ਸਪਤਸਿੰਧੂ
ਡਾ. ਸੁਖਦਿਆਲ ਸਿੰਘ
ਸਰੋਤ ਪੁਸਤਕ: ਪੰਜਾਬ ( ਆਦਿ ਕਾਲ ਤੋਂ ਆਧੁਨਿਕ ਕਾਲ ਤਕ ) ਪੰਨਾ: 107 ਤੋਂ 123
ਸਪਤਸਿੰਧੂ ਦਾ ਵਿਸ਼ਾ ਐਸਾ ਹੈ, ਜਿਸ ਦਾ ਵਰਨਣ ਕਿਸੇ ਵੀ ਲਿਖਤ ਵਿਚ ਨਹੀਂ ਮਿਲਦਾ। ਸਿਰਫ ਸਪਤਸਿੰਧੂ ਨਾਂ ਦਾ ਸ਼ਬਦ ਸਾਹਮਣੇ ਹੈ। ਇਹ ਇਕ ਵਿਸ਼ੇਸ਼ ਖੇਤਰ ਦਾ ਨਾਂ ਸੀ ਲੇਕਿਨ ਇਹ ਖੇਤਰ ਕਿਹੜਾ ਸੀ? ਕਿਥੇ ਸੀ? ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਪੰਜਾਬ ਦੇ ਕੁਝ ਇਤਿਹਾਸਕਾਰ ਇਸ ਖਿੱਤੇ ਨੂੰ ਸਿੰਧ ਦਰਿਆ ਦੇ ਖੇਤਰ ਅਤੇ ਪੰਜਾਬ ਦੇ ਖੇਤਰ ਨਾਲ ਪਛਾਣ ਕਰ ਰਹੇ ਹਨ ਲੇਕਿਨ ਇਹ ਪਛਾਣ ਸਪਤਸਿੰਧੂ ਦੇ ਅਰਥਾਂ ਨਾਲ ਮੇਲ ਨਹੀਂ ਖਾਂਦੀ। ਅਸਲ ਵਿਚ ਇਸ ਦੇ ਅਰਥ ਵੀ ਗਲਤ ਸਮਝੇ ਗਏ ਹਨ। ਸਪਤਸਿੰਧੂ ਦੇ ਅਰਥ ਹਨ ‘ਸੱਤ ਦਰਿਆ’ ਅਰਥਾਤ ਉਹ ਖੇਤਰ ਜਿੱਥੇ ਸੱਤ ਦਰਿਆ ਵਹਿੰਦੇ ਹਨ । ਸਿੰਧ ਖੇਤਰ ਅਤੇ ਪੰਜਾਬ ਖੇਤਰ ਵਿਚ ਛੇ ਵੱਡੇ ਦਰਿਆ ਵਹਿੰਦੇ ਹਨ। ਸਾਡੇ ਇਤਿਹਾਸਕਾਰਾਂ ਨੇ ਇਨ੍ਹਾਂ ਛੇ ਦਰਿਆਵਾਂ ਨਾਲ ਸੱਤਵਾਂ ਜਾਂ ਤਾਂ ਘੱਗਰ ਨੂੰ ਜੋੜ ਰੱਖਿਆ ਹੈ ਜਾਂ ਸਰਸਵਤੀ ਨੂੰ ਅਤੇ ਜਾਂ ਜਮੁਨਾ ਨੂੰ। ਲੇਕਿਨ ਇਹ ਤਿੰਨੇ ਦਰਿਆ ਕਿਸੇ ਵੀ ਸੂਰਤ ਵਿਚ ਸਿੰਧ ਦੇ ਤੱਟੀ ਖੇਤਰ ਨਾਲ ਇਕਰੂਪਤਾ ਨਹੀਂ ਰੱਖਦੇ । ਸਿੰਧ ਆਪਣੇ ਆਪ ਵਿਚ ਹੀ ਇਕ ਵੱਖਰਾ ਤੱਟੀ ਖੇਤਰ ਹੈ। ਇਸ ਦੀ ਇਕ ਇਕਾਈ ਦੇ ਤੌਰ ਤੇ ਨਾ ਹੀ ਪੰਜਾਬ ਦੇ ਪੰਜਾਂ ਦਰਿਆਵਾਂ ਵਿਚ ਗਿਣਤੀ ਹੋ ਸਕਦੀ ਹੈ ਅਤੇ ਨਾ ਹੀ ਇਸ ਦੇ ਪੱਛਮੀ ਸਹਾਇਕ ਦਰਿਆਵਾਂ ਨਾਲ ਜੋੜ ਕੇ ਗਿਣਤੀ ਕੀਤੀ ਜਾ ਸਕਦੀ ਹੈ।

ਜਿਸ ਤਰ੍ਹਾਂ ਸਿੰਧ ਦੇ ਪੂਰਬ ਵੱਲ ਪੰਜਾਬ ਦੇ ਪੰਜ ਦਰਿਆ ਇਸ ਦੀਆਂ ਸਹਾਇਕ ਸ਼ਾਖਾਵਾਂ ਹਨ। ਉਸੇ ਤਰ੍ਹਾਂ ਇਸ ਦੇ ਪੱਛਮ ਵੱਲ ਵੀ ਅਫਗਾਨਿਸਤਾਨ ਦੀ ਧਰਤੀ ਉਪਰ ਪੰਜ ਵੱਡੇ ਦਰਿਆ ਇਸ ਦੇ ਸਹਾਇਕ ਹਨ। ਇਨ੍ਹਾਂ ਦੇ ਨਾਂ ਹਨ: ੧. ਕੁਭਾ, ੨. ਕਰਮੂ, ੩. ਗੋਮਤੀ, ੪. ਰਸਾ, ੫. ਸਵਾਤ (ਸਵਾਸਤੂ)। ਸਹਾਇਕ ਦਾ ਮਤਲਬ ਹੈ ਕਿ ਜਿਹੜਾ ਦਰਿਆ ਇਸ ਵਿਚ ਆ ਕੇ ਮਿਲੇ । ਇਸ ਤਰ੍ਹਾਂ ਸਿੰਧ ਦਸ ਸਹਾਇਕ ਦਰਿਆਵਾਂ ਵਾਲਾ ਇਕ ਵਿਸ਼ਾਲ ਦਰਿਆ ਹੈ। ਇਹ ਕਿਸੇ ਵੀ ਤਰ੍ਹਾਂ ਸੱਤ ਦਰਿਆਵਾਂ ਦੇ ਨਾਮਕਰਣ ਵਿਚ ਨਹੀਂ ਆ ਸਕਦਾ। ਇਸ ਰੋਸ਼ਨੀ ਵਿਚ ਸਪਤਸਿੰਧੂ ਦੀ ਜਿਹੜੀ ਪਛਾਣ ਪੰਜਾਬ ਨਾਲ ਕੀਤੀ ਗਈ ਹੈ, ਉਹ ਇਕ ਕਲਪਨਾ ਮਾਤਰ ਹੀ ਹੈ। ਇਸ ਦੀ ਅਸਲੀਅਤ ਕਿਤੇ ਹੋਰ ਹੈ। ਅਸਲ ਵਿਚ ਸਾਡੇ ਇਤਿਹਾਸਕਾਰਾਂ ਨੇ ਸਪਤਸਿੰਧੂ ਵਿਚਲੇ ਸ਼ਬਦ ਸਿੰਧੂ ਨੂੰ ਸਿੰਧ ਦਰਿਆ ਸਮਝ ਰੱਖਿਆ ਹੈ। ਸਿੰਧ ਦਰਿਆ ਸਮਝਣ ਕਰਕੇ ਉਹ ਇਸ ਦੇ ਅਰਥ ਸੱਤ ਦਰਿਆਵਾਂ ਵਾਲਾ ਸਿੰਧ ਸਮਝ ਰਹੇ ਹਨ। ਸਪਤਸਿੰਧੂ ਵਿਚ ਸਿੰਧੂ ਦੇ ਅਰਥ ਸਿਰਫ ਪਾਣੀ ਜਾਂ ਦਰਿਆ ਦੇ ਹਨ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਸਿੰਧ ਦਾ ਅਰਥ ਪਾਣੀ ਤੋਂ ਹੈ, ਸਿੰਧ ਦਰਿਆ ਤੋਂ ਨਹੀਂ । ਇਸ ਤਰ੍ਹਾਂ ਸਪਤਸਿੰਧੂ ਦੇ ਅਰਥ ਗਲਤ ਸਮਝਣ ਨਾਲ ਇਸ ਦਾ ਸਮੁੱਚਾ ਭਾਵ ਹੀ ਬਦਲ ਜਾਂਦਾ ਹੈ। ਇਹ ਸੱਤ ਦਰਿਆਵਾਂ ਵਾਲੀ ਧਰਤੀ, ਪੰਜਾਬ ਅਤੇ ਸਿੰਧ ਖੇਤਰ ਤੋਂ ਪਰੇ ਕਿਤੇ ਕੋਈ ਹੋਰ ਧਰਤੀ ਹੈ। ਲੇਕਿਨ ਇਸ ਦੀ ਤਲਾਸ਼ ਕਿਸੇ ਨੇ ਨਹੀਂ ਕੀਤੀ। ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿਚ ਹੁਣ ਤੱਕ ਜੋ ਚਰਚਾ ਸਪਤਸਿੰਧੂ ਦੀ ਚਲਦੀ ਆ ਰਹੀ ਹੈ ਉਹ ਕਾਲਪਨਿਕ ਅਖ਼ਤਿਆਰ ਕਰ ਗਈ ਇਤਿਹਾਸਕ ਖੋਜ ਕਲਪਨਾ ਨੂੰ ਖ਼ਤਮ ਕਰਕੇ ਅਸਲੀਅਤ ਸਾਹਮਣੇ ਲਿਆਉਣ ਦੀ ਹੁੰਦੀ ਹੈ। ਇਸ ਲੇਖ ਵਿੱਚ ਇਹ ਹੀ ਕੋਸ਼ਿਸ਼ ਕੀਤੀ ਗਈ ਹੈ।
ਸਪਤਸਿੰਧੂ ਦਾ ਪਹਿਲੀ ਵਾਰ ਜ਼ਿਕਰ ਪਾਰਸੀਆਂ ਦੇ ਗ੍ਰੰਥ ਜੇਂਦ ਅਵੇਸਤਾ ਵਿੱਚ ‘ਹਪਤ ਹੋਂਦੂ’ ਜਾਂ ‘ਹਪਤ ਹਿੰਦੂ’ ਦੇ ਰੂਪ ਵਿੱਚ ਆਇਆ ਹੈ। ਜੇਂਦ ਅਵੇਸਤਾ, ਰਿੱਗਬੇਦ ਤੋਂ ਪਹਿਲਾਂ ਦਾ ਗ੍ਰੰਥ ਹੈ। ਸਪੱਸ਼ਟ ਹੈ ਕਿ ਜਿਸ ਸ਼ਬਦ ਦਾ ਪਹਿਲਾ ਜ਼ਿਕਰ ਭਾਰਤੀ ਉਪ-ਮਹਾਂਦੀਪ ਤੋਂ ਬਾਹਰਲੇ ਦੇਸ ਦੀ ਬੋਲੀ ਵਿੱਚ ਲਿਖੇ ਗ੍ਰੰਥ ਵਿੱਚ ਆਇਆ ਹੋਵੇ ਤਾਂ ਉਸ ਵਾਰੇ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਇਸ ਨਾਂ ਦਾ ਦੇਸ਼ ਵੀ ਭਾਰਤੀ ਉਪ-ਮਹਾਂਦੀਪ ਤੋਂ ਬਾਹਰ ਕਿਤੇ ਹੋਰ ਥਾਂ ਤੇ ਸੀ। ਇਹ ਮੰਨਿਆ ਜਾ ਚੁੱਕਾ ਹੈ ਕਿ ‘ਰਿੱਗਬੇਦ ਅਤੇ ਜੇਂਦ ਅਵੇਸਤਾ’ ਵਿੱਚ ਕਾਫੀ ਕੁਝ ਸਾਂਝਾ ਹੈ। ਮੋਟੇ ਜਿਹੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਜੇਂਦ ਅਵੇਸਤਾ ਅਤੇ ਰਿੱਗਬੇਦ ਆਰੀਆ ਲੋਕਾਂ ਦੇ ਸਾਂਝੇ ਪਿਛੋਕੜ ਦੀ ਤਰਜਮਾਨੀ ਕਰਦੇ ਹਨ। ਜੇਂਦ ਅਵੇਸਤਾ ਵਿਚਲੀ ‘ਹ’ ਅੱਖਰ ਦੀ ਆਵਾਜ਼ ਰਿੱਗਵੇਦ ਵਿੱਚ ‘ਸ’ ਅੱਖਰ ਨਾਲ ਬਣਾਈ ਗਈ ਹੈ। ਇਸ ਤਰ੍ਹਾਂ ਜੇਂਦ ਅਵੇਸਤਾ ਦਾ ‘ਹਪਤਹੋਂਦੂ’ ਰਿਗਵੇਦ ਦਾ ‘ਸਪਤਸਿੰਧੂ’ ਬਣ ਗਿਆ ਅਤੇ ਜੇਂਦ ਅਵੇਸਤਾ ਦੀ ‘ਹਰਹਾਵਤੀ’ ਰਿਗਵੇਦ ਦੀ ‘ਸਰਸਵਤੀ’ ਬਣ ਗਈ ਹੈ। ਜਿਵੇਂ ਭਾਰਤ ਦਾ ਨਾਂ ‘ਇੰਡੀਆ’ ਯੂਨਾਨੀਆਂ ਨੇ ਇੰਡਸ ਰਿਵਰ ਤੋਂ ਵਿਕਸਿਤ ਕੀਤਾ ਸੀ, ਇਸੇ ਤਰ੍ਹਾਂ ਸਿੰਧ ਦਰਿਆ ਤੋਂ ਹੀ ‘ਸ’ ਨੂੰ ‘ਹ’ ਅੱਖਰ ਵਿਚ ਬਦਲ ਕੇ ਹਿੰਦੁਤਸਾਨ ਨਾਂ ਪਰਚੱਲਤ ਹੋਇਆ ਹੈ। ਹਿੰਦੂ ਜੇਂਦ ਅਵੇਸਤਾ ਤੋਂ ਲਿਆ ਗਿਆ ਸ਼ਬਦ ਹੈ। ਹਿੰਦੁਸਤਾਨ ਦੇ ਅਖਰੀ ਅਰਥ ਹਨ ‘ਦਰਿਆ ਸਿੰਧ ਦੇ ਖੇਤਰ ਵਿਚ ਰਹਿਣ ਵਾਲੇ ਸਿੰਧ ਲੋਕ’। ਇਹ ਸਿੰਧ ਲੋਕ ਹਿੰਦ ਕਹੇ ਜਾਣ ਲੱਗ ਪਏ।
ਅਸਲ ਵਿਚ ਹਿੰਦੁਸਤਾਨ ਨਾਂ ਇਰਾਨੀ ਲੋਕਾਂ ਦਾ ਹੀ ਦਿੱਤਾ ਹੋਇਆ ਹੈ। ਇਰਾਨ ਦੇ ਲੋਕ ਸਿੰਧ ਦਰਿਆ ਉਪਰ ਰਹਿਣ ਵਾਲੇ ਲੋਕਾਂ ਨੂੰ ਹਿੰਦੂ (ਸਿੰਧੂ) ਕਹਿੰਦੇ ਸਨ ਅਤੇ ਸਿੰਧ ਦਰਿਆ ਦੇ ਤਟੀ ਖੇਤਰ ਨੂੰ ਹਿੰਦੁਸਤਾਨ (ਸਿੰਧਸਤਾਨ) ਕਹਿੰਦੇ ਸਨ। ਇਸ ਤਰ੍ਹਾਂ ਹਿੰਦੂ ਅਤੇ ਹਿੰਦੁਸਤਾਨ ਨਾਂ, ਨਾ ਹੀ ਤਾਂ ਵੈਦਿਕ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਦਰਸਾਉਂਦਾ ਹੈ ਅਤੇ ਨਾ ਹੀ ਅੱਜ ਦੇ ਭਾਰਤ ਦੇਸ ਨੂੰ ਦਰਸਾਉਂਦਾ ਹੈ । ਇਹ ਨਾਂ ਸਿਰਫ ਸਿੰਧ ਦਰਿਆ ਦੇ ਖੇਤਰ ਨੂੰ ਅਤੇ ਇਸ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਦਰਸਾਉਂਦਾ ਹੈ। ਹਿੰਦੂ ਅਤੇ ਹਿੰਦੁਸਤਾਨ, ਸਿੰਧ ਘਾਟੀ ਦੀ ਸੱਭਿਅਤਾ ਦੇ ਖਾਸੇ ਨੂੰ ਦਰਸਾਉਣ ਵਾਲੇ ਸ਼ਬਦ ਹਨ। 1
