਇਹ ਪ੍ਰਵਚਨ ਬਹੁਤ ਸਿਰਜਿਆ ਗਿਆ ਹੈ। ਇਹ ਜਾਨਣ ਲਈ ਵੀਹਵੀਂ ਸਦੀ ‘ਤੇ ਹੀ ਝਾਤ ਮਾਰ ਲੈਣੀ ਕਾਫ਼ੀ ਹੋਵੇਗੀ। ਕੇਵਲ ਸਾਹਿਤ ਦੇ ਖੇਤਰ ਤੇ ਹੀ ਝਾਤ ਮਾਰ ਲਈਏ ਤਾਂ ਭਾਈ ਵੀਰ ਸਿੰਘ, ਪ੍ਰੋਫ਼ੈਸਰ ਪੂਰਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰਿੰਸੀਪਲ ਤੇਜਾ ਸਿੰਘ, ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ ਆਪਣੀਆਂ ਵਾਰਤਕ ਲਿਖਤਾਂ ਵਿਚ ”ਰੋਮਾਂਸ ਦਾ ਕਥਨ” ਨਹੀਂ ਸਿਰਜ ਰਹੇ ”ਗਿਆਨ ਦਾ ਕਥਨ” ਸਿਰਜ ਰਹੇ ਹਨ। ਮੇਰੇ ਆਪਣੇ ਖੇਤਰ ਭਾਸ਼ਾ ਵਿਗਿਆਨ ਵਿਚ ਦੁਨੀ ਚੰਦ੍ਰ ਦਾ ‘ਪੰਜਾਬੀ ਵਿਆਕਰਣ’, ਕਰਮ ਸਿੰਘ ਗੰਗਾਵਾਲਾ ਦਾ ‘ਵੱਡਾ ਪੰਜਾਬੀ ਵਿਆਕਰਣ’, ਪ੍ਰੋ. ਸਾਹਿਬ ਸਿੰਘ ਦਾ ‘ਗੁਰਬਾਣੀ ਵਿਆਕਰਣ’, ”ਰੋਮਾਂਸ ਦੇ ਕਥਨ” ਨਹੀਂ ”ਗਿਆਨ ਦੇ ਕਥਨ” ਹਨ। ”ਗਿਆਨ ਦੇ ਕਥਨ” ਦੀ ਦੁਨੀਆਂ ਦੀਆਂ ਮਹਾਨਤਮ ਕਿਰਤਾਂ ਕਾਰਲ ਮਾਰਕਸ ਦੀ ‘ਪੂੰਜੀ’, ਡਾਰਵਿਨ ਦੀ ‘ਨਸਲਾਂ ਦੀ ਉਤਪੱਤੀ’, ਅਰਸਤੂ ਦੀ ‘ਕਾਵਿ ਸ਼ਾਸਤਰ’ ਸਭ ਪੰਜਾਬੀ ਵਿਚ ਪ੍ਰਾਪਤ ਹਨ। ਵੀਹਵੀਂ ਸਦੀ ਦੀ ਕੋਈ ਦਾਰਸ਼ਨਿਕ ਧਾਰਾ ਅਜਿਹੀ ਨਹੀਂ ਜਿਸ ‘ਤੇ ਪੰਜਾਬੀ ਵਿਚ ਪ੍ਰਵਚਨ ਨਾ ਮਿਲਦਾ ਹੋਵੇ। ਉਹ ਭਾਵੇਂ ਮਾਰਕਸਵਾਦ ਹੋਵੇ ਭਾਵੇਂ ਸੰਰਚਨਾਵਾਦ, ਭਾਵੇਂ ਉੱਤਰ-ਆਧੁਨਿਕਤਾਵਾਦ ਤੇ ਭਾਵੇਂ ਪੂਰਬਵਾਦ।