ਇਸ ਤਰ੍ਹਾਂ ਜਿਵੇਂ ਹਿੰਦੂ ਸ਼ਬਦ ਦੀ ਉਤਪਤੀ ਭਾਰਤੀ ਉਪ-ਮਹਾਂਦੀਪ ਤੋਂ ਬਾਹਰ ਦੇ ਕਿਸੇ ਖਿੱਤੇ ਦੀ ਬੋਲੀ (ਗ੍ਰੰਥ) ਵਿਚੋਂ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਸਪਤ ਤੋਂ ਸਿੰਧੂ ਸ਼ਬਦ ਦੀ ਉਤਪਤੀ ਵੀ ਭਾਰਤੀ ਉਪ-ਮਹਾਂਦੀਪ ਤੋਂ ਬਾਹਰ ਦੇ ਕਿਸੇ ਖਿੱਤੇ ਦਾ ਬੋਲੀ (ਗਰੰਥ) ਵਿਚੋਂ ਹੋਈ ਹੈ। ਇਹੀ ਇਕੋ ਗੱਲ ਇਸ ਤੱਥ ਨੂੰ ਸਾਬਤ ਕਰ ਦਿੰਦੀ ਹੈ ਕਿ ਸਪਤਸਿੰਧੂ ਨਾਂ ਦਾ ਜੇਕਰ ਕੋਈ ਖੇਤਰ (ਦੇਸ) ਸੀ ਤਾਂ ਉਹ ਭਾਰਤੀ ਉਪ-ਮਹਾਂਦੀਪ ਤੋਂ ਕਿਤੇ ਬਾਹਰ ਸੀ । ਜਰਤੂਸਤ ਧਰਮ, ਜਿਸ ਦਾ ਮੂਲ ਧਰਮ ਗਰੰਥ ਜੇਂਦ ਅਵੇਸਤਾ ਹੈ, ਦੀ ਉਤਪਤੀ ਅਜਰਬਾਈਜਾਨ ਦੇ ਖੇਤਰ ਵਿਚ ਹੋਈ ਸੀ 2 ਅਤੇ ਸਪਰਸਿੰਧੂ ਨੂੰ ਵੀ ਪੰਡਿਤ ਕਸ਼ੇਤਰੇਸ ਚੰਦਰ ਚਟੋਪਾਧਿਆਏ ਨੇ ਰਿਗਵੇਦ ਦੇ ਅਧਾਰ ‘ਤੇ ਤੁਰਕਮੇਨਸਤਾਨ ਦੇ ਖੇਤਰ ਵਿਚ ਦੱਸਿਆ ਹੈ। ਆਜਰਬਾਈਜਾਨ ਅਤੇ ਤੁਰਕਮੇਨਸਤਾਨ ਇਹ ਦੋਵੇਂ ਖੇਤਰ ਹੀ ਦੱਖਣੀ ਰੂਸ ਦੀ ਧਰਤੀ ਉਪਰ ਹਨ। ਇਹ ਥਾਂ, ਵੱਖ-ਵੱਖ ਥਾਵਾਂ ਤੇ ਪਸਰਨ ਤੋਂ ਪਹਿਲਾਂ, ਆਰੀਆ ਲੋਕਾਂ ਦੀ ਜਨਮ ਭੂਮੀ ਸੀ। ਕਿੰਗਫਿਸਰ ਹਿਸਟਰੀ ਇਨਸਾਈਕਲੋਪੀਡੀਆ ਵਿਚ ਲਿਖਿਆ ਗਿਆ ਹੈ ਕਿ ਤਕਰੀਬਨ ੩੫੦੦ ਸਾਲ ਪਹਿਲਾਂ ਪਸ਼ੂ ਚਾਰਨ ਵਾਲੇ ਲੋਕਾਂ ਦਾ ਇਕੱਠ ਹਿੰਦੂਕੁਸ਼ ਪਹਾੜਾਂ ਨੂੰ ਪਾਰ ਕਰਕੇ ਉਸ ਜ਼ਮੀਨ ਤੇ ਪਹੁੰਚਿਆ ਸੀ ਜਿਸ ਨੂੰ ਅੱਜਕੱਲ੍ਹ ਪਾਕਿਸਤਾਨ ਅਤੇ ਭਾਰਤ ਕਿਹਾ ਜਾਂਦਾ ਹੈ। ਇਹ ਉਹ ਆਰੀਆ ਲੋਕ ਸਨ ਜਿਹੜੇ ਦੱਖਣੀ ਰੂਸ ਵਿਚਲੀ ਆਪਣੀ ਮੁਢਲੀ ਮਾਤਭੂਮੀ ਤੋਂ ਭੱਜ ਰਹੇ ਸਨ। ਕਿਸੇ ਕੁਦਰਤੀ ਆਫਤ, ਸੰਭਵ ਤੌਰ ਤੇ ਸੋਕੇ ਜਾਂ ਬਿਮਾਰੀ ਨੇ, ਉਨ੍ਹਾਂ ਨੂੰ ਇਥੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ ਸੀ। ਇਥੋਂ ਉਹ ਐਨਟੋਲੀਆ (ਤੁਰਕੀ), ਪਰਸ਼ੀਆ (ਈਰਾਨ) ਅਤੇ ਅੰਤਮ ਤੌਰ ‘ਤੇ ਭਾਰਤ ਵਿਚ ਚਲੇ ਗਏ ਸਨ । (About ੩੪੦੦ years ago a band of Pastoralists crossed the mountains of the Hindukush into the lands which are Pakistan and India. They were the Aryans, fleeing from their original homelands in Southern Russia. A natural disaster, possibly drought or disease, made them move. They went to Antolia, Persia and finally to India.) 3
ਜੇਂਦ ਅਵੇਸਤਾ ਦੀ ਰਚਨਾ ਭਾਵੇਂ ਰਿਗਵੇਦ ਵਾਂਗ ਵੱਖ ਵੱਖ ਸਮਿਆਂ ਵਿਚ ਹੋਈ ਸੀ ਪਰ ਜੇਂਦ ਅਵੇਸਤਾ ਦਾ ਜੋ ਮੌਲਿਕ ਤੇ ਪਹਿਲਾ ਰੂਪ ਹੈ, ਉਹ ਰਿਗਵੇਦ ਤੋਂ ਪਹਿਲਾਂ ਲਿਖਿਆ ਜਾ ਚੁੱਕਿਆ ਸੀ । ਇਸ ਗੱਲ ਦੀ ਪੁਸ਼ਟੀ ਇਸ ਤੱਥ ਤੋਂ ਹੋ ਜਾਂਦੀ ਹੈ ਕਿ ਭਾਰਤ ਭੂਮੀ ਵਿਚ (ਸਿੰਧ ਖੇਤਰ) ਪਰਵੇਸ਼ ਕਰਨ ਤੋਂ ਪਹਿਲਾਂ ਆਰੀਆ ਲੋਕ ਪਰਸ਼ੀਆ (ਇਰਾਨ) ਵਿਚ ਵੱਸ ਚੁੱਕੇ ਸਨ। ਭਾਰਤ ਵਿਚ ਪਰਵੇਸ਼ ਕਰਨ ਵਾਲੇ ਆਰੀਆ ਲੋਕ ਪਰਸ਼ੀਆ ਵਿਚੋਂ ਹੀ ਆਏ ਸਨ। ਇਹ ਵੀ ਇਕ ਕਾਰਨ ਹੈ ਕਿ ਜੇਂਦ ਅਵੇਸਤਾ ਅਤੇ ਰਿਗਵੇਦ ਵਿਚ ਕਾਫੀ ਕੁਝ ਮਿਲਦਾ ਜੁਲਦਾ ਹੈ। (4) ਕਿੰਗਫਿਸ਼ਰ ਹਿਸਟਰੀ ਵਿਚ ਅੱਗੇ ਇਹ ਵੀ ਲਿਖਿਆ ਗਿਆ ਹੈ ਕਿ ਚਾਰ ਹਜ਼ਾਰ ਸਾਲ ਪਹਿਲਾਂ, ਐਟਲਾਂਟਿਕ ਸਾਗਰ ਦੇ ਪੂਰਬ ਵੱਲ ਇਕ ਮਹਾਨ ਤਬਦੀਲੀ ਹੋਈ ਸੀ । ਇੰਡੋ-ਯੂਰਪੀਅਨ ਜਾਂ ਆਰੀਆ ਕਹੇ ਜਾਂਦੇ ਲੋਕਾਂ ਦਾ ਇਕ ਹਜ਼ੂਮ ਦੱਖਣੀ ਰੂਸ ਵਿਚਲੀ ਆਪਣੀ ਜਨਮ ਭੂਮੀ ਤੋਂ ਰਵਾਨਾ ਹੋਇਆ ਸੀ । ਕੁਝ ਇੰਡੋ-ਯੂਰਪੀਅਨ ਦੱਖਣ ਵੱਲ ਇਰਾਨ ਦੇ ਤੌਰ ‘ਤੇ ਜਾਣੇ ਜਾਂਦੇ ਦੇਸ ਵਿਚ ਪਹੁੰਚੇ ਸਨ । (A great change took place to the east of the Atlantic Ocean around ੪੦੦੦ years ago. A group of people known as Indo-European or Aryans moved from their homeland in southern Russia. Some Indo Europeans travelled south into what is now Iran (the name is adopted from the word ‘Aryan)]
ਉਪਰੋਕਤ ਕਥਨਾਂ ਦੀ ਰੋਸ਼ਨੀ ਵਿਚ ਇਹ ਗੱਲ ਮੰਨੀ ਜਾ ਚੁੱਕੀ ਹੈ ਕਿ ਕਿਉਂਕਿ ਭਾਰਤ ਵਿਚ ਪਰਵੇਸ਼ ਕਰਨ ਤੋਂ ਪਹਿਲਾਂ ਇਥੇ ਆਉਣ ਵਾਲੇ ਆਰੀਆ ਲੋਕ ਇਰਾਨ ਦੀ ਧਰਤੀ ਤੇ ਰਹਿੰਦੇ ਸਨ। ਉਥੇ ਰਹਿੰਦਿਆਂ ਆਰੀਆ ਲੋਕਾਂ ਦੇ ਵਿਸ਼ਵਾਸ, ਰਸਮਾਂ, ਰੀਤਾਂ ਅਤੇ ਪਰੰਪਰਾਵਾਂ ਜਦ ਅਵੇਸਤਾ ਗਰੰਥ ਵਿਚ ਸੰਕਲਿਤ ਕੀਤੀਆਂ ਗਈਆਂ ਸਨ । ਇਹੀ ਪਰੰਪਰਾਵਾਂ ਅਤੇ ਵਿਸ਼ਵਾਸ, ਭਾਰਤੀ ਭੂਮੀ ਉਪਰ ਰਹਿਣ ਸਮੇਂ ਜਦੋਂ ਰਿਗਵੇਦ ਦੀ ਰਚਨਾ ਕੀਤੀ ਗਈ, ਉਸ ਵਿਚ ਦਰਜ ਹੋ ਗਈਆਂ । ਇਉਂ ਜੇਂਦ ਅਵੇਸਤਾ, ਰਿਗਵੇਦ ਤੋਂ ਪਹਿਲਾਂ ਦਾ ਗਰੰਥ ਹੈ ਅਤੇ ਇਹ ਦੋਵੇਂ ਗਰੰਥ ਇਕ ਦੂਜੇ ਨਾਲ ਮਿਲਦੇ ਜੁਲਦੇ ਹਨ।
ਹੁਣ ਲੇਖ ਦੇ ਦੂਜੇ ਹਿੱਸੇ ਨੂੰ ਬਿਆਨ ਕੀਤਾ ਜਾਂਦਾ ਹੈ । ਇਸ ਹਿੱਸੇ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਸਪਤਸਿੰਧੂ ਭਾਰਤੀ ਉਪ-ਮਹਾਂਦੀਪ ਤੋਂ ਬਾਹਰ ਕਿਸੇ ਖਿੱਤੇ ਦਾ ਨਾਂ ਸੀ ਤਾਂ ਇਸ ਦਾ ਜ਼ਿਕਰ ਪੰਜਾਬ ਦੇ ਇਤਿਹਾਸ ਵਿਚ ਕਿਸ ਤਰ੍ਹਾਂ ਹੋਣ ਲੱਗ ਪਿਆ ਸੀ? ਵੈਸੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪੰਜਾਬ ਦੇ ਇਤਿਹਾਸ ਵਿਚ ਵੀ ਇਸ ਸ਼ਬਦ ਦਾ ਜ਼ਿਕਰ ੧੯੩੦ ਦੀਆਂ ਜਾਂ ਇਸ ਤੋਂ ਬਾਅਦ ਦੀਆਂ ਲਿਖਤਾਂ ਵਿਚ ਹੀ ਆਉਣਾ ਸ਼ੁਰੂ ਹੋਇਆ ਹੈ। ਇਸ ਤੋਂ ਪਹਿਲਾਂ ਦੀਆਂ ਲਿਖਤਾਂ ਵਿਚ ਇਸ ਸ਼ਬਦ ਦਾ ਇਸ਼ਾਰੇ ਮਾਤਰ ਵੀ ਜ਼ਿਕਰ ਨਹੀਂ ਹੈ । ਅਜੋਕੇ ਸਮੇਂ ਦੀਆਂ ਲਿਖਤਾਂ ਵਿਚ ਪਹਿਲਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਲਿਖਤ ਮਹਾਨ ਕੋਸ਼ ਵਿਚ ਕੀਤਾ ਹੈ। ਇਹ ਇਉਂ ਹੈ: “ਘੱਗਰ ਅਤੇ ਸਿੱਧ ਨਦੀ ਦੇ ਮੱਧ ਦਾ ਦੇਸ਼, ਜਿਸ ਦੀ ਪੁਰਾਣੇ ਗ੍ਰੰਥਾਂ ਵਿਚ ਸਪਤਸਿੰਧੂ ਸੰਗਿਆ ਹੈ। ਪੰਜਾਬ ਦੇ ਪੰਜ ਦਰਿਆ ਘੱਗਰ ਅਤੇ ਸਿੰਧ। 5
ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਸਿੰਧ ਦੇ ਦਸ ਸਹਾਇਕ ਦਰਿਆ ਹਨ। ਇਨ੍ਹਾਂ ਦਸਾਂ ਸਹਾਇਕ ਦਰਿਆਵਾਂ ਵਿਚੋਂ ਸਿੰਧ ਦਰਿਆ ਨੂੰ ਕਿਸੇ ਵੀ ਸੂਰਤ ਵਿਚ ਅਲੱਗ ਕਰਕੇ ਨਹੀਂ ਕੱਢਿਆ ਜਾ ਸਕਦਾ। ਇਹ ਹੋ ਸਕਦਾ ਹੈ ਕਿ ਸਿੰਧ ਦੇ ਪੰਜ ਉਰਲੇ (ਪੰਜਾਬ ਦੇ) ਦਰਿਆਵਾਂ ਦੀ ਤੇ ਪੰਜ ਪਰਲੇ (ਪੱਛਮ ਵੱਲ ਅਫਗਾਨਿਸਤਾਨ ਵਿਚਲੇ) ਦਰਿਆਵਾਂ ਦੀਆਂ ਵੱਖਰੀਆਂ ਇਕਾਈਆਂ ਬਣਾ ਲਈਆਂ ਜਾਣ (ਜਿਵੇਂ ਕਿ ਪੰਜਾਬ ਦੇ ਪੰਜ ਦਰਿਆਵਾਂ ਦੀ ਇਕ ਵੱਖਰੀ ਇਕਾਈ (ਪੰਜਾਬ ਖੇਤਰ) ਹੈ। ਸਿੰਧ ਦਰਿਆ ਦਾ ਨਾਂ ਆਪਣੇ ਸਮੁੱਚੇ ਤੱਟੀ ਖੇਤਰ ਨੂੰ ਦਰਸਾਏਗਾ। ਜਦੋਂ ਅਸੀਂ ਸਿੰਧ ਦੀ ਗੱਲ ਕਰਦੇ ਹਾਂ ਤਾਂ ਇਸ ਖੇਤਰ ਵਿਚ ਉਹ ਸਾਰਾ ਖੇਤਰ ਆਵੇਗਾ ਜਿਸ ਵਿਚੋਂ ਇਸ ਰਾਹੀਂ ਅਤੇ ਇਸ ਦੇ ਸਹਾਇਕ ਦਰਿਆਵਾਂ ਰਾਹੀਂ ਪਾਣੀ ਪਰਾਪਤ ਕੀਤਾ ਜਾਂਦਾ ਹੈ। ਘੱਗਰ, ਸਿੰਧ ਤੱਟੀ ਖੇਤਰ ਦਾ ਦਰਿਆ ਨਹੀਂ ਹੈ। ਅਸਲ ਵਿਚ ਘੱਗਰ, ਦਰਿਆ ਹੈ ਹੀ ਨਹੀਂ ਸਗੋਂ ਇਹ ਇਕ ਬਰਸਾਤੀ ਨਦੀ ਹੈ ਜਿਹੜੀ ਹਿਮਾਚਲ ਪਰਦੇਸ਼ ਅਤੇ ਹਰਿਆਣਾ ਦੇ ਕਰਮਵਾਰ ਕਸੌਲੀ, ਧਰਮਪੁਰ, ਕਾਲਕਾ ਅਤੇ ਪਿੰਜੌਰ ਦੇ ਇਲਾਕਿਆਂ ਵਿਚੋਂ ਬਰਸਾਤੀ ਪਾਣੀ ਨਾਲ ਪੈਦਾ ਹੁੰਦੀ ਹੈ ਅਤੇ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਟਿੱਬਿਆਂ ਵਿਚ ਪਹੁੰਚ ਕੇ ਦਮ ਤੋੜ ਜਾਂਦੀ ਹੈ। ਇਹ ਵੀ ਗੱਲ ਗਲਤ ਹੈ ਕਿ ਇਹ ਕਿਸੇ ਪਹਿਲੇ ਸਮਿਆਂ ਵਿਚ ਕਦੇ ਵੱਡਾ ਦਰਿਆ ਰਿਹਾ ਹੋਵੇਗਾ। ਕਿਉਂਕਿ ਜਦੋਂ ਤੋਂ ਪੰਜਾਬ ਦਾ ਇਤਿਹਾਸਕ ਕਾਲ ਸ਼ੁਰੂ ਹੋਇਆ ਹੈ ਇਸ ਦਾ ਜ਼ਿਕਰ ਸਿਰਫ ਇਕ ਬਰਸਾਤੀ ਨਦੀ ਦੇ ਤੌਰ ਤੇ ਹੀ ਆਉਂਦਾ ਹੈ। ਇਸ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਦਾ ਉਕਤ ਕਥਨ ਆਪਣੇ ਆਪ ਵਿਚ ਹੀ ਗਲਤ ਹੈ।
ਹੈਰਾਨੀ ਇਸ ਗੱਲ ਦੀ ਉਦੋਂ ਹੁੰਦੀ ਹੈ। ਜਦੋਂ ਗੰਡਾ ਸਿੰਘ ਜੈਸੇ ਮਹਾਨ ਅਤੇ ਉੱਚ ਕੋਟੀ ਦੇ ਇਤਿਹਾਸਕਾਰਾਂ ਨੇ ਵੀ ਇਸ ਸ਼ਬਦ ਨੂੰ ਇਤਨੀ ਗੈਰ-ਜ਼ਿੰਮੇਵਾਰੀ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦਾ ਕਥਨ ਉੱਕਾ ਹੀ ਕਿਸੇ ਤਰਕ ਜਾਂ ਦਲੀਲ ਦੇ ਨੇੜੇ ਤੇੜੇ ਨਹੀਂ ਪਹੁੰਚਦਾ। ਇਸ ਗੈਰ-ਜਿੰਮੇਵਾਰੀ ਦੀ ਮਿਸਾਲ ਦਿੰਦੇ ਹੋਏ ਡਾ. ਸਾਹਿਬ ਲਿਖਦੇ ਹਨ, ਪੁਰਾਤਨ ਸਮੇਂ ਵਿਚ ਪੰਜਾਬ ਨੂੰ ਸਪਤਸਿੰਧੂ ਦੇ ਤੌਰ ਤੇ ਜਾਣਿਆ ਜਾਂਦਾ ਸੀ । ਇਸ ਦੇ ਪੰਜ ਦਰਿਆ, ਸਿੰਧੂ ਨੂੰ ਬਾਹਰ ਰੱਖ ਕੇ, ਜਿਹਲਮ, ਚਿਨਾਬ, ਰਾਵੀ, ਬਿਆਸ ਅਤੇ ਸਤਲੁਜ ਸਨ। (੧੯੪੭ ਈ. ਦੀ ਵੰਡ ਤੋਂ ਬਾਅਦ) ਭਾਰਤੀ ਪੰਜਾਬ ਫਿਰ ਵੀ ਪੰਜ ਦਰਿਆਵਾਂ ਦੀ ਧਰਤੀ ਹੈ। ਇਹ ਹਨ ਰਾਵੀ, ਬਿਆਸ, ਸਤੁਲਜ, ਸਰਸਵਤੀ ਅਤੇ ਜਮੁਨਾ। (6) ਇਸ ਕਥਨ ਵਿਚ ਲਾਹਪਰਵਾਹੀ ਇਨ੍ਹਾਂ ਨੁਕਤਿਆਂ ਤੋਂ ਝਲਕਦੀ ਹੈ ਕਿ ਪਹਿਲਾਂ ਤਾਂ ਘੱਗਰ ਨੂੰ ਛੱਡ ਕੇ ਸਰਸਵਤੀ ਦਰਿਆ ਲੈ ਲਿਆ ਹੈ। ਘੱਗਰ ਦੀ ਤਾਂ ਅੱਜ ਕੁਝ ਨਾ ਕੁਝ ਹੋਂਦ ਹੈ ਪਰ ਸਰਸਵਤੀ ਦੀ ਹੋਂਦ ਤਾਂ ਉੱਕੀ ਹੀ ਨਹੀਂ ਹੈ। ਇਹ ਤਾਂ ਬਰਸਾਤੀ ਨਦੀ ਦੇ ਤੌਰ ਤੇ ਵੀ ਖ਼ਤਮ ਹੋ ਚੁੱਕੀ ਹੈ। ਦੂਜਾ, ਜਮੁਨਾ ਨੂੰ ਖਾਹਮੁਖਾਹ ਹੀ ਪੰਜਾਬ ਦੇ ਦਰਿਆਵਾਂ ਨਾਲ ਨਰੜ ਦਿੱਤਾ ਹੈ। ਜਮੁਨਾ, ਗੰਗਾ ਦੇ ਤੱਟੀ ਖੇਤਰ ਦਾ ਸਹਾਇਕ ਦਰਿਆ ਹੈ। ਡਾ. ਗੰਡਾ ਸਿੰਘ ਦਾ ਇਹ ਗੈਰ-ਜ਼ਿੰਮੇਵਾਰੀ ਵਾਲਾ ਕਥਨ ਇਤਿਹਾਸ ਦਾ ਮੂੰਹ-ਮੱਥਾ ਬਿਗਾੜਨ ਵਾਲਾ ਹੈ । ਇਕ ਹੋਰ ਗੈਰ-ਇਤਿਹਾਸਕਾਰ ਮਹਿੰਦਰ ਪਾਲ ਕੋਹਲੀ ਵੀ ਇਹ ਲਿਖ ਕੇ ਇਤਿਹਾਸਕ ਤੱਥਾ ਨੂੰ ਤੋੜਨ-ਮਰੋੜਨ ਦੀ ਕੋਸ਼ਿਸ਼ ਕਰਦਾ ਹੈ ਕਿ ਪਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ-ਰਿਗਵੈਦਿਕ ਸਪਤਸਿੰਧੂ ਦੇ ਤਿੰਨ ਸ਼ਬਦਾਂ ਦੁਆਰਾ ਪਛਾਣੀਆਂ ਜਾਂਦੀਆਂ ਸਨ। 7
ਅਸਲ ਵਿਚ ਸਪਤ ਸਿੰਧੂ ਸ਼ਬਦ ਇਸ ਭੁਲੇਖੇ ਨਾਲ ਪੰਜਾਬ ਦੇ ਇਤਿਹਾਸ ਵਿਚ ਆ ਘੁਸਿਆ ਹੈ ਕਿਉਂਕਿ ਇਸ ਵਿਚ ਸਿੰਧ ਸ਼ਬਦ ਆਉਂਦਾ ਹੈ। ਸਾਡੇ ਲੇਖਕ ਇਸ ਸਿੰਧ ਸ਼ਬਦ ਨੂੰ ਸਿੰਧ ਦਰਿਆ ਦੇ ਰੂਪ ਵਿਚ ਲੈ ਰਹੇ ਹਨ। ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਇਥੇ ਸਿੰਧ ਦਾ ਭਾਵ ਸਿਰਫ ਪਾਣੀ ਦੇ ਸਾਗਰ ਤੋਂ ਹੈ। ਇਸ ਤਰ੍ਹਾਂ ਸਾਡੇ ਲੇਖਕਾਂ ਨੇ ਇਸ ਸ਼ਬਦ ਦੇ ਗਲਤ ਅਰਥ ਲੈ ਕੇ ਸਾਰੇ ਵਿਸ਼ੇ ਨੂੰ ਗਲਤ ਮੋੜ ਦੇ ਦਿੱਤਾ ਹੈ। ਜਿਨ੍ਹਾਂ ਨੇ ਵੀ ਸਪਤਸਿੰਧੂ ਨੂੰ ਪੰਜਾਬ ਦੀ ਧਰਤੀ ਨਾਲ ਪਛਾਣਿਆ ਹੈ ਉਹ ਗਲਤ ਤਾਂ ਹਨ ਹੀ ਬਲਕਿ ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਵੀ ਬਿਗਾੜਨ ਦੀ ਕੋਸ਼ਿਸ਼ ਕੀਤੀ ਹੈ।
ਲੇਖ ਦੇ ਤੀਜੇ ਹਿੱਸੇ ਵਿਚ ਇਸ ਗੱਲ ਬਾਰੇ ਵਿਚਾਰ ਕੀਤੀ ਜਾਵੇਗੀ ਕਿ ਆਖਰ ਇਸ ਸਪਤਸਿੰਧੂ ਸ਼ਬਦ ਨੂੰ ਵੈਦਿਕ ਸਾਹਿਤ ਵਿਚ ਕਿਸ ਤਰ੍ਹਾਂ ਬਿਆਨਿਆ ਗਿਆ ਹੈ । ਨਿਰੰਸਦੇਹ ਇਹ ਸ਼ਬਦ ਵੈਦਿਕ ਸਾਹਿਤ ਦਾ ਹੈ ਅਤੇ ਇਸ ਦੀ ਸਹੀ ਵਿਆਖਿਆ ਲਈ ਇਸ ਦੀ ਉਸ ਵਿਆਖਿਆ ਨੂੰ ਜਾਣਨਾ ਹੋਵੇਗਾ ਜੋ ਵੈਦਿਕ ਸਾਹਿਤ ਵਿਚ ਕੀਤੀਗਈ ਹੈ। ਭਾਰਤੀ ਸਾਹਿਤ ਵਿਚ ਸਪਤਸਿੰਧੂ ਦੀ ਸਭ ਤੋਂ ਪਹਿਲੀ ਵਾਰ ਵਰਤੋਂ ਰਿਗਵੇਦ ਵਿਚ ਕੀਤੀ ਗਈ ਹੈ। ਰਿਗਵੇਦ ਵਿਚ ਇਸ ਦੀ ਬਾਰਾਂ ਵਾਰ ਵਰਤੋਂ ਕੀਤੀ ਗਈ ਹੈ (ਰਿਗਵੇਦ, ਮੰਡਲ ਅੱਠਵਾਂ)। ਹਰ ਥਾਂ ਤੇ ਸ਼ਬਦ ਦਾ ਰੂਪ ਇਕੋ ਜਿਹਾ ਨਹੀਂ ਹੈ। ਇਹ ਵੱਖ-ਵੱਖ ਰੂਪ ਹਨ: ਸਪਤਸਿੰਧੂ, ਸਪਤਸਿੰਧਵ, ਸਪਤ ਸਿੰਧੂਰ, ਸਪਤ ਸਿੰਧੋ ਜਾਂ ਸਪਤਸਿੰਧਵਾ ਆਦਿ, ਆਦਿ। ਵੈਸੇ ਅਰਥ ਸਭ ਦੇ ਇਕੋ ਹੀ ਹਨ। ਪੰਜ ਥਾਵਾਂ ਉਪਰ ਇਸ ਦੀ ਵਰਤੋਂ ਉਨ੍ਹਾਂ ਦਰਿਆਵਾਂ ਨੂੰ ਦਰਸਾਉਣ ਲਈ ਕੀਤੀ ਗਈ ਹੈ ਜਿਨ੍ਹਾਂ ਨੂੰ ਵੈਦਿਕ ਦੇਵਤੇ ਇੰਦਰ ਨੇ ਵੈਦਿਕ ਰਾਖਸ਼ਸ਼ ਵਰਿੱਤਰ ਨਾਲ ਲੜਾਈ ਕਰਕੇ ਛੁਡਵਾਇਆ ਸੀ । ਦਰਿਆਵਾਂ ਨੂੰ ਮੁਕਤ ਕਰਵਾਉਣ ਦੇ ਨਾਲ ਨਾਲ ਇੰਦਰ ਨੇ ਰੋਸ਼ਨੀ (ਧੁੱਪ) ਨੂੰ ਵੀ ਉਸ ਰਾਖਸ਼ਿਸ਼ ਦੀ ਕੈਦ ਵਿਚੋਂ ਛੁਡਾਇਆ ਸੀ । ਰਿਗਵੇਦ ਅਨੁਸਾਰ ਇੰਦਰ ਅਸਮਾਨ ਦਾ ਪ੍ਰਮੁੱਖ ਦੇਵਤਾ ਹੈ ਜਿਹੜਾ ਵਰਖਾ ਵੀ ਲਿਆਉਂਦਾ ਹੈ। ਅਤੇ ਸੂਰਜ ਦੀ ਰੋਸ਼ਨੀ ਪਸਰਨ ਵਾਸਤੇ ਅਸਮਾਨ ਨੂੰ ਵੀ ਸਾਫ ਰੱਖਦਾ ਹੈ। ਵਰਿੱਤਰ ਉਹ ਦੈਂਤ ਜਾਂ ਰਾਖਸ਼ਿਸ਼ ਹੈ ਜਿਹੜਾ ਕਾਲੀ ਘਟਾ ਬਣ ਕੇ ਛਾ ਜਾਂਦਾ ਹੈ। ਇਉਂ ਉਹ ਸੂਰਜ ਨੂੰ ਵੀ ਆਪਣੇ ਵਿਚ ਛੁਪਾ ਲੈਂਦਾ ਹੈ ਅਤੇ ਧਰਤੀ ਤੇ ਹਨੇਰਾ ਕਰ ਦਿੰਦਾ ਹੈ।ਇਸ ਹਨੇਰੇ ਨੂੰ ਮਾੜਾ ਸਮਝਿਆ ਗਿਆ ਹੈ। ਆਰੀਆ ਲੋਕ ਇੰਦਰ ਦੀ ਪੂਜਾ ਕਰਦੇ ਸਨ ਤਾਂ ਕਿ ਇੰਦਰ ਉਨ੍ਹਾਂ ਦੀ ਪੂਜਾ ਤੋਂ ਖੁਸ਼ ਹੋ ਕੇ ਹਰ ਸਮੇਂ ਬੱਦਲਾਂ ਦੇ ਹਨੇਰੇ ਨੂੰ ਦੂਰ ਕਰਦਾ ਰਹੇ। ਇੰਦਰ ਇਸ ਨਾਲ ਯੁੱਧ ਕਰਦਾ ਹੈ, ਇਸ ਨੂੰ ਹਰਾ ਦਿੰਦਾ ਹੈ ਅਤੇ ਇਉਂ ਕਾਲੇ ਬੱਦਲਾਂ ਨੂੰ ਹਟਾ ਕੇ ਰੋਸ਼ਨੀ (ਧੁੱਪ) ਪਸਰਨ ਲਈ ਅਸਮਾਨ ਨੂੰ ਸਾਫ਼ ਕਰ ਦਿੰਦਾ ਹੈ। ਧੁੱਪ ਨਿਕਲਣ ਨਾਲ ਬਰਫ ਪਿਘਲਦੀ ਹੈ ਅਤੇ ਦਰਿਆ ਵਗ ਤੁਰਦੇ ਹਨ।ਇਸ ਤਰ੍ਹਾਂ ਆਰੀਆ ਲੋਕਾਂ ਦੀ ਭੂਮੀ ਦੇ ਸੱਤ ਦਰਿਆ (ਸਪਤਸਿੰਧੂ) ਵਹਿ ਤੁਰਦੇ ਸਨ।

ਉਕਤ ਕਥਨ ਵਿਚੋਂ ਦੋ ਨੁਕਤੇ ਧਿਆਨ ਦੇਣ ਯੋਗ ਹਨ।ਇਕ ਇਹ ਕਿ ਆਰੀਆ ਲੋਕ ਜਿਸ ਭੂਮੀ ਤੇ ਰਹਿੰਦੇ ਸਨ ਉਥੇ ਬੱਦਲਾਂ ਦੀ ਕਾਲੀ ਘਟਾ ਨੇ ਮਾੜਾ ਸਮਝਿਆ ਜਾਂਦਾ ਸੀ। ਇਨਾਂ ਬੱਦਲਾਂ ਨੇ ਉਨਾ ਨੇ ਰਾਖਸ਼ਿਸ਼ ਦਾ ਨਾਂ ਦਿੱਤਾ ਸੀ। ਭਾਵ ਕਿ ਇਹ ਉਨਾਂ ਦਾ ਦੁਸ਼ਮਣ ਸੀ। ਇਨਾਂ ਬੱਦਲਾਂ ਨੂੰ ਮਾਰ ਭਜਾਉਣ ਦਾ ਕੰਮ ਇੰਦਰ ਦੇਵਤਾ ਕਰਦਾ ਸੀ। ਦੇਖਿਆ ਜਾਵੇ ਤਾਂ ਪੰਜਾਬ ਵਿਚ ਸਗੋਂ ਇਸ ਦੇ ਉਲਟ, ਬੱਦਲਾ ਦੇ ਛਾ ਜਾਣ ਨੂੰ ਖੁਸ਼ੀ ਦਾ ਪਰਤੀਕ ਮੰਨਿਆ ਗਿਆ ਹੈ। ਲੋਕ ਬੱਦਲਵਾਈ ਹੋਣ ‘ਤੇ ਖੁਸ਼ ਹੁੰਦੇ ਹਨ। ਕਿਉਂਕਿ ਇਸ ਨਾਲ ਗਰਮੀ ਤੇ ਰਾਹਤ ਮਿਲਦੀ ਹੈ, ਠੰਡ ਹੁੰਦੀ ਹੈ ਅਤੇ ਵਰਖਾ ਹੋਣ ਦੀ ਉਮੀਦ ਬੱਝਦੀ ਹੈ। ਸਗੋਂ ਜੇਕਰ ਕਾਫ਼ੀ ਲੰਮਾ ਸਮਾਂ ਬੱਦਲ ਨਾ ਬਣਦੇ ਹੋਣ ਤੇ ਵਰਖਾ ਨਾ ਪਈ ਹੋਵੇ ਤਾਂ ਅਕਾਲ ਪੈਣ ਦਾ ਖਤਰਾ ਮਹਿਸੂਸ ਕੀਤਾ ਜਾਂਦਾ ਹੈ। ਲੋਕ ਛੇਤੀ ਬੱਦਲ ਆਉਣ ਲਈ ਯੱਗ ਕਰਦੇ ਹਨ, ਦੁਆਵਾਂ ਕਰਦੇ ਹਨ ਅਤੇ ਹੋਰ ਅਨੇਕਾਂ ਰਸਮਾਂ-ਰੀਤਾਂ ਕਰਦੇ ਹਨ। ਬੱਦਲ ਆਉਣ ਨਾਲ ਆਦਮੀ ਤਾਂ ਕੀ ਇਥੋਂ ਤੱਕ ਕਿ ਪੰਛੀ ਵੀ ਖੁਸ਼ ਹੁੰਦੇ ਹਨ। ਮੇਰ ਪੈਲਾਂ ਪਾਉਂਦੇ ਹਨ ਅਤੇ ਪੰਛੀ ਚਹਿ-ਚਹਾਉਂਦੇ ਹਨ। ਇਸ ਤਰ੍ਹਾਂ ਇਹ ਗੱਲ ਆਰੀਆ ਲੋਕਾਂ ਦੇ ਵਿਸ਼ਵਾਸ ਦੇ ਉਲਟ ਹੈ। ਆਰੀਆ ਲੋਕ ਬੱਦਲ ਤੋਂ ਡਰਦੇ ਸਨ ਅਤੇ ਹਰ ਸਮੇਂ ਸੂਰਜ ਚੜ੍ਹਿਆ ਰਹਿਣ ਦੀ ਕਾਮਨਾ ਕਰਦੇ ਰਹਿੰਦੇ ਸਨ।