ਜੇ ਵਿਗਿਆਨਾਂ ਦੀ ਗੱਲ ਵੀ ਕਰਨੀ ਹੋਵੇ ਤਾਂ ਵਿਗਿਆਨ ਦਾ ਕੋਈ ਖੇਤਰ ਨਹੀਂ ਜਿਸ ਬਾਰੇ ਪੰਜਾਬੀ ਵਿਚ ਪ੍ਰਵਚਨ ਨਾ ਹੋ ਰਿਹਾ ਹੋਵੇ। ਉਹ ਭਾਵੇਂ ਭੌਤਿਕ ਵਿਗਿਆਨ ਹੋਵੇ ਭਾਵੇਂ ਰਸਾਇਣ ਵਿਗਿਆਨ, ਭਾਵੇਂ ਬਨਸਪਤੀ ਵਿਗਿਆਨ ਹੋਵੇ ਭਾਵੇਂ ਜੀਵ ਵਿਗਿਆਨ। ਸੁਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਧੀਰ, ਵਿਦਵਾਨ ਸਿੰਘ ਸੋਨੀ, ਹਰਦੇਵ ਸਿੰਘ ਵਿਰਕ, ਸੀ. ਪੀ. ਕੰਬੋਜ ਆਦਿ ਵਿਗਿਆਨ ਦੇ ਖੇਤਰ ਵਿਚ ਅਨੇਕਾਂ ਲਿਖਾਰੀ ਵਿਗਿਆਨ ਦੀਆਂ ਨਵੀਆਂ ਤੋਂ ਨਵੀਆਂ ਖੋਜਾਂ ਬਾਰੇ ਪੰਜਾਬੀ ਵਿਚ ਲਗਾਤਾਰ ਲਿਖਦੇ ਰਹਿੰਦੇ ਹਨ। ਮੇਰੇ ਵਿਭਾਗ ਦੇ ਨੌਜੁਆਨ ਲਿਖਾਰੀ ਸੀ. ਪੀ. ਕੰਬੋਜ ਇਕੱਲੇ ਦੀਆਂ ਕੰਪਿਊਟਰ ਬਾਰੇ ਦੋ ਦਰਜਨ ਦੇ ਕਰੀਬ ਕਿਤਾਬਾਂ ਹਨ। ਪੰਜਾਬੀ ਅਸ਼ਟਾਧਿਆਈ, ਵਾਕਿਆਪਦੀ, ਚਰਕ ਸੰਹਿਤਾ, ਨਾਟ-ਸ਼ਾਸਤਰ, ਅਰਥ ਸ਼ਾਸਤਰ, ਵੇਦਾਂ ਤੇ ਉਪਨਿਸ਼ਦਾਂ ਦੀ ਵਾਰਿਸ ਹੈ। ਇਕੱਲੀ ਪੰਜਾਬੀ ਯੂਨੀਵਰਸਿਟੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਰ ਵਿਸ਼ੇ ‘ਤੇ ਪੰਜਾਬੀ ਦੀਆਂ ਕਿਤਾਬਾਂ ਛਾਪੀਆਂ ਹਨ। ਇਸ ਯੂਨੀਵਰਸਿਟੀ ਦੇ ਇਕੱਲੇ ਜੀਵ ਵਿਗਿਆਨ (Zoology) ਵਿਭਾਗ ਦੇ ਅਧਿਆਪਕਾਂ ਨੇ ਪੰਜਾਬੀ ਵਿਚ 32 ਕਿਤਾਬਾਂ ਛਾਪੀਆਂ ਹਨ। 26 ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਪਟਿਆਲੇ ਭਾਸ਼ਾ ਵਿਭਾਗ, ਪੰਜਾਬ ਵਿਚ ਪਈਆਂ ਪੰਜਾਬੀਆਂ ਦੀ ਸੂਝ ਅਤੇ ਗੈਰਤ ਨੂੰ ਕੋਸ ਰਹੀਆਂ ਹਨ।  ਸੋ ਜੇ ਕੋਈ ਇਹ ਕਹਿੰਦਾ ਹੈ ਕਿ ਪੰਜਾਬੀ  ਵਿਚ ਚਿੰਤਨ ਜਾਂ ਗਿਆਨ ਦਾ ਕਥਨ ਨਹੀਂ ਹੋ ਸਕਦਾ ਤਾਂ ਨਿਸਚੇ ਹੀ ਉਸ ਨੂੰ ਕੁਝ ਹੋਰ ਗਿਆਨ ਹਾਸਲ ਕਰਨ ਦੀ ਲੋੜ ਹੈ।