ਦੂਜਾ ਨੁਕਤਾ ਉਕਤ ਨੁਕਤੇ ਵਿਚੋਂ ਹੀ ਇਹ ਹੈ ਕਿ ਸੂਰਜ ਨਿਕਲਣ ਨਾਲ ਬਰਫ ਪਿਘਲਦੀ ਹੈ ਅਤੇ ਦਰਿਆ ਚਲਦੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਜਿਵੇਂ ਕਿ ਆਰੀਆ ਦੇ ਜਨਮ-ਦੇਸ ਵਿਚ ਬਰਫ਼ ਜ਼ਿਆਦਾ ਪੈਂਦੀ ਹੋਵੇ ਅਤੇ ਧੁੱਪ ਘੱਟ ਨਿਕਲਦੀ ਹੋਵੇ। ਇਹ ਕਿਸੇ ਠੰਡੇ ਮੁਲਕ ਦੀ ਨਿਸ਼ਾਨੀ ਹੈ ਜਿਥੇ ਲੰਮਾ ਸਮਾਂ ਬਰਫ਼ ਪੈਂਦੀ ਸੀ। ਅਤੇ ਦਰਿਆ ਜੰਮ ਕੇ ਰੁਕ ਜਾਂਦੇ ਸਨ । ਹਨੇਰਾ ਸਾਰਾ ਸਮ ਛਾਇਆ ਰਹਿੰਦਾ ਸੀ। ਲੋਕ ਬਰਫ਼ ਕਰਕੇ ਅਤੇ ਛਾਂ ਰਹਿਣ ਕਰਕੇ ਆ ਪਏ ਹੁੰਦੇ ਸਨ। ਪਸ਼ੂਆਂ ਨੂੰ ਘਾਹ ਪੱਠਾ ਨਹੀਂ ਮਿਲਦਾ ਸੀ ਅਤੇ ਫਸਾ ਨਹੀਂ ਸਨ। ਇਸ ਤਰ੍ਹਾਂ ਲੋਕ ਛੇਤੀ ਧੁੱਪ ਨਿਕਲਣ ਦੀਆਂ ਖਤਮ ਕਰਨ ਦੀਆਂ ਦੁਆਵਾਂ ਕਰਦੇ ਸਨ । ਜਦੋਂ ਰੁੱਤ ਕਿਰਨ ਨਾਲ ਧੁੱਪ ਨਿਕਲਦੀ ਤਾਂ ਬਰਫ ਪਿਘਲ ਜਾਂਦੀ ਸੀ । ਵਰਖਾ ਵੀ ਹੁੰਦੀ ਸੀ, ਇਸ ਤਰ੍ਹਾਂ ਹਰ ਸਾਲ ਦੇ ਚੱਕਰ ਨੂੰ ਆਰੀਆ ਲੋਕਾਂ ਨੇ ਇੰਦਰ ਦੇਵਤੇ ਅਤੇ ਵਰਿੱਤਰ ਰਾਖਸ਼ਸ਼ ਦੀ ਲੜਾਈ ਦੇ ਰੂਪ ਵਿਚ ਆਪਣੇ ਵਿਸ਼ਵਾਸਾਂ ਵਿਚ ਵਸਾ ਲਿਆ ਸੀ। ਇਹ ਗੱਲ ਪੰਜਾਬ ਉਪਰ ਨਹੀਂ ਢੁਕਦੀ। ਪੰਜਾਬ ਸਗੋਂ ਗਰਮ ਦੇਸ਼ ਰਿਹਾ ਹੈ, ਬਰਫ਼ ਇਥੇ ਪੈਂਦੀ ਹੀ ਨਹੀਂ . ਦਰਿਆ ਸਾਰਾ ਸਾਲ ਵਹਿੰਦੇ ਰਹਿੰਦੇ ਹਨ, ਵਰਖਾ ਘੱਟ ਹੁੰਦੀ ਹੈ, ਲੋਕ ਗਰਮੀ ਤੋਂ ਅੱਕੇ ਪਏ ਹੁੰਦੇ ਹਨ, ਉਹ ਗਰਮੀ ਤੋਂ ਛੁਟਕਾਰਾ ਪਾਉਣ ਦੀਆਂ ਦੁਆਵਾਂ ਕਰਦੇ ਹਨ। ਇਸ ਤਰਾਂ ਉਕਤ ਵਾਤਾਵਰਣ ਸਪਤਸਿੰਧੂ ਦਾ ਹੈ ਜੋ ਰਿਗਵੇਦ ਵਿਚ ਵਰਨਣ ਕੀਤਾ ਗਿਆ ਹੈ। ਪੰਜਾਬ ਦਾ ਵਾਤਾਵਰਣ ਇਸ ਤੋਂ ਉਲਟ ਹੈ।
ਜਿਵੇਂ ਕਿ ਪਿੱਛੇ ਲਿਖਿਆ ਗਿਆ ਹੈ ਕਿ ਰਿਗਵੇਦ ਵਿਚ ਸਪਤਸਿੰਧੂ ਦਾ ਜ਼ਿਕਰ ਬਾਰਾਂ ਵਾਰ ਆਇਆ ਹੈ। ਉਕਤ ਭਾਵ ਪੰਜ ਥਾਵਾਂ ਉਪਰ ਆਏ ਸਪਤਸਿੰਧੂ ਦਾ ਹੈ । ਬਾਕੀ ਵਾਰ ਜਿਹੜਾ ਹੋਰ ਜ਼ਿਕਰ ਆਇਆ ਹੈ ਉਨ੍ਹਾਂ ਦਾ ਕਾਵ ਉਕਤ ਤੋਂ ਵੱਖਰੇਵਾਂ ਰੱਖਦਾ ਹੈ। ਇਸ ਅਨੁਸਾਰ ਸਪਤਸਿੰਧੂ ਦੇ ਸੱਤ ਦਰਿਆ ਸਿਰਫ਼ ਅਸਮਾਨ ਵਿਚ ਹੀ ਚਲਦੇ ਹਨ। ਇਹ ਹੇਠਾਂ ਤੋਂ ਉੱਪਰ ਵੱਲ ਚਲਦੇ ਹਨ। ਇਨ੍ਹਾਂ ਦੇ ਚੱਲਣ ਨਾਲ ਰੋਸ਼ਨੀ ਵੀ ਫੈਲਦੀ ਹੈ। ਇਹ ਤਿੰਨ ਤਿੰਨ ਦੀ ਤਿੱਕੜੀ ਵਿਚ ਵਹਿੰਦੇ ਹਨ । ਫਿਰ ਇਹ ਤਿੱਕੜੀ ਵਿਚੋਂ ਸੱਤ ਸੱਤ ਸ਼ਾਖਾਵਾਂ ਵਿਚ ਵਹਿ ਤੁਰਦੇ ਹਨ। ਇਸ ਤਰ੍ਹਾਂ ਇਹ ਬਿਰਤਾਂਤ ਕਾਫੀ ਹੱਦ ਤੱਕ ਕਲਪਿਤ ਜਾਂ ਮਿਥਿਹਾਸਕ ਹੈ। ਇਸ ਨੂੰ ਮੌਨਸੂਨ ਹਵਾਵਾਂ ਨਾਲ ਤਾਂ ਜੋੜਿਆ ਜਾ ਸਕਦਾ ਹੈ ਪਰ ਜ਼ਮੀਨੀ ਦਰਿਆਵਾਂ ਨਾਲ ਨਹੀਂ।

ਉਪਰਲੀਆਂ ਦੋ ਵੱਖ ਵੱਖ ਵਿਆਖਿਆਵਾਂ ਦਾ ਕਾਰਨ ਇਕ ਤਾਂ ਇਹ ਹੋ ਸਕਦਾ ਹੈ ਕਿ ਰਿਗਵੇਦ ਦੀ ਰਚਨਾ ਕਿਸੇ ਇਕ ਸਮੇਂ ਵਿਚ ਜਾਂ ਕਿਸੇ ਇਕ ਵਿਅਕਤੀ ਵਲੋਂ ਨਹੀਂ ਕੀਤੀ ਗਈ ਸਗੋਂ ਇਸ ਦੀ ਰਚਨਾ ਵੱਖ ਵੱਖ ਸਮਿਆਂ ਵਿਚ ਅਤੇ ਵੱਖ ਵੱਖ ਵਿਅਕਤੀਆਂ ਦੁਆਰਾ ਕੀਤੀ ਗਈ ਸੀ । ਪਿੱਛੇ ਦੱਸੀ ਗਈ ਵੱਖਰੀ ਵੱਖਰੀ ਵਿਆਖਿਆ ਇਨ੍ਹਾਂ ਵੱਖ ਵੱਖ ਸਮਿਆਂ ਅਤੇ ਵਿਅਕਤੀਆਂ ਦੇ ਕਾਰਨ ਹੈ। ਹਰ ਸਮੇਂ ਅਤੇ ਹਰ ਵਿਅਕਤੀ ਦੀ ਆਪਣੀ ਆਪਣੀ ਵਿਆਖਿਆ ਹੁੰਦੀ ਹੈ। ਬਾਰਾਂ ਵਿਚੋਂ ਸਿਰਫ਼ ਇਕ ਥਾਂ ਤੇ ਜੋ ਸਪਤਸਿੰਧੂ ਦੀ ਵਿਆਖਿਆ ਕੀਤੀ ਗਈ ਹੈ ਉਹ ਭੂਗੋਲਿਕ ਹੈ। ਇਹ ਰਿਗਵੇਦ ਦੇ ਮੰਡਲ ਅੱਠਵੇਂ ਅਤੇ ਸਲੋਕ ੨੪ ਅਤੇ ੨੭ ਵਿਚ ਦਿੱਤੀ ਗਈ ਹੈ। ਇਹ ਸਲੋਕ ਕਾਫੀ ਹੋਂਦ ਤਕ ਸਪਤਸਿੰਧੂ ਦੀ ਇਤਿਹਾਸਕ ਅਤੇ ਭੂਗੋਲਿਕ ਵਿਆਖਿਆ ਕਰ ਦਿੰਦਾ ਹੈ। ਇਹ ਸਲੋਕ ਹੈ:
ਆਰਾਧ ਸਪਤਸਿੰਧਨਾਂ ਸਰਣੇ ਕਾਰਣ ਹਰਿਮ।
ਯੁੱਧ ਦੇਸ਼ੇ ਰੂਪਕੰਤਵੇਤਤ ਪ੍ਰਾਗਉਤਪੰਨ ਵੀਚਾਰਯੋ।
ਦੇਸੋ ਅਸੋ ਬਲਕਸ਼ ਪਰਾਂਤ ਏਸ਼ੀਯਾ ਉਪਿ ਮੱਧਯਤ।
ਸੈਮਿਰੇਸ਼ਿਸ਼ਗ ਇਤੀ ਖ਼ਯਾਤ ਵ ਸਪਤਸਿੰਧੂਰ ਅਰਬਤ।
ਇਸ ਸ਼ਲੋਕ ਵਿਚ ਚਾਰ ਸ਼ਬਦ ਬੜੇ ਹੀ ਭਾਵਪੂਰਤ ਰੂਪ ਵਿਚ ਆਉਂਦੇ ਹਨ। ਇਕ ਬਲਕਸ਼ ਪਰਾਂਤ, ਦੂਜਾ ਮੱਧ ਏਸ਼ੀਆ, ਤੀਜਾ ਸੋਮਿਰੇਸ਼ਿਸ਼ਗ ਅਤੇ ਚੌਥਾ ਸਪਤਸਿੰਧੂਰ। ਇਸ ਦਾ ਸਮੁੱਚਾ ਭਾਵ ਇਸ ਤਰ੍ਹਾਂ ਹੈ: ਸਪਤਸਿੰਧੂ ਨਾਂ ਦੇ ਦੇਸ਼ ਦੀ ਅਰਾਧਨਾ ਕਰਦੇ ਹਾਂ । ਪਰਮਾਤਮਾ ਦੀ ਤਰ੍ਹਾਂ ਉਸ ਦੀ ਸ਼ਰਨ ਲਈ ਹੋਈ ਹੈ। ਇਹ ਦੇਸ਼ ਬਹੁਤ ਸੋਹਣਾ ਹੈ। ਇਸ ਦੀ ਉਪਜਾਊ ਸ਼ਕਤੀ ਦਾ ਵੀ ਵਿਚਾਰ ਕਰਦੇ ਹਾਂ । ਇਹ ਦੇਸ਼ ਮੱਧ ਏਸ਼ੀਆ ਦੀ ਧਰਤੀ ਉਪਰ ਬਲਕਸ਼ ਪਰਾਂਤ ਦੇ ਦੇਸ਼ ਵਿਚ ਸਥਿਤ ਹੈ। ਇਹ ਸੇਮਿਰੇਸ਼ਿਸ਼ਗ ਦੇ ਨਾਂ ਨਾਲ ਮਸ਼ਹੂਰ ਹੈ। ਦੂਜੇ ਸ਼ਬਦਾਂ ਵਿਚ ਇਸ ਨੂੰ ਸਪਤਸਿੰਧੂ ਵੀ ਕਿਹਾ ਜਾਂਦਾ ਹੈ।
ਇਸ ਵਿਆਖਿਆ ਅਨੁਸਾਰ ਇਸ ਦੇਸ਼ ਦੀ ਪਛਾਣ ਨਹੀਂ। ਬਲਕਸ਼ ਪ੍ਰਾਂਤ ਤੋਂ ਭਾਵ ਹੈ ਬਲਕਸ਼ ਸਾਗਰ ਵਾਲਾ ਦੇਸ਼ । ਬਲਕਸ਼ ਪਰਾਂਤ ਮੱਧ ਏਸ਼ੀਆ ਦੀ ਭੂਮੀ ਉਪਰ ਹੈ। ਇਸ ਦਾ ਨਾਂ ਸੇਮਿਰੇਸ਼ਿੰਸ਼ਗ ਦੇ ਤੌਰ ਤੇ ਪ੍ਰਸਿੱਧ ਹੈ। ਸੇਮਿਰੇਸ਼ਿਸ਼ਗ ਦਾ ਭਾਵ ਸੱਤ ਦਰਿਆਵਾਂ ਤੋਂ ਹੈ। ਇਸ ਵਿਆਖਿਆ ਅਨੁਸਾਰ ਪੰਜਾਬ ਦੀ ਧਰਤੀ ਤਾਂ ਇਸ ਵਿਚ ਆ ਨਹੀਂ ਸਕਦੀ, ਕਿਉਂਕਿ ਇਥੇ ਬਲਕਸ਼ ਨਾਂ ਦਾ ਕੋਈ ਸਾਗਰ ਨਹੀਂ ਹੈ ਅਤੇ ਨਾ ਹੀ ਪੰਜਾਬ ਮੱਧ ਏਸ਼ੀਆ ਦੀ ਧਰਤੀ ਉਪਰ ਸਥਿਤ ਹੈ। ਪੰਜਾਬ ਦਾ (ਸਪਤਸ਼ਰਿੰਗ) ਨਹੀਂ ਰਿਹਾ।
ਇਹ ਬਲਕਸ਼ ਸਾਗਰ ਰੂਸ ਦੇ ਤੁਰਕਮੇਨਸਤਾਨ ਸੂਬੇ ਵਿਚ ਸਥਿਤੀ ਮੱਧ ਏਸ਼ੀਆ ਵਿਚ ਤੁਰਕਮੇਨਸਤਾਨ ਵੀ ਬਣ ਜਾਂਦੀ ਹੈ। ਬਲਕਸ਼ ਸਾਗਰ ਵਿਚ ਹਿੰਦੂਕੁਸ਼ ਪਹਾੜਾਂ ਤੋਂ ਪੈਦਾ ਹੋ ਕੇ ਸੱਤ ਦਰਿਆ ਜਾ ਕੇ ਡਿਗਦੇ ਹਨ। ਇਹ ਦਰਿਆ ਹਨ ਇੱਲੀ, ਲੈਪਸਾ, ਕਤਲ, ਬਰਕਨ, ਅਰਜੂ ਸਰਕਨ ਅਤੇ ਸਿਏ। ਇਨ੍ਹਾਂ ਵਿਚੋਂ ਚਾਰ ਦਰਿਆ ਬਸਕਨ, ਅਕਸੂ, ਸਰਕਨ ਅਤੇ ਸਿਏ ਸਿਰਫ ਗਰਮੀ ਦੇ ਮੌਸਮ ਵਿਚ ਹੀ ਚਲਦੇ ਹਨ। ਸਰਦੀ ਦੇ ਮੌਸਮ ਵਿਚ ਇਥੇ ਬਰਫ ਜੰਮ ਜਾਂਦੀ ਹੈ ਅਤੇ ਦਰਿਆ ਵਗਣੇ ਬੰਦ ਹੋ ਜਾਂਦੇ ਹਨ। ਜਿਹੜੀ ਇੰਦਰ ਅਤੇ ਵਰਿੱਤਰ ਦੀ ਸਾਲਾਨਾ ਯੁੱਧ ਵਾਲੀ ਗੱਲ ਸਪਤਸਿੰਧੂ ਦੇ ਦਰਿਆਵਾਂ ਨਾਲ ਜੁੜੀ ਹੋਈ ਹੈ, ਉਹ ਵੀ ਇਨ੍ਹਾਂ ਉਪਰ ਢੁੱਕਦੀ ਹੈ। ਚਾਰ ਦਰਿਆ ਸਿਰਫ ਉਦੋਂ ਹੀ ਵਗਦੇ ਹਨ ਜਦੋਂ ਸਰਦੀ ਦੀ ਰੁੱਤ ਹਟ ਕੇ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਬਲਕਸ ਸਾਗਰ ਦੇ ਦੇਸ਼ ਦਾ ਮੌਸਮ ਇਸ ਤਰ੍ਹਾਂ ਦਾ ਹੈ ਕਿ ਇਥੇ ਮੌਸਮ ਇਕ ਦਮ ਬਦਲ ਜਾਂਦੇ ਹਨ। ਪੰਜਾਬ ਵਿਚ ਤਾਂ ਮੌਸਮਾਂ ਦੀ ਤਬਦੀਲੀ ਮਹੀਨਿਆਂ ਵਿਚ ਹੁੰਦੀ ਹੈ ਪਰ ਇਥੇ ਤਬਦੀਲੀ ਦਿਨਾਂ ਵਿਚ ਹੀ ਹੋ ਜਾਂਦੀ ਹੈ। ਸਰਦੀ ਦੋ ਤਿੰਨ ਦਿਨਾਂ ਵਿਚ ਗਰਮੀ ਵਿਚ ਬਦਲ ਜਾਂਦੀ ਹੈ। ਗਰਮੀ ਦੇ ਨਾਲ ਹੀ ਵਰਖਾ ਸ਼ੁਰੂ ਹੋ ਜਾਂਦੀ ਹੈ । ਇੰਦਰ ਵਲੋਂ ਲੜਾਈ ਕਰਕੇ ਇਕੋ ਸਮੇਂ ਪਾਣੀ ਅਤੇ ਰੋਸ਼ਨੀ ਨੂੰ ਵਰਿੱਤਰ ਦੈਂਤ ਦੀ ਕੈਦ ਵਿਚੋਂ ਛੁਡਾਉਣ ਦਾ ਭਾਵ ਇਥੇ ਬਿਲਕੁਲ ਢੁੱਕਦਾ ਹੈ। ਕਸ਼ੇਤਰੇਸ਼ ਚੰਦਰ ਚੱਟੋ ਪਾਧਿਆਇ ਨੇ ਵੀ, ਐਚ.