ਮੈਂ ਡਾ. ਮਨਮੋਹਨ ਹੁਰਾਂ ਦੇ ਚਰਚਾ ਹੇਠਲੇ ਲੇਖ ਨੂੰ ਵੀ ਗਿਆਨ ਦਾ ਪ੍ਰਵਚਨ ਹੀ ਸਮਝਦਾ ਹਾਂ ਤੇ ਅਜਿਹੇ ਕਿੰਨੇ ਲੇਖ ਪੰਜਾਬੀ ਦੀਆਂ ਇੱਕ ਦਿਨ ਦੀਆਂ ਅਖ਼ਬਾਰਾਂ ਵਿਚੋਂ ਹੀ ਲੱਭ ਜਾਂਦੇ ਹਨ।
ਮਨਮੋਹਨ ਹੁਰਾਂ ਦੇ ਵਿਚਾਰ ਕਿ ”ਪੰਜਾਬੀ ਰਾਹੀਂ ਚੇਤਨ ਸਿੱਖਿਆ ਪ੍ਰਾਪਤੀ/ਦੇਣੀ ਅੱਜ ਸੰਭਵ ਨਹੀਂ ਹੈ” ਦਾ ਵੀ ਕੋਈ ਵਾਸਤਵਿਕ ਅਧਾਰ ਨਹੀਂ ਹੈ। 1980 ਤੱਕ ਇੱਕਾ-ਦੁੱਕਾ ਸਕੂਲਾਂ ਨੂੰ ਛੱਡ ਕੇ ਪੰਜਾਬੀ ਦੇ ਸਾਰੇ ਸਕੂਲਾਂ ਵਿਚ ਗਿਆਨ-ਵਿਗਿਆਨ ਪੰਜਾਬੀ ਵਿਚ ਹੀ ਪੜ੍ਹਾਇਆ ਜਾਂਦਾ ਸੀ ਤੇ ਸਰਕਾਰੀ ਸਕੂਲਾਂ ਵਿਚ ਅੱਜ ਵੀ ਪੜ੍ਹਾਇਆ ਜਾ ਰਿਹਾ ਹੈ। ਹਾਲੇ ਕੋਈ ਸਬੂਤ ਨਹੀਂ ਆਇਆ ਕਿ ਜੇ ਪੜ੍ਹਾਈ ਠੀਕ ਕਰਾਈ ਜਾਵੇ ਤਾਂ ਪੰਜਾਬੀ ਮਾਧਿਅਮ ਵਿਚ ਸਕੂਲੀ ਸਿੱਖਿਆ ਪ੍ਰਾਪਤ ਵਿਦਿਆਰਥੀ ਅੰਗਰੇਜ਼ੀ ਮਾਧਿਅਮ ਵਿਚ ਸਕੂਲੀ ਸਿੱਖਿਆ ਪ੍ਰਾਪਤ ਵਿਦਿਆਰਥੀ ਨਾਲੋਂ ਸਿੱਖਿਆ ਵਿਚ ਜਾਂ ਅੰਗਰੇਜ਼ੀ ਵਿਚ ਪਿੱਛੇ ਰਹਿ ਜਾਂਦਾ ਹੈ। ਮਾਨਵ/ਸਮਾਜ ਵਿਗਿਆਨਾਂ ਅਤੇ ਕਲਾਵਾਂ ਦਾ ਪੀ-ਐੱਚ.ਡੀ. ਪੱਧਰ ਦਾ ਅਧਿਐਨ ਤੇ ਅਧਿਆਪਨ ਪੰਜਾਬੀ ਰਾਹੀਂ ਹੋ ਰਿਹਾ ਹੈ। ਅਸਲ ਵਿਚ ਮਾਨਵ ਵਿਗਿਆਨਾਂ ਦੀ ਕਿਸੇ ਭਾਸ਼ਾ ਵਿਚ ਪੜ੍ਹਾਈ ਵਿਗਿਆਨਾਂ ਨਾਲੋਂ ਵੀ ਮੁਸ਼ਕਲ ਹੁੰਦੀ ਹੈ ਕਿਉਂਕਿ ਮਾਨਵ ਵਿਗਿਆਨਾਂ ਦੇ ਸੰਕਲਪ ਅਮੂਰਤ ਹੁੰਦੇ ਹਨ। ਸੋ, ਜਿਸ ਭਾਸ਼ਾ ਵਿਚ ਮਾਨਵ ਵਿਗਿਆਨਾਂ ਤੱਕ ਦੀ ਪੜ੍ਹਾਈ ਕਰਾਈ ਜਾ ਰਹੀ ਹੋਵੇ ਉਸ ਵਿਚ ਵਿਗਿਆਨਾਂ ਦੀ ਪੜ੍ਹਾਈ ਤਾਂ ਬੜੀ ਹੀ ਸੌਖੀ ਹੈ। ਜੋ ਨੁਕਸ ਮਨਮੋਹਨ ਪੰਜਾਬੀ ਵਿਚ ਅੱਜ ਕੱਢ ਰਹੇ ਹਨ ਇਹੀ ਨੁਕਸ ਬ੍ਰਾਹਮਣਵਾਦੀ ਧਾਰਾ ਉਸ ਸਮੇਂ ਦੀਆਂ ਲੋਕ ਬੋਲੀਆਂ ਵਿੱਚ ਕੱਢਦੀ ਸੀ। ਉਹ ਲੋਕ ਬੋਲੀਆਂ ਜਿੰਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ। ਯੂਰਪ ਦੇ ਬ੍ਰਾਹਮਣਵਾਦੀ ਵੀ ਸਿਰਫ਼ ਲਾਤੀਨੀ ਨੂੰ ਹੀ ਚਿੰਤਨ ਦੀ ਭਾਸ਼ਾ ਦਾ ਰੁਤਬਾ ਦੇਂਦੇ ਸਨ। ਉਹ ਪਹਿਲਾਂ ਫਰਾਂਸੀਸੀ ਨੂੰ ਤੇ ਫਿਰ ਜਰਮਨ ਤੇ ਅੰਗਰੇਜ਼ੀ ਨੂੰ ਗਵਾਰਾਂ ਦੀ ਭਾਸ਼ਾ ਹੀ ਕਹਿੰਦੇ ਸਨ। ਇਹ ਗੱਲ ਹੈ ਵੀ ਉਸ ਸਮੇਂ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਾਬ ਵਿਚ ਹੋ ਚੁੱਕੀ ਸੀ।
ਜੇ ਵਿਗਿਆਨਾਂ ਦੀ ਸਕੂਲ ਤੋਂ ਬਾਅਦ ਦੀ ਪੜ੍ਹਾਈ ਪੰਜਾਬੀ ਵਿਚ ਨਹੀਂ ਕਰਾਈ ਜਾ ਰਹੀ ਤਾਂ ਇਸ ਦਾ ਕਾਰਣ ਪੰਜਾਬੀ ਭਾਸ਼ਾ ਦੀ ਸਮਰੱਥਾ ਨਹੀਂ ਬਲਕਿ ਸਰਕਾਰਾਂ ਅਤੇ ਭਾਰੂ ਵਰਗ ਨੂੰ ਹੋਇਆ ਗਿਆਨ ਅੰਧਰਾਤਾ ਅਤੇ ਅਧਰੰਗ ਹੈ ਜੋ ਗਿਆਨ ਅਤੇ ਭਾਸ਼ਾ ਦੇ ਸਬੰਧ ਬਾਰੇ, ਸਿੱਖਿਆ ਅਤੇ ਭਾਸ਼ਾ ਦੇ ਸਬੰਧ ਬਾਰੇ ਅਤੇ ਕੋਈ ਵਿਦੇਸ਼ੀ ਭਾਸ਼ਾ ਕਿਵੇਂ ਸਿੱਖੀ ਜਾਂਦੀ ਹੈ ਬਾਰੇ ਜਾਂ ਸੌ ਫੀਸਦੀ ਅਗਿਆਨਤਾ ਵਿਚ ਜਿਉਂ ਰਹੇ ਹਨ ਜਾਂ ਸਵਾਰਥ ਨੇ ਉਹਨਾਂ ਨੂੰ ਸਮਾਜੀ ਸੰਵੇਦਨਾ ਤੋਂ ਪੂਰੀ ਤਰ੍ਹਾਂ ਹੀਣੇ ਕਰ ਦਿੱਤਾ ਹੈ।