ਬਰਨੌਫਰ ਅਤੇ ਐਨ.ਜੀ. ਸਰਦੇਸਾਈ ਦੇ ਸਿੱਟਿਆਂ ਦੇ ਆਧਾਰ ਤੇ ਇਹ ਹੀ ਸਿੱਟਾ ਕੱਢਿਆ ਹੈ ਕਿ ਰਿਗਵੇਦ ਵਿਚ ਸੇਮਿਰੇਸ਼ਿਸ਼ਗ (ਸਪਤਸ਼ਿੰਗ), ਜਿਸ ਨੂੰ ਸਪਤਸਿੰਧੂ ਵੀ ਕਿਹਾ ਜਾਂਦਾ ਸੀ, ਰੂਸ ਦੇ ਤੁਰਕਮੇਨਸਤਾਨ ਪ੍ਰਾਂਤ ਵਿਚ ਸਥਿਤ ਹੈ। ਚੱਟੋਪਾਧਿਆਏ (8)ਲਿਖਦਾ ਹੈ ਕਿ ਸੇਮਿਰੇਸ਼ਿਸ਼ਗ ਖੇਤਰ ਵਿਚ ਵਰਖਾ ਰੁੱਤ ਦੇ ਆਉਣ ਤੋਂ ਪਹਿਲਾਂ ਦਰਿਆਵਾਂ ਦਾ ਸੁੱਕ ਜਾਣਾ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਇਹ ਬਿਲਕੁਲ ਸੰਭਵ ਹੈ ਕਿ ੩੦੦੦ ਅਤੇ ੨੨੦੦ ਪੂਰਵ ਈਸਵੀ ਦੇ ਅਰਸੇ ਦੌਰਾਨ, ਅਸਾਧਾਰਨ ਸੋਕਾ ਪਿਆ ਹੋਵੇ ਅਤੇ ਇਸ ਲੰਮੇ ਮੌਕੇ ਨੇ ਆਰੀਆ ਲੋਕਾਂ ਵੱਲੋਂ ਇਸ ਜਮੀਨ ਨੂੰ ਛੱਡ ਕੇ ਇਰਾਨ ਅਤੇ ਭਾਰਤ ਵੱਲ ਆਉਣ ਲਈ ਮਜਬੂਰ ਕਰ ਦਿੱਤਾ ਹੋਵੇ । ਬਲਕਸ਼ ਖੇਤਰ ਆਰੀਆ ਲੋਕਾ ਦੇ ਦੱਖਣ ਅਤੇ ਪੱਛਮ ਵੱਲ ਜਾਣ ਤੋਂ ਪਹਿਲਾਂ ਸੰਖਿਆ ਹੀ ਐਸੀ ਜ਼ਿਆਰਤ ਦਾ ਕੇਂਦਰ ਬਣ ਸਕਦਾ ਹੈ। ( Consequently drying up of rivers before the rains in such a region as Semirechinsk can very easily be understood. It is quite likely that a period of unusual drought, say the one between ੩੦੦੦ and ੨੨੦੦ B.C. led the Aryans or some of them to leave the land and march towards India and may be also towards Iran. The Balkash-region may easily have been a starting point for the southward and westward marches of the Aryans.)
ਆਪਣੇ ਮੱਤ ਨੂੰ ਜਾਰੀ ਰੱਖਦਾ ਹੋਇਆ ਚੱਟੋਪਾਧਿਆਏ ਅੱਗੇ ਲਿਖਦਾ ਹੈ ਕਿ ਇੰਦਰ-ਵਰਿੱਤਰ ਦੀ ਮਿਥਿਹਾਸਕ ਲੜਾਈ ਦੀ ਵਿਆਖਿਆ ਨੂੰ ਸੈਮਿਰੇਸ਼ਿੰਗ ਨਾਲੋਂ ਕਿਸੇ ਹੋਰ ਖੇਤਰ ਉਪਰ ਇਤਨੇ ਸੰਤੋਸ਼ਜਨਕ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਤੋਂ ਵਧੀਆ ਇਸ ਦਾ ਸਪਸ਼ਟੀਕਰਨ ਹੋ ਸਕਦਾ ਹੈ । ਕਿਸੇ ਸੰਤੋਸ਼ਜਨਕ ਵਿਆਖਿਆ ਦੀ ਅਣਹੋਂਦ ਕਰਕੇ ਅਸੀਂ ਬੜੀ ਆਸਾਨੀ ਨਾਲ ਇੰਦਰ-ਵਰਿੱਤਰ ਦੀ ਲੜਾਈ ਦੀ ਕਾਲਪਨਿਕਤਾ ਨੂੰ ਰਸ਼ੀਅਨ ਤੁਰਕਸਤਾਨ ਵਿਚਲੀ ਸੱਤ ਦਰਿਆਵਾਂ ਵਾਲੀ ਜ਼ਮੀਨ ਦੀ ਸੈਮਿਰੇਸ਼ਿੰਸ਼ਗ ਵਜੋਂ ਪਛਾਣ ਕਰ ਸਕਦੇ ਹਾਂ। ਇਥੇ ਆਰੀਆ ਲੋਕ ਲੰਮਾ ਅਰਸਾ ਰਹੇ ਸਨ ਅਤੇ ਇਥੇ ਹੀ ਉਨ੍ਹਾਂ ਦੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਵਿਕਸਤ ਹੋਈਆਂ ਸਨ । ਜੇਕਰ ਡੀ. ਮਾਰਗਨ ਦੇ ਮੱਤ ਮੁਤਾਬਕ ਇੰਡੋ–ਯੂਰਪੀਅਨ ਨਸਲ ਦੇ ਲੋਕਾਂ ਦਾ ਮੂਲ ਘਰ ਸਾਇਬੇਰੀਆ ਨੂੰ ਮੰਨ ਲਿਆ ਜਾਵੇ ਤਾਂ ਉਨ੍ਹਾਂ ਦੇ ਇਰਾਨ ਅਤੇ ਭਾਰਤ ਵੱਲ ਆਉਣ ਤੋਂ ਪਹਿਲਾਂ ਸੇਮਿਰੇਸ਼ਿਸ਼ਗ ਹੀ ਉਨ੍ਹਾਂ ਦੇ ਵਸੇਵੇ ਵਾਲੀ ਭੂਮੀ ਸੀ । ਇਸ ਲਈ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ‘ਸੱਤ’ ਆਰੀਆ ਲੋਕਾਂ ਦੀ ਇਕ ਪਰੰਪਰਿਕ ਗਿਣਤੀ ਹੈ।(9) ਆਰੀਆ ਲੋਕ ਉਸ ਧਰਤੀ ਤੋਂ ਆਏ ਸਨ ਜਿਥੇ ਕੇਵਲ ਤੇ ਕੇਵਲ ਸੱਤ ਦਰਿਆ ਵਗਦੇ ਸਨ। ਸਦੀਆਂ ਪਹਿਲਾਂ ਇਹ ਧਰਤੀ ਛੱਡਣ ਨਾਲ ਵੀ ਉਨ੍ਹਾਂ ਦੀ ਯਾਦ ਵਿਚੋਂ ਇਹ ‘ਸੱਤ ਦੀ ਗਿਣਤੀ ਵਿੱਸਰੀ ਨਹੀਂ ਅਤੇ ਇਹ ਗਿਣਤੀ ਉਨ੍ਹਾਂ ਦੀ ਯਾਦ ਦਾ ਸਦੀਵੀ ਅੰਗ ਬਣ ਗਈ ਹੈ। ਇਸ ਲਈ ਸਿੱਟਾ ਇਹ ਹੈ ਕਿ ਸਪਤਸਿੰਧੂ ਪੰਜਾਬ ਦਾ ਪਹਿਲਾ ਨਾਂ ਨਹੀਂ ਸੀ ਸਗੋਂ ਇਹ ਆਰੀਆ ਲੋਕਾਂ ਦੇ ਉਸ ਦੇਸ਼ ਦਾ ਨਾਂ ਸੀ ਜਿਥੇ ਉਹ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਰਹਿੰਦੇ ਰਹੇ ਸਨ। ਇਹ ਧਰਤੀ ਰੂਸ ਦੇ ਤੁਰਕਮੇਨਸਤਾਨ ਰਾਜ ਵਿਚ ਹੈ। ਇਸ ਦਾ ਨਾਂ ਸੇਮਿਰੇਸ਼ਿੰਸ਼ਗ ਸੀ । ਇਸ ਨੂੰ ਸਪਤਸਿੰਧੂ ਕਿਹਾ ਜਾਂਦਾ ਸੀ । ਇਥੇ ਸੱਤ ਦਰਿਆ ਵਗਦੇ ਸਨ । ਇਹ ਦਰਿਆ ਹਿੰਦੂਕੁਸ਼ ਪਰਬਤਾਂ ਵਿਚੋਂ ਨਿਕਲ ਕੇ ਬਲਕਸ਼ ਸਾਗਰ ਵਿਚ ਜਾ ਡਿਗਦੇ ਸਨ। ਵੈਦਿਕ ਗਰੰਥਾਂ ਵਿਚਲੇ ਇੰਦਰ ਦੇਵਤੇ ਦੀਆਂ ਰਾਖਸ਼ਸ਼ਾਂ ਨਾਲ ਲੜਾਈਆਂ ਦੀਆਂ ਕਾਲਪਨਿਕ ਕਥਾਵਾਂ ਇਸੇ ਹੀ ਧਰਤੀ (ਸੇਮਿਰੇਸ਼ਿੰਸ਼ਗ) ਤੇ ਲਿਖੀਆਂ ਜਾਂ ਘੜੀਆਂ ਗਈਆਂ ਸਨ । ਰਿਗਵੇਦ ਇਸ ਸਮੁੱਚੀ ਬਹਿਸ ਦਾ ਇਕੋ ਇਕ ਮੂਲ ਗਰੰਥ ਹੈ।
ਇਹ ਤਾਂ ਬਹਿਸ ਸੀ ਜਿਹੜੀ ਸਿਰਫ ਰਿਗਵੇਦ ਦੇ ਆਧਾਰ ਤੇ ਕੀਤੀ ਗਈ ਹੈ। ਰਿਗਵੇਦ ਤੋਂ ਇਲਾਵਾ ਵੈਦਿਕ ਸਾਹਿਤ ਹੋਰ ਵੀ ਹੈ। ਭਾਵੇਂ ਕਿ ਇਸ ਨੂੰ ਪਿਛਲੇਰਾ ਵੈਦਿਕ ਸਾਹਿਤ ਵੀ ਕਿਹਾ ਜਾਂਦਾ ਹੈ। ਇਸ ਪਿਛਲੇਰੇ ਵੈਦਿਕ ਸਾਹਿਤ ਵਿਚ ਅਨੇਕਾਂ ਗਰੰਥ ਅਤੇ ਸਿਮਰਤੀਆਂ ਆ ਜਾਂਦੀਆਂ ਹਨ ਪਰ ਸਪਤਸਿੱਧੂ ਦਾ ਜ਼ਿਕਰ ਕਰਨ ਵਾਲੇ ਸਿਰਫ ਦੋ ਗਰੰਥ ਹੀ ਹਨ। ਇਹ ਹਨ ਰਮਾਇਣ ਅਤੇ ਮਹਾਂਭਾਰਤ। ਇਨ੍ਹਾਂ ਗਰੰਥਾਂ ਵਿਚ ਸਪਤਸਿੰਧੂ ਦੀ ਜੋ ਵਿਆਖਿਆ ਕੀਤੀ ਗਈ ਹੈ ਉਹ ਰਿਗਵੇਦ ਤੋਂ ਬਿਲਕੁਲ ਵੱਖਰੀ ਹੈ। ਇਹ ਇਸ ਤਰ੍ਹਾਂ ਹੈ: ਰਮਾਇਣ ਵਿਚ ਦੱਸਿਆ ਗਿਆ ਹੈ ਕਿ ਸਪਤਸਿੰਧੂ ਦੇ ਸੱਤ ਦਰਿਆ ਸ਼ਿਵਜੀ ਦੀਆਂ ਜਟਾਂ ਵਿਚੋਂ ਨਿਕਲੀ ਗੰਗਾ ਨਦੀ ਦੀਆਂ ਸ਼ਾਖਾਵਾਂ ਹਨ। ਜਟਾਂ ਵਿਚੋਂ ਨਿਕਲੀ ਗੰਗਾ ਦਾ ਪਾਣੀ ਸੱਤ ਨਦੀਆਂ ਵਿਚ ਵੰਡਿਆ ਗਿਆ ਸੀ। ਇਨ੍ਹਾਂ ਵਿਚੋਂ ਨਲਿਨੀ, ਹਲਾਦਿਨੀ ਅਤੇ ਪਾਵਨੀ ਨਾਂ ਦੀਆਂ ਤਿੰਨ ਨਦੀਆਂ ਪੂਰਬ ਵੱਲ ਚਲੀਆਂ ਗਈਆਂ ਅਤੇ ਚਕਸੂ, ਸੀਤਾ ਤੇ ਸਿੰਧੂ ਨਾਂ ਦੀਆਂ ਤਿੰਨ ਨਦੀਆਂ ਪੱਛਮ ਵੱਲ ਅਤੇ ਭਾਗੀਰਥੀ ਨਾਂ ਦੀ ਇਕ ਨਦੀ ਦੱਖਣ ਵੱਲ ਚਲੀ ਗਈ । ਇਸ ਤਰ੍ਹਾਂ ਰਮਾਇਣ ਵਿਚ ਸਪਤਸਿੰਧੂ ਦੀ ਪਛਾਣ ਸ਼ਿਵਜੀ ਮਹਾਰਾਜ ਨਾਲ ਅਤੇ ਗੰਗਾ ਦੇ ਤੱਟੀ ਖੇਤਰ ਨਾਲ ਕੀਤੀ ਗਈ ਹੈ । ਸਾਫ਼ ਸਪਸ਼ਟ ਹੈ ਕਿ ਰਮਾਇਣ ਦੇ ਸਮੇਂ ਤੱਕ ਆਰੀਆ ਲੋਕ ਸਾਰੇ ਭਾਰਤ ਵਿਚ ਫੈਲ ਚੁੱਕੇ ਸਨ । ਸ਼ਿਵਜੀ, ਜਿਹੜਾ ਆਰੀਆ ਵੈਦਿਕ ਦੇਵਤਾ ਨਹੀਂ ਸੀ, ਇਸ ਸਮੇਂ ਤੱਕ ਪਿਛਲੇਰੇ ਵੈਦਿਕ ਸਾਹਿਤ ਵਿਚ ਇਕ ਦੇਵਤੇ ਦੇ ਤੌਰ ਤੇ ਸ਼ਾਮਲ ਹੋ ਚੁੱਕਿਆ ਸੀ। ਪਿਛਲੇਰੇ ਵੈਦਿਕ ਸਾਹਿਤ ਵਿਚ ਸਾਰਾ ਵਰਨਣ ਭਾਰਤ ਦੇਸ ਦੇ ਸਾਹਿਤ ਤੇ ਮਿਥਿਹਾਸਿਕਤਾ ਦਾ ਹੀ ਹੈ। ਇਹ ਸਿਰਫ ਇਕ ਵਿਆਖਿਆ ਹੈ ਜਿਹੜੀ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਸਪਤਸਿੰਧੂ ਦਾ ਖੇਤਰ ਪੰਜਾਬ ਨਹੀਂ ਸੀ ਪਰ ਇਹ ਸਪਤਸਿੰਧੂ ਦੀ ਮੌਲਿਕਤਾ ਬਾਰੇ ਕੁਝ ਵੀ ਨਹੀਂ ਦਸਦੀ।
ਬਿਲਕੁਲ ਇਸੇ ਤਰ੍ਹਾਂ ਮਹਾਂਭਾਰਤ (10) ਵਿਚ ਜੋ ਵਿਆਖਿਆ ਸਪਤਸਿੰਧੂ ਦੀ ਕੀਤੀ ਗਈ ਹੈ ਉਹ ਵੀ ਆਰੀਆ ਲੋਕਾਂ ਦੇ ਭਾਰਤੀ ਧਰਤੀ ਉਪਰ ਹੋ ਚੁੱਕੇ ਪਸਾਰੇ ਨੂੰ ਹੀ ਦਰਸਾਉਂਦੀ ਹੈ। ਮਹਾਂਭਾਰਤ ਵਿਚ ਸਿਰਫ ਦੋ ਥਾਵਾਂ ਉਤੇ ਸਪਤਸਿੰਧੂ ਦਾ ਜ਼ਿਕਰ ਆਇਆ ਹੈ। ਇਕ ਥਾਂ ਤੇ ਸਪਤਸਿੰਧੂ ਦੇ ਸੱਤ ਦਰਿਆ ਇਹ ਦੱਸੇ ਗਏ ਹਨ: ੧. ਵਸਣੋਕਾਰਜ, ੨. ਨਲਿਨੀ, ३. ਪਾਵਨੀ , ४, ਗੰਗਾ, ੫. ਸੀਤਾ, ੬. ਸਿੰਧੂ ਅਤੇ ੭. ਜੰਬੂ ਨਦੀ । ਜਦੋਂ ਕਿ ਦੂਸਰੀ ਥਾਂ ਤੇ ਪਹਿਲੇ ਨਾਲੋਂ ਕੁਝ ਫਰਕ ਨਾਲ ਇਉਂ ਦੱਸੇ ਗਏ ਹਨ: ੧. ਗੰਗਾ, ਜਮੁਨਾ, ੩. ਪਲਾਕਸਾਸਾ, ੪. ਰਥਸਥਾ, ੫. ਸਰਯੂ, ੬. ਗੋਮਤੀ ਅਤੇ ੭ ਗੰਡਕ ।੧੦ ਇਹ ਨਾਂ ਰਮਾਇਣ ਵਿਚਲੇ ਨਾਵਾਂ ਨਾਲ ਲਗਭਗ ਮਿਲਦੇ ਹਨ। ਫਿਰਕ ਸਿਰਫ ਦੂਸਰੀ ਥਾਂ ਤੇ ਦਿੱਤੇ ਗਏ ਨਾਂਵਾਂ ਵਿਚ ਹੈ । ਦੂਸਰੀ ਥਾਂ ਤੇ ਦਿੱਤੇ ਗਏ ਨਾਂ ਗੰਗਾ ਤੱਟੀ ਖੇਤਰ ਅਤੇ ਸਿੰਧ ਦੇ ਤੱਟੀ ਖੇਤਰ ਨੂੰ ਇਕ ਸਾਂਝਾ ਖੇਤਰ ਹੀ ਦਰਸਾਉਂਦੇ ਹਨ।
ਅਸਲ ਵਿਚ ਆਰੀਆ ਲੋਕਾਂ ਦੇ ਮਨਾਂ ਵਿਚ ਜਾਂ ਉਨ੍ਹਾਂ ਦੀਆਂ ਪਰੰਪਰਿਕ ਯਾਦਾਂ ਵਿਚ ਸਪਤਸਿੰਧੂ ਦੇ ਸੱਤ ਦਰਿਆਵਾਂ ਦੀ ਯਾਦ ਜਾਂ ਸਾਂਝ ਇਤਨੀ ਦਰਿੜਤਾ ਨਾਲ ਸਮਾਈ ਹੋਈ ਸੀ ਕਿ ਉਹ ਜਿਥੇ ਵੀ ਜਾ ਕੇ ਆਪਣਾ ਵਸੇਬਾ ਕਰਦੇ ਸਨ, ਉਹ ਉਸ ਖੇਤਰ ਦੇ ਦਰਿਆਵਾਂ ਨੂੰ ਹੀ ਸੱਤ ਦੀ ਗਿਣਤੀ ਵਿਚ ਰੱਖ ਕੇ ਦੇਖਦੇ ਸਨ । (It is therefore, more natural to hold that all these were ancient mythological names brought with them by the Aryan settlers to their new home and were applied to new places or objects.) 11
ਰਮਾਇਣ ਅਤੇ ਮਹਾਂਭਾਰਤ ਦਾ ਸਮਾਂ ਆਰੀਆ ਲੋਕਾਂ ਦੇ ਭਾਰਤ ਵਿਚ ਪਸਾਰੇ ਦਾ ਅਤੇ ਸਥਾਪਤ ਹੋ ਚੁੱਕੀ ਆਰੀਆ ਸੱਭਿਅਤਾ ਦਾ ਸਮਾਂ ਸੀ। ਇਸ ਸਮੇਂ ਤੱਕ ਆਰੀਆ ਲੋਕ ਭਾਰਤ ਦੇ ਪੂਰੇ ਮਹਾਂਦੀਪ ਵਿਚ ਫੈਲ ਚੁੱਕੇ ਸਨ ਅਤੇ ਆਪਣੀ ਰਾਜਨੀਤਕ ਤਾਕਤ ਸਥਾਪਤ ਕਰ ਚੁੱਕੇ ਸਨ। ਇਸ ਕਰਕੇ ਉਹ ਭਾਰਤ ਦੇ ਵੱਡੇ ਵੱਡੇ ਦਰਿਆਵਾਂ ਦੇ ਸਾਹਮਣੇ ਛੋਟੇ ਦਰਿਆਵਾਂ ਨੂੰ ਛੱਡ ਕੇ ਸੱਤ ਦੀ ਗਿਣਤੀ ਪੂਰੀ ਕਰ ਲੈਂਦੇ ਸਨ। ਭਾਰਤ ਭੂਮੀ ਵਿਚ ਪਰਵੇਸ਼ ਕਰਨ ਸਮੇਂ ਉਨ੍ਹਾਂ ਨੇ ਸਿੰਧ ਨਾਲ ਪੰਜਾਬ ਦੇ ਪੰਜ ਦਰਿਆ ਜੋੜ ਕੇ ਸੱਤਵਾਂ ਸਰਸਵਤੀ ਜੋੜ ਲਿਆ ਸੀ ਪਰ ਜਦੋਂ ਉਨ੍ਹਾਂ ਦਾ ਪਸਾਰ ਜਮੁਨਾ ਤੱਕ ਹੋ ਗਿਆ ਤਾਂ ਉਹ ਜਮੁਨਾ ਨੂੰ ਜੋੜ ਕੇ, ਪੰਜਾਬ ਦੇ ਪੰਜ ਦਰਿਆਵਾਂ ਵਿਚੋਂ ਉਸੇ ਤਰਾਂ ਇਕ ਜਾਂ ਦੋ ਦੋ ਕਰਕੇ ਦਰਿਆ ਛੱਡਦੇ ਰਹੇ। ਗੰਗਾ ਤੋਂ ਪੂਰੇ ਦੱਖਣ ਤੱਕ ਪਸਾਰ ਹੋ ਗਿਆ ਤਾਂ ਉਨ੍ਹਾਂ ਦੇ ਸੱਤ ਦਰਿਆਵਾਂ ਵਿਚ ਕਾਵੇਰੀ ਅਤੇ ਨਰਮਦਾ ਨਦੀਆਂ ਵੀ ਜੁੜਦੀਆਂ ਗਈਆਂ। ਇਸ ਤਰ੍ਹਾਂ ਸਾਰੇ ਭਾਰਤ ਵਿਚ ਭਾਵੇਂ ਅਨੇਕਾਂ ਦਰਿਆ ਹਨ ਪਰ ਆਰੀਆ ਲੋਕ ਆਪਣੀਆਂ ਲਿਖਤਾਂ ਵਿਚ ਸਿਰਫ਼ ਸੱਤ ਦਰਿਆਵਾਂ ਦਾ ਹੀ ਉਲੇਖ ਕਰਦੇ ਰਹੇ ਸਨ।
ਬਾਲ ਗੰਗਾਧਰ ਤਿਲਕ ਨੇ ਆਰੀਆ ਲੋਕਾਂ ਦੇ ਹਿਰਦਿਆਂ ਵਿਚ ਸੱਤ ਦੀ ਗਿਣਤੀ ਦੀ ਪਵਿੱਤਰਤਾ ਦਾ ਇਉਂ ਵਰਣਨ ਕੀਤਾ ਹੈ, ਉਹ ਲਿਖਦਾ ਹੈ ਕਿ ਇਰਾਨੀਆਂ ਅਤੇ ਆਰੀਆ ਲੋਕਾਂ ਦੇ ਗਰੰਥਾਂ ਵਿਚ ਸੱਤ ਦੀ ਗਿਣਤੀ ਦੀ ਮਹੱਤਤਾ ਪਰੰਪਰਾ ਦੇ ਤੌਰ ‘ਤੇ ਮੁੱਢ ਤੋਂ ਹੀ ਚਲੀ ਆਉਂਦੀ ਹੈ। ਇਸ ਦੇ ਪਿੱਛੇ ਕਾਰਨ ਕੋਈ ਵੀ ਹੋ ਸਕਦਾ ਹੈ। ਇਸ ਤਰ੍ਹਾਂ ਇਨ੍ਹਾਂ ਦੇ ਗਰੰਥਾਂ ਵਿਚ ਸੱਤ ਮਹਾਂਦੀਪ, ਸੱਤ ਪਰਬਤ, ਸੱਤ ਦਿਸ਼ਾਵਾਂ, ਸੱਤ ਸਮੁੰਦਰ, ਸੂਰਜ ਦੇ ਸੱਤ ਘੋੜੇ, ਸੱਤ ਰਿਸ਼ਮਾਂ ਅਤੇ ਸੱਤ ਰਿਸ਼ੀਆਂ ਦਾ ਵਰਨਣ ਆਮ ਮਿਲਦਾ ਹੈ। ਤਿਲਕ ਦਾ ਕਹਿਣਾ ਹੈ ਕਿ ਸਪਤਸਿੰਧੂ ਦੇ ਸੱਤ ਦਰਿਆਵਾਂ ਨੂੰ ਇਸੇ ਹੀ ਦੇ ਤੌਰ ‘ਤੇ ਲੈਣਾ ਚਾਹੀਦਾ ਹੈ। 12
ਪਰੰਪਰਿਕ ਗਿਣਤੀ ਇਥੋਂ ਤੱਕ ਕਿ ਰਿਗਵੇਦ ਵਿਚ, ਜਿਥੇ ਕਿ ਸਪਤਸਿੰਧੂ ਸ਼ਬਦ ਵਾਰ ਵਾਰ ਆਉਂਦਾ ਹੈ, ਸਿੰਧ ਦਰਿਆ ਦੇ ਕੁੱਲ ਪੰਦਰਾਂ ਸਹਾਇਕ ਦਰਿਆਵਾਂ ਦੇ ਨਾਂ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਕੁਭਾ ਅਤੇ ਕਰਮ ਸਮੇਤ ਸਿੰਧ ਦਰਿਆ ਦੇ ਦਸ ਅਤੇ ਪੰਜ ਹੋਰ ਦਰਿਆ ਹਨ। ਇਨ੍ਹਾਂ ਪੰਜਾਂ ਵਿਚ ਗੰਗਾ, ਜਮੁਨਾ, ਪੂਰਬੀ ਸਰਸਵਤੀ, ਘੱਗਰ ਅਤੇ ਅਪਾਇਆ ਵੀ ਦੱਸੀਆਂ ਗਈਆਂ ਹਨ। ਸਿੱਟਾ ਇਨ੍ਹਾਂ ਸਭ ਦਾ ਇਹ ਹੀ ਹੈ ਕਿ ਨਾ ਹੀ ਇਨ੍ਹਾਂ ਦਰਿਆਵਾਂ ਦਾ ਅਤੇ ਨਾ ਹੀ ਵੈਦਿਕ ਸਾਹਿਤ ਦੇ ਸਪਤਸਿੱਧੂ ਦਾ ਪੰਜਾਬ ਨਾਲ ਕੋਈ ਸਬੰਧ ਹੈ।
ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਐਸੀ ਹੈ ਜਿਥੇ ਕਿ ਇਸ ਵਿਚ ਸਰਸਵਤੀ ਨਦੀ ਬਿਲਕੁਲ ਹੀ ਨਹੀਂ ਜੁੜ ਸਕਦੀ। ਗੰਗਾ, ਜਮੁਨਾ ਤਾਂ ਉੱਕਾ ਹੀ ਇਸ ਨਾਲ ਨਹੀਂ ਜੁੜ ਸਕਦੀਆਂ ਕਿਉਂਕਿ ਉਨ੍ਹਾਂ ਦਾ ਤੱਟੀ ਖੇਤਰ ਹੀ ਪੰਜਾਬ ਨਾਲੋਂ ਵੱਖਰਾ ਹੈ। ਪੰਜਾਬ ਸਿੰਧ ਦਰਿਆ ਦੇ ਤੱਟੀ ਖੇਤਰ ਵਿਚ ਆਉਂਦਾ ਹੈ ਜਦੋਂ ਕਿ ਸਰਸਵਤੀ ਗੰਗਾ-ਜਮੁਨਾ ਦੇ ਤੱਟੀ ਖੇਤਰ ਵਿਚ ਆਉਣ ਵਾਲੀ ਨਦੀ ਹੈ। ਇਸੇ ਤਰ੍ਹਾਂ ਸਿੰਧ ਦਰਿਆ ਦੀ ਆਪਣੀ ਭੂਗੋਲਿਕ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਉਸ ਨਾਲ ਸੱਤ ਦਰਿਆਵਾਂ ਦੀ ਗਿਣਤੀ ਆਪਣੇ ਆਪ ਵਿਚ ਹੀ ਗਲਤ ਹੈ। ਸਿੰਧ ਦਰਿਆ ਦੇ ਪੱਛਮ ਅਤੇ ਪੂਰਬ ਵਾਲੇ ਪਾਸੇ, ਆਪਣੇ ਦਸ ਸਹਾਇਕ ਦਰਿਆ ਹਨ। ਪੱਛਮ ਵਾਲੇ ਪਾਸੇ’ ਦਰਿਆ ਕੁਭਾ, ਕਰਮੂ, ਗੋਮਤੀ, ਰਸਾ ਅਤੇ ਸਵਾਤ (ਸਵਾਸਤੂ) ਆਦਿ ਅਤੇ ਪੂਰਬ ਵਾਲੇ ਪਾਸੇ ਜਿਹਲਮ, ਚਿਨਾਬ, ਰਾਵੀ, ਬਿਆਸ ਅਤੇ ਸਤਲੁਜ ਹਨ। ਸਿੰਧ ਦੀਆਂ ਸੱਤ ਸ਼ਾਖਾਵਾਂ ਤਾਂ ਇਸ ਕਰਕੇ ਹੀ ਗਲਤ ਹੋ ਜਾਂਦੀਆਂ ਹਨ। ਜੇਕਰ ਸਿੰਧ ਦੇ ਨਾਲ ਇਸ ਦੇ ਆਪਣੇ ਸਹਾਇਕ ਦਰਿਆਵਾਂ ਨੂੰ ਜੋੜਨਾ ਹੈ ਫਿਰ ਤਾਂ ਦਸ ਸਹਾਇਕਾਂ ਸਮੇਤ ਇਹ ਗਿਆਰਾਂ ਦਰਿਆ ਬਣ ਜਾਂਦੇ ਹਨ। ਕਹਿਣ ਦਾ ਭਾਵ ਸਿਰਫ ਇਹ ਹੀ ਹੈ ਕਿ ਸਪਤਸਿੰਧੂ ਦੇ ਸੰਕਲਪ ਦੀ ਸਿੰਧ ਨਾਲ ਛੇ ਦਰਿਆ ਹੋਰ ਜੋੜ ਕੇ ਵੀ ਪੂਰੀ ਵਿਆਖਿਆ ਨਹੀਂ ਹੁੰਦੀ।
ਪਿਛਲੇਰੇ ਵੈਦਿਕ ਸਾਹਿਤ ਵਿਚਲੇ ਸਪਤਸਿੰਧੂ ਸੰਕਲਪ ਦੀ ਵਿਆਖਿਆ ਤੋਂ ਇਲਾਵਾ ਇਸੇ ਸਾਹਿਤ ਵਿਚ ਆਏ ਕੁਝ ਹੋਰ ਵੀ ਐਸੇ ਵੇਰਵੇ ਹਨ ਜਿਨ੍ਹਾਂ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਸਪਤਸਿੰਧੂ ਨਾਂ ਦਾ ਦੇਸ਼ ਪੰਜਾਬ ਨਹੀਂ ਸੀ ਸਗੋਂ ਕੋਈ ਹੋਰ ਖਿੱਤਾ ਸੀ। ਇਹ ਤੱਥ ਵੈਦਿਕ ਸਾਹਿਤ ਵਿਚ ਪੰਜਾਬ ਪ੍ਰਤੀ ਵਰਤੇ ਗਏ ਉਹ ਕਥਨ ਹਨ, ਜਿਹੜੇ ਪੰਜਾਬ ਦੀ ਧਰਤੀ ਬਾਰੇ ਅਤੇ ਪੰਜਾਬ ਦੇ ਲੋਕਾਂ ਬਾਰੇ ਲਿਖੇ ਗਏ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵੈਦਿਕ ਸਾਹਿਤ ਵਿਚ ਅਜਿਹੇ ਅਨੇਕਾਂ ਹਵਾਲੇ ਮਿਲਦੇ ਹਨ। ਸਭਤੋਂ ਪਹਿਲਾਂ ਅਸੀਂ ਰਿਗਵੇਦ ਵਿਚਲੇ ਉਸ ਕਥਨ ਦੀ ਪੜਚੋਲ ਕਰਦੇ ਹਾਂ ਜਿਸ ਵਿਚ ਦਸ ਬਹੁਤ ਸੂਝਵਾਨ ਰਾਜਨ ਦੀ ਲੜਾਈ ਨੂੰ ਦਿਖਾਇਆ ਗਿਆ ਹੈ। ਆਰੀਆ ਲੋਕਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਵਸਨੀਕਾਂ ਨੇ ਇਕੱਠਿਆਂ ਹੋ ਕੇ ਸੰਘ ਬਣਾਇਆ ਸੀ। ਇਹ ਦਸ ਰਾਜਿਆਂ ਦਾ ਸੰਘ ਸੀ। ਦਸ ਰਾਜਿਆਂ ਦੇ ਸੰਘ ਤੋਂ ਇਕ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਸਾਰੇ ਪੰਜਾਬ ਦੇ ਹੀ ਹਾਕਮ ਹੋਣਗੇ। ਜੇ ਛੋਟੇ ਰਾਜ ਵੀ ਹੋਣ ਤਾਂ ਵੀ ਦਸ ਦੀ ਗਿਣਤੀ ਹੁੰਦੀ ਹੈ। ਦਸ ਰਾਜਿਆਂ ਦੇ ਰੂਪ ਵਿਚ ਸਾਰਾ ਪੰਜਾਬ ਹੀ ਹਮਲਾਵਰਾਂ ਦੇ ਖਿਲਾਫ਼ ਉੱਠ ਖੜ੍ਹਿਆ ਸੀ। ਰਿਗਵੇਦ ਵਿਚ ਪੰਜਾਬ ਦੇ ਸਾਰੇ ਵਸਨੀਕਾਂ ਨੂੰ ਦਾਸ (ਦਾਸੂ) ਕਿਹਾ ਗਿਆ ਹੈ। ਇਹ ਸ਼ਬਦ ਆਪਣੇ ਆਪ ਹੀ ਪੰਜਾਬ ਦੇ ਲੋਕਾਂ ਪ੍ਰਤੀ ਆਰੀਆ ਲੋਕਾਂ ਦੀ ਨਫਰਤ ਨੂੰ ਦਰਸਾਉਂਦਾ ਹੈ। ਆਰੀਆ ਲੋਕ ਆਪਣੇ ਆਪ ਨੂੰ ਬਹੁਤ ਸਿਆਣੇ ਤੇ ਸੂਝਵਾਨ ਸਮਝਦੇ ਸਨ ਅਤੇ ਪੰਜਾਬ ਦੇ ਵਸਨੀਕਾਂ ਨੂੰ ਦਾਸ ਜਾਂ ਰਾਖਸ਼ਸ਼ ਸਮਝਦੇ ਸਨ । ਆਰੀਆ ਲੋਕਾਂ ਦੀ ਪੰਜਾਬ ਦੇ ਵਸਨੀਕਾਂ ਪ੍ਰਤੀ ਇਸ ਵਿਰੋਧੀ ਸੋਚ ਨੂੰ ਗਲਤ ਸਾਬਤ ਕਰਨ ਲਈ ਇਹ ਹਵਾਲਾ ਹੀ ਕਾਫ਼ੀ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਵਾਲੇ ਲੋਕਾਂ ਨੂੰ, ਜਿਸ ਵਿਚ ਪੰਜਾਬ ਵੀ ਸ਼ਾਮਲ ਸੀ, ਇਤਿਹਾਸਕਾਰਾਂ ਵਲੋਂ ਬਹੁਤ ਖੁਸ਼ਹਾਲ ਅਤੇ ਸ਼ਹਿਰੀ ਸੱਭਿਅਤਾ ਵਾਲੇ ਲੋਕ ਮੰਨਿਆ ਗਿਆ ਹੈ। 