ਮਨਮੋਹਨ ਹੁਰਾਂ ਨੇ ਇਹ ਵੀ ਲਿਖਿਆ ਹੈ ਕਿ ਹਕੂਮਤ ਇਸ ਲਈ ਪੰਜਾਬੀ ਨੂੰ ਹਾਕਮੀਅਤ ਦੀ ਸਥਿਤੀ ਨਹੀਂ ਦੇ ਰਹੀ ਕਿਉਂਕਿ ਇਸ ਨਾਲ ”ਢਿੱਡ ਨਹੀਂ ਭਰਿਆ ਜਾ ਸਕਦਾ,” ਯਾਨੀ ਕਿ ਪੰਜਾਬੀ ਨਾਲ ਰੁਜ਼ਗਾਰ ਨਹੀਂ ਮਿਲਦਾ। ਕਿੰਨੀ ਬੇਨਿਆਈ ਹੈ! ਪਹਿਲਾਂ ਪੰਜਾਬੀ ਨੂੰ ਪੰਜਾਬ ਵਿਚ ਵੀ ਚੰਗੀ ਆਮਦਨ ਵਾਲੇ ਰੁਜ਼ਗਾਰ ‘ਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਕਿਹਾ ਜਾਂਦਾ ਹੈ ਕਿ ਪੰਜਾਬੀ ਨਾਲ ਢਿੱਡ ਨਹੀਂ ਭਰਦਾ।
ਮਨਮੋਹਨ ਹੁਰਾਂ ਦਾ ਪੰਜਾਬੀ ਨੂੰ ਹਕੂਮਤ ਦੀ ਕੁਰਸੀ ‘ਤੇ ਬਿਠਾਉਣ ਲਈ ਸੁਝਾਅ ਹੈ ਕਿ ”ਪੰਜਾਬੀ ਭਾਸ਼ਾ ਨੂੰ ਅਕਾਦਮਿਕ ਅਤੇ ਪ੍ਰੋਫ਼ੈਸ਼ਨਲ ਲੁੱਕ ਦੇ ਕੇ ਗਿਆਨ/ਚਿੰਤਨ ਦੀ ਭਾਸ਼ਾ ਬਣਾਉਣਾ ਲਾਜ਼ਮੀ ਹੈ।” ਉਹਨਾਂ ਦਾ ਵਿਚਾਰ ਹੈ ਕਿ ”ਜਦੋਂ-ਜਦੋਂ ਪੰਜਾਬੀ ਭਾਵੁਕਤਾ ਦੇ ਜੂਲੇ ਚੋਂ ਨਿਕਲ ਕੇ ਗਿਆਨ ਦੀ ਭਾਸ਼ਾ ਬਣੇਗੀ, ਪੰਜਾਬੀ ਭਾਸ਼ਾ ਤਿਵੇਂ-ਤਿਵੇਂ ਸੱਤਾ ਦੀ ਭਾਗੀਦਾਰ ਬਣੇਗੀ। ਉਦੋਂ ਵੇਲੇ ਦੀਆਂ ਹਕੂਮਤਾਂ ਵੀ ਪੰਜਾਬੀ ਪਛਾਣ ਨੂੰ ਸਵੀਕਾਰ ਕਰਨਗੀਆਂ ਅਤੇ ਵੇਲੇ ਦੇ ਹੁਕਮ ਦੀ ਭਾਸ਼ਾ ਬਣਾਉਣਗੀਆਂ।”
ਯਾਨੀ ਕਿ, ਵੇਲੇ ਦੀਆਂ ਹਕੂਮਤਾਂ ਉਸ ਭਾਸ਼ਾ ਨੂੰ ਹੀ ਹੁਕਮ ਦੀ ਭਾਸ਼ਾ ਬਣਾਉਂਦੀਆਂ ਹਨ ਜੋ ਗਿਆਨ ਦੀ ਭਾਸ਼ਾ ਹੋਵੇ। ਜੇ ਇਹ ਗੱਲ ਸਹੀ ਹੈ ਤਾਂ ਮਨਮੋਹਨ ਹੁਰਾਂ ਦਾ ਲਿਖਿਆ ਸਾਰਾ ਹੀ ਅਜਾਈਂ ਚਲਾ ਗਿਆ ਹੈ, ਕਿਉਂਕਿ ਭਾਰਤ ਸਰਕਾਰ ਦੇ ਸਾਰੇ ਦਸਤਾਵੇਜ਼ ਇਹੀ ਆਦੇਸ਼ ਦਿੰਦੇ ਹਨ ਕਿ ਪ੍ਰਾਂਤਾਂ ਦਾ ਪ੍ਰਸ਼ਾਸਨਿਕ ਕੰਮ-ਕਾਜ ਅਤੇ ਸਿੱਖਿਆ ਉਸ ਪ੍ਰਾਂਤ ਦੀ ਸਥਾਨਕ ਭਾਸ਼ਾ ਵਿਚ ਹੋਵੇ। ਪੰਜਾਬ ਸਰਕਾਰ ਨੇ ਵੀ ਪਹਿਲਾਂ 1967 ਵਿਚ ਤੇ ਮੁੜ 2008 ਵਿਚ ਕਾਨੂੰਨ ਪਾਸ ਕੀਤਾ ਹੈ ਕਿ ਸਾਰਾ ਸਰਕਾਰੀ ਕੰਮ-ਕਾਜ ਪੰਜਾਬੀ ਵਿਚ ਹੋਵੇ। ਇੰਜ ਪੰਜਾਬੀ ਭਾਸ਼ਾ ਨੂੰ ਗਿਆਨ ਦੀ ਭਾਸ਼ਾ ਹੋਣ ਦਾ ਹਾਕਮੀ ਸਬੂਤ ਵਿਚਾਰਧਾਰਕ ਪੱਧਰ ‘ਤੇ ਤਾਂ ਮਿਲ ਹੀ ਚੁੱਕਾ ਹੈ। ਲੋੜ ਬੱਸ ਇਹਨੂੰ ਵਿਹਾਰ ਵਿਚ ਢਾਲਣ ਦੀ ਹੈ।
ਅੰਤ ‘ਤੇ ਮੈਂ ਨੋਬਲ ਇਨਾਮ ਜੇਤੂ ਅਮਰਤਿਆ ਸੇਨ ਦੀ ਇੱਕ ਗੱਲ ਜੋ ਉਹ ਅਕਸਰ ਕਹਿੰਦੇ ਹਨ ਪਾਠਕਾਂ ਨਾਲ ਸਾਂਝੀ ਕਰਨੀ ਚਾਹਵਾਂਗਾ। ਉਹਨਾਂ ਅਨੁਸਾਰ ਭਾਰਤ ਦੀ ਪੁਰਾਣੀ ਸੰਵਾਦ ਪਰੰਪਰਾ ਇਸ ਕਰਕੇ ਬਹੁਤ ਕਮਜ਼ੋਰ ਪਏ ਗਈ ਹੈ ਕਿ ਅਸੀਂ ਮਾਹਿਰ ਰਾਏ ਨੂੰ ਬਿਨਾਂ ਜਾਣੇ ਐਵੇਂ ਗੱਲਾਂ ਕਰੀਂ ਜਾਂਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਅਸੀਂ ਜਾਤੀ ਜਿਹੇ ਪ੍ਰਭਾਵਾਂ ਵਾਲੀਆਂ ਗੱਲਾਂ ਕਰੀ ਜਾਂਦੇ ਹਾਂ ਜਿਨ੍ਹਾਂ ਦਾ ਕੋਈ ਮਾਹਿਰ (ਪ੍ਰੋਫ਼ੈਸ਼ਨਲ) ਗਿਆਨਾਤਮਕ ਅਧਾਰ ਨਹੀਂ ਹੁੰਦਾ। ਸੋ ਵਿਦਵਾਨ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਾਤੀ ਅਣਪੜਚੋਲੇ ਪ੍ਰਭਾਵਾਂ ਨੂੰ ਵਿਦਵੱਤਾ ਦਾ ਕਥਨ ਨਾ ਐਲਾਨਿਆ ਜਾਵੇ।
(ਪੰਜਾਬੀ ਫ਼ੀਚਰ ਸਰਵਿਸ)
ਪ੍ਰੋਫ਼ੈਸਰ ਅਤੇ ਮੁਖੀ
ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ : 99157-09582
ਈ-ਮੇਲ : jogasinghvirk0yahoo.co.in