13 ਇਸ ਬਾਰੇ ਕੋਈ ਵੀ ਦੋ ਰਾਵਾਂ ਨਹੀਂ ਹਨ । ਸਿੰਧ ਘਾਟੀ ਦੀ ਸੱਭਿਅਤਾ ਵਾਲੇ ਖੁਸ਼ਹਾਲ ਅਤੇ ਸ਼ਹਿਰੀ ਜੀਵਨ ਜੀਣ ਵਾਲੇ ਲੋਕਾਂ ਨੂੰ ਆਰੀਆ ਗਰੰਥਾਂ ਵਿਚ ਦਾਸ, ਰਾਖਸ਼ਸ਼, ਭੈੜੀ ਬੋਲੀ ਜਾਂ ਅਸੱਭਿਆ ਲੋਕ ਕਹਿਣਾ ਆਪਣੇ ਆਪ ਵਿਚ ਹੀ ਇਕ ਬੇਹੱਦ ਗਲਤ ਧਾਰਨਾ ਹੈ ਅਤੇ ਇਹ ਧਾਰਨਾ ਸਾਬਤ ਕਰਦੀ ਹੈ ਕਿ ਜੇਕਰ ਪੰਜਾਬ ਦਾ ਪਹਿਲਾ ਨਾਂ ਸਪਤਸਿੰਧੂ ਹੁੰਦਾ ਤਾਂ ਆਰੀਆ ਲੋਕ ਕਦੇ ਵੀ ਆਪਣੀ ਧਰਤੀ ਦੇ ਲੋਕਾਂ ਨੂੰ ਇਸ ਤਰ੍ਹਾਂ ਭੈੜੀ ਭਾਸ਼ਾ ਨਾਲ ਸੰਬੋਧਨ ਨਾ ਕਰਦੇ।
ਰਾਮਧਾਰੀ ਸਿੰਘ ਦਿਨਕਰ ਨੇ ਸਪਤਸਿੰਧੂ ਅਤੇ ਸਿੰਧ ਘਾਟੀ ਦੀ ਸੱਭਿਅਤਾ ਦਾ ਤੁਲਨਾਤਮਿਕ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਸਪਤਸਿੰਧੂ, ਸਿੰਧ ਘਾਟੀ ਦੀ ਸੱਭਿਅਤਾ ਵਾਲੇ ਖੇਤਰ ਵਿਚ ਤਾਂ ਉੱਕਾ ਹੀ ਹੋ ਨਹੀਂ ਸਕਦਾ। ਕਿਉਂਕਿ ਸਪਤਸਿੰਧੂ ਆਰੀਆ ਲੋਕਾਂ ਦੀ ਮੁਢਲੀ ਜਨਮ ਭੂਮੀ ਸੀ ਜਦੋਂ ਕਿ ਸਿੰਧ ਘਾਟੀ ਦੀ ਸੱਭਿਅਤਾ, ਜਿਸ ਨੂੰ ਰਾਮਧਾਰੀ ਸਿੰਘ ਦਿਨਕਰ ਨੇ ਮੁਹਿੰਜੋਦੜੋ ਦੀ ਸੱਭਿਅਤਾ ਕਿਹਾ ਹੈ, ਆਰੀਆਂ ਤੋਂ ਭਿੰਨ ਸੱਭਿਅਤਾ ਸੀ। ਇਸ ਦਾ ਸਭ ਤੋਂ ਵੱਡਾ ਪਰਮਾਣ ਇਹ ਹੈ ਕਿ ਮੁਹਿੰਜੋਦੜੋ ਸੱਭਿਅਤਾ ਵਿਚ ਸ਼ਿਵ ਦੀ ਪੂਜਾ ਪਰਚੱਲਤ ਸੀ ਅਤੇ ਇਹ ਪੂਜਾ ਆਰੀਆਂ ਵਿਚ ਬਹੁਤ ਦੇਰ ਬਾਅਦ ਪ੍ਰਚੱਲਤ ਹੋਈ ਹੈ ਅਤੇ ਉਹ ਵੀ ਰਿਸ਼ੀਆਂ ਦੀ ਇੱਛਾ ਦੇ ਵਿਰੁੱਧ। 14
ਦਸ ਰਾਜਿਆਂ ਦੇ ਸਾਂਝੇ ਸੰਘ ਵਿਚ ਪੰਜਾਬ ਦੇ ਲੋਕਾਂ ਦੀ ਲੜਾਈ ਆਰੀਆ ਹਮਲਾਵਰਾਂ ਦੇ ਖਿਲਾਫ਼ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਲੜਾਈ ਸੀ । ਇਹ ਲੜਾਈ ਰਿਗਵੇਦ ਅਨੁਸਾਰ ਰਾਵੀ ਤੋਂ ਲੈ ਕੇ ਸਰਸਵਤੀ ਦੇ ਇਲਾਕੇ ਤੱਕ ਫੈਲੀ ਹੋਈ ਸੀ। ਭਾਵ ਕਿ ਰਾਵੀ ਤੋਂ ਲੈ ਕੇ ਸਰਸਵਤੀ ਤੱਕ ਜਿਤਨਾ ਵੀ ਵਿਸ਼ਾਲ ਖੇਤਰ ਸੀ, ਉਸ ਵਿਚ ਇਹ ਮਹਾਂ ਯੁੱਧ ਫੈਲਿਆ ਹੋਇਆ ਸੀ। ਇਸ ਦਾ ਦੂਜਾ ਭਾਵ ਇਹ ਹੋ ਸਕਦਾ ਕਿ ਲਗਭਗ ਸਾਰਾ ਪੰਜਾਬ ਹੀ ਇਸ ਲੜਾਈ ਵਿਚ ਸ਼ਾਮਲ ਸੀ। ਰਿਗਵੇਦ ਦੱਸਿਆ ਗਿਆ ਹੈ ਕਿ ਇਸ ਲੜਾਈ ਵਿਚੋਂ ਜਿੱਤ ਪਰਾਪਤ ਕਰਦੇ ਹੋਏ ਪੰਜ ਆਰੀਆ ਕਬੀਲੇ ਸੁ ਦਾਸ ਦੀ ਅਗਵਾਈ ਹੇਠ ਸਰਸਵਤੀ ਤੱਕ ਪਹੁੰਚ ਗਏ ਸਨ। ਸੂ ਦਾਸ ਭਰਤ ਕਬੀਲੇ ਦਾ ਮੁੱਖੀ ਸੀ। ਸਰਸਵਤੀ ਦੇ ਕੰਢਿਆਂ ਉਪਰ ਸੂ ਦਾਸ ਦੇ ਦੋ -ਰਾਜਕੁਮਾਰਾਂ ਅਗਨ ਦੇਵਤਾ ਦੀ ਪੂਜਾ ਕੀਤੀ ਅਤੇ ਆਪਣੀ ਜਿੱਤ ਦੇ ਸ਼ਗਨ ਮਨਾਏ। ਇਨਾਂ ਲੜਨ ਵਾਲਿਆਂ ਪੰਜ ਆਰੀਆ ਕਬੀਲਿਆਂ ਵਿਚੋਂ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਕਬੀਆ ਭਰਤਾਂ ਦਾ ਸੀ । ਸੂ ਦਾਸ ਇਸੇ ਕਬੀਲੇ ਦਾ ਮੁਖੀ ਸੀ। 15 ਇਸ ਕਥਨ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਭਾਵੇਂ ਆਰੀਆ ਕਬੀਲੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿੱਤ ਤਾਂ ਗਏ ਸਨ ਪਰ ਉਹ ਪੰਜਾਬ ਦੇ ਖੇਤਰ ਵਿਚ ਨਾ ਵੱਸ ਕੇ ਸਰਸਵਤੀ ਦੇ ਕੰਢਿਆਂ ਉਪਰ ਆ ਕੇ ਵਸੇ, ਜੇ ਇਹ ਸਾਬਤ ਕਰਦਾ ਹੈ ਕਿ ਆਰੀਆ ਕਬੀਲੇ ਪੰਜਾਬ ਵਿਚ ਨਹੀਂ ਸਗੋਂ ਸਰਸਵਤੀ ਤੇ ਵਸੇ ਸਨ। ਇਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਪਿਛਲੇਰੇ ਵੈਦਿਕ ਗਰੰਥਾਂ ਵਿਚ ਸਰਸਵਤੀ ਨੂੰ ਪੰਜਾਬ ਅਤੇ ਗੰਗਾ-ਜਮੁਨਾ ਖੇਤਰ ਦੀ ਸਰਹੱਦ ਮੰਨਿਆ ਗਿਆ ਹੈ। ਮਹਾਂਭਾਰਤ ਦਾ ਕੁਰੂਕਸ਼ੇਤਰ ਯੁੱਧ ਭਾਵੇਂ ਕਿਸੇ ਵੀ ਤਰੀਕੇ ਨਾਲ ਲਿਖਿਆ ਗਿਆ ਹੈ, ਅਸਲ ਵਿਚ ਉਹ ਵੀ ਪੰਜਾਬ ਅਤੇ ਗੰਗਾ-ਜਮੁਨਾ ਦੇ ਖੇਤਰ ਨੂੰ ਆਪਸ ਵਿਚ ਵੰਡਦਾ ਹੈ। ਕੁਰੂਕਸ਼ੇਤਰ ਵਿਖੇ ਯੁੱਧ ਕਿਉ ਹੋਇਆ, ਇਸ ਪਿੱਛੇ ਆਰੀਆ ਵਿਦਵਾਨਾਂ ਦੇ ਮਨਾਂ ਵਿਚ ਮੁੱਢ ਤੋਂ ਹੀ ਬੈਠੀ ਹੋਈ ਇਹ ਧਾਰਨਾ ਕੰਮ ਕਰਦੀ ਹੈ ਜਿਸ ਅਨੁਸਾਰ ਪੰਜਾਬ ਨੂੰ ਸਰਸਵਤੀ ਅਤੇ ਗੰਗਾ-ਜਮੁਨਾ ਵਿਰੋਧੀ ਖੇਤਰ ਦਿਖਾਇਆ ਗਿਆ ਹੈ। ਦੋਹਾਂ ਖੇਤਰਾਂ ਦੀ ਹੱਦ ਕੁਰੂਕਸ਼ੇਤਰ (ਸਰਸਵਤੀ) ਨੂੰ ਦਿਖਾਇਆ ਗਿਆ ਹੈ। ਪਰੰਪਰਿਕ ਤੌਰ ਤੇ ਸਰਸਵਤੀ ਨੂੰ ਹੀ ਪੰਜਾਬ ਦੇ ਖੇਤਰ ਅਤੇ ਗੰਗਾ-ਜਮੁਨਾ ਦੇ ਖੇਤਰ ਨੂੰ ਵੰਡਣ ਵਾਲੀ ਹੱਦ ਮੰਨਿਆ ਤੁਰਿਆ ਆ ਰਿਹਾ ਹੈ । ਪ੍ਰੋ. ਬੁੱਧ ਪ੍ਰਕਾਸ਼ ਇਹ ਲਿਖ ਕੇ ਇਸ ਕਥਨ ਦੀ ਪੁਸ਼ਟੀ ਕਰਦੇ ਹਨ ਕਿ ਵਰਤਮਾਨ ਸਮੇਂ ਕੁਰੂਕਸ਼ੇਤਰ ਦਾ ਖੁਸ਼ਕ ਬਾਂਗਰ ਖੇਤਰ, ਜਿਹੜਾ ਕਿ ਰਾਜਪੂਤਾਨੇ ਤੱਕ ਫੈਲਿਆ ਹੋਇਆ ਹੈ, ਸਤਲੁਜ ਅਤੇ ਜਮੁਨਾ ਦੇ ਮੈਦਾਨੀ ਇਲਾਕੇ ਨੂੰ ਵੰਡਣ ਵਾਲੀ ਰੇਖਾ ਬਣ ਜਾਂਦਾ ਹੈ। (At present the dry up land Bangar of Kurukshetra leading into the desert of Rajputana, acts as the dividing line between the alluvial plain, Khadar of the Sutlej and Yamuna.) (16)
ਮਹਾਂਭਾਰਤ ਗਰੰਥ ਦੇ ੪੪ਵੇਂ ਅਧਿਆਇ ਅਤੇ ਕਰਣਪਰਵ ਵਿਚ ਲਿਖਿਆ ਹੋਇਆ ਹੈ ਕਿ ਕਿਸੇ ਨੂੰ ਵਾਹੀਕ (ਪੰਜਾਬ) ਦੇਸ਼ ਨਹੀਂ ਜਾਣਾ ਚਾਹੀਦਾ ਜਿਥੇ ਪੰਜ ਨਦੀਆਂ ਤੇ ਛੇਵੀਂ ਸਿੰਧੂ ਵਗਦੀਆਂ ਹਨ। ਕਿਉਂਕਿ ਹਿਮਾਲਾ, ਗੰਗਾ, ਜਮੁਨਾ ਤੇ ਸਰਸਵਤੀ ਇਸ ਨੂੰ ਪਵਿੱਤਰ ਨਹੀਂ ਕਰਦੇ ਤੇ ਇਹ ਸੱਚੇ ਧਰਮ ਤੇ ਸਵੱਛਤਾ ਤੋਂ ਸੱਖਣਾ ਹੈ। ਲਸਣ ਨਾਲ ਗੋਮਾਸ ਖਾਣ ਵਾਲੇ ਤੇ ਚੌਲਾਂ ਦੇ ਸ਼ੀਰੇ ਤੋਂ ਬਣੀ ਮਦਰਾ ਪੀਣ ਵਾਲੇ ਠੀਕ ਹੀ ਸੁਸ਼ੀਲ ਕੁਲਾਂ ਵਾਲੇ ਗੁਣਾਂ ਤੋਂ ਬਾਹਰ ਹੁੰਦੇ ਹਨ। ਇਸ ਦੇਸ਼ ਨੂੰ ਅਰੌਂਟ (ਜੱਟਾਂ ਦਾ ਦੇਸ਼) ਸੱਦਿਆ ਜਾਂਦਾ ਰਿਹਾ ਹੈ ਤੇ ਇਹ ਧਰਮ ਤੋਂ ਸੱਖਣਾ ਹੈ । ਉਥੇ ਨਹੀਂ ਜਾਣਾ ਚਾਹੀਦਾ। ਇਹ ਅਰੱਟ (ਜੱਟ) ਲੋਕਾਂ ਦਾ ਦੇਸ਼ ਹੈ। ਜੇ ਤੁਸੀਂ ਯੁਗੰਧਰ (ਜਲੰਧਰ) ਨਗਰ ਦਾ ਪਾਣੀ ਪੀਓਗੇ, ਜਾਂ ਅਚੁਤ ਸਥਲ ਵਿਚ ਠਹਿਰੋਗੇ, ਜਾਂ ਭੂਤਲਵ ਦੇ ਤਾਲ ਵਿਚ ਨਹਾਓਗੇ ਤਾਂ ਸਵਰਗ ਵਿਚ ਕਿਵੇਂ ਜਾ ਸਕੋਗੇ। ਇਕ ਆਰਯ ਨੂੰ ਅਰੱਟ, ਵਾਹੀਕ ਦੇਸ਼ ਵਿਚ ਦੋ ਦਿਨ ਨਹੀਂ ਠਹਿਰਨਾ ਚਾਹੀਦਾ ਜਿਥੇ ਬ੍ਰਾਹਮਣ ਕਸ਼ੱਤਰੀ ਬਣ ਜਾਂਦਾ ਹੈ ਫਿਰ ਬ੍ਰਾਹਮਣ ਦਾ ਬ੍ਰਾਹਮਣ ਹੀ ਰਹਿੰਦਾ ਹੈ (17)। ਮੁਹੰਮਦ ਲਤੀਫ਼ ਲਿਖਦਾ ਹੈ ਕਿ ਰਿਗਵੇਦ ਦੇ ਸ਼ਲੋਕ ਇਸ ਗੱਲ ਦਾ ਪਰਤੱਖ ਸਬੂਤ ਹਨ ਕਿ ਪਹਿਲੇ ਆਰੀਆ ਲੋਕਾਂ ਨੂੰ ਬਿਨਾ ਲੜਾਈ ਝਗੜੇ ਦੇ ਪੰਜਾਬ ਵਿਚ ਟਿਕਣ ਨਹੀਂ ਦਿੱਤਾ ਗਿਆ ਸੀ । ਪੰਜਾਬ ਦੇ ਜੰਗਜੂ ਰਾਖਸ਼ਸ਼ਾਂ, ਅਸੁਰਾਂ ਅਤੇ ਭੂਰੇ ਰੰਗ ਵਾਲੇ ਦੈਂਤਾਂ ਨਾਲ ਇਨ੍ਹਾਂ ਨੂੰ ਲੰਮੀਆਂ ਅਤੇ ਭਿਆਨਕ ਲੜਾਈਆਂ ਕਰਨੀਆਂ ਪਈਆਂ ਸਨ (18)। ਜੇਮਜ ਐਡਗਰ ਲਿਖਦਾ ਹੈ ਕਿ ਵੈਦਿਕ ਕਵੀ ਇਕ ਕਾਲੇ ਰੰਗ ਦੀ ਜਾਤੀ ਦਾ ਕਥਨ ਕਰਦੇ ਹਨ ਜਿਸ ਨੇ ੧੨੦੦ ਈ. ਪੂ. ਦੇ ਕਰੀਬ ਆਰੀਆ ਲੋਕਾਂ ਦੇ ਆਗਮਨ ਨੂੰ ਰੋਕਣਾ ਚਾਹਿਆ। ਹੋਰ ਆਰੀਆ ਗੁਣਾਂ ਦੇ ਧਾਵਿਆਂ ਦਾ ਵਰਨਣ ਵੀ ਹੈ ਤੇ ਇਨ੍ਹਾਂ ਸਹਿਜਾਤ ਲੋਕਾਂ ਦੇ ਆਪਸੀ ਸੰਘਰਸ਼ਾਂ ਦਾ, ਜਿਹੜੇ ਉਸੇ ਸੰਸਕਰਿਤਕ ਵਰਗ ਦੇ ਸਨ, ਜਿਸ ਦੇ ਭਾਰਤੀ-ਯੂਰਪੀ ਲੋਕ। 19
ਇਸੇ ਤਰ੍ਹਾਂ ਸਿੱਟੇ ਦੇ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਸਪਤਸਿੰਧੂ ਆਰੀਆ ਲੋਕਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਸ਼ਬਦ ਹੈ। ਇਸ ਦੀ ਮੂਲ ਉਤਪਤੀ ਪਾਰਸੀਆਂ ਦੇ ਗਰੰਥ ਜਦ ਅਵੇਸਤਾ ਵਿਚੋਂ ਹੁੰਦੀ ਹੈ। ਜਦ ਅਵੇਸਤਾ ਅਤੇ ਰਿਗਵੇਦ ਅਨੇਕਾਂ ਪੱਖਾਂ ਤੋਂ ਆਪਸ ਵਿਚ ਮਿਲਦੇ ਜੁਲਦੇ ਹਨ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਪਾਰਸੀਆਂ ਦਾ ਅਤੇ ਆਰੀਆ ਲੋਕਾਂ ਦਾ ਪਿਛੋਕੜ ਸਾਂਝਾ ਹੈ। ਆਰੀਆ ਗਰੰਥਾਂ ਵਿਚ ਪੰਜਾਬ ਬਾਰੇ ਅਤੇ ਇਸ ਦੇ ਵਸਨੀਕਾਂ ਬਾਰੇ ਦਿੱਤੇ ਗਏ ਵੇਰਵੇ ਇਹ ਸਾਬਤ ਕਰਦੇ ਹਨ ਕਿ ਪੰਜਾਬ ਕਦੇ ਵੀ ਆਰੀਆ ਲੋਕਾਂ ਦੀ ਆਪਣੀ ਭੂਮੀ ਨਹੀਂ ਰਿਹਾ। ਇਸ ਤਰ੍ਹਾਂ ਸਪਤਸਿੰਧੂ ਨੂੰ ਪੰਜਾਬ ਦੇ ਖੇਤਰ ਦੇ ਤੌਰ ‘ਤੇ ਨਹੀਂ ਪਛਾਣਿਆ ਜਾ ਸਕਦਾ। ਕਿਸੇ ਧਰਤੀ ਦਾ ਜੰਮਪਲ ਭਾਵੇਂ ਕਿਤੇ ਵੀ ਚਲਿਆ ਜਾਵੇ, ਉਹ ਆਪਣੀ ਮਾਤਭੂਮੀ ਲਈ ਕਦੇ ਵੀ ਮਾੜੀ ਭਾਵਨਾ ਨਹੀਂ ਰੱਖੇਗਾ। ਲਿਖਤੀ ਰੂਪ ਵਿਚ ਤਾਂ ਉਹ ਕਦੇ ਵੀ ਮਾੜੇ ਵਿਚਾਰ ਨਹੀਂ ਲਿਖੇਗਾ। ਜੇਕਰ ਪੰਜਾਬ ਕਦੇ ਵੀ ਸਪਤਸਿੰਧੂ ਦੇ ਨਾਂ ਹੇਠ, ਆਰੀਆ ਲੋਕਾਂ ਦਾ ਦੇਸ਼ ਰਿਹਾ ਹੁੰਦਾ ਤਾਂ ਇਨ੍ਹਾਂ ਨੇ ਅਜਿਹੇ ਕਥਨ ਪੰਜਾਬ ਲਈ ਬਿਲਕੁਲ ਨਹੀਂ ਲਿਖਣੇ ਸਨ, ਜਿਸ ਤਰ੍ਹਾਂ ਆਰੀਆ ਗਰੰਥਾਂ ਵਿਚ ਲਿਖੇ ਹੋਏ ਮਿਲਦੇ ਹਨ। ਇਸ ਤੋਂ ਸਿਰਫ ਇਹ ਗੱਲ ਹੀ ਸਾਹਮਣੇ ਆਉਂਦੀ ਹੈ ਕਿ ਸਪਤਸਿੰਧੂ ਕਦੇ ਵੀ ਪੰਜਾਬ ਦਾ ਨਾਂ ਨਹੀਂ ਰਿਹਾ। ਇਹ ਆਰੀਆ ਮੂਲ ਦਾ ਸ਼ਬਦ ਹੈ ਅਤੇ ਇਹ ਆਰੀਆ ਲੋਕਾਂ ਦੀ ਸਭ ਤੋਂ ਪਹਿਲੀ ਜਨਮ- ਭੂਮੀ ਨੂੰ ਦਰਸਾਉਂਦਾ ਹੈ। ਸਪਤਸਿੰਧੂ ਦਾ ਥਾਂ ਪੰਜਾਬ ਨਹੀਂ ਸਗੋਂ ਦੱਖਣੀ ਰੂਸ ਦੇ ਰਾਜ ਤੁਰਕਮੇਸਤਾਨ ਦਾ ਖੇਤਰ ਹੈ। ਇਥੇ ਹੀ ਉਹ ਸਾਰੀਆਂ ਗੱਲਾਂ ਢੁਕਦੀਆਂ ਹਨ। ਜਿਹੜੀਆਂ ਸਪਤਸਿੰਧੂ ਬਾਰੇ ਰਿਗਵੇਦ ਵਿਚ ਲਿਖੀਆਂ ਹੋਈਆਂ ਮਿਲਦੀਆਂ ਹਨ।
Copy of article as it was published in Sikh Shahadat magzine December 2025 edition:
https://archive.org/details/sapatsindhu-by-sukhdayal-singh
Foot notes and references:
- ਭਾਰਤ ਨਾਂ ਵੈਦਿਕ ਆਰੀਆ ਲੋਕਾਂ ਦੇ ਆਉਣ ਨਾਲ ਸ਼ੁਰੂ ਹੋਇਆ ਨਾਂ ਹੈ। ਆਰੀਆ ਕਬੀਲਾ, ਜਿਸ ਦਾ ਸਰਸਵਤੀ ਤੋਂ ਲੈ ਕੇ ਗੰਗ-ਦੁਆਬ ਤੱਕ ਰਾਜ ਸਥਾਪਤ ਹੋ ਗਿਆ ਸੀ, ਉਹ ਭਰਤ ਕਬੀਲਾ ਸੀ । ਭਰਤ ਕਬੀਲੇ ਦਾ ਰਾਜ ਭਾਰਤ ਨਾਂ ਨਾਲ ਸਾਹਮਣੇ ਆਇਆ ਸੀ। ਪਹਿਲਾਂ-ਪਹਿਲਾਂ ਇਹ ਰਾਜ ਗੰਗਾ-ਜਮਨਾ ਦੁਆਬ ਤੱਕ ਸੀਮਤ ਸੀ ਫਿਰ ਬਾਅਦ ਵਿਚ ਅੱਗੇ ਅੱਗ ਫੈਲਦਾ ਗਿਆ ਸੀ। ਇੰਡੀਆ ਨਾਂ ਯੂਨਾਨੀਆਂ ਦਾ ਦਿੱਤਾ ਹੋਇਆ ਹੈ। ਯੂਨਾਨੀ ਸਿੰਧ ਦਰਿਆ ਨੂੰ ਇੰਦਸ, ਇਸ ਦੇ ਖੇਤਰ ਨੂੰ ਇੰਡੀਆ ਅਤੇ ਇਸ ਦੇ ਵਸਨੀਕਾਂ ਨੇ ਇੰਡੀਅਨ ਕਹਿੰਦੇ ਸਨ। ਇਸ ਤਰ੍ਹਾਂ ਅੱਜ ਦੇ ਸਮੁੱਚੇ ਭਾਰਤ ਦੇਸ਼ ਦੀ, ਨਾ ਹੀ ਹਿੰਦੁਸਤਾਨ, ਨਾ ਹੀ ਭਾਰਤ ਅਤੇ ਨਾ ਹੀ ਇੰਡੀਆ ਪਰੋੜ੍ਹਤਾ ਕਰਦੇ ਹਨ। ਦੱਖਣੀ ਰਾਜਾਂ ਉਪਰ ਇਨ੍ਹਾਂ ਵਿਚੋਂ ਕੋਈ ਵੀ ਨਾ ਲਾਗੂ ਨਹੀਂ ਹੁੰਦਾ
- ਦੇਖੋ ਫਾਰਸੀ ਸਾਹਿਤ ਦਾ ਇਤਿਹਾਸ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੯੦, ਪੰਨਾ ੫
- Kingfisher History Encyclopaedia (60,000 BC to present day), Kingfisher, London, १९९५, p. 68. ੪. ਵਾਰਸੀ ਸਾਹਿਤ ਦਾ ਇਤਿਹਾਸ, ਪੰਨਾ ੬
- ਫਾਰਸੀ ਸਾਹਿਤ ਦਾ ਇਤਿਹਾਸ, ਪੰਨਾ ੬
- ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ੧੯੯੦, ਪੰਨਾ ੧੫੪
- Dr. Ganda Singh’s Article “Introducing the Punjab’, in The Panjab Past and Present, Volume I, Punjabi University. Patiala, ੧੯੬੭, p. ੨੮.
- M.P. Kohl’s Article “The Punjab An Overview in Soviner-੮੩rd Indian Science Congress, ੩-੮ January, ੧੯੯੬, Punjabi University, Patiala, ੧੯੯੬, pp. ੨੭-੨੮
- Pt. Kshetresh Chandra Chattopadhya, Studies inj Vedic and Indo-Iranian Religion and Literature, Varanasi, ੧੯੭੬, p. ੮੧.
- Ibid, p. ੮੧
- ਮਹਾਂਭਾਰਤ ਦਾ ਅਧਿਆਇ ਅੱਠਵਾਂ, ਸਲੋਕ ੩੩ ਤੋਂ ਲੈ ਕੇ ੪੫ ਤੱਕ।
- ਬਾਲ ਗੰਗਾਧਾਰ ਤਿਲਕ, ਦ ਐਂਟਾਰਕਟਿਕ ਹੋਮ ਇਨ ਦ ਵੇਦਾਜ਼, ਬੰਬਈ, ੧੯੦੩, ਪੰਨਾ ੨੯੩
- ਉਕਤ ਪੰਨੇ ੨੬੩-੯੫
- See, R.C. Majumdar, Ancient India, Moti Lal Banarasi Das, ੧੯੫੨, p. ੨੪੧ and K.P. Bahadur, A History of Indian Civilization, Volume ੧, New Delhi, ੧੯੭੯, pp. ੯-੧੦
- ਸੱਭਿਆਚਾਰ ਦੇ ਚਾਰ ਅਧਿਆਇ (ਪੰਜਾਬੀ ਤਰਜਮਾ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੦, ਪੰਨੇ ੭-੮
- ਰਿਗਵੇਦ, ਮੰਡਲ ਸੱਤਵਾਂ, ਸਲੋਕ ੧੮ ਤੋਂ ਲੈ ਕੇ ੮੩ ਤੱਕ
- Buddha Prakash, Evolution of Heroic Tradition in Ancient Punjab, Punjabi University, Patiala, ੧੯੭੧
- ਸੰਤ ਸਿੰਘ ਸੇਖੋਂ ਦੇ ਹਵਾਲੇ ਅਨੁਸਾਰ, ਪੰਜਾਬ ਇਤਿਹਾਸ (ਸੀ. ਫੌਜਾ ਸਿੰਘ), ਜਿਲਦ ਤੀਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੮੮, ਪੰਨਾ ੨੮੬.
- Syad Muhammad Latif, A History of the Panjab, New Delhi, ੧੯੬੪, ਪੰਨਾ ੮੦
- ਜੇਮਜ਼ ਐਡਗਰ, ਵਿਸ਼ਵ ਸੱਭਿਅਤਾ ਦਾ ਇਤਿਹਾਸ (ਪੰਜਾਬੀ ਅਨੁਵਾਦ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੬੬, ਪੰਨਾ ੧੭